ਨਿਰਾ ਪੁਰਾ ਸਾਂ ਮੈਂ ਜਦ ਕਾਲ਼ ਕੋਠੜੀ ਵਰਗਾ।
ਕਿਸੇ ਦਾ ਧਿਆਨ ਸੀ ਦੀਵੇ ਦੀ ਰੌਸ਼ਨੀ ਵਰਗਾ।
-----
ਪਤਾ ਨਹੀਂ ਕਿ ਸੀ ਕਿੰਨੀ ਕੁ ਵਿਹੁ ਹਨੇਰੀ ਵਿਚ,
ਸਰੀਰ ਬਿਰਛ ਦਾ ਡਿੱਠਾ ਮੈਂ ਛਾਨਣੀ ਵਰਗਾ।
-----
ਸਜਾ ਸਕਾਂਗਾ ਕਿਵੇਂ ਸੋਚ ਦੀ ਕਲਾ-ਸ਼ਾਲਾ,
ਕਿ ਦਿਲ ਹੈ ਉਡਦਿਆਂ ਰੰਗਾਂ ਦੀ ਪੋਟਲੀ ਵਰਗਾ।
-----
ਜੇ ਜ਼ਹਿਰ ਜ਼ਹਿਰ ਸੀ ਦਿਲ, ਸ਼ਹਿਦ ਸ਼ਹਿਦ ਸਨ ਗੱਲਾਂ,
ਅਜੀਬ ਨਾਗ ਸੀ, ਸਚ ਮੁਚ ਹੀ ਆਦਮੀ ਵਰਗਾ।
-----
ਉਦਾਸ ਜਿੰਦ, ਜਿਵੇਂ ਝੀਲ ਸੀ ਹਨੇਰੇ ਦੀ,
ਚੁਫ਼ੇਰੇ ਆਸ ਦਾ ਕੰਢਾ ਸੀ ਚਾਨਣੀ ਵਰਗਾ।
-----
ਲੁਕੇ ਨਾ ਹੋਣ ਕਿਤੇ ਤਕਣੀਆਂ ‘ਚ ਚੰਗਿਆੜੇ,
ਸਰੀਰ ਸਾਂਭ ਕੇ ਟੁਰ ਮੋਮ ਦੀ ਡਲੀ ਵਰਗਾ।
-----
ਉਦ੍ਹਾ ਬਦਨ ਸੀ ਕਿ ਭੰਡਾਰ ਸੀ ਸੁਗੰਧਾਂ ਦਾ,
ਕਿ ਅੰਗ ਅੰਗ ਸੀ ਸਜਰੀ ਖਿੜੀ ਕਲੀ ਵਰਗਾ।
-----
ਕਿਸੇ ਦੀ ਗੋਦ ‘ਚ ਝੂਟੇ ਲਏ ਮੈਂ ਸੁਰਗਾਂ ਦੇ,
ਕਿਸੇ ਦਾ ਪਿਆਰ ਸੀ ਫੁੱਲਾਂ ਦੀ ਪਾਲਕੀ ਵਰਗਾ।
-----
ਨਜ਼ਰ ਦੀ ਘਾਟ ਸੀ ਜਾਂ ਤ੍ਰੇੜ ਤ੍ਰੇੜ ਸੀ ਸ਼ੀਸ਼ਾ,
ਮੈਂ ਅਪਣੇ ਆਪ ਨੂੰ ਲਗਿਆ ਸਾਂ ਅਜਨਬੀ ਵਰਗਾ।
No comments:
Post a Comment