ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ।
ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ।
-----
ਚਮਕ ਚਿਹਰੇ 'ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ,
ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ।
-----
ਸਮਾਂ ਤਾਂ ਕੱਟ ਲੈਂਦਾ ਆਦਮੀ ਸਭ ਨਾਲ ਪਰ ਫਿਰ ਵੀ,
ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ।
-----
ਤੁਰਾਂਗੇ ਸਾਥ ਰਲ਼ ਮਿਲ਼ ਕੇ, ਕਸਮ ਉਹ ਖਾਣਗੇ, ਲੇਕਿਨ,
ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ।
-----
ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ,
ਅਜੇਹਾ ਮਸ਼ਵਰਾ ਦੇਵੋ, ਜੋ ਹੋਵੇ ਹੌਸਲੇ ਵਰਗਾ।
-----
ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ,
ਜਿਨ੍ਹਾਂ ਦਾ ਜੋਸ਼ ਹੋਵੇ ਢੋਲ 'ਤੇ ਲੱਗੇ ਡਗੇ ਵਰਗਾ।
-----
ਕੁਰਾਹੇ ਪੈ ਗਿਆ ਜੋ, ਹੁਣ ਇਸ਼ਾਰੇ ਕੀ ਭਲਾ ਸਮਝੂ,
ਨਸੀਹਤ ਦਾ ਰਿਹਾ ਉਸ ਤੇ ਅਸਰ ਚਿਕਨੇ ਘੜੇ ਵਰਗਾ।
-----
ਜਿਦ੍ਹੇ 'ਤੇ ਮਾਣ ਹੈ, ਹੱਕ ਹੈ, ਮੁਹੱਬਤ ਹੈ, ਮੁਨਾਸਿਬ ਹੈ,
ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗ਼ੁੱਸੇ ਗਿਲੇ ਵਰਗਾ।
-----
ਕਿਵੇਂ ਉਪਕਾਰ ਕਰ ਸਕਦੈ, ਦੁਬਾਰਾ ਉਸ ਜਗਹ ਕੋਈ,
ਜ਼ਰੂਰਤ ਪੈਣ 'ਤੇ ਜਿੱਥੋਂ, ਜਵਾਬ ਆਵੇ ਟਕੇ ਵਰਗਾ ।
-----
ਕਰੀਂ ਉਸਦਾ ਭਲਾ ਰੱਬਾ, ਮੇਰੇ ਦਿਲ 'ਚੋਂ ਦੁਆ ਨਿਕਲੀ,
ਉਹ ਕਰਦਾ ਹੈ ਬੁਰਾ ਬੇਸ਼ੱਕ, ਬੁਰਾ ਕਰਦੈ ਭਲੇ ਵਰਗਾ।
-----
ਪੁਜਾਰੀ ਪਿਆਰ ਦਾ ਬਣਕੇ, ਮੁਨਾਫ਼ਾ ਭਾਲਦੈ ਇਸ 'ਚੋਂ,
ਨਹੀਂ ਇਹ ਮਾਮਲਾ ਉਸਦਾ, ਦਿਲਾਂ ਦੇ ਮਾਮਲੇ ਵਰਗਾ।
-----
ਕਿਸੇ ਨੂੰ ਖ਼ੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖ,
ਹਮੇਸ਼ਾ ਹੀ ਰਹੇ ਜਿਸਦਾ, ਵਤੀਰਾ ਓਪਰੇ ਵਰਗਾ।
-----
ਛੁਪਾ ਕੇ ਗ਼ਮ, ਖ਼ੁਸ਼ੀ ਵੰਡੇ, ਖ਼ਤਾ ਬਦਲੇ ਵਫ਼ਾ ਪਾਲ਼ੇ,
ਮਿਲੇ ਜਦ ਵੀ, ਮੇਰਾ ਮਹਿਰਮ, ਮਿਲੇ 'ਮਹਿਰਮ' ਤੇਰੇ ਵਰਗਾ।
No comments:
Post a Comment