ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 22, 2010

ਰੂਪ ਦਬੁਰਜੀ - ਗ਼ਜ਼ਲ

ਸਾਹਿਤਕ ਨਾਮ: ਰੂਪ ਦਬੁਰਜੀ

ਅਜੋਕਾ ਨਿਵਾਸ: ਪਿੰਡ ਦਬੁਰਜੀ, ਜ਼ਿਲ੍ਹਾ ਕਪੂਰਥਲਾ ( ਇੰਡੀਆ)

ਪ੍ਰਕਾਸ਼ਿਤ ਕਿਤਾਬਾਂ: ਸਾਂਝਾ ਕਾਵਿ ਸੰਗ੍ਰਹਿ ਸਿਰਜਣਾ ਦੇ ਵਾਰਿਸ, ਸਿਰਜਣਾ ਦੇ ਪਾਂਧੀ, ਕਹਾਣੀ-ਸੰਗ੍ਰਹਿ: ਗੁਲਦਸਤਾ, ਗ਼ਜ਼ਲ-ਸੰਗ੍ਰਹਿ ਕੋਇਲਾਂ ਬੋਲਦੀਆਂ, ਮਿੰਨੀ ਕਹਾਣੀ-ਸੰਗ੍ਰਹਿ ਸੂਲਾਂ, ਕਿਰਨ ਆਦਿ ਕਿਤਾਬਾਂ ਚ ਰਚਨਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਲਿਖਤਾਂ ਪ੍ਰਮੁੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਹਨ।

-----

ਦੋਸਤੋ! ਅੱਜ ਰੂਪ ਦਬੁਰਜੀ ਜੀ ਨੇ ਆਰਸੀਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਪੁਰਾਣੇ ਖ਼ਤ ਤੇਰੇ ਪੜ੍ਹਕੇ, ਬੜਾ ਕੁਝ ਯਾਦ ਆਉਂਦਾ ਹੈ

ਕਿਤਾਬੀ ਫੁੱਲ ਤਲੀ ਧਰਕੇ, ਬੜਾ ਕੁਝ ਯਾਦ ਆਉਂਦਾ ਹੈ

-----

ਗੁਲਾਬੀ ਖ਼ਾਬ ਵੇਖੇ ਸਨ ਕਦੇ ਕਿਸ਼ਤੀ 'ਚ ਬਹਿਕੇ ਮੈਂ,

ਕਿਨਾਰੇ ਝੀਲ ਦੇ ਖੜ੍ਹਕੇ, ਬੜਾ ਕੁਝ ਯਾਦ ਆਉਂਦਾ ਹੈ

-----

ਅਸੀਂ ਡਰ ਹੀ ਜਾਂਦੇ ਸਾਂ, ਹਵਾ ਦੀ 'ਵਾਜ ਨੂੰ ਸੁਣਕੇ,

ਜਦੋਂ ਦਿਲ ਜ਼ੋਰ ਦੀ ਧੜਕੇ, ਬੜਾ ਕੁਝ ਯਾਦ ਆਉਂਦਾ ਹੈ

-----

ਤੇਰੇ ਨੈਣਾਂ 'ਚ ਲਾਉਂਦਾ ਸਾਂ, ਮੈਂ ਡੁਬਕੀ ਘੰਟਿਆਂ ਬੱਧੀ,

ਸਮੁੰਦਰ ਸੋਚ ਦਾ ਤਰਕੇ, ਬੜਾ ਕੁਝ ਯਾਦ ਆਉਂਦਾ ਹੈ

-----

ਮਨਾਇਆ ਸੀ ਕਈ ਵਾਰੀ, ਉਹਨੂੰ ਬਾਹਾਂ 'ਚ ਲੈ ਕੇ ਮੈਂ,

ਤੇ ਆਪਣੇ ਆਪ ਨਾ' ਲੜ ਕੇ,ਬੜਾ ਕੁਝ ਯਾਦ ਆਉਂਦਾ ਹੈ

-----

ਕਿਵੇਂ ਬਚਿਆ ਤੂਫ਼ਾਨਾਂ ਤੋਂ ਤੁਹਾਨੂੰ ਮੈਂ ਕਿਵੇਂ ਦੱਸਾਂ,

ਭਬੂਕਾ ਜਦ ਕਿਤੇ ਭੜਕੇ, ਬੜਾ ਕੁਝ ਯਾਦ ਆਉਂਦਾ ਹੈ

-----

ਹਨੇਰੀ ਰਾਤ ਇਕ ਬਦਲੀ, ਬੜਾ ਬਰਸੀ ਅਸਾਡੇ 'ਤੇ,

ਜਦੋਂ ਬਿਜਲੀ ਕਿਤੇ ਗੜ੍ਹਕੇ, ਬੜਾ ਕੁਝ ਯਾਦ ਆਉਂਦਾ ਹੈ

-----

ਲਗਾਈ ਸਿਰ ਦੀ ਬਾਜ਼ੀ ਸੀ, ਤੇਰੀ ਖ਼ਾਤਿਰ "ਦਬੁਰਜੀ" ਨੇ,

ਤੇ ਬਾਜ਼ੀ ਇਸ਼ਕ਼ ਦੀ ਹਰ ਕੇ, ਬੜਾ ਕੁਝ ਯਾਦ ਆਉਂਦਾ ਹੈ

=====

ਗ਼ਜ਼ਲ

ਅੱਖਰਾਂ ਸੰਗ ਹੋ ਗਈ ਹੈ ਦੋਸਤੀ

ਬੇਸਹਾਰਾ ਨਾ ਰਹੀ ਹੁਣ ਜ਼ਿੰਦਗੀ

-----

ਧੁੱਪ ਨੇ ਕਦ ਚੰਨ ਨੂੰ ਭਰਮਾ ਲਿਆ,

ਰਾਤ ਸਾਰੀ ਤੜਫ਼ਦੀ ਹੁਣ ਚਾਨਣੀ

-----

ਰਿਸ਼ਵਤਾਂ ਦਾ ਰੋਗ ਕਿੱਦਾਂ ਫੈਲਿਆ,

ਮਰ ਰਹੀ ਇਮਾਨਦਾਰੀ ਮਰ ਰਹੀ

-----

ਸੱਚ ਵਿਚ ਤਬਦੀਲ ਕਰਨੇ ਖ਼ਾਬ ਜੇ,

ਦੂਰ ਕਰਦੇ ਆਪਣੇ ਤੋਂ ਬੁਜ਼ਦਿਲੀ

-----

ਸੋਚ ਕੇ ਤੂੰ ਦਿਲ ਲਗਾਵੀਂ ਐ ਦਿਲਾ!

ਇਸ਼ਕ਼ ਵਿਚ ਬੇਚੈਨੀਆਂ ਨੇ ਲਾਜ਼ਮੀ

-----

ਨੇਰ੍ਹ ਦਾ ਆਪੇ ਹੀ ਹੋਇਆਂ ਏਂ ਗ਼ੁਲਾਮ,

ਮਾਫ਼ ਕੀ ਤੈਨੂੰ ਕਰੇਗੀ ਰੌਸ਼ਨੀ

-----

ਆਸ ਰਖਦੈ ਤਿਤਲੀਆਂ ਦੇ ਬਹਿਣ ਦੀ,

ਗਮਲਿਆਂ ਵਿਚ ਫੁੱਲ ਲਾ ਕੇ ਕਾਗ਼ਜ਼ੀ

-----

ਅਜਬ ਰੰਗਾਂ ਦਾ 'ਦਬੁਰਜੀ' ਮੇਲ ਸੀ,

ਜਦ ਮਿਲੀ ਉਹ ਲੈ ਕੇ ਚੁੰਨੀ ਕਾਸ਼ਨੀ

=====

ਗ਼ਜ਼ਲ

ਗ਼ਮ ਤਿਰਾ ਸੰਭਾਲਿਆ ਹੈ ਉਮਰ ਭਰ

ਸ਼ੌਕ ਬਸ ਇਹ ਪਾਲਿਆ ਹੈ ਉਮਰ ਭਰ

-----

ਜੁਗਨੂੰਆਂ ਦੀ ਲੋਅ ਦਾ ਲੈ ਆਸਰਾ ,

ਨੇਰ੍ਹ ਸੰਗ ਟਕਰਾ ਲਿਆ ਹੈ ਉਮਰ ਭਰ

-----

ਠੋਕਰਾਂ ਤੇ ਉਲਝਣਾ ਦੀ ਮਾਰ ਚੋਂ ,

ਜੀਣ ਦਾ ਰਾਹ ਪਾ ਲਿਆ ਹੈ ਉਮਰ ਭਰ

-----

ਹਰ ਅਦਾ ਤੇਰੀ ਦਾ ਅਨੁਭਵ ਰਾਂਗਲਾ,

ਮੈਂ ਗ਼ਜ਼ਲ ਵਿਚ ਢਾਲ਼ਿਆ ਹੈ ਉਮਰ ਭਰ

-----

ਦੀਦ ਤੇਰੀ ਦੀ 'ਦਬੁਰਜੀ' ਤਾਂਘ ਵਿਚ,

ਮੌਤ ਨੂੰ ਵੀ ਟਾਲਿਆ ਹੈ ਉਮਰ ਭਰ


4 comments:

Unknown said...

ਪਹਿਲੀ ਗ਼ਜ਼ਲ ਬਹੁਤ ਸੋਹਣੀ ਹੈ .ਵਧਾਈਆਂ !!

ਤੇਰੇ ਨੈਣਾਂ 'ਚ ਲਾਉਂਦਾ ਸਾਂ, ਮੈਂ ਡੁਬਕੀ ਘੰਟਿਆਂ ਬੱਧੀ,
ਸਮੁੰਦਰ ਸੋਚ ਦਾ ਤਰਕੇ, ਬੜਾ ਕੁਝ ਯਾਦ ਆਉਂਦਾ ਹੈ ।
ਮਨਾਇਆ ਸੀ ਕਈ ਵਾਰੀ, ਉਹਨੂੰ ਬਾਹਾਂ 'ਚ ਲੈ ਕੇ ਮੈਂ,
ਤੇ ਆਪਣੇ ਆਪ ਨਾ' ਲੜ ਕੇ,ਬੜਾ ਕੁਝ ਯਾਦ ਆਉਂਦਾ ਹੈ ।

Davinder Punia said...

Roop Doburji saab ne bahut vadhia ghazlaan kahiaan han, khushi hoi parhke.

ਕਾਵਿ-ਕਣੀਆਂ said...

ਪਹਿਲੀ ਗ਼ਜ਼ਲ ਪੜ੍ਹ ਕੇ ਬਹੁਤ ਅਨੰਦ ਆਇਆ....ਬਹੁਤ ਖੂਬ!!

DEEP NIRMOHI said...

badi he bhavpurt shabdavli ch rache ne vichar roop ji ne.bahut khoob roop ji..