ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, October 6, 2009

ਡਾ: ਸੁਖਪਾਲ - ਨਜ਼ਮ

ਦੋਸਤੋ! ਜਦੋਂ ਕਦੇ ਵੀ ਪੰਜਾਬੀ ਕਵਿਤਾ ਬਾਰੇ ਜ਼ਿਕਰ ਛਿੜਦਾ ਹੈ ਤਾਂ ਇਕ ਗੱਲ ਵਾਰ-ਵਾਰ ਸੁਣਨ ਨੂੰ ਮਿਲ਼ਦੀ ਹੈ ਕਿ ਪੰਜਾਬੀ ਕਵਿਤਾ ਅਜੇ ਉੱਥੇ ਨਹੀਂ ਪਹੁੰਚੀ. ਜਿੱਥੇ ਪਹੁੰਚਣੀ ਚਾਹੀਦੀ ਸੀ.....ਜਾਂ ਫਿਰ....ਆਧੁਨਿਕ ਪੰਜਾਬੀ ਕਵਿਤਾ ਰੀਸਾਈਕਲਿੰਗ ਦੀ ਮਾਤਰਾ ਵਧੇਰੇ ਹੈ....ਆਮ ਤੌਰ ਤੇ ਮੈਂ ਚੁੱਪ ਹੋ ਜਾਂਦੀ ਹੁੰਦੀ ਆਂ ਕਿਉਂਕਿ ਬਹੁਤੀ ਵਾਰ ਬੋਲਣ ਨਾਲ਼ੋਂ ਸੁਣਨਾ ਸੁਖਦਾਇਕ ਹੁੰਦਾ ਹੈ।

----

ਮੈਨੂੰ ਡਾ: ਸੁਖਪਾਲ ਜੀ ਦੀ ਕਵਿਤਾ ਪੜ੍ਹਦਿਆਂ ਜਾਪਦਾ ਹੁੰਦੈ ਕਿ ਪੰਜਾਬੀ ਕਵਿਤਾ ਬੁਲੰਦੀ ਤੇ ਹੈ...ਇਸ ਵਿਚ ਵੀ ਭੌਰਿਆਂ, ਪਤੰਗਿਆਂ, ਭਮੱਕੜਾਂ ਤੋਂ ਉੱਤੇ ਉੱਠਕੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ...ਜ਼ਰੂਰਤ ਸਿਰਫ਼ ਵਧੀਆ ਸਾਹਿਤ ਨੂੰ ਪੜ੍ਹਨ ਲਈ ਰੁਚੀ ਦਾ ਹੋਣਾ ਹੈ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿੱਥੇ ਕਿਤੇ ਸ਼ਾਇਰੀ ਨਾਲ਼ ਹਵਾਲਾ ਦੇਣਾ ਹੋਵੇ, ਓਥੇ ਉਹੀ ਦੋ-ਚਾਰ ਪੰਜਾਬੀ ਲੇਖਕਾਂ ਤੱਕ ਆਪਣੀ ਸੋਚ ਸੀਮਤ ਕਿਉਂ ਕਰ ਦਿੰਨੇ ਹਾਂ ??? ਕਿਉਂ ਨਹੀਂ ਅਸੀਂ ਨਵੇਂ ਅਤੇ ਵਧੀਆ ਲੇਖਕਾਂ ਨੂੰ ਪੜ੍ਹਦੇ ਅਤੇ ਖ਼ੂਬਸੂਰਤ ਆਧੁਨਿਕ ਸ਼ਾਇਰੀ ਦੀਆਂ ਉਦਾਹਰਣਾਂ ਦਿੰਦੇ ??? ਕਿਉਂ ਸਾਹਿਤਕ ਸਿਆਸਤ ਦੇ ਚੱਕਰਾਂ ਚ ਨਵੇਂ ਲੇਖਕਾਂ ਅਤੇ ਉਹਨਾਂ ਦੀ ਲੇਖਣੀ ਦਾ ਜ਼ਿਕਰ ਨਹੀਂ ਹੁੰਦਾ??? ਸ਼ਾਇਦ ਸੂਤ ਤੇ ਰੇਸ਼ਮ ਨੂੰ ਅਸੀਂ ਇਕੋ ਭਾਅ ਚ ਤੋਲਣ ਦੇ ਆਦੀ ਜਿਹੇ ਹੋ ਗਏ ਹਾਂ।

----

ਮੇਰੇ ਖ਼ਿਆਲ ਚ ਜਿਨ੍ਹਾਂ ਦਾ ਕੰਮ ਰੀਸਾਈਕਲਿੰਗ ਕਰਕੇ ਕਿਤਾਬਾਂ ਦੇ ਢੇਰ ਲਾਉਂਣ ਤੱਕ ਹੀ ਹੈ, ਉਹਨਾਂ ਕਰਕੇ ਪੰਜਾਬੀ ਕਵਿਤਾ ਦੀ ਤਰੱਕੀ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਆਸ ਹੈ ਕਿ ਅੱਜ ਪੋਸਟ ਕੀਤੀ ਜਾ ਰਹੀ ਡਾ: ਸੁਖਪਾਲ ਜੀ ਦੀ ਨਜ਼ਮ ਪੜ੍ਹ ਕੇ ਤੁਸੀਂ ਵੀ ਜ਼ਰੂਰ ਮਹਿਸੂਸ ਕਰੋਂਗੇ ਕਿ ਅਜਿਹੀ ਕਵਿਤਾ ਕਿਸੇ ਵੀ ਭਾਸ਼ਾ ਵਿਚ ਰਚੀ ਜਾ ਰਹੀ ਸ਼ਾਇਰੀ ਤੋਂ ਪਿੱਛੇ ਜਾਂ ਘੱਟ ਨਹੀਂ ਹੈ। ਮੈਂ ਸਮਝਦੀ ਹਾਂ ਕਿ ਡਾ: ਸਾਹਿਬ ਦੀ ਕਿਤਾਬ ਰਹਣੁ ਕਿਥਾਊ ਨਾਹਿ ਚ ਪੰਜਾਬੀ ਵਾਰਤਕ ਅਤੇ ਕਵਿਤਾ ਨੇ ਨਵੀਆਂ ਸਿਖਰਾਂ ਛੋਹੀਆਂ ਹਨ। । ਇਹ ਕਿਤਾਬ ਹਰੇਕ ਪੰਜਾਬੀ ਸਾਹਿਤ ਪ੍ਰੇਮੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਦੇ ਹਰੇਕ ਅੱਖਰ ਦੀ ਬੁੱਕਲ਼ ਚੋਂ ਨਵਾਂ ਸੂਰਜ ਉਦੈ ਹੁੰਦਾ ਹੈ। ਇਸ ਕਿਤਾਬ 'ਚੋਂ ਵਾਰਤਕ ਵੀ ਥੋੜ੍ਹੇ-ਥੋੜ੍ਹੇ ਹਿੱਸਿਆਂ 'ਚ ਜਲਦ ਹੀ ਸਭ ਨਾਲ਼ ਸਾਂਝੀ ਕਰਾਂਗੀ। ਡਾ: ਸਾਹਿਬ... ਤੁਹਾਨੂੰ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ....ਜਿਹੜੀ ਨਵੀਂ ਕਿਤਾਬ ਤੁਸੀਂ ਲਿਖ ਰਹੇ ਓ, ਉਸਦਾ ਸਾਨੂੰ ਸਭ ਨੂੰ ਬੇਸਬਰੀ ਨਾਲ਼ ਇੰਤਜ਼ਾਰ ਰਹੇਗਾ। ਲਿਖਤਾਂ ਨੂੰ ਕਿਤਾਬੀ ਰੂਪ ਦੇਣ ਸਬੰਧੀ ਤੁਹਾਡੇ ਸੁਝਾਵਾਂ ਨੇ ਮੇਰੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ, ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**************

ਖੂਹ

ਨਜ਼ਮ

ਮੁਲਤਾਨ ਦੇ ਪਿੰਡ ਦੇ

ਸਰਦਾਰ ਦੀ ਧੀ

ਨੀਵੀਂ ਜਾਤ ਦੇ ਮੁੰਡੇ ਨਾਲ਼

ਪਿਆਰ ਕਰ ਬੈਠੀ

.............

ਪੰਚਾਂ ਨੇ ਫੈਸਲਾ ਕੀਤਾ ਹੈ

ਮਾਣ ਬਹਾਲ ਕਰਨ ਲਈ ਸਰਦਾਰ

ਮੁੰਡੇ ਦੀ ਭੈਣ ਅਤੇ ਭਰਜਾਈ

ਨਾਲ਼ ਜਬਰ-ਜਨਾਹ ਕਰੇਗਾ

............

ਜਬਰ-ਜਨਾਹ ਨੇ ਦੁਹਾਂ ਔਰਤਾਂ ਦੇ

ਮਰਦਾਂ ਦਾ ਮਾਣ ਭੰਨ ਸੁੱਟਿਆ ਹੈ

ਇੱਕ ਦੇ ਬਾਪ ਦੂਜੀ ਦੇ ਖਸਮ ਨੇ

ਉਨ੍ਹਾਂ ਨੂੰ ਘਰੋਂ ਕੱਢ ਛੱਡਿਆ ਹੈ

.............

ਔਰਤ ਦਾ ਮਾਣ

ਮਰਦ ਦੇ ਹੱਥ ਵਿਚ ਹੈ

ਮਰਦ ਦਾ ਮਾਣ

ਔਰਤ ਦੇ ਇੱਕ ਅੰਗ ਵਿਚ ਹੈ

.............

ਔਰਤ ਦਾ ਇਹ ਅੰਗ ਖੂਹ ਹੈ

ਖੂਹ ਉਸਨੂੰ ਔਰਤ ਬਣਾਉਂਦਾ ਹੈ

ਉਸਨੂੰ ਗਹਿਰਾਈ ਦੇਂਦਾ ਹੈ

ਘੜੇ ਭਰ ਭਰ ਜ਼ਿੰਦਗੀ ਦੇਂਦਾ ਹੈ

ਮੌਤ ਵੀ ਦੇਂਦਾ ਹੈ

..............

ਔਰਤ ਦਾ ਖੂਹ ਨਾਲ਼ ਰਿਸ਼ਤਾ ਹੈ

ਰੋਜ਼ ਉਹ ਪਿੰਡ ਦੇ ਖੂਹ ਕੋਲ਼ ਜਾਂਦੀ ਹੈ

ਉਸ ਨਾਲ਼ ਗੱਲਾਂ ਕਰਦੀ ਹੈ

ਮੌਣ ਤੇ ਬਹਿ ਕੇ ਸਾਹ ਲੈਂਦੀ ਹੈ

ਆਪਣਾ ਦੁੱਖ ਦਸਦੀ ਹੈ

ਉਸਦਾ ਦੁੱਖ ਸੁਣਦਿਆਂ ਖੂਹ ਦੀਆਂ ਟਿੰਡਾਂ

ਭਰ ਭਰ ਵਗਦੀਆਂ ਹਨ

ਖੂਹ ਔਰਤ ਨੂੰ ਪਨਾਹ ਦਿੰਦਾ ਹੈ

ਉਸਨੂੰ ਮਾਣ ਦੇਂਦਾ ਹੈ

ਉਸਦਾ ਮਾਣ ਰੱਖਦਾ ਹੈ

ਖੁੱਸਿਆ ਮਾਣ ਮੋੜਦਾ ਹੈ

ਖੂਹ ਔਰਤ ਦਾ ਆਪਣਾ ਘਰ ਹੈ

..............

ਔਰਤ ਖੂਹ ਚੋਂ ਜੰਮਦੀ ਹੈ

ਆਪਣੇ ਵਿਚੋਂ ਖੂਹ ਜੰਮਦੀ ਹੈ

ਆਪਣੇ ਅੰਦਰ ਖੂਹ ਰੱਖਦੀ ਹੈ

ਜੀਣ ਵਾਸਤੇ ਖੂਹ ਲੱਭਦੀ ਹੈ

ਇੱਕ ਖੂਹ ਵਿਚੋਂ ਨਿਕਲ਼ਦੀ ਹੈ

ਦੂਜੇ ਵਿਚ ਜਾ ਪੈਂਦੀ ਹੈ

ਇੱਕ ਖੂਹ ਤੋਂ ਮੁਕਤ ਹੋਣ ਲਈ

ਦੂਜਾ ਖੂਹ ਲੱਭਦੀ ਹੇ

ਸਭ ਖੂਹਾਂ ਤੋਂ ਛੁੱਟਣ ਲਈ

ਖੂਹ ਲੱਭਦੀ ਹੈ

................

ਦੋਵੇਂ ਔਰਤਾਂ

ਪਿੰਡ ਦੇ ਖੂਹ ਵਿਚ

ਪਰਤ ਗਈਆਂ ਹਨ....

ਅੱਜ ਖੂਹ ਦੇ ਪਾਣੀ ਵਿਚ

ਉਬਾਲ਼ ਹੈ....


6 comments:

Rajinderjeet said...

ਤੁਹਾਡੀ ਭੂਮਿਕਾ ਖ਼ਰੀ ਹੈ ਤਨਦੀਪ ਜੀ,ਡਾ. ਸੁਖਪਾਲ ਦੀ ਕਵਿਤਾ ਉਲਾਂਭੇ ਲਾਹੁੰਦੀ ਹੈ..|

Gurpreet said...

ਡਾ. ਸੁਖਪਾਲ ਦੀ ਨਜ਼ਮ ਕਮਾਲ ਹੈ ....

ਸੁਖਿੰਦਰ said...

Without any doubt, Dr. Sukhpal is writing good poetry. I like his poetry.
Sukhinder
Editor: SANVAD
Toronto ON Canada

ਦੀਪ ਨਿਰਮੋਹੀ said...

ਜਦੋਂ ਮੈਂ ਇਹ ਨਜ਼ਮ ਉਨ੍ਹਾਂ ਦੀ ਕਿਤਾਬ 'ਚੋਂ ਪੜ੍ਹੀ ਸੀ ਤਾਂ ਵੀ ਰਚਨਾ ਪੜ੍ਹ ਕੇ ਮੇਰੇ ਲੂ-ਕੰਡੇ ਖੜ੍ਹੇ ਹੋ ਗਏ ਸਨ ਤੇ ਅੱਜ ਜਦ ਮੈਂ ਫਿਰ ਇਹ ਰਚਨਾ ਇਸ ਬਲੌਗ ਤੋਂ ਪੜ੍ਹ ਰਿਹਾਂ ਹਾਂ ਫਿਰ ਲੂ-ਕੰਡੇ ਖੜ੍ਹੇ ਹੋ ਗਏ ਹਨ।ਇਹੋ ਜਿਹੀ ਰਚਨਾ ਘੱਟ ਪੜ੍ਹਨ ਨੂੰ ਮਿਲਦੀ ਹੈ ਪਰ ਉੱਤਮ ਰਚਨਾਕਾਰ ਦੀ ਇਹ ਇਕ ਉੱਤਮ ਰਚਨਾ ਹੈ।

ਦੀਪ ਨਿਰਮੋਹੀ

ਦਰਸ਼ਨ ਦਰਵੇਸ਼ said...

ਸੁਖਪਾਲ ਇਹ ਕੀ, ਏਡੀ ਵੱਡੀ ਗੱਲ..... ਤੂੰ ਉਮਰੋਂ ਵੱਡਾ ਹੋ ਗਿਆ ਹੈ..... ਦਰਵੇਸ਼

Unknown said...

lafaz chote ne daad den lai.........