ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 4, 2009

ਸ਼੍ਰੀ ਚਮਨ ਲਾਲ ਸੁਖੀ - 3 ਨਵੰਬਰ ਤੇ ਵਿਸ਼ੇਸ਼ - ਗ਼ਜ਼ਲ

ਦੋਸਤੋ! ਕੁਝ ਮਹੀਨੇ ਪਹਿਲਾਂ ਦਿੱਲੀ ਵਸਦੇ ਲੇਖਕ ਸ਼੍ਰੀ ਸੁਭਾਸ਼ ਸ਼ਰਮਾ ਜੀ ਨੇ ਆਪਣੇ ਦਾਦਾ ਜੀ ਉਸਤਾਦ ਗ਼ਜ਼ਲਗੋ ਜਨਾਬ ਬਰਕਤ ਰਾਮ ਯੁਮਨ ਜੀ ਬਾਰੇ ਇੱਕ ਖੋਜ ਅਤੇ ਜਾਣਕਾਰੀ ਭਰਪੂਰ ਲੇਖ ਲਿਖ ਕੇ ਹਾਜ਼ਰੀ ਲਵਾਈ ਸੀ। ਅੱਜ ਉਹਨਾਂ ਨੇ ਮਰਹੂਮ ਗ਼ਜ਼ਲਗੋ ਸ਼੍ਰੀ ਚਮਨ ਲਾਲ ਸੁਖੀ ਜੀ ਬਾਰੇ ਇੱਕ ਖ਼ੂਬਸੂਰਤ ਲੇਖ ਅਤੇ ਸੁਖੀ ਸਾਹਿਬ ਦੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਟਾਈਪ ਕਰਕੇ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਭੇਜੀਆਂ ਹਨ।

-----

ਮੈਂ ਸ਼ਰਮਾ ਸਾਹਿਬ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਨਾਲ਼ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ ਤੇ ਸੁਖੀ ਸਾਹਿਬ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਅਤੇ ਗ਼ਜ਼ਲਾਂ ਭੇਜੀਆਂ ਹਨ। ਸੁਖੀ ਸਾਹਿਬ ਡੈਡੀ ਜੀ ਬਾਦਲ ਸਾਹਿਬ ਦੇ ਨਜ਼ਦੀਕੀ ਗ਼ਜ਼ਲਗੋ ਮਿੱਤਰਾਂ ਵਿੱਚੋਂ ਸਨ। ਸੁਖੀ ਸਾਹਿਬ ਹਫ਼ਤੇ ਚੋਂ ਚਾਰ-ਪੰਜ ਦਿਨ ਤਾਂ ਜ਼ਰੂਰ ਸਾਡੇ ਘਰ ਆਇਆ ਕਰਦੇ ਸਨ ਅਤੇ ਬਹੁਤ ਵਾਰੀ ਇੰਦਰਜੀਤ ਹਸਨਪੁਰੀ ਸਾਹਿਬ ਅਤੇ ਸਰਦਾਰ ਪੰਛੀ ਸਾਹਿਬ ਨੇ ਵੀ ਆ ਜਾਣਾ ਤੇ ਬਾਦਲ ਸਾਹਿਬ ਸਮੇਤ, ਚਾਰਾਂ ਨੇ ਰਲ਼ ਕੇ ਗ਼ਜ਼ਲਾਂ ਨਾਲ਼ ਕਈ-ਕਈ ਘੰਟੇ ਰੰਗ ਬੰਨ੍ਹਣਾ। ਸੁਖੀ ਸਾਹਿਬ ਦੀਆਂ ਫੋਟੋਆਂ ਵੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।

-----

ਕੱਲ੍ਹ ਨਵੰਬਰ ਦੀ 3 ਤਾਰੀਖ ਸੀ ਅਤੇ ਏਸੇ ਦਿਨ 1925 ਵਿੱਚ ਸੁਖੀ ਸਾਹਿਬ ਦਾ ਜਨਮ ਹੋਇਆ ਸੀ। ਸੋ ਉਹਨਾਂ ਨੂੰ ਯਾਦ ਕਰਦਿਆਂ ਤੇ ਉਹਨਾਂ ਦੀ ਕਲਮ ਨੂੰ ਸਿਰ ਨਿਵਾ ਕੇ ਸਲਾਮ ਕਰਦਿਆਂ ਆਪਾਂ ਅੱਜ ਦੋ ਗ਼ਜ਼ਲਾਂ ਨੂੰ ਸ਼ਾਮਲ ਕਰ ਰਹੇ ਹਾਂ। ਸ਼ਰਮਾ ਸਾਹਿਬ ਦਾ ਲਿਖਿਆ ਲੇਖ ਆਰਸੀ ਰਿਸ਼ਮਾਂ ਤੇ ਪੋਸਟ ਕੀਤਾ ਗਿਆ ਹੈ, ਓਥੇ ਵੀ ਫੇਰੀ ਜ਼ਰੂਰ ਪਾਓ ਜੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

************

ਗ਼ਜ਼ਲ

ਤੁਸਾਂ ਨੂੰ ਪਾ ਕੇ ਮੈਂ ਤਾਂ ਹੋ ਗਿਆ ਹਾਂ ਵਿਚ ਖ਼ੁਸ਼ੀ ਪਾਗਲ।

ਹਕੀਕਤ ਹੈ ਕਿ ਹੋ ਜਾਂਦੈ ਖ਼ੁਸ਼ੀ ਥੀਂ ਆਦਮੀ ਪਾਗਲ।

-----

ਹਨੇਰੇ ਖੂਹ ਡੇਗੇ ਨਾ ਕਿਤੇ ਇਨਸਾਨੀਅਤ ਨੂੰ ਵੀ,

ਕਿ ਹਰ ਬੰਦਾ ਹੀ ਕਰ ਦਿੱਤੈ ਨਵੀਂ ਇਸ ਰੌਸ਼ਨੀ ਪਾਗਲ।

-----

ਬੜੇ ਮਾਸੂਮ ਤੇ ਭੋਲੇ ਉਹ ਬੱਚੇ ਵਾਂਗਰਾਂ ਹੁੰਦੇ,

ਕਿਸੇ ਦੇ ਨਾਲ ਵੀ ਰਖਦੇ ਨਹੀਂ ਹਨ ਦੁਸ਼ਮਣੀ ਪਾਗਲ।

-----

ਨਿਆਣੇ ਨਾਲ, ਦਿਲਬਰ ਕੋਲ , ਸ਼ੀਸ਼ੇ ਸਾਹਮਣੇ ਯਾਰਾ!

ਹਕੀਕਤ ਹੈ ਕਿ ਹੋ ਜਾਂਦਾ ਹੈ ਸਚਮੁਚ ਆਦਮੀ ਪਾਗਲ।

-----

ਬੜਾ ਗੰਭੀਰ ਤੇ ਗਹਿਰਾ ਹੇ ਉਹ ਤਾਂ ਵਾਂਗ ਸਾਗਰ ਦੇ,

ਨਜ਼ਰ ਆਉਂਦਾ ਮਗਰ ਯਾਰੋ ਤੁਸਾਂ ਨੂੰ ਹੈ ਸੁਖੀ ਪਾਗਲ।

( ਦੁਖ-ਸੁਖ’, ਸਫ਼ਾ - 103 )

**********

ਗ਼ਜ਼ਲ

ਮਿਰਾ ਦਿਲਦਾਰ ਹੈ ਸੋਹਣਾ , ‘ਸੁਖੀਕੱਚੀ ਗਰੀ ਤੋਂ ਵੀ।

ਸੁਭਾ ਮਿੱਠਾ ਬੜਾ ਉਸਦਾ ਹੈ ਮਿਸਰੀ ਦੀ ਡਲੀ ਤੋਂ ਵੀ।

-----

ਖ਼ੁਦਾ ਦੇ ਵਾਸਤੇ ਗੁੱਸਾ-ਗਿਲਾ ਛੱਡੋ ਮਿਰੇ ਯਾਰੋ!

ਕਿ ਭੁਲ ਚੁਕ ਹੋ ਹੀ ਜਾਂਦੀ ਹੈ ਕਦੀ ਤਾਂ ਆਦਮੀ ਤੋਂ ਵੀ।

-----

ਹਨੇਰਾ ਹੀ ਨਹੀਂ ਡਰ ਖ਼ੌਫ ਦਾ ਕਾਰਨ ਮਿਰੇ ਯਾਰੋ!

ਕਿ ਲਗਦਾ ਡਰ ਬੜਾ ਹੀ ਹੈ ਨਵੀਂ ਇਸ ਰੌਸ਼ਨੀ ਤੋਂ ਵੀ।

-----

ਨਿਰੀ ਹੀ ਅਕਲ ਦੇ ਸਿਰ ਤੇ ਅਸਾਂ ਜੀਵਨ ਕੱਟਿਆ ਹੈ,

ਬੜੀ ਵਾਰੀ ਲਿਆ ਹੈ ਕੰਮ ਅਸਾਂ ਦੀਵਾਨਗੀ ਤੋਂ ਵੀ।

-----

ਬੜਾ ਚੰਗਾ ਸੀ ਇਸ ਨਾਲੋਂ ਜੇ ਰਲ-ਮਿਲ ਕੇ ਅਸੀ ਰਹਿੰਦੇ,

ਗਏ ਦੁੱਖ-ਸੁੱਖ ਦੀ ਗਲ ਕਰਨੋਂ ਅਤੇ ਦਿਲ ਦੀ ਖ਼ੁਸ਼ੀ ਤੋਂ ਵੀ।

-----

ਹਰ ਇਕ ਹੀ ਬਾਤ ਵਿਚ ਸਾਡੀ ਅੜਾਉਂਦਾ ਲੱਤ ਹਮੇਸ਼ਾ ਉਹ,

ਦੁਖੀ ਡਾਹਢੇ ਅਸੀ ਹਾਂ ਦੋਸਤੋ ਅੱਜਕੱਲ੍ਹ ਸੁਖੀ ਤੋਂ ਵੀ।

( ਨਿੱਜ ਤੋਂ ਪਰ ਤੱਕ’, ਸਫ਼ਾ -10 )

******************

ਪਹਿਲੀ ਤਸਵੀਰ ਵਿਚ ਸੁਖੀ ਸਾਹਿਬ ਆਪਣੀ ਸ਼ਰੀਕੇ-ਹਯਾਤ ਮਿਸਿਜ਼ ਸੁਖੀ ਅਤੇ ਪੋਤਰੇ ਨਾਲ਼। ਦੂਜੀ ਸੁਖੀ ਸਾਹਿਬ ਦੀ ਇੱਕ ਬਹੁਤ ਪੁਰਾਣੀ ਤਸਵੀਰ।






No comments: