ਨਜ਼ਮ
ਹਾਂ...ਉਦੋਂ ਤਾਂ ਬਹੁਤ ਛੋਟੀ ਸੀ ਉਹ
ਝੁੱਗੀ ਦੇ ਪਿਛਲੇ ਪਾਸੇ ਪਏ
ਕੂੜੇ ਦੇ ਢੇਰ ਵਿਚ ਗੁਆਚੇ
ਵੰਗਾਂ ਦੇ ਟੁਕੜਿਆਂ ਤੋਂ ਵੀ ਨਿੱਕੀ
ਤੇ ਇਸੇ ਹੀ ਉਮਰੇ
ਉਹਦੀ ਘੁੰਗਰੂਆਂ ਨਾਲ਼ ਪਹਿਚਾਣ ਹੋਈ।
..............
ਕਿਉਂਕਿ....ਚੇਤਨਾ ਦੀ ਪਹਿਲੀ ਨਜ਼ਰ
ਉਹਦੇ ਘੁੰਗਰੂਆਂ ਤੇ ਪਈ ਸੀ
ਘੁੰਗਰੂ ਉਹਦੇ ਲਈ ਇੰਝ ਨਹੀਂ ਸਨ
ਜਿਵੇਂ ਹੁੰਦਾ ਹੈ ਟਹਿਣੀ ‘ਤੇ ਖਿੜਿਆ ਫੁੱਲ
ਘੁੰਗਰੂ ਤਾਂ ਉਹਦੇ ਨਜ਼ਦੀਕ ਇੰਝ ਸਨ
ਜਿਵੇਂ ਹੁੰਦਾ ਹੈ ਮੱਥੇ ‘ਚ ਖੁੱਭਿਆ ਕਿੱਲ
.................
ਘੁੰਗਰੂ ਨਾ ਤਾਂ ਉਹਦੇ ਗਲ਼ੇ ਵਿਚਲੇ
ਤਵੀਤ ਨਾਲ਼ ਬੱਝੇ ਹੋਏ ਸਨ
ਤੇ ਨਾ ਹੀ ਚਾਂਦੀ ਤੇ ਛੋਟੇ ਕੜਿਆਂ ਨਾਲ਼
ਉਹਦੀਆਂ ਬਾਹਵਾਂ ਵਿਚ
ਉਹ ਨਹੀਂ ਸੀ ਜਾਣਦੀ ਕਿ ਉਹਦੇ ਪੈਰਾਂ ਨੂੰ
ਕੌਣ ਬੰਨ੍ਹ ਗਿਆ ਹੈ ਘੁੰਗਰੂ
ਜੇ ਕੁਝ ਜਾਣਦੀ ਸੀ ਤਾਂ ਬਸ ਏਨਾ ਜਾਣਦੀ ਸੀ
ਕਿ ਉਹਦੇ ਪੈਰਾਂ ਨੇ ਹੰਭਣ ਤੱਕ
ਮਜ਼ਮੇ ‘ਚ ਨੱਚਣਾ ਹੈ
............
ਤੇ ਹਰ ਤਮਾਸ਼ਬੀਨ ਦੀ ਨਜ਼ਰ ਨੇ
ਉਹਦੇ ਜਿਸਮ ਨੂੰ ਚੀਰਦੇ ਹੋਏ ਗੁਜ਼ਰਨਾ ਹੈ
ਉਹਨੇ ਤਾਂ ਮਹਿਜ਼ ਮੁਸਕਰਾਉਣਾ ਹੈ
ਜਾਂ ਉਲਟ-ਬਾਜ਼ੀਆਂ ਲਾਉਣੀਆਂ ਹਨ
ਜਾਂ ਵਰਤਮਾਨ ਦੀ ਥਿੜਕਦੀ ਰੱਸੀ ‘ਤੇ ਤੁਰਨਾ ਹੈ
ਜਾਂ ਫਿਰ ਗੁੱਛਾ-ਮੁੱਛਾ ਹੋ ਕੇ
ਲੋਹੇ ਦੇ ਕੜੇ ‘ਚੋਂ ਲੰਘਣਾ ਹੈ
ਤੇ ਤਦ ਹੀ ਜਾ ਕੇ ਰੋਟੀ ਵਰਗਾ ਕੁਝ
ਚੱਬਣ ਨੂੰ ਮਿਲ਼ਣਾ ਹੈ
.................
ਰਤਨਾ ਸੋਚਦੀ ਸੀ ਕਿ ਉਹਦਾ ਘਰ ਕਿਉਂ ਨਹੀਂ ਹੈ?
ਉਹਦਾ ਬਸਤਾ ਕਿਉਂ ਨਹੀਂ ਹੈ?
ਉਹਦਾ ਸਕੂਲ ਕਿਉਂ ਨਹੀਂ ਹੈ?
ਉਹ ਸੋਚਦੇ-ਸੋਚਦੇ
ਇੰਝ ਇਕ ਇਕ ਮਜ਼ਮਾ
ਆਪਣੇ ਮੱਥੇ ਨਾਲ਼ ਨੱਥੀ ਕਰਦੀ ਗਈ
ਉਹਦੇ ਪੈਰਾਂ ਦੇ ਨਾਪ ਦੇ ਨਾਲ਼ ਹੀ
ਘੁੰਗਰੂਆਂ ਦਾ ਆਕਾਰ ਵੀ ਵਧਦਾ ਗਿਆ
ਜਦ ਉਹਦੇ ਕੋਲ਼ੋਂ ਹੋਰ ਕੁਝ ਵੀ ਨਾ ਸੋਚਿਆ ਜਾਂਦਾ
ਤਦ ਉਹ ਸੋਚਦੀ
ਕਿ ਉਹਦੀਆਂ ਸੋਚਾਂ ਦਾ ਰਾਜਕੁਮਾਰ ਆਵੇਗਾ ਇਕ ਦਿਨ
ਰਾਜਕੁਮਾਰ ਜੋ ਉਹਦੇ ਮਜ਼ਮੇ ਵਿਚ
ਅਕਸਰ ਆਉਂਦਾ ਸੀ
................
ਫਿਰ ਠੀਕ ਉੰਝ ਹੀ ਹੋਇਆ
ਤਦ ਰਤਨਾ ਬਹੁਤ ਖ਼ੁਸ਼ ਸੀ
ਰਾਜਕੁਮਾਰ ਨੇ ਘੁੰਡ-ਚੁਕਾਈ
ਉਹਦੇ ਪੈਰਾਂ ਨੂੰ
ਘੁੰਗਰੂਆਂ ਦੀ ਇਕ ਨਵੀਂ ਨਕੋਰ ਜੋੜੀ ਬੰਨ੍ਹ ਦਿੱਤੀ
ਫਿਰ ਰਤਨਾ ਨਾ ਉਦਾਸ ਸੀ...
ਨਾ ਖ਼ੁਸ਼ ਸੀ...
1 comment:
bahut khoob vishal g , tuhadi kavita da main sada murid reha haan. tuhadi kavita da paath kardean kade mathe ch teodian aundian hann te kade jandian hann.eh tuhadi kavita ch doongey lehan di koshish hundihai.
Post a Comment