ਗਵਾ ਆਏ ਹਾਂ ਸਰਾਬਾਂ ‘ਚ ਆਰਸੀ ਅਪਣੀ।
ਇਹ ਕਿਸ ਮੁਕ਼ਾਮ ਤੇ ਲੈ ਆਈ ਤਸ਼ਨਗੀ ਅਪਣੀ।
-----
ਤੁਰੇ ਹਾਂ ਰਾਹ ‘ਚ ਤਿਰੀ ਇੰਝ ਮੂੰਦ ਕੇ ਅਖੀਆਂ,
ਕਿ ਲੈ ਕੇ ਬਹਿ ਗਈ ਸਾਨੂੰ ਇਹ ਸਾਦਗੀ ਅਪਣੀ।
-----
ਤਿਰੇ ਸਿਦਕ ਦੇ ਪਰਾਂ ਵਿਚ ਨੇ ਭਰਮ ਦੇ ਪੱਥਰ,
ਕਿਵੇਂ ਸਿਖਰ ਨੂੰ ਅਪੜ ਜਾਏ ਦੋਸਤੀ ਅਪਣੀ।
-----
ਮਿਰੀ ਪਛਾਣ ਦੇ ਟੋਟੇ ਹਜ਼ਾਰ ਕਰ ਭਾਵੇਂ,
ਕਿਰਚ, ਕਿਰਚ ‘ਚ ਨਜ਼ਰ ਆਏ ਗੀ ਛਬੀ ਅਪਣੀ।
-----
ਲਹੂ, ਲਹੂ ਹੈ ਹਰਿਕ ਘਰ, ਨਗਰ, ਨਗਰ ਜ਼ਖ਼ਮੀ,
ਫ਼ਿਜ਼ਾ ਨੂੰ ਰਾਸ ਨਾ ਆਈ ਇਹ ਖ਼ੁਦਕੁਸ਼ੀ ਅਪਣੀ।
-----
ਰਜ਼ਾ ਰਜ਼ਾ ‘ਚ ਜੇ ਗਲ ਬਣ ਗਈ ਤਾਂ ਫਿਰ ਚੰਗਾ,
ਬੜਾ ਖ਼ਰਾਬ ਕਰੇ ਗੀ ਇਹ ਬੇਬਸੀ ਅਪਣੀ।
-----
ਧੁੰਦਲ਼ਕਿਆਂ ‘ਚ ਭਟਕਦੀ ਫਿਰੇ ਨ ਐ ‘ਸੀਰਤ’!
ਇਸੇ ਹੀ ਫ਼ਿਕਰ ‘ਚ ਲੋਅ ਰਹਿ ਗਈ ਜਗੀ ਅਪਣੀ।
No comments:
Post a Comment