ਅਜੋਕਾ ਨਿਵਾਸ: ਮਾਨਸਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਾਵਿ ਸੰਗ੍ਰਹਿ ‘ਪਲਕਾਂ ਹੇਠ ਦਰਿਆ’,‘ਮੁਆਫ਼ ਕਰੀਂ ਪਾਣੀ ਪਿਤਾ’(ਸੰਪਾਦਨਾ) ਅਤੇ ਹਾਲ ਹੀ ਵਿਚ ਤੀਜਾ ਕਾਵਿ-ਸੰਗ੍ਰਹਿ ‘ਕੋਈ ਨਾਲ ਨਾਲ’ ਪ੍ਰਕਾਸ਼ਿਤ ਹੋ ਚੁੱਕੇ ਹਨ।
-----
ਦੋਸਤੋ! ਤੁਹਾਨੂੰ ਯਾਦ ਹੋਵੇਗਾ ਕਿ 29 ਜਨਵਰੀ, 2010 ਨੂੰ ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਜੀ ਨੇ ਸੱਤਪਾਲ ਭੀਖੀ ਜੀ ਦੀ ਇਕ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਸੀ। ਇਸ ਪੋਸਟ ਨੂੰ ਵੇਖ ਕੇ ਮਾਨਸਾ, ਪੰਜਾਬ ਵਸਦੇ ਲੇਖਕ ਬਲਜੀਤਪਾਲ ਜੀ ਨੇ ਈਮੇਲ ਕੀਤੀ ਕਿ ਸੱਤਪਾਲ ਭੀਖੀ ਜੀ ਉਹਨਾਂ ਦੇ ਪਰਮ-ਮਿੱਤਰ ਹਨ ਅਤੇ ਆਰਸੀ ਤੇ ਉਹਨਾਂ ਦੀ ਨਜ਼ਮ ਵੇਖ ਕੇ ਉਹਨਾਂ ਨੂੰ ਦਿਲੀ ਖ਼ੁਸ਼ੀ ਹੋਈ ਹੈ। ਬਲਜੀਤਪਾਲ ਜੀ ਨੇ ਭੀਖੀ ਜੀ ਦੀਆਂ ਤਿੰਨ ਹੋਰ ਬੇਹੱਦ ਖ਼ੂਬਸੂਰਤ ਨਜ਼ਮਾਂ, ਫੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਹਨ, ਜਿਨ੍ਹਾਂ ਨੂੰ ਅੱਜ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਲਜੀਤ ਪਾਲ ਜੀ ਦਾ ਬੇਹੱਦ ਸ਼ੁਕਰੀਆ। ਭੀਖੀ ਸਾਹਿਬ ਨੂੰ ਆਰਸੀ ਤੇ ਨਿੱਘੀ ਜੀਅ ਆਇਆਂ। ਤੁਹਾਡੇ ਹਰ ਸਾਹਿਤਕ ਸਹਿਯੋਗ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
******
ਤੀਸਰੀ ਟਿਕਟ
ਨਜ਼ਮ
ਦੋ ਟਿਕਟਾਂ ਨਾਲ
ਸਫ਼ਰ ਕਰਦਿਆਂ
ਤੀਸਰੀ ਟਿਕਟ ਲਈ
ਕਹਿੰਦਾ ਹੈ ਕਡੰਕਟਰ
ਤਾਂ ਮੇਰੇ ਨਾਲ ਬੈਠੀ
ਮੇਰੇ ਮੋਢਿਆਂ ‘ਤੇ ਝੂਟਦੀ
ਮੈਨੂੰ ਘੋੜਾ ਬਣਾ ਖੇਡਦੀ
ਮੇਰੀ ਬੇਟੀ
ਅਚਾਨਕ ਵੱਡੀ ਹੋ ਗਈ ਹੈ
ਮੇਰੇ ਸਾਹਮਣੇ
...........
ਟਿਕਟ ਨੇ ਹੀ ਦੱਸਿਆ ਹੈ ਮੈਨੂੰ
ਉਸ ਦੇ ਬਚਪਨ ਤੋਂ
ਅਗਲੇ ਸਫ਼ਰ ਦਾ ਰਹੱਸ
.............
ਹੁਣ ਮੈ ਬੱਸ ਤੇ ਨਹੀਂ
ਤਿੰਨ ਟਿਕਟਾਂ ਸਮੇਤ
ਤਿੰਨ ਫਿਕਰਾਂ ਤੇ
ਸਫ਼ਰ ਕਰ ਰਿਹਾ ਹਾਂ...
=====
ਤਲਾਸ਼
ਨਜ਼ਮ
ਅੰਦਰ ਹੀ ਕਿਧਰੇ
ਡਿੱਗ ਪਿਆ ਸਾਂ
ਪਤਾ ਹੀ ਨਾ ਲੱਗਾ
ਕਦੋਂ ਫਿਸਲਿਆ ਪੈਰ
............
ਲੱਭਣ ਤੇ ਵੀ
ਨਹੀਂ ਲੱਭਦਾ ਹਾਂ
ਜੇਬਾਂ
ਅਟੈਚੀਆਂ-ਟਰੰਕ
ਕਮਰੇ-ਪੇਟੀਆਂ
ਦਫ਼ਤਰਾਂ-ਕਚਹਿਰੀਆਂ 'ਚੋਂ
.............
ਛਾਣ ਮਾਰੀ ਹੈ
ਸੁੱਚਤਾ-ਸੰਵੇਦਨਾ
ਇਖ਼ਲਾਕ ਤੇ ਸੁਚੇਤਨਾ
...............
ਟੀ ਵੀ ਦੀ ਸਕਰੀਨ ਤੇ
ਮੇਰੇ ਗੁੰਮ ਹੋਣ ਦਾ
ਇਸ਼ਤਿਹਾਰ ਹੈ
ਬਜ਼ਾਰ 'ਚ ਚਿਪਕੇ
ਮੇਰੀ ਗੁੰਮਸ਼ੁਦਗੀ ਦੇ ਪੋਸਟਰ
..............
ਕਿੱਥੇ ਹਾਂ ਮੈਂ
ਲੱਭ ਰਿਹਾ ਹਾਂ
ਅਪਣੇ ਆਪ ਨੂੰ (?)
=====
ਗੌਡੀਆ
ਨਜ਼ਮ
ਗੌਡੀਆ ਮਰ ਗਿਆ ਹੈ
ਉਸਦੀ ਲਾਲ ਵਰਦੀ ਦੀਆਂ
ਚਿੱਟੀਆਂ, ਨੀਲੀਆਂ
ਮੈਲੀਆਂ ਫੀਤੀਆਂ
ਉਦਾਸ ਮੁਦਰਾ ‘ਚ
ਕਿੱਲੀ ‘ਤੇ ਟੰਗੀਆਂ
ਇੱਧਰ ਉਧਰ ਨਿਹਾਰਦੀਆਂ
.................
ਇਹ ਵਰਦੀ ਜੰਮੀ ਸੀ
ਗੌਡੀਏ ਦੇ
ਕੰਮ ਦੇ ਜਨਮ ਸਮੇਂ
.................
ਗੌਡੀਏ ਦੇ
ਕੱਚੇ ਪੱਕੇ ਸੁਪਨਿਆਂ ਵਾਂਗ ਸੀ
ਉਸ ਦਾ ਮਕਾਨ
ਤਿੜਕੀਆਂ ਕੜੀਆਂ, ਪਿੱਲੀਆਂ ਇੱਟਾਂ
ਤੇ ਲਮਕਦੇ ਫਲੂਸੜਿਆਂ ਵਾਂਗ
ਲੰਘਾਈ ਸੀ ਉਸਨੇ ਉਮਰ
...............
ਕਾਲਾ ਰੰਗ
ਕਰੇੜੇ ਦੰਦ
ਨੰਦੂ ਦਾ ਫਰਜ਼ੰਦ
ਤੇ ਮਧਰੇ ਕੱਦ ਦਾ ਨਾਂ ਸੀ ਗੌਡੀਆ
..................
ਨੌਂ ਜਣਿਆਂ ਦੀ ਟੋਲੀ ਵਿੱਚ
ਸਭ ਤੋਂ ਅੱਗੇ
ਮਧਰਾ ਕੱਦ
ਹੱਥਾਂ 'ਚ ਸ਼ੋਭਾ ਦਿੰਦਾ ਬੈਂਡ
ਕਿੰਨੇ ਹੀ ਗੀਤ
ਬੈਂਡ ਦਾ ਹਿੱਸਾ ਬਣਦੇ
ਬਰਾਤੀਆਂ ਨੂੰ ਪੱਬ ਚੁੱਕਣ ਲਈ
ਮਜਬੂਰ ਕਰਦੇ
..............
ਕਿੰਨੇ ਹੀ ਵਿਆਹ ਕੀਤੇ
ਗੌਡੀਏ ਦੇ ਬੈਂਡ ਨੇ
ਹੌਲੀ ਹੌਲੀ
ਵੱਡੇ ਵੱਡੇ
ਫ਼ੌਜੀ ਬੈਂਡਾਂ ਦੀ ਧੁਨ ਵਿੱਚ
ਰੁਲ਼ਣ ਲੱਗੀ
ਉਸਦੀ ਪੀਪਣੀ ਦੀ ਮਧੁਰ ਆਵਾਜ਼
................
ਹਿਜਰ ਵਿੱਚ ਉਹ
ਮੰਜੀ ਨਾਲ ਲੱਗ ਗਿਆ
ਬੈਂਡ ਵਿਰਲਾਂ ਵਾਲੀ
ਅਲਮਾਰੀ ‘ਚ ਕੈਦ
ਤੇ ਵਰਦੀ
ਕਿੱਲੀ ਦਾ ਹਿੱਸਾ ਬਣ ਗਈ
ਤਿੰਨਾਂ ਦੀ ਅਉਧ
ਫੈਲ ਰਹੀ ਤ੍ਰੈਕਾਲ ਵਿੱਚ
..............
ਗੌਡੀਆ ਮਰ ਗਿਆ ਹੈ
ਉਸਦਾ ਪਹਿਰਨ
ਉਸ ਦਾ ਬੈਂਡ
ਬਣ ਗਏ ਨੇ
ਉਸ ਦੇ ਪੁੱਤ ‘ਬੁੱਧੂ’ ਦਾ ਹਿੱਸਾ
ਬੁੱਧੂ
ਜੋ ਭੁਲਾਂਦਰਾ ਦਿੰਦਾ ਹੈ
ਗੌਡੀਏ ਦੀ ਸ਼ਕਲ ਦਾ
..............
ਉਹੀ ਨਕਸ਼
ਮਧਰਾ ਕੱਦ,ਕਾਲਾ ਰੰਗ
ਸਾਹੇ ਵਿਆਹ
ਉਹੀ ਢੰਗ
.............
ਬੁੱਧੂ ‘ਚੋਂ
ਬੋਲਣ ਲੱਗ ਪਿਆ ਹੈ ਗੌਡੀਆ
..............
ਕਾਸ਼ ! ਗੌਡੀਆ ਮਰ ਹੀ ਜਾਂਦਾ....
1 comment:
GAUNDIA nazm bahut khoobsoorat hai Ji, Keep it on.
SUKHDEV.
Post a Comment