ਜਨਮ: 01 ਮਈ, 1936- 03 ਮਾਰਚ, 2009 ( ਜ਼ਿਲ੍ਹਾ ਹੁਸ਼ਿਆਰਪੁਰ )
ਪ੍ਰਕਾਸ਼ਿਤ ਕਿਤਾਬਾਂ : ਸਾਡਾ ਬਿਰਹਾ ਮਿੱਠੜਾ ਯਾਰ, ਸਾਗਰ ਛੱਲਾਂ, ਨਦੀ ਤੇ ਨਗਰ, River Town And The Sea ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
-----
ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਮਰਹੂਮ ਗਿਆਨ ਸਿੰਘ ਸੰਧੂ ( ਆਈ.ਏ.ਐੱਸ ) ਜੀ ਦੀਆਂ ਗ਼ਜ਼ਲਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਮੈਂ ਇਕਵਿੰਦਰ ਜੀ ਦਾ ਸ਼ੁਕਰੀਆ ਅਦਾ ਕਰਦੀ ਹੋਈ, ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਗ਼ਜ਼ਲ
ਬੈਠ ਗਏ ਅਸੀਂ ਦਿਲ ਨੂੰ ਫੜ ਕੇ।
ਪੀੜ ਵੀ ਹੋਈ ਦਰਦ ਵੀ ਰੜਕੇ।
-----
ਅੱਧੀ ਰਾਤ ਪਹਿਰ ਦੇ ਤੜਕੇ।
ਬੈਠ ਗਏ ਅਸੀਂ ਦਿਲ ਨੂੰ ਫੜਕੇ।
-----
ਅੱਧੀ ਰਾਤ ਪਹਿਰ ਦੇ ਤੜਕੇ।
ਪੀੜ ਵੀ ਹੋਈ ਦਰਦ ਵੀ ਰੜਕੇ।
-----
ਤੇਰੇ ਬਾਝੋਂ ਜੀਅ ਨਈਂ ਹੋਣਾ,
ਤੱਕ ਲੈ ਬੇਸ਼ਕ ਦਿਲ ਵਿਚ ਵੜ ਕੇ।
-----
ਮੇਰੇ ਸਾਹਵੇਂ ਕੌਣ ਖੜ੍ਹਾ ਹੈ?
ਅਪਣੇ ਉੱਤੇ ਹੀਰੇ ਜੜ ਕੇ।
-----
ਸਾਰੇ ਪਾਸੇ ਹੀ ਖ਼ੁਸ਼ਬੂਆਂ ,
ਕੌਣ ਗਿਆ ਹੈ ਏਥੇ ਖੜ੍ਹ ਕੇ?
-----
ਦੁਨੀਆ ਕਮਲ਼ੀ ਕਰ ਛੱਡੀ ਹੈ ,
ਕੀ ਕੀਤਾ ਰੱਬ ਤੈਨੂੰ ਘੜ ਕੇ।
-----
ਦੀਵਾਨੇ ਨੂੰ ਖ਼ਬਰ ਨਾ ਹੋਈ ,
ਲਹਿ ਗਿਆ ਪਾਣੀ ਸਿਰ ਤੋਂ ਚੜ੍ਹ ਕੇ।
=====
ਗ਼ਜ਼ਲ
ਇਕ ਪਲ ਦਾ ਸਾਥ ਤੇਰਾ, ਉਮਰਾਂ ਲਈ ਨਸ਼ਾ ਹੈ।
ਤੈਨੂੰ ਲਿਪਟ ਕੇ ਆਉਂਦੀ ਸੁਰਗਾਂ ਦੀ ਜੋ ਹਵਾ ਹੈ।
-----
ਹੱਸਦੇ ਨੇ ਯਾਰ ਮੇਰੇ, ਮੇਰੇ ਨਸੀਬ ਉੱਤੇ,
ਐਨੇ ਕਰੀਬ ਹੋ ਕੇ ਫਿਰ ਵੀ ਇਹ ਫ਼ਾਸਲਾ ਹੈ।
------
ਰਹਿੰਦਾ ਹੈ ਸਾਥ ਹਰ ਦਮ ਫਿਰ ਭੀ ਹੈ ਭਾਲ਼ ਉਸ ਦੀ,
ਕਿੱਦਾਂ ਕਿਸੇ ਨੂੰ ਦੱਸਾਂ ਇਹ ਦਿਲ ਦਾ ਮਾਮਲਾ ਹੈ।
-----
ਚਿੱਠੀ ਹੈ ਨਾ ਸੁਨੇਹਾ ਵਾਅਦਾ ਹੈ ਨਾ ਖ਼ਬਰ ਹੈ,
ਫਿਰ ਭੀ ਉਡੀਕ ਉਸਦੀ ਇਸ ਦਿਲ ਨੂੰ ਕਿਉਂ ਭਲਾ ਹੈ?
-----
ਆਵਾਜ਼ ਦੇ ਲਵਾਂਗਾ ਕੰਢੇ ਝਨਾਂ ਦੇ ਖੜ੍ਹ ਕੇ ,
ਉਠ ਜਾਗ ਸੋਹਣੀਏ ! ਨੀ ਮਹੀਂਵਾਲ ਆ ਗਿਆ ਹੈ।
No comments:
Post a Comment