ਜਦੋਂ ਦਾ ਰੱਬ ਛੁਡਾ ਗਿਆ, ਮੈਥੋਂ ਮੇਰਾ ਪਿੰਡ।
ਖਿੰਡਦੇ ਖਿੰਡਦੇ ਖਿੰਡ ਗਏ, ਮੈਂ ਤੇ ਮੇਰਾ ਪਿੰਡ।
-----
ਨਾ ਹੀ ਧੂਣੀ ਮਜਲਸਾਂ, ਵਿਛੜ ਗਏ ਸਭ ਯਾਰ।
ਕੁਦਰਤ ਇਸ ਨੂੰ ਆਖੀਏ ਦੇਖ ਪਰਖ ਕਈ ਵਾਰ।
-----
ਪਿਆਰੇ ਵਿਛੜਨ ਨਾ ਡਰਾਂ ਜੇ ਨਾ ਵਿਛੜੇ ਪਿਆਰ।
ਬਿਖ਼ਰ ਜਾਓ ਜੀ ਪਿਆਰਿਓ, ਕਿਹਾ ਨਾਨਕ ਅਵਤਾਰ।
-----
ਜੁੜਦੇ ਜੁੜਦੇ ਜੁੜ ਗਏ, ਮਣਕਿਆਂ ਵਾਂਗੂੰ ਪਿੰਡ।
ਭਾਲ਼ਿਆਂ ਭਾਲ਼ ਨਾ ਹੋਂਵਦੀ ਮਿੱਠੇ ਖੂਹ ਦੀ ਟਿੰਡ।
-----
ਰੋਕ ਨਾ ਸੱਕੇ ਰੱਬ ਵੀ, ਸਮਿਆਂ ਦੀ ਰਫਤਾਰ।
ਇਸਨੂੰ ਕਹੀਏ ਜ਼ਿੰਦਗੀ ਵਿਛੜਨ ਹੈ ਸਚਿਆਰ।
-----
ਵਿਛੜਨ ਵੇਲੇ ਨਾ ਡਰਾਂ ਜੇ ਮਿਲਣੇ ਦੀ ਆਸ।
ਕਿਚਰਕ ਮੂੰਹ ਹਿਲਾਏਗੀ ਗਾਂ ਨੇੜੇ ਬਾਈ-ਪਾਸ।
-----
ਇਸਨੂੰ ਕਹੀਏ ਦੋਸਤੋ, ਇਹ ਕੁਦਰਤ ਦੇ ਖੇਲ੍ਹ।
ਵਿਛੜਨ ਬਾਅਦ ਨੇ ਹੋਂਵਦੇ, ਮੇਲ-ਸੁ-ਮੇਲੋ-ਮੇਲ।
No comments:
Post a Comment