ਨਜ਼ਮ
ਪਤਾ ਨਹੀਂ
ਕਿੰਨੀ ਕੁ ਪਿਆਸ ਸੀ
ਉਸ ਅੰਦਰ
ਕਿ ਮੈਂ
ਜਿਸਨੂੰ ਆਪਣੇ ਸਮੁੰਦਰਾਂ ਤੇ
ਬਹੁਤ ਮਾਣ ਸੀ
ਉਸਦੇ ਸਾਹਵੇਂ
ਪਾਣੀ ਦਾ ਇਕ ਛੋਟਾ ਜਿਹਾ
ਕਤਰਾ ਬਣ ਜਾਂਦਾ...
.............
ਪਤਾ ਨਹੀਂ
ਕਿੰਨੀ ਕੁ ਅੱਗ ਸੀ
ਉਸ ਅੰਦਰ
ਕਿ ਮੈਂ
ਜਿਸਨੂੰ ਆਪਣੇ ਸੂਰਜਾਂ ਤੇ
ਬਹੁਤ ਮਾਣ ਸੀ
ਉਸ ਦੇ ਸਹਮਣੇ
ਨਿੱਕਾ ਨਿੱਕਾ ਜਿਹਾ
ਜੁਗਨੂੰ ਬਣ ਜਾਂਦਾ...
...........
ਪਤਾ ਨਹੀਂ
ਕਿੰਨਾ ਕੁ ਪਿਆਰ ਸੀ
ਉਸ ਅੰਦਰ
ਕਿ ਮੈਂ
ਜਿਸਨੂੰ ਆਪਣੀ ਅਥਾਹ ਮੁਹੱਬਤ ਤੇ
ਬਹੁਤ ਮਾਣ ਸੀ
ਉਸ ਦੇ ਸਾਹਵੇਂ
ਮੇਰਾ ਸਾਰਾ ਪਿਆਰ
ਕਿਣਕਾ ਮਾਤਰ ਰਹਿ ਜਾਂਦਾ....
...............
ਪਤਾ ਨਹੀਂ
ਕਿੰਨੇ ਕੁ ਸਾਹ ਸਨ
ਉਸ ਅੰਦਰ
ਕਿ ਮੈਂ
ਜਿਸਨੂੰ ਆਪਣੇ ਲੰਮੇ ਸਾਹਾਂ ਤੇ
ਬਹੁਤ ਮਾਣ ਸੀ
ਉਸ ਕੋਲ਼ ਜਾਂਦਾ
ਤਾਂ ਮੇਰੇ ਸਾਹ ਟੁੱਟ ਜਾਂਦੇ....
.............
ਪਤਾ ਨਹੀਂ
ਕਿੱਡੇ ਕੁ ਮਾਰੂਥਲ ਸਨ
ਉਸ ਅੰਦਰ
ਕਿ ਮੈਂ
ਜਿਸਨੂੰ ਆਪਣੇ ਜਲਸਰੋਤਾਂ ਤੇ
ਬਹੁਤ ਮਾਣ ਸੀ
ਉਸਦੀ ਦੇਹ ਵਿਚ
ਇਕ ਨਿੱਕੇ ਜਿਹੇ ਝਰਨੇ ਵਾਂਗ
ਡਿੱਗ ਕੇ ਸੁੱਕ ਜਾਂਦਾ....
.............
ਪਤਾ ਨਹੀਂ
ਕਿੰਨੇ ਕੁ ਗਹਿਰੇ ਪਾਤਾਲ ਸਨ
ਉਸ ਅੰਦਰ
ਕਿ ਮੈਂ
ਜਿਸਨੂੰ ਆਪਣੇ ਤੈਰਾਕ ਹੋਣ ਦਾ
ਬਹੁਤ ਭਰਮ ਸੀ
ਉਸ ਦੀਆਂ ਅੱਖਾਂ ‘ਚ ਤੱਕਦਾ
ਤਾਂ ਅਥਾਹ ਪਤਾਲ਼ਾਂ ਤੀਕ
ਡੁੱਬਦਾ ਚਲਿਆ ਜਾਂਦਾ....
..............
ਡੁੱਬਦਾ ਹੀ ਚਲਿਆ ਜਾਂਦਾ।
2 comments:
khoob likiya ji
veer ji, nazam bahut pasand ayee, padh k injh lagya jiven parvana kise shamma di roshni ton qurbaan hon layee mazboor ho giya hove!
satpal barmouta,
04-opp. vikas colony,
ferozepur city.
098144-79532
Post a Comment