ਤਪਦੀ ਦੁਪਹਿਰ ਸਿਰ ‘ਤੇ, ਹੈ ਪੰਧ ਵੀ ਲੰਮੇਰਾ ।
ਕਰੀਏ ਕੀ ਦਿਲ ਤਾਂ ਕਰਦੈ, ਛਾਵਾਂ ਦਾ ਮੋਹ ਬਥੇਰਾ ।
-----
ਓਦਾਂ ਤਾਂ ਰਿਸ਼ਤਿਆਂ ਦੀ, ਰੌਣਕ ਹੈ ਆਸੇ ਪਾਸੇ,
ਇਕਲਾਪਿਆਂ 'ਚ ਲੰਘਦਾ, ਦਿਨ ਰਾਤ ਫਿਰ ਵੀ ਮੇਰਾ ।
------
ਮੌਸਮ ਸਰਾਪਿਆ ਹੈ, ਬੇਚੈਨ ਤਿਤਲੀਆਂ ਹਨ,
ਅਖਬਾਰ ਆਖਦੀ ਹੈ, ਰੰਗਾਂ ‘ਚ ਏ ਚੁਫ਼ੇਰਾ ।
-----
ਕੋਸ਼ਿਸ਼ ਕਰੋ, ਜਗਾਓ, ਇਕ ਪਾਲ ਦੀਵਿਆਂ ਦੀ,
ਚਾਨਣ ਨੂੰ ਤਰਸਦਾ ਹੈ, ਮੁੱਦਤ ਤੋਂ ਇਹ ਬਨੇਰਾ ।
-----
ਮਜ਼ਬੂਰੀਆਂ ਨੇ ਘੇਰੇ, ਇਨਸਾਨ ਅੱਜ ਏਦਾਂ ,
ਜੀਕਣ ਕਿ ਸ਼ਿਕਰਿਆਂ ਨੇ, ਚਿੜੀਆਂ ਨੂੰ ਪਾਇਐ ਘੇਰਾ ।
-----
ਮੇਰੇ ਤੋਂ ਦੂਰ ਏਂ ਤੂੰ, ਤੇਰੇ ਤੋਂ ਦੂਰ ਹਾਂ ਮੈਂ,
ਹਾਲੇ ਵੀ ਲੱਗ ਰਿਹੈ ਇਉਂ, ਹੈ ਨੇੜ ਤੇਰਾ ਮੇਰਾ ।
-----
ਕੰਧਾਂ ਦੇ ਅੱਗੇ ਹੁਣ ਤਾਂ, ਇਨਸਾਨ ਬੌਣਾ ਲੱਗਦੈ,
ਕੰਧਾਂ ਦਾ ਹੋ ਰਿਹਾ ਹੈ, ਘਰ – ਘਰ ‘ਚ ਕੱਦ ਉਚੇਰਾ ।
-----
ਹਰ ਘਰ ਚ ਹੈ ਉਦਾਸੀ, ਖ਼ੂੰਖਾਰਗੀ ਚੁਫ਼ੇਰੇ,
ਲਗਦਾ ਏ ਆਦਮੀ ਦਾ, ਜੰਗਲ ‘ਚ ਹੈ ਬਸੇਰਾ ।
-----
ਕੁਝ ਦੀਪ ਮੈਂ ਜਗਾਏ, ਕੁਝ ਦੀਪ ਤੂੰ ਜਗਾ ਦੇ,
ਤਸਵੀਰ ਲਾ ਕੇ ਚੰਨ ਦੀ, ਮਿਟਣਾ ਨਹੀਂ ਹਨੇਰਾ ।
2 comments:
ਬੜੀਆਂ ਸੰਭਾਵਨਾਵਾਂ ਨੇ ਨੌਜਵਾਨ ਸ਼ਾਇਰ ਦੇਵ ਰਾਜ ਦਿਲਬਰ ਵਿਚ ...
Shamsher Mohi (Dr.)
Dilbar Sahib'kUJH DEEP.....'bahut Khoob-Rup Daburji
Post a Comment