ਜਦ ਇਰਾਦੇ ਮਿਲ਼ ਗਏ ਸੀ ਪਰਬਤਾਂ ਵਰਗੇ ਕਿਤੇ।
ਡਰ ਰਿਹਾ ਇਹ, ਹੋ ਨਾ ਜਾਈਏ ਪੱਥਰਾਂ ਵਰਗੇ ਕਿਤੇ।
-----
ਜ਼ਿੰਦਗੀ ਤਾਂ ਆਪ ਹੀ ਬਣ ਜਾਂਦੀ ਹੈ ਮਹਿਕਾਂ ਭਰੀ,
ਲੋਕ ਮਿਲ਼ਦੇ ਨੇ ਜਦੋਂ ਵੀ ਖ਼ੁਸ਼ਬੋਆਂ ਵਰਗੇ ਕਿਤੇ।
-----
ਬਣ ਕੇ ਬਦਲ਼ੀ ਸੁਰਮਈ ਫਿਰ ਉਡਣ ਖਾਤਰ ਦਿਲ ਕਰੇ,
ਜਦ ਵੀ ਲਮਹੇਂ ਮਿਲ਼ਣ ਖੁਲ੍ਹੇ ਆਸਮਾਂ ਵਰਗੇ ਕਿਤੇ।
-----
ਭਟਕਦੇ ਪੰਛੀ ਨੂੰ ਕਿਸ ਥਾਂ ਤੇ ਮਿਲ਼ੇਗਾ ਆਲ੍ਹਣਾ,
ਹੁਣ ਤਾਂ ਤਿਣਕੇ ਨਾ ਰਹੇ ਉਸ ਆਸ਼ੀਆਂ ਵਰਗੇ ਕਿਤੇ।
-----
ਜ਼ਿੰਦਗੀ ਨੂੰ ਰੱਜ ਕੇ ਫਿਰ ਜੀਣ ਦਾ ਹੀਆ ਮਿਲ਼ੇ,
ਜਦ ਵੀ ਮਿਲ਼ਦੇ ਲੋਕ ਨਿੱਘੇ ਮੌਸਮਾਂ ਵਰਗੇ ਕਿਤੇ।
-----
ਪੈਰ ਅਪਣੇ ਆਪ ਹੀ ਰੁਕਦੇ ਹੋਏ ਮਹਿਸੂਸ ਹੋਣ,
ਜਦ ਵੀ ਸਾਨੂੰ ਪੈਣ ਝਉਲ਼ੇ ਮੰਜ਼ਿਲਾਂ ਵਰਡੇ ਕਿਤੇ।
-----
ਬੀਤੀਆਂ ਘੜੀਆਂ ਦੀ ਫਿਰ ਮਹਿਕਾਂ ਭਰੀ ਰੌਣਕ ਲਗੇ,
ਜਦ ਕਦੇ ਮੌਕੇ ਮਿਲ਼ੇ ਨੇ ਸੁੰਨਸਰਾਂ ਵਰਗੇ ਕਿਤੇ।
1 comment:
bahut hi wadhya............
Post a Comment