ਪੌਣ ਖ਼ਬਰੇ ਉਸਦਿਆਂ ਕੰਨਾਂ ‘ਚ ਕੀ ਕੀ ਪਾ ਗਈ ਹੈ।
ਬਿਰਖ਼ ਦੀ ਹਰ ਸ਼ਾਖ਼ ‘ਤੇ ਇਕ ਦਮ ਪਲੱਤਣ ਆ ਗਈ ਹੈ।
-----
ਅਗਨ ਬਣਕੇ ਬਰਫ਼ ਦੇ ਪਰਬਤ ‘ਤੋਂ ਇਉਂ ਉਤਰੀ ਨਦੀ ਅਜ,
ਧੁਖ਼ ਰਹੇ ਮੇਰੇ ਬਦਨ ਨੂੰ ਹੋਰ ਵੀ ਸੁਲ਼ਘਾ ਗਈ ਹੈ।
------
ਚੁੱਪ ਨੇ ਪੌਣਾਂ, ਉਦਾਸੀ ਚਾਂਦਨੀ, ਖ਼ਾਮੋਸ਼ ਝਾਂਜਰ,
ਤੇਰੇ ਬਾਝੋਂ ਸ਼ਹਿਰ ਦੀ ਹਰ ਚੀਜ਼ ਹੀ ਪਥਰਾ ਗਈ ਹੈ।
-----
ਬਰਫ਼ਬਾਰੀ, ਦੂਰ ਮੰਜ਼ਿਲ, ਸੀਤ ‘ਵਾ, ਵਲ਼ਦਾਰ ਰਸਤਾ,
ਸਾਥ ਨਾ ਤੇਰਾ ਤੇ ਉੱਪਰ ਰਾਤ ਕਾਲ਼ੀ ਛਾ ਗਈ ਹੈ।
-----
ਬਰਫ਼ ਕੈਸੀ ਬਰਫ਼ ਸੀ ਉਹ ਪਾ ਕੇ ਸੂਰਜ ਨਾਲ਼ ਯਾਰੀ,
ਖੁਰ ਗਈ ਖ਼ੁਦ ਵੀ ਤੇ ਸਾਰਾ ਸ਼ਹਿਰ ਵੀ ਪਿਘਲਾ ਗਈ ਹੈ।
No comments:
Post a Comment