ਹਨੇਰੀ ਰਾਤ ਹੈ ਚੰਨ ਤਾਰਿਆਂ ਦੀ ਲੋੜ ਹੈ ਸਾਨੂੰ।
ਨਹੀਂ! ਇਕ ਦੋ ਨਹੀਂ, ਹੁਣ ਸਾਰਿਆਂ ਦੀ ਲੋੜ ਹੈ ਸਾਨੂੰ।
-----
ਚੁਬਾਰੇ ਵਾਲ਼ਿਆਂ ਨੇ ਮਾਣਿਆ ਬਰਸਾਤ ਦਾ ਮੌਸਮ,
ਹੜ੍ਹਾਂ ਨੇ ਮਾਰਿਆਂ ਹੈ ਢਾਰਿਆਂ ਦੀ ਲੋੜ ਹੈ ਸਾਨੂੰ।
-----
-----
ਗਲ਼ੀ ਬਾਜ਼ਾਰ ਕ਼ਬਰਾਂ ਦੀ ਤਰ੍ਹਾਂ ਖ਼ਾਮੋਸ ਨੇ ਯਾਰੋ,
ਬੁਲਾਓ ਅਮਨ ਦੇ ਹਰਕਾਰਿਆਂ ਦੀ ਲੋੜ ਹੈ ਸਾਨੂੰ।
-----
ਤਬੀਅਤ ਆਦਮੀ ਦੀ ਨ ਕਿਤੇ ਬੀਮਾਰ ਹੋ ਜਾਏ,
ਕਰੋ ਤੀਮਾਰਦਾਰੀ ਚਾਰਿਆਂ ਦੀ ਲੋੜ ਹੈ ਸਾਨੂੰ।
-----
ਬੁਲੰਦੀ ਖ਼ੁਦ ਪਸੰਦੀ ਤੋਂ ਜ਼ਰਾ ਤੂੰ ਵੇਖ ਹੇਠਾਂ ਵੀ,
ਕਿਹਾ ਕਿਸ ਨੇ ਕਿ ਹਿੰਮਤ-ਹਾਰਿਆਂ ਦੀ ਲੋੜ ਹੈ ਸਾਨੂੰ?
-----
ਤਮੰਨਾ ਨਾ ਬਣੀ ਹੀਰਾ, ਨ ਪੰਨਾ, ਬਣ ਗਈ ਪੱਥਰ,
ਕਦੋਂ ਸ਼ੀਸ਼ਾਗ਼ਰੋ ਲਿਸ਼ਕਾਰਿਆਂ ਦੀ ਲੋੜ ਹੈ ਸਾਨੂੰ।
1 comment:
Subash ji,Ba-kamaal
Post a Comment