ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, October 10, 2009

ਜਸਵਿੰਦਰ - ਗ਼ਜ਼ਲ

ਗ਼ਜ਼ਲ

ਗੁਜ਼ਰਿਆ ਤੂ੍ਫ਼ਾਨ ਨਾ ਪਰ ਝੀਲ ਦੀ ਹਲਚਲ ਗਈ।

ਤੇ ਉਡੀਕਾਂ ਕਰਦਿਆਂ ਇਕ ਹੋਰ ਆਥਣ ਢਲ਼ ਗਈ।

-----

ਉਮਰ ਭਰ ਦਰ ਖੋਲ੍ਹ ਕੇ ਰੱਖੇ ਸੀ ਜਿਸਦੇ ਵਾਸਤੇ,

ਆ ਗਈ ਸੀ ਮਹਿਕ ਪਰ ਆ ਕੇ ਉਸੇ ਹੀ ਪਲ ਗਈ।

-----

ਕੁਝ ਨਾ ਕੁਝ ਤਾਂ ਆਖਿਆ ਹੋਣੈ ਸਮੁੰਦਰ ਨੇ ਜ਼ਰੂਰ,

ਇਕ ਨਦੀ ਬੇਚੈਨ ਸੱਸੀ ਵਾਂਗ ਮਾਰੂਥਲ ਗਈ।

-----

ਸਾਜ਼ਿਸ਼ੀ ਇਕ ਪੌਣ ਲੈ ਗਈ ਡਾਕ ਬੰਗਲੇ ਖੋਲ੍ਹ ਕੇ,

ਆਖ ਕੇ ਸੰਧੂਰ ਉਹ ਚੀਰਾਂ ਤੇ ਮਿਰਚਾਂ ਮਲ਼ ਗਈ।

-----

ਫੁੱਲ ਕੱਢਿਆ ਸੀ ਦੁਪੱਟੇ ਤੇ ਬੜੀ ਹੀ ਰੀਝ ਨਾਲ਼,

ਆਤਿਸ਼ੀ ਮੌਸਮ ਚ ਹਰ ਪੱਤੀ ਹੀ ਉਸਦੀ ਜਲ਼ ਗਈ।

-----

ਮੋਰ ਪੱਟਾਂ ਤੇ ਖੁਣਾਏ ਸੀ ਉਡਾਰੀ ਲਾ ਗਏ,

ਫਰਕਦੇ ਡੌਲ਼ੇ ਦੀ ਮੱਛੀ ਖ਼ੂਨ ਦੇ ਵਿਚ ਤਲ਼ ਗਈ।

-----

ਵਹਿਮ ਸੀ ਉਸਨੂੰ ਕਿ ਮੇਰਾ ਰੰਗ ਸ਼ਾਇਦ ਹੈ ਇਹੀ,

ਲਾ ਲਈ ਮਹਿੰਦੀ ਜਦੋਂ ਉਸਨੇ ਤਲ਼ੀ ਹੀ ਬਲ਼ ਗਈ।

-----

ਜਾਲ਼ ਵਿਚ ਫਸ ਕੇ ਬੜਾ ਹੀ ਫੜਫੜਾਈ ਸੀ ਚਿੜੀ,

ਫੇਰ ਚਿੜੀਆਘਰ ਚ ਕ਼ੈਦੀ ਪੰਛੀਆਂ ਵਿਚ ਰਲ਼ ਗਈ।

-----

ਕਸਰ ਨਾ ਛੱਡੀ ਹਨੇਰੀ ਨੇ ਕਦੇ ਵੀ, ਫੇਰ ਵੀ,

ਸ਼ੁਕਰ ਹੈ ਟੁੱਟੀ ਨਹੀਂ ਇਹ ਡਾਲ ਫਿਰ ਸੰਭਲ਼ ਗਈ।


2 comments:

ਦਰਸ਼ਨ ਦਰਵੇਸ਼ said...

ਤੇਰੀ ਲਗਾਤਾਰਤਾ ਨੂੰ ਸਲਾਮ..........

n.brar said...

ਯਾਰ ਜਸਵਿੰਦਰ , ਹਰ ਵਾਰ ਵਾਂਗ ਇਹ ਗਜ਼ਲਾਂ ਵੀ ਕਮਾਲ ਹਨ |

ਵੱਲੋਂ :--- ਸਰਬਜੀਤ ਸੰਗਤਪੁਰਾ