ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 18, 2009

ਗਿਆਨ ਸਿੰਘ ਕੋਟਲੀ - ਨਜ਼ਮ

ਮੰਜ਼ਿਲ ਵਲ ਨੂੰ ਜਾਈ ਜਾ....

ਨਜ਼ਮ

ਮੰਜ਼ਿਲ ਵਲ ਨੂੰ ਜਾਈ ਜਾ,

ਕਿਧਰੇ ਅੰਤ ਅਵੇਰ ਨਾ ਦੇਖੀਂ

ਝੱਖੜ ਝਾਂਜਾ ਮੀਂਹ ਹਨ੍ਹੇਰੀ,

ਕਿਧਰੇ ਨ੍ਹੇਰ ਸਵੇਰ ਨਾ ਦੇਖੀਂ

-----

ਪੀੜਾਂ ਦੀ ਪਰਛਾਈਂ ਟੁਰਦੀ,

ਨਾਲੇ ਟੁਰਦੇ ਪੈਰੀਂ ਛਾਲੇ,

ਬਿਖਰੇ ਪੱਥਰ ਟੋਏ ਟਿੱਬੇ,

ਕਿਧਰੇ ਬੁਲ੍ਹ ਅਟੇਰ ਨਾ ਦੇਖੀਂ

-----

ਦੁਨੀਆਂ ਦੇ ਨੇ ਘੇਰ ਬਥੇਰੇ,

ਚੱਕਰ-ਵਿਊ ਦੇ ਫੇਰ ਬਥੇਰੇ,

ਸੇਧ ਕੇ ਐਪਰ ਠੀਕ ਨਿਸ਼ਾਨਾ,

ਮੁੜ ਕੇ ਡੁਲ੍ਹੇ ਬੇਰ ਨਾ ਦੇਖੀਂ

-----

ਸਾਂਭ ਸੁਆਰੀਂ ਰਹਿੰਦੇ ਤਿਣਕੇ,

ਪਰਲੋ ਦੀ ਆਫਾਤ ਦੇ ਵਿਚੋਂ,

ਸਹਿਮੀਂ ਦੇਖ ਨਾ ਆਹਾਂ ਢਾਹਾਂ,

ਸੀਨਾ ਵਿਨ੍ਹਦੀ ਲੇਰ ਨਾ ਦੇਖੀਂ

-----

ਆਸ ਉਡਾਰੀ ਕਿਰਨਾਂ ਦੀ ਹੈ,

ਚਾਵਾਂ ਨੇ ਰੁਸ਼ਨਾਏ ਸੁਪਨੇ,

ਸਰਘੀ ਸੋਚ ਉਜਾਲਾ ਕਹਿੰਦੇ,

ਪਿੱਛੇ ਮੁੜ ਕੇ ਫੇਰ ਨਾ ਦੇਖੀਂ

-----

ਸੋਨ-ਸਵੇਰੇ ਰੀਝ ਦੀ ਲਾਲੀ,

ਸਿਖ਼ਰ ਦੁਪਹਿਰੇ ਸ਼ੌਕ ਦੀ ਗਰਮੀ,

ਤੱਕ ਕੇ ਲਹਿੰਦੀ ਸੂਰਜ ਟਿੱਕੀ,

ਐਵੇਂ ਅੱਥਰ ਕੇਰ ਨਾ ਦੇਖੀਂ

-----

ਔਝੜ ਰਾਹਾਂ ਬਿਖੜੇ ਪੈਂਡੇ,

ਸੁੰਨੇ ਘੋਰ ਚੁਗਿਰਦੇ ਅੰਦਰ,

ਅਪਣੀ ਉੱਚੀ ਹਿੰਮਤ ਦੇਖੀਂ,

ਉੱਚੇ ਢੇਰ ਸੁਮੇਰ ਨਾ ਦੇਖੀਂ

-----

ਪੁੱਜਦੇ ਤੋੜ ਨੇ ਆਖਿਰ ਓਹੀ,

ਹਿੰਮਤ ਨੂੰ ਪਰਨਾਏ ਜਿਹੜੇ,

ਛੱਡ ਕੇ ਕਿਧਰੇ ਸਿਦਕ ਸਬੂਰੀ,

ਢਹਿੰਦਾ ਚਾਰ ਚੁਫ਼ੇਰ ਨਾ ਦੇਖੀਂ

-----

ਉੱਦਮ ਹੀਲੇ ਸਿਦਕ ਵਸੀਲੇ,

ਗਹਿਰਾਂ ਨੂੰ ਰੁਸ਼ਨਾਈ ਰੱਖਦੇ,

ਮੰਜ਼ਿਲ ਕਹਿੰਦੇ ਟੁਰਿਆਂ ਦੀ ਹੈ,

ਬਹਿ ਕੇ ਬਹੁਤੀ ਦੇਰ ਨਾ ਦੇਖੀਂ

No comments: