ਸਾਹਿਤਕ ਨਾਮ: ਗੁਰਮੀਤ ਖੋਖਰ
ਅਜੋਕਾ ਨਿਵਾਸ: ਪਿੰਡ ਭਾਈ ਰੂਪਾ, ਬਠਿੰਡਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਪੁਸਤਕ 'ਦਰਦ ਖੁਰਦੀ ਰੇਤ ਦਾ' 2008 ਵਿਚ ਛਪ ਚੁੱਕੀ ਹੈ ।ਦੂਜੀ ਪ੍ਰਕਾਸ਼ਨ ਅਧੀਨ ਹੈ । ਚੰਦ ਗ਼ਜ਼ਲਾਂ ਡਾ: ਸ਼ਮਸ਼ੇਰ ਮੋਹੀ ਜੀ ਦੁਆਰਾ ਸੰਪਾਦਿਤ ਗ਼ਜ਼ਲ-ਸੰਗ੍ਰਹਿ: ‘ਤਾਜ਼ੀ ਹਵਾ ਦਾ ਬੁੱਲਾ’ ‘ਚ ਵੀ ਸ਼ਾਮਿਲ ਹਨ।
ਮਾਣ-ਸਨਮਾਨ: ਨਵ-ਪ੍ਰਤਿਭਾ ਪੁਰਸਕਾਰ ਕੌਮਾਂਤਰੀ ਲੇਖਕ ਮੰਚ (ਫਗਵਾੜਾ) ਵੱਲੋਂ
******
ਗ਼ਜ਼ਲ
ਹੋਂਠ ਚੁਪ ਨੇ ਜੇ ਇਸਦਾ ਇਹ ਮਤਲਬ ਨਹੀਂ
ਕਿ ਅਸੀਂ ਬੋਲਣਾ ਹੀ ਨਹੀਂ ਜਾਣਦੇ।
ਸ਼ੀਸ਼ੇ ਤਿੜਕੇ ਤਿਰੇ ਸਾਡੇ ਚਿਹਰੇ ਨਹੀਂ
ਇਹ ਨਾ ਸਮਝੀਂ ਕਿ ਤੇੜਾਂ ਨਾ ਪਹਿਚਾਣਦੇ ।
-----
ਰੁੱਖ ਧਰਤੀ ‘ਤੇ ਹੁੰਦੇ ਕਦੀ ਭਾਰ ਨਾ
ਨਾ ਹੀ ਇਹਨਾਂ ਨੇ ਲੁੱਟਿਆ ਕੋਈ ਆਲ੍ਹਣਾ
ਦੋਸ਼ ਝੂਠੇ ਲਗਾ ਮੇਰੇ ਰੁੱਖਾਂ ਦੇ ਸਿਰ
ਆਰੇ ਮਾਸੂਮਾਂ ਉੱਤੇ ਰਹੇ ਤਾਣਦੇ।
-----
ਉਹਨਾਂ ਸੂਰਜ ਲੁਕੋਇਆ ਹੈ ਅਪਣੇ ਦਰੀਂ
ਲੱਭਦੇ ਫਿਰਦੇ ਨੇ ਇਸਨੂੰ ਉਹ ਸਾਡੇ ਘਰੀਂ
ਲਾਉਂਦੇ ਇਲਜ਼ਾਮ ਅੰਬਰ ਦੇ ਸਿਰ ‘ਤੇ ਕਦੀ
ਪਾਣੀ ਸਾਗਰ ਦਾ ਫਿਰਦੇ ਕਦੀ ਛਾਣਦੇ।
-----
ਸਾਡੇ ਖੰਭਾਂ ਤੋਂ ਨੀਵਾਂ ਇਹ ਅਸਮਾਨ ਸੀ
ਸਾਡੀ ਪਰਵਾਜ਼ ਸਾਡੇ ‘ਤੇ ਹੈਰਾਨ ਸੀ
ਕਾਲਾ ਧੂੰਆਂ ਹੈ ਪੌਣਾਂ ‘ਚ ਭਰਿਆ ਤੁਸੀਂ
ਦੁੱਖ ਦੱਸੀਏ ਕੀ ਖ਼ਾਬਾਂ ਦੇ ਢਹਿ ਜਾਣ ਦੇ।
-----
ਅੱਗ ਜੰਗਲ ਨੂੰ ਲੱਗੀ ਬੜੀ ਤੇਜ਼ ਸੀ
ਚਾਰੇ ਪਾਸੇ ਵਿਛੀ ਮੌਤ ਦੀ ਸੇਜ ਸੀ
ਦਰਿਆ ਚੁੱਪ ਚਾਪ ਕੋਲੋਂ ਦੀ ਲੰਘਦਾ ਰਿਹਾ
ਮੌਜਾਂ ਸਾਗਰ ‘ਤੇ ਬੱਦਲ ਰਹੇ ਮਾਣਦੇ।
-----
ਕ਼ਤਲ ਕੀਤੇ ਨੇ ਫੁੱਲ ਖ਼ਾਬ ਸਾੜੇ ਤੁਸੀਂ
ਹਉਮੈ ਖ਼ਾਤਰ ਨੇ ਵਸਦੇ, ਉਜਾੜੇ ਤੁਸੀਂ
ਸਾਵੇ ਰੁੱਖਾਂ, ਪਰਿੰਦਿਆਂ ਤੇ ਬੋਟਾਂ ‘ਤੇ ਵੀ
ਜ਼ੁਲਮ ਕੀਤੇ ਕਈ ਅੱਗਾਂ ਬਰਸਾਣ ਦੇ ।
-----
ਧਰਤ ਹੱਸੇ ਤੇ ਫੁੱਲ ਖ਼ਾਬ ਮਹਿਕਣ ਸਦਾ
ਵਸਣ ਨਦੀਆਂ ਪਰਿੰਦੇ ਵੀ ਚਹਿਕਣ ਸਦਾ
ਧੁੱਪ ਸਭ ਨੂੰ ਮਿਲ਼ੇ ਛਾਂ ਵੀ ਸਭ ਨੂੰ ਮਿਲ਼ੇ
ਐਸੇ ਸੁਪਨੇ ਨੇ ਸਭ ਸਾਡੀ ਅੱਖ ਹਾਣ ਦੇ।
=====
ਗ਼ਜ਼ਲ
ਪਿਆਸੀ ਰੇਤ ਦਾ ਉਹ ਦਰਦ ਦਿਲ ‘ਚੋਂ ਧੋਣ ਲੱਗੀ ਸੀ।
ਨਦੀ ਅਪਣੇ ਕਿਨਾਰੇ ਦੇ ਗਲ਼ੇ ਲੱਗ ਰੋਣ ਲੱਗੀ ਸੀ।
-----
ਸਿਆਹੀ ਰਾਤ ਦੀ ਡੁੱਲ੍ਹੀ ਜਦੋਂ ਮੇਰੇ ਨਗਰ ਉੱਤੇ,
ਬਨੇਰਿਉਂ ਲਾਹ ਕੇ ਸੂਰਜ ਸ਼ਾਮ ਬੂਹਾ ਢੋਣ ਲੱਗੀ ਸੀ।
-----
ਚਮਕ ਆਏ ਸੀ ਰਾਹਾਂ ਵਿੱਚ ਬੜੇ ਚੰਨ ਤਾਰਿਆਂ ਦੇ ਰੁੱਖ,
ਜਦੋਂ ਡੁੱਬਿਆ ਸੀ ਸੂਰਜ ਰਾਤ ਕਾਲ਼ੀ ਹੋਣ ਲੱਗੀ ਸੀ।
-----
ਮੈਂ ਸਭ ਤੇਹਾਂ ਦੇ ਨਾਂ ਬਸ ਕੁੱਝ ਕੁ ਬੂੰਦਾਂ ਲਿਖ ਕੇ ਆਇਆ ਸੀ,
ਮਿਰੀ ਗਿਣਤੀ ਵੀ ਫਿਰ ਤਾਂ ਰਹਿਬਰਾਂ ਵਿੱਚ ਹੋਣ ਲੱਗੀ ਸੀ।
-----
ਜਦੋਂ ਉਸਨੂੰ ਕਿਹਾ ਮੈਂ ਝਰਨਿਆਂ ਦੇ ਗੀਤ ਗਾਉਂਦਾ ਹਾਂ,
ਮਿਰੀ ਹਰ ਸੁਰ ਦੇ ਦਰ ‘ਤੇ ਰੇਤ ਹੰਝੂ ਚੋਣ ਲੱਗੀ ਸੀ।
-----
ਸਫ਼ਰ ਵਿੱਚ ਧੁੰਦਲੇ ਰਸਤੇ ਤੇ ਮੈਲੀ ਸ਼ਾਮ ਢਲ਼ ਆਈ,
ਕਿਸੇ ਦੀ ਯਾਦ ਚੰਨ ਬਣ ਕੇ ਨੁਮਾਇਆ ਹੋਣ ਲੱਗੀ ਸੀ।
-----
ਹਜ਼ਾਰਾਂ ਅੱਥਰੂ ਸਨ ਕਲਮ ਦੇ ਨੈਣਾਂ ‘ਚ ਉਸ ਵੇਲੇ
ਉਦਾਸੇ ਵਕ਼ਤ ਦੀ ਜਦ ਵੀ ਇਹ ਗਾਥਾ ਛੋਣ੍ਹ ਲੱਗੀ ਸੀ ।
3 comments:
ਗੁਰਮੀਤ ਖੋਖਰ ਜੀ ਦੀਆਂ ਗ਼ਜ਼ਲਾਂ ਪਸੰਦ ਆਈਆਂ। ਉਹਨਾਂ ਦੀ ਪਲੇਠੀ ਗ਼ਜ਼ਲ-ਪੁਸਤਕ 'ਦਰਦ ਖੁਰਦੀ ਰੇਤ ਦਾ' 2008 ਵਿਚ ਛਪ ਚੁੱਕੀ ਹੈ ।ਦੂਜੀ ਗ਼ਜ਼ਲ-ਪੁਸਤਕ ਜਲਦ ਹੀ ਛਪ ਰਹੀ ਹੈ ।
ਸ਼ਮਸ਼ੇਰ ਮੋਹੀ (ਡਾ.)
ਅੱਜ ਕਈਆਂ ਦਿਨਾਂ ਬਾਦ ਆਰਸੀ 'ਤੇ ਤਾਜ਼ੀ ਹਵਾ ਦਾ ਝੌਂਕਾ ਆਇਆ ਹੈ । ਕਮਾਲ । ਏਨੀਆਂ ਸੋਹਣੀਆਂ ਗਜ਼ਲਾਂ ਲਈ ਗੁਰਮੀਤ ਜੀ ਤੁਹਾਨੂੰ ਵਧਾਈਆਂ ਅਤੇ ਤਨਦੀਪ ਜੀ ਤੁਹਾਡਾ ਸ਼ੁਕਰੀਆ ।
Khokhar Sahib dian Ghazalan khoob ne
Post a Comment