ਲੰਘੀ ਨਾ ਪੂਰੀ ਰਾਤ ਸੀ ਤਾਰੇ ਖਲੇਰਦੀ।
ਮੱਥੇ ‘ਤੇ ਆਸ ਜਗ ਪਈ ਸੂਹੀ ਸਵੇਰ ਦੀ।
-----
ਖੰਭਿਆਂ ਤੋਂ ਲਹਿ ਕੇ ਸੜਕ ‘ਤੇ ਤੁਰ ਪਈ ਜਾਂ ਰੌਸ਼ਨੀ,
ਸੂਰਤ ਹੀ ਨੱਸੀ ਸ਼ਹਿਰ ‘ਚੋਂ ਚੰਦਰੇ ਹਨੇਰ ਦੀ।
-----
ਊਂ ਤਾਂ ਸੀ ਰਾਤੀਂ ਨੀਂਦ ਵਿਚ ਬੇਸੁਰਤ ਇਹ ਸਰੀਰ,
ਪਰ ਜਿੰਦ ਰਾਤ ਭਰ ਰਹੀ ਸੁਪਨੇ ਅਟੇਰਦੀ।
-----
ਛੁਪਣਾ ਕੀ, ਪੂਰਾ ਚੰਨ ਸੀ ਪੁੰਨਿਆ ਦਾ ਅਰਸ਼ ‘ਚੋਂ,
ਜ਼ਾਲਮ ਘਟਾ ਜੇ ਝੂਮ ਕੇ ਉਸ ਨੂੰ ਨਾ ਘੇਰਦੀ।
-----
ਹੋ ਸ਼ਰਮ-ਸੂਹੇ ਵੇਖਿਆ ਨੀਂਦਰ ‘ਚੋਂ ਉਠ ਕੇ,
ਬੈਠੀ ਸੀ ਘਰ ‘ਚ ਧੁੱਪ ਤਾਂ ਕਿੰਨੀ ਹੀ ਦੇਰ ਦੀ।
-----
ਪੰਛੀ ਦੇ ਸਾਹਵੇਂ ਖਿੰਡ ਗਿਆ ਕਿਰਨਾਂ ਦਾ ਆਲ੍ਹਣਾ,
ਲੰਘੀ ਹਨੇਰੀ ਥਲਾਂ ‘ਚੋਂ ਤੀਲ੍ਹੇ ਬਖੇਰਦੀ।
-----
ਉੱਡੇ ਜੇ ਮਹਿਕ ਫੁੱਲ ਦੀ, ਉੱਡ ਜਾਣ ਤਿਤਲੀਆਂ,
ਕਿੰਨੀ ਅਜਬ ਹੈ ਬੇਰੁਖ਼ੀ ਮੌਸਮ ਦੇ ਫੇਰ ਦੀ।
No comments:
Post a Comment