-----
ਲੁਧਿਆਣੇ ਮਾਡਲ ਟਾਊਨ ‘ਚ ਮੇਨ ਰੋਡ ਤੇ ਕੁਝ ਵੱਡੇ ਘਰਾਂ ਦੀਆਂ ਵਿਗੜੀਆਂ ਕੁੜੀਆਂ ਨੂੰ ਸ਼ਰੇਆਮ ਬੀਅਰ ਅਤੇ ਵਾਈਨ ਪੀਂਦਿਆਂ ਵੇਖ ਮਨ ‘ਚ ਸੋਚਿਆ, ( ਸਭ ਦੋਸਤਾਂ ਨੂੰ ਪਤੈ ਕਿ ਮੈਨੂੰ ਸ਼ਰਾਬ ਤੇ ਮੀਟ ਤੋਂ ਮੈਨੂੰ ਹੱਦ ਦਰਜ਼ੇ ਦੀ ਨਫ਼ਰਤ ਹੈ ) ਅਜਿਹਾ ਤਾਂ ਨਹੀਂ ਸੀ ਪੰਜਾਬ, ਜਦੋਂ ਅਸੀਂ ਹਿਜਰਤ ਕੀਤੀ ਸੀ। ਸੂਟ/ਦੁਪੱਟੇ ਤਾਂ ਉੱਡ ਹੀ ਗਏ ਹਨ....ਜਿੱਧਰ ਵੇਖੋ ਜੀਨਾਂ, ਜਾਂ ਜਿਸਮ ਦਿਖਾਊ ਕੱਪੜੇ। ਜਿਹੜੇ ਮਾਂ-ਬਾਪ ਘੱਟ ਆਮਦਨ ਹੋਣ ਦੇ ਬਾਵਜੂਦ ਬੱਚਿਆਂ ਨੂੰ ਕਾਲਜ/ਯੂਨੀਵਰਸਿਟੀ ਘੱਲਦੇ ਹਨ, ਉਹ ਮਾਪਿਆਂ ਦੇ ਗਲ਼ ਗੂਠਾ ਦੇ ਕੇ ਡਿਮਾਂਡਾਂ ਪੂਰੀਆਂ ਕਰਵਾਉਂਦੇ ਹਨ। ਬਹੁਤੇ ਫਾਸਟ ਫੂਡ ਸਪੌਟਸ ਵੀ ਅੱਯਾਸ਼ੀ ਦੇ ਅੱਡੇ ਹਨ। ਕਮਲ ਜੀ ਦੀ ਗੱਲ ਨਾਲ਼ ਮੈਂ ਸੌ-ਫੀਸਦੀ ਸਹਿਮਤ ਹਾਂ ਕਿ ਬਾਕੀ ਰਹਿੰਦੀ ਖੂੰਹਦੀ ਕਸਰ ਪੂਜਾ ਦੇ ਘਟੀਆ ਦੋਗਾਣਿਆਂ ਅਤੇ ਮੋਬਾਈਲਾਂ ਨੇ ਪੂਰੀ ਕਰ ਦਿੱਤੀ ਹੈ। ਮਾਂ-ਬਾਪ ਨੂੰ ਕੋਈ ਇਲਮ ਨਹੀਂ ਕਿ ਬੱਚਿਆਂ ਨੂੰ ਕੀਹਦੇ ਫੋਨ ਆਉਂਦੇ ਨੇ ਤੇ ਉਹ ਕੀਹਨੂੰ ਮਿਲ਼ਣ ਜਾਂਦੇ ਨੇ। ਸ਼ਰਮ ਦੀ ਗੱਲ ਹੈ ਕਿ ਕੁੜੀਆਂ ਵੀ ਡਰੱਗਜ਼ ਲੈਂਦੀਆਂ ਨੇ ਤੇ ਲੁਕ-ਛਿਪ ਕੇ ਬਣਾਏ ਜਿਸਮਾਨੀ ਰਿਸ਼ਤਿਆਂ ਕਰਕੇ ਏਡਜ਼ ਬਹੁਤ ਜ਼ਿਆਦਾ ਫ਼ੈਲ ਰਹੀ ਹੈ। ਮੇਰੇ ਖ਼ਿਆਲ 'ਚ ਜਿਹੜੇ ਲੋਕ ਕੈਨੇਡਾ ਵਰਗੇ ਮੁਲਕਾਂ ਤੋਂ ਆਪਣੇ ਬੱਚਿਆਂ ਦਾ ਵਿਆਹ ਕਰਨ ਪੰਜਾਬ ਜਾਂਦੇ ਨੇ ਕਿ ਵੱਟੇ 'ਚ ਭੂਆ/ਮਾਸੀ/ਮਾਮੇ/ਚਾਚੇ ਦੇ ਬੱਚੇ ਵੀ ਆ ਜਾਣਗੇ, ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਗੰਭੀਰਤਾ ਨਾਲ਼ ਸੋਚਣਾ ਬਣਦਾ ਹੈ।
-----
ਸਬਜ਼ੀਆਂ, ਦਾਲ਼ਾਂ, ਆਪਣੇ ਲੋਕ ਭੁੱਲ ਚੁੱਕੇ ਨੇ, ਜਾਓ ਤਾਂ ਮੇਰੇ ਭੂਆ ਜੀ ਵਰਗੇ ਫੜ੍ਹ ਮਾਰ ਕੇ ਆਖਣਗੇ ਕਿ ਮੇਰੀ ਭਤੀਜੀ ਏਨੇ ਸਾਲਾਂ ਬਾਅਦ ਆਈ ਹੈ....ਦੇਖ ਬੇਟਾ! ਅਸੀਂ ਤੇਰੇ ਲਈ ਪੀਜ਼ਾ ਆਰਡਰ ਕੀਤਾ ਹੈ ਜਾਂ ਸਾਡੀ ਨੂੰਹ ਤਾਂ ਬੱਸ ਪੀਜ਼ਾ, ਨੂਡਲਜ਼ ਤੇ ਬਰਗਰ ਹੀ ਖਾਂਦੀ ਹੈ, ਦੇਸੀ ਖਾਣੇ ਅਜਕੱਲ੍ਹ ਕੌਣ ਖਾਂਦਾ ਹੈ? ਕੋਈ ਦੱਸਣ ਵਾਲ਼ਾ ਹੋਵੇ ਕਿ ਭਲਿਓ ਲੋਕੋ! ਅਸੀਂ ਇੱਥੇ ਰਹਿ ਕੇ ਵੀ ਆਪਣਾ ਖਾਣਾ ਖਾਂਦੇ ਹਾਂ, ਪੰਜਾਬੀ ਬੋਲਦੇ ਹਾਂ, ਵੈਜੀਟੇਰੀਅਨ, ਨੌਨ-ਡਰਿੰਕਰ, ਨੌਨ ਸਮੋਕਰ ਹਾਂ....ਆਪਣੇ ਰਸਮੋ-ਰਿਵਾਜ਼, ਤਹਿਜ਼ੀਬ... ਸ਼ਰਮ-ਹਯਾ ਸਾਂਭੀ ਬੈਠੇ ਹਾਂ....ਪਰ ਤੁਸੀਂ ਕਿੱਥੇ ਪਹੁੰਚ ਗਏ ਓ???? ਤੁਹਾਡੇ ਨਾਲ਼ੋਂ ਤਾਂ ਕਈ ਗੋਰੇ ਹੀ ਚੰਗੇ ਨੇ ਜਿੱਥੇ ਅੱਜ ਵੀ ਪਰਿਵਾਰਾਂ ‘ਚ ਵਿਕਟੋਰੀਅਨ ਸਮੇਂ ਵਰਗਾ ਸਖ਼ਤ ਕਾਇਦਾ-ਕਾਨੂੰਨ ਚਲਦਾ ਹੈ। ਡੈਡੀ ਜੀ ਨੂੰ ਇੱਕ ਹਫ਼ਤੇ ‘ਚ ਇੰਡੀਆ ਦੇ ਰੰਗ-ਢੰਗ ਵੇਖ ਕੇ ਕਿਹਾ ਕਿ ਜਿਹੜੀ ਟਿਕਟ ਮਿਲ਼ਦੀ ਹੈ ਵੈਨਕੂਵਰ ਦੀ ਓ.ਕੇ. ਕਰ ਦਿਓ...ਮੈਂ ਨਹੀਂ ਏਥੇ ਰਹਿਣਾ। ਉਦੋਂ ਦਾ ਹੁਣ ਤੱਕ ਇੰਡੀਆ ਵੱਲ ਮੂੰਹ ਕਰਨ ਦੀ ਹੀਆ ਨਹੀਂ ਪਿਆ।
-----
ਦੋਸਤੋ! ਕਮਲ ਜੀ ਦੀ ਏਨੀ ਖ਼ੂਬਸੂਰਤ ਨਜ਼ਮ ਨੇ ਵਰ੍ਹਿਆਂ ਪਹਿਲਾਂ ਦੀ ਗੱਲ ਚੇਤੇ ਕਰਵਾ ਦਿੱਤੀ, ਉਹਨਾਂ ਦਾ ਬੇਹੱਦ ਸ਼ੁਕਰੀਆ। ਤੁਹਾਡੇ ਨਾਲ਼ ਵੀ ਕੁਝ ਅਜਿਹਾ ਵਾਪਰਿਆ ਤਾਂ ਕਿਰਪਾ ਕਰਕੇ ਲਿਖ ਕੇ ਜ਼ਰੂਰ ਭੇਜੋ ਤਾਂ ਜੋ ਜਿਹੜੇ ਮੇਰੇ ਵਰਗੇ ਬਹੁਤ ਸਾਲਾਂ ਦੇ ਉੱਥੇ ਨਹੀਂ ਗਏ, ਉੱਥੋਂ ਦੇ ਮਾਹੌਲ ‘ਚ ਆਏ ਸਮਾਜਿਕ ਬਦਲਾਵਾਂ ਤੋਂ ਜਾਣੂੰ ਹੋ ਸਕਣ ਅਤੇ ਇੰਡੀਆ ਫੇਰੀ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰ ਸਕਣ, ਨਹੀਂ ਤਾਂ ਮੇਰੇ ਵਾਂਗ ਇਕ ਹਫ਼ਤੇ ਦੇ ਅੰਦਰ-ਅੰਦਰ ਵਾਪਸੀ ਦੀ ਟਿਕਟ ਓ.ਕੇ. ਕਰਵਾਉਣੀ ਪਊ.. J ਦੋਸਤੋ! ਮੈਂ ਵੀ ਜੋ ਅੱਖੀਂ ਦੇਖਿਆ ਤੇ ਰੂਹ ਨਾਲ਼ ਮਹਿਸੂਸ ਕੀਤਾ ਉਹੀ ਲਿਖਿਆ ਹੈ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਦਾਚਿੱਤ ਨਹੀਂ । ਕਮਲ ਜੀ ਨੂੰ ਏਨੀ ਖ਼ੂਬਸੂਰਤ ਨਜ਼ਮ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
************
ਦੇਸ ਪੰਜਾਬ
ਨਜ਼ਮ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਬੇਲੀ ਮਿੱਤਰ, ਖੂਹ ਦੀਆਂ ਗੱਲਾਂ
ਵਗਦਾ ਪਾਣੀ, ਨੱਚਦੀਆਂ ਛੱਲਾਂ
ਸੱਥ ਵਿੱਚ ਹੱਸਦੇ, ਬਾਬੇ ਪੋਤੇ
ਕੁਝ ਲਿਬੜੇ ਕੁਝ, ਨਾਹਤੇ ਧੋਤੇ
ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ
ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ
ਚੇਤੇ ਕਰ ਕੇ, ਮਨ ਭਰ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ
ਲੋਕਾਂ ਦੀ ਹੁਣ, ਅਕਲ ਬਦਲ ਗਈ
ਖੇਤੀ ਦੇ ਹੁਣ, ਸੰਦ ਬਦਲ ਗਏ
ਕੰਮ ਦੇ ਵੀ ਹੁਣ, ਢੰਗ ਬਦਲ ਗਏ
ਟਾਹਲੀ ਤੇ ਕਿੱਕਰਾਂ ਮੁੱਕ ਗਈਆਂ
ਤੂਤ ਦੀਆਂ ਨਾ, ਝਲਕਾਂ ਪਈਆਂ
ਸੱਥ ਵਿੱਚ ਹੁਣ ਨਾ, ਮਹਿਫ਼ਿਲ ਲੱਗਦੀ
ਬਿਜਲੀ ਅੱਗੇ, ਵਾਂਗ ਹੈ ਭੱਜਦੀ
ਪਿੰਡ ਵੇਖ ਕੇ, ਚਾਅ ਚੜ੍ਹ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ
ਪਿੰਡਾਂ ਦੀ ਪਰ, ਪਈ ਤੜਫਾਈ
ਬਾਈਪਾਸਾਂ ਤੇ, ਟੋਲ ਨੇ ਲੱਗੇ
ਐਪਰ ਬੰਦਾ, ਪਹੁੰਚੇ ਝੱਬੇ
ਮਹਿੰਗਾਈ ਨੇ, ਵੱਟ ਹਨ ਕੱਢੇ
ਤਾਹੀਂ ਮਿਲਾਵਟ, ਜੜ੍ਹ ਨਾ ਛੱਡੇ
ਵਿਓਪਾਰੀ ਹੈ, ਹੱਸਦਾ ਗਾਉਂਦਾ
ਮਾੜਾ ਰੋਂਦਾ, ਘਰ ਨੂੰ ਆਉਂਦਾ
ਅਜੇ ਰੁਪਈਆ, ਪਿਆ ਕੁਮਲ਼ਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ
ਚਿੜੇ ਹਨੇਰੀ, ਵਾਂਗੂੰ ਝੁੱਲਣ
ਟੀ ਵੀ ਵਿੱਚ ਹੁਣ, ਸੂਟ ਨਾ ਦਿਸਦਾ
ਸੁਰ ਸੰਗਮ ਦਾ, ਰੂਟ ਨਾ ਦਿਸਦਾ
ਮਿਸ ਪੂਜਾ ਨੇ, ਲੁੱਟ ਲਏ ਸਾਰੇ
ਸੋਲੋ ਫਿਰਦੇ, ਮਾਰੇ ਮਾਰੇ
ਬੱਬੂ ਮਾਨ ਨੇ, ਬਾਬੇ ਰੋਲ਼ੇ
ਢੱਡਰੀਆਂ ਵਾਲ਼ੇ, ਦੀ ਪੰਡ ਖੋਲ੍ਹੇ
ਮਾਨ ਪੰਜਾਬ ਨੇ, ਜਦੋਂ ਜਿਤਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਇਕ ਪਿੰਡ ਦੇ ਵਿੱਚ, ਦੋ ਦੋ ਠੇਕੇ
ਚੋਬਰ ਮੁੰਡੇ, ਕਿਤੇ ਨਈਂ ਵੇਖੇ
ਭਈਆਂ ਦਾ, ਲੁਧਿਆਣੇ ਕਬਜ਼ਾ
ਕੰਮ ਕਰਨੇ ਦਾ, ਮਰਿਆ ਜਜ਼ਬਾ
ਲੀਡਰ ਫਿਰਨ, ਰੰਗਾਉਂਦੇ ਪੱਗਾਂ
ਚੁਣ ਦੇ ਸੋਚ ਕੇ, ਸੱਜਾ ਖੱਬਾ
ਪਰ ਪੰਜਾਬ, ਅਜੇ ਵੀ ਹੱਸਦਾ
ਮਰਦਾ ਮਰਦਾ, ਜਿਉਂਦਾ ਵੱਸਦਾ
ਹਾਲਤ ਵੇਖ, ਤਰਸ ਸੀ ਆਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਫਾਸਟ ਫੂਡ ਤੇ, ਪੀਜ਼ਾ ਬਰਗਰ
ਪਹੁੰਚ ਗਏ ਨੇ, ਅੱਜ ਇਹ ਘਰ ਘਰ
ਧਰਤੀ ਹੇਠਾਂ, ਮੋਟਰ ਦੱਬੀ
ਪਾਣੀ ਜਾਂਦਾ, ਨੀਵਾਂ ਨੱਠੀ
ਵਿੱਚ ਕੋਠੀਆਂ, ਵਸਦੇ ਭਈਏ
ਡਾਲਰ ਰੁਲ਼ਦਾ, ਵਿੱਚ ਰੁਪਈਏ
ਭਾਰਤ ਨੇ ਹੋਰ, ਦਗਾ ਕਮਾਇਆ
ਗਾਂਧੀ ਨੂੰ ਹਰ, ਨੋਟ ਤੇ ਲਾਇਆ
ਭਗਤ, ਸਰਾਭਾ, ਗਿਆ ਭੁਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
.....
ਮੰਡੀ ਦੇ ਵਿੱਚ, ਫਸਲ ਹੈ ਰੁਲ਼ਦੀ
ਅਸਲੀ ਕੀਮਤ, ਕਦੇ ਨਾ ਮਿਲ਼ਦੀ
ਵਿੱਚ ਦੁਆਬੇ, ਲੱਭੇ ਨਾ ਗੰਨਾ
ਮਿੱਲਾਂ ਦੇ ਵਿੱਚ, ਫਿਰੇ ਨਾ ਬੰਦਾ
ਕਿਤੇ ਸਕੋਰਪੀਓ, ਕਿਤੇ ਸਕੌਡਾ
ਕਿਤੇ ਬਲੈਰੋ, ਕਿਤੇ ਹੈ ਹੌਂਡਾ
ਲੀਡਰ ਰੱਖਦੇ, ਲੈਕਸਸ ਥੱਲੇ
ਐਸ ਜੀ ਪੀ ਸੀ, ਟੋਇਟਾ ਝੱਲੇ
ਬਾਬਿਆਂ ਔਡੀ, ਨੂੰ ਹੱਥ ਲਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ ਚੇਤੇ ਆਇਆ
.....
ਗੁਰੂਆਂ, ਪੀਰਾਂ, ਦੇ ਪੰਜਾਬ ਨੂੰ
ਹੀਰਾਂ ਸੱਸੀਆਂ, ਦੇ ਸ਼ਬਾਬ ਨੂੰ
ਲੁੱਟਣ ਵਾਲ਼ੇ, ਲੁੱਟੀ ਜਾਂਦੇ
ਕੁੱਟਣ ਵਾਲ਼ੇ, ਕੁੱਟੀ ਜਾਂਦੇ
ਵਿਹਲੜ ਪਏ ਨੇ, ਮੌਜ ਮਾਣਦੇ
ਕੰਮ ਨੂੰ ਓਹ ਤਾਂ, ਝੱਖ ਜਾਣਦੇ
ਐਪਰ ਅੱਗੇ, ਵੱਧਦਾ ਜਾਂਦਾ
ਸਦਾ ਤਰੱਕੀ, ਕਰਦਾ ਜਾਂਦਾ
'ਕੰਗ' ਪੰਜਾਬ ਹੈ, ਦੂਣ ਸਵਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਮੁੜ ਕੇ ਸਭ ਕੁਝ, ਚੇਤੇ ਆਇਆ
3 comments:
Kamal Veer
Your poem is mind blowing. Simple but wonderful effective wording.
Jionda reh veer meria. Rab sacha teri qalam nu char chann lave.
Tuhade verge veeran di soch 'ch baithe Panjab nu kujh nahi ho sakda. Apna khial rakhin ate Panjabi maa boli di jholi vich ise tran diyan nazman/geet paonda rahin.
Tandeep tuhade comments vaste tuhada special dhanvaad.
Mota Singh Sarai
Walsall
UK
Aam galaan-baatan 'Khaas' bnna ke pesh kar gia hai -kang ! .....kamaal kar'ti'....Janaab ne !!!
Hor kise khaas galbaat di umeed ,udeek vich .........
Punjab de santaap varga...gurmail badesha !?!.
ਤੁਸੀਂ ਠੀਕ ਲਿਖਿਆ ਹੈ ਛੋਟੇ ਵੀਰ,ਅਜੇ ਤੁਸੀਂ ਤਾਂ ਭਾਵੇਂ
ਤਹਿਜੀਬਾਂ,ਕਦਰਾਂ ਕੀਮਤਾਂ ਸੰਭਾਲੀ ਬੈਠੇ ਹੋ ਪਰ ਇਧਰ
ਆਵਾ ਊਤਿਆ ਪਿਆ ਹੈ।ਤੁਸੀ ਸਭ ਦੇਖ ਲਿਆ ਅਤੇ ਦੱਸ ਵੀ ਦਿਤਾ ਹੈ।
Post a Comment