ਨਜ਼ਮ
ਸੱਜਣਾ ਓ, ਤੇਰੀ ਮਹਿਕ ਹਵਾ ਵਿਚ
ਸੱਜਣਾ ਓ, ਤੇਰੀ ਲੋਅ।
ਲੋਅ ਲਗਦੀ ਨਾਲ਼ ਮਹਿਕ ਜਾਂ ਆਵੇ
ਅੱਖਾਂ ਪੈਂਦੀਆਂ ਰੋ।
-----
ਜਿਸ ਕੂੰਟੋਂ ਮੇਰਾ ਸੱਜਣ ਆਇਆ
ਓਸੇ ਕੂੰਟੋਂ ਸੂਰਜ ਚੜ੍ਹਦਾ,
ਜਿਸ ਪਾਸੇ ਮੇਰਾ ਸੱਜਣ ਤੁਰ ਗਿਆ
ਓਧਰ ਜਾਂਦਾ ਖੋ।
-----
ਕਿਸ ਨਗਰੀ ਤੇਰਾ ਵਾਸਾ ਹੋਇਆ
ਕਿਹੜੀਆਂ ਵਾਟਾਂ ਤੁਰੀਏ?
ਕਦੇ ਕਦੇ ਤੂੰ ਅੰਦਰ ਦਿਸ ਪਏਂ
ਕਦੇ ਸਿਰਫ਼ ਕਣਸੋ।
-----
ਤੇਰੀ ਕੂਲ਼ੀ ਪੈੜ ਦਾ ਰੇਤਾ
ਚੁੱਕਿਆ ਹਿੱਕ ਨਾਲ਼ ਲਾਇਆ,
ਸੱਖਣੀਆਂ ਬਾਹੀਂ ਘੜੀ ਪਰਚੀਆਂ
ਇਕ ਦੂਜੇ ਵਿਚ ਖੋ।
------
ਕੇਡਾ ਹੋਰ ਜਿਗਰ ਨੂੰ ਕਰੀਏ
ਕੇਹੀ ਤਬੀਅਤ ਲਿਆਈਏ?
ਜੋ ਨਾ ਤੇਰੀ ਲੋੜ ਮਹਿਸੂਸੇ
ਹੰਝੂ ਭਰੇ ਨਾ ਜੋ।
------
ਤੇਰੀ ਯਾਦ ਅੱਕ ਦਾ ਬੂਟਾ
ਜਿੰਦੂ ਵਿਚ ਉਗਾਇਆ,
ਏਸ ਹਿਜਰ ਦੇ ਹੱਥੋਂ ਚੰਗਾ
ਜੋ ਮਿਲ਼ ਜਾਏ ਸੋ।
-----
ਇਕ ਦੇਹੀ ਚੰਦਨ ਦੀ ਗੇਲੀ
ਇਕੇ ਕੁੰਦਨ ਹੋਈ,
ਇਕੇ ਬੁੱਕ ਅੱਗ ਦਾ ਰਹਿ ਗਈ
ਹੱਡੀਆਂ ਇਕ ਜਾਂ ਦੋ।
No comments:
Post a Comment