ਗ਼ਜ਼ਲ
ਭਾਵੇਂ ਰੁਕ-ਰੁਕ ਵਗਦਾ ਜਾਪੇ ਅਜਕਲ੍ਹ ਸਾਹਾਂ ਦਾ ਦਰਿਆ।
ਪੂਰੇ ਵੇਗ ‘ਚ ਵਗਦੈ ਫਿਰ ਵੀ ਹਰ ਪਲ ਭਾਵਾਂ ਦਾ ਦਰਿਆ।
------
ਪਿਆਸ ਦੇ ਹੱਥੋਂ ਆਤੁਰ ਜਾਪੇ ਹੁਣ ਤਾਂ ਖ਼ੁਦ ਇਸ ਦੀ ਹੀ ਰੇਤ,
ਵੇਲ਼ਾ ਸੀ ਭਰਕੇ ਵਗਦਾ ਸੀ ਚੰਚਲ ਖ਼ਾਬਾਂ ਦਾ ਦਰਿਆ।
-----
ਗਲ਼ ਗਲ਼ ਤੀਕਰ ਡੁੱਬੇ ਜਾਪਣ ਮੈਨੂੰ ਤਾਂ ਇਸ ਅੰਦਰ ਸਭ,
ਗਲ਼ ਗਲ਼ ਤੀਕ ਪੁੱਜਿਆ ਜਾਪੇ ਸਭ ਦੇ ਫ਼ਿਕਰਾਂ ਦਾ ਦਰਿਆ।
------
ਜੇਕਰ ਆਪਾਂ ਸਾਹਵੇਂ ਅਜਕਲ੍ਹ ਰੋਕਾਂ, ਕੰਧਾਂ ਨੇ ਤਾਂ ਕੀ,
ਜਜ਼ਬੇ ਤਾਂ ਰਲ਼ ਬਹਿੰਦੇ ਹੀ ਨੇ ਤਰ ਕੇ ‘ਵਾਵਾਂ ਦਾ ਦਰਿਆ।
-----
ਐ ਨ੍ਹੇਰੇ ਤੇ ਠਾਰੀ ਤੋਂ ਪੀੜਤ ਵਾਦੀ ਕੁਝ ਜਿਗਰਾ ਕਰ,
ਬਸ ਆਇਆ ਹੀ ਆਇਆ ਤੇਰੇ ਦਰ ‘ਤੇ ਕਿਰਨਾਂ ਦਾ ਦਰਿਆ।
------
ਹੁਣ ਵੀ ਲਗਭਗ ਉੱਚਾ ਜਾਪੇ ਸਭ ਦੇ ਸੀਮਤ ਸਾਧਨ ਤੋਂ,
ਵੇਖੋ ਦਮ ਲੈਂਦਾ ਹੈ ਕਿੰਨਾਂ ਚੜ੍ਹ ਕੇ ਲੋੜਾਂ ਦਾ ਦਰਿਆ।
-----
ਲਹਿਰਾਂ ਕਰਵਟ ਲੈ ਲੈ ਉੱਠਣ ਰੂਪ ਵਟਾ ਕੇ ਸ਼ਿਅਰਾਂ ਦਾ,
ਭਰ ਭਰ ਵਗਦਾ ਜਾਪੇ ਫਿਰ ਅਜ ਸੂਖ਼ਮ ਸੋਚਾਂ ਦਾ ਦਰਿਆ।
------
ਵੇਖੋ ਹੁਣ ‘ਹਰਬੰਸ’ ਨੂੰ ਕਿਹੜੇ ਤਣ ਪੱਤਣ ‘ਤੇ ਲਾਉਂਦਾ ਹੈ,
ਲੈ ਤਾਂ ਚੱਲਿਐ ਨਾਲ਼ ਵਹਾ ਕੇ ਬੇਬਸ ਅਸ਼ਕਾਂ ਦਾ ਦਰਿਆ।
2 comments:
behad bhaavpoorat, jazbiaan de veg ate dariaa jihi vehndi hoi ghazal.
Bahut sohna Pesh kita wah wah
Post a Comment