ਇਸ ਦਿਆਂ ਰਾਹਾਂ ‘ਚ ਭਾਵੇਂ ਲੱਖ ਪੱਥਰ ਹੋਣਗੇ।
ਜ਼ਿੰਦਗੀ ਦੇ ਮਰਹਲੇ ਹਰ ਹਾਲ ਵਿਚ ਸਰ ਹੋਣਗੇ।
-----
ਇੱਕ ਨਾ ਇਕ ਦਿਨ ਸਕਾਰਥ ਹੋਣਗੇ ਅਪਣੇ ਯਤਨ,
ਇੱਕ ਨਾ ਇਕ ਦਿਨ ਤਾਂ ਇਹ ਹਾਲਾਤ ਬਿਹਤਰ ਹੋਣਗੇ।
-----
-----
ਐ ਨਜੂਮੀ! ਹੱਥ ਮੇਰਾ ਹੋਰ ਗੌਹ ਦੇ ਨਾਲ਼ ਵੇਖ,
ਕੁਝ ਕੁ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।
-----
ਕੀ ਪਤਾ ਸੀ ਖਾਣ-ਖੇਡਣ ਦੀ ਨਸ਼ੀਲੀ ਰੁੱਤ ਵਿਚ,
ਮੇਰੇ ਸਾਹਵੇਂ ਹੀ ਮਿਰੇ ਚਾਵਾਂ ਦੇ ਸੱਥਰ ਹੋਣਗੇ।
-----
ਤਾਂ ਹੀ ਮੇਲ੍ਹੇਗੀ ਗ਼ਜ਼ਲ ਦੀ ਲਹਿਰ ਇਹਨਾਂ ‘ਤੇ ਕੁਈ,
ਮਨ ਦੇ ਕੁੱਜੇ ਵਿੱਚ ਜੇ ਸੋਚਾਂ ਦੇ ਸਾਗਰ ਹੋਣਗੇ।
-----
ਜ਼ਿੰਦਗੀ ਗੁਜ਼ਰੇਗੀ ਛੱਲਾਂ ਦੀ ਦਯਾ ਦੇ ਆਸਰੇ,
ਜੇ ਸਮੁੰਦਰ ਦੇ ਕਿਨਾਰੇ ਰੇਤ ਦੇ ਘਰ ਹੋਣਗੇ।
-----
ਫੇਰ ਹੀ ਸਜਣੀ, ਸੰਵਰਨੀ, ਮੌਲਣੀ ਹੈ ਜ਼ਿੰਦਗੀ
ਆਪਣੇ ਹੱਥਾਂ ‘ਚ ਜਦ ਅਪਣੇ ਮੁਕ਼ੱਦਰ ਹੋਣਗੇ।
=====
ਗ਼ਜ਼ਲ
ਫੇਰ ਕੀ ਜੇਕਰ ਤਿਰੀ ਮਹਿਫ਼ਿਲ ‘ਚ ਮੇਰੀ ਥਾਂ ਨਹੀਂ।
ਅਪਣਾ ਹਸਤਾਖ਼ਰ ਹਾਂ ਮੈਂ ਵੀ, ਹੋਰਨਾਂ ਦੀ ਛਾਂ ਨਹੀਂ।
-----
ਨਜ਼ਰ ਕੀਤੇ ਨੇ ਬਥੇਰੇ ਛਾਂ ਦੇ ਤੋਹਫ਼ੇ ਧਰਤ ਨੂੰ,
ਫੇਰ ਕੀ ਜੇ ਹੁਣ ਮਿਰੇ ਪੱਤੇ ਨਹੀਂ, ਸ਼ਾਖ਼ਾਂ ਨਹੀਂ।
-----
ਆਖ ਉਸ ਥਾਂ ਨੂੰ ਕਿਵੇਂ ਗੁਲਸ਼ਨ ਕਹਾਂ ਮੈਂ ਜਿਸ ਜਗ੍ਹਾ,
ਫੁਲ ਨਹੀਂ, ਭੌਰੇ ਨਹੀਂ, ਕੋਇਲ ਨਹੀਂ, ਕਲੀਆਂ ਨਹੀਂ।
-----
ਐ ਸਿਆਸਤ! ਹੋਰ ਕੀ ਨੇ ਹੋਛੇ ਹਥਕੰਡੇ ਤਿਰੇ,
ਸਭਿਅਤਾ ਦੇ ਸੋਹਲ ਪਿੰਡੇ ‘ਤੇ ਅਗਰ ਲਾਸਾਂ ਨਹੀਂ।
-----
‘ਵਾ ਵਗੀ ਜਾਪੇ ਮਸ਼ੀਨੀ ਦੌਰ ਦੀ ਪਿੰਡਾਂ ‘ਚ ਵੀ,
ਮੋਹ ਨਹੀਂ, ਤਾਂਘਾਂ ਨਹੀਂ, ਸੱਥਾਂ ਨਹੀਂ, ਸਾਂਝਾਂ ਨਹੀਂ।
-----
ਮੰਨਿਆ ਮਜਬੂਰੀਆਂ ਨੇ ਹੋਂਠ ਸੀਤੇ ਨੇ ਮਿਰੇ,
ਇਸ ਦਾ ਮਤਲਬ ਇਹ ਨਹੀਂ ਮਨ ਵਿਚ ਮਿਰੇ ਰੀਝਾਂ ਨਹੀਂ।
No comments:
Post a Comment