ਮੁਹੱਬਤ ਵਿਚ ਕਿਸੇ ਦਾ ਗ਼ਮ ਬਦਲ ਜਾਵੇ ਤੇ ਕੀ ਹੋਵੇ।
ਕਿਸੇ ਦੇ ਇਸ਼ਕ਼ ਵਿਚ ਮਹਿਰਮ ਉਧਲ਼ ਜਾਵੇ ਤੇ ਕੀ ਹੋਵੇ।
-----
ਉਦਾਸੀ ਦੀ ਉਬਾਸੀ ਦਾ ਮਸੀਹਾ ਕੀ ਕਰੇ ਚਾਰਾ,
ਸੁਬਹ ਪੂਰਬ, ਸ਼ਮ੍ਹਾਂ ਪੱਛਮ ਨਿਗਲ਼ ਜਾਵੇ ਤੇ ਕੀ ਹੋਵੇ।
-----
ਜਵਾਨੀ ਵਿਚ ਮਰੇ ਖਾਵਿੰਦ ਤੇ ਫਿਰ ਮਗਰੋਂ ਜਨਾਨੀ ਦੀ,
ਜਵਾਨੀ ਕੰਤ ਦੇ ਮਾਤਮ ‘ਚ ਢਲ਼ ਜਾਵੇ ਤੇ ਕੀ ਹੋਵੇ।
-----
ਗ਼ਿਲਾ ਕੀ ਜੇਠ ਦੀ ਲੂ ਤੇ ਕਦੇ ਜੇ ਭਰ ਸਿਆਲ਼ੇ ਵੀ,
ਗੁਲਾਬਾਂ ‘ਤੇ ਪਈ ਸ਼ਬਨਮ ਉਬਲ਼ ਜਾਵੇ ਤੇ ਕੀ ਹੋਵੇ।
-----
ਨਜ਼ਰ ਦੀ ਚਾਨਣੀ ‘ਚੋਂ ਯਾਰ ਦਾ ਸਾਇਆ ਨਹੀਂ ਜਾਂਦਾ,
ਹਿਜਰ ਦੀ ਰਾਤ ਵਿਚ ਆਲਮ ਨ ਜਲ਼ ਜਾਵੇ ਤੇ ਕੀ ਹੋਵੇ।
-----
ਨ ਪੁੱਛੋ ਹਾਲ ਬਾਗ਼ੀ ਦਾ ਬਗ਼ਾਵਤ ਹੋਣ ਤੋਂ ਪਹਿਲਾਂ,
ਖ਼ੁਦਾ-ਨਾ-ਖਾਸਤਾ ਹਾਕ਼ਮ ਸੰਭਲ਼ ਜਾਵੇ ਤੇ ਕੀ ਹੋਵੇ।
No comments:
Post a Comment