ਅਦਬ ਸਹਿਤ
ਤਨਦੀਪ
******
ਸੁਰ ਦਾ ਕ਼ਤਲ
ਨਜ਼ਮ
ਰੋਜ਼ ਰਾਤ ਨੂੰ ਜਦ ਵੀ ਮੇਰੀ ਨੀਂਦ ਟੁੱਟਦੀ ਹੈ
ਮੈਂ ਬਾਰ ਬਾਰ ਓਹੋ ਹੀ ਸੁਪਨੇ ਹੰਢਾ ਰਿਹਾ ਹੁੰਦੈਂ
ਜਿੱਥੇ ਕਦੇ ਇੱਕ ਬੰਸਰੀ ਆਪਣੇ ਹੀ ਗਲ਼ੇ ‘ਚੋਂ
ਨਿਕਲ਼ੀ ਆਵਾਜ਼ ਦੇ ਸੁਰ ਦਾ
ਕ਼ਤਲ ਕਰਦੀ ਹੈ
ਤੇ ਫਿਰ ਸੰਗੀਤ ਦੇ ਬੂਹੇ ਬਹਿ
ਹੱਥੀਂ ਕੀਤੇ ਕ਼ਤਲ ਦਾ ਮਾਤਮ ਰਚਾਉਂਦੀ ਹੈ।
.............
ਕਦੇ ਮੈਂ ਨੀਂਦ ਖੁੱਲਣ੍ਹ ‘ਤੇ
ਹੱਥਾਂ ‘ਚ ਉਜਾੜਾਂ ਦੇ ਵਰਕੇ ਸਾਂਭੀ
ਅੱਖਰਾਂ ਦੇ ਆਜੜੀਆਂ ਨਾਲ ਖਹਿਬੜਦਾ ਹੁੰਦੈਂ
ਅਰਥਾਂ ਦੇ ਥੱਕੇ ਪੈਰ ਘੜੀਸਦਾ
ਇਬਾਰਤਾਂ ਦੇ ਲੰਮੇ ਰਾਹਾਂ ਤੇ ਤੁਰ ਰਿਹਾ ਹੁੰਦੈਂ
ਤੇ ਇੱਕ ਹਓਕਾ ਸੰਭਾਲਣ ਦੇ ਆਹਰ ‘ਚ
ਹਰਫ਼ਾਂ ਨੂੰ ਮੀਰਾਜ਼ ਦਾ ਭੁਲੇਖਾ
ਪਾ ਰਿਹਾ ਹੁੰਦੈਂ।
............
ਅਕਸਰ ਵੇਖਦਾਂ
ਕਿ ਮੈਂ ਝੱਖੜਾਂ ‘ਚ
ਅੱਕ ਫੰਬੇ ਫੜਨ ਦੇ ਆਹਰੇ ਲੱਗਾ
ਉਜੜੇ ਆਲ੍ਹਣਿਆਂ ਦੇ ਪੈਰਾਂ ‘ਚ ਬੈਠਾ
ਆਪਣੀਆਂ ਚਾਹਾਂ ਦੇ ਪਰਿੰਦਿਆਂ ਦੇ ਪਰਤਣ ਦੀ ਤਾਂਘ ‘ਚ
ਉਡੀਕਾਂ ਦੇ ਬੂਹੇ ਖੋਲ੍ਹੀ ਬੈਠਾ ਹੁੰਨੈ
ਕਿ ਪਤਾ ਨਹੀਂ
ਕਿਸ ਬੁੱਲੇ ਨਾਲ ਉੱਡ ਕੇ ਆਏ ਜ਼ੱਰੇ ‘ਚੋਂ
ਮੇਰੇ ਭਵਿੱਖ ਦੇ ਪੰਛੀ ਪਰਤ ਆਉਣ
ਤੇ ਮੇਰੀ ਬਰਮੀ ਬਣੀ ਨਜ਼ਰ
ਫੇਰ ਹਰਕਤ ‘ਚ ਆ ਜਾਏ।
...............
ਮੈਂ ਨੀਂਦ ਖੁੱਲ੍ਹਣ ‘ਤੇ
ਉਨ੍ਹਾਂ ਪੁਲ਼ਾਂ ਤੋਂ ਗੁਜ਼ਰ ਰਿਹਾ ਹੁੰਦੈਂ
ਜਿੱਥੇ ਪਾਣੀਆਂ ਦੀ ਨੀਵੀਂ ਨਜ਼ਰ
ਲਹਿਰਾਂ ਦੇ ਘੁੰਗਰੂ ਪਾਈ
ਤੋਰਾਂ ਦਾ ਨਾਚ ਨੱਚਦੀ ਹੈ
ਤੇ ਮੈਂ---
ਲੰਘਦੇ ਪਾਣੀਆਂ ਨੂੰ ਵੇਖਦਾ ਵੇਖਦਾ
ਇੱਕੋ ਥਾਂਏਂ ਖੜੋਤਾ
ਸਦੀਆਂ ਦੇ ਗੁਜ਼ਰ ਜਾਣ ਦੇ ਅਫ਼ਸੋਸ ‘ਚ
ਪਲ ਪਲ ਹੋ ਕੇ ਗੁਜ਼ਰ ਜਾਂਦਾ ਹਾਂ।
ਤੇ ਇੱਕ ਨੁਕਤੇ ‘ਚ ਸਿਮਟਿਆ
ਸਦੀਆਂ ਦੀ ਵਿੱਥ ‘ਚ ਸੁੰਗੜ ਜਾਂਦਾ ਹਾਂ
ਤੇ ਤੁਰਨਾ ਵਿਸਰ ਜਾਂਦਾ ਹਾਂ।
............
ਨੀਂਦ ਖੁੱਲ੍ਹਣ ‘ਤੇ ਓਹੋ ਲਵੀ ਲਾਸ਼
ਮੈਂ ਬਾਰ ਬਾਰ ਵੇਖਦਾਂ
ਜਿਸਨੂੰ ਨਾ ਸਿਵੇ ਦਾ ਡਰ
ਨਾ ਗੋਲ਼ੀ ‘ਤੇ ਕੋਈ ਇਤਰਾਜ਼
ਨਾ ਅੰਕੜਿਆਂ ਦਾ ਸਹਿਮ
ਬਸ ਅਫ਼ਸੋਸ ਹੈ, ਇਹ ਨਾ ਪਤਾ ਹੋਣ ‘ਤੇ
ਕਿ ਉਸਨੇ ਕਿਸ ਜੁਰਮ ਦੀ ਸਜ਼ਾ ਭੁਗਤੀ ਹੈ?
...............
ਨੀਂਦ ਖੁੱਲ੍ਹਣ ‘ਤੇ
ਬਾਹਵਾਂ ਉਲਾਰੀ ਖੜ੍ਹੀ ਹੁੰਦੀ ਹੈ
ਮੇਰੇ ਕਮਰੇ ਦੀ ਸੁੰਨੀ ਕ਼ੈਦ...
ਤੇ ਛੱਤ ‘ਤੇ ਲਟਕਦੀ ਹੁੰਦੀ ਹੈ
ਮੇਰੀ ਉਮਰ ਦੀ ਜਾਲ਼ਿਆਂ ਭਰੀ ਹੋਂਦ
ਜਿੱਥੇ ਸੰਗੀਤ ਬੇ-ਸੁਰੀ ਚੀਕ ਹੁੰਦਾ ਹੈ।
ਆਲ੍ਹਿਆਂ ‘ਚ ਅਲੂੰਏ ਚਾਅ ਨਹੀਂ
ਸਿਸਕਦੀ ਹੂਕ ਹੁੰਦੀ ਹੈ।
ਅਲਮਾਰੀ ‘ਚ ਪਈਆਂ ਪੁਸਤਕਾਂ ‘ਚ
ਖ਼ਾਮੋਸ਼ ਲਫ਼ਜ਼
ਅਰਥਾਂ ਦੀ ਭਾਲ ‘ਚ
ਆਪਸ ‘ਚ ਖਹਿਬੜਦੇ
ਲਹੂ ਲੁਹਾਣ ਹੁੰਦੇ ਹਨ।
ਕਾਗ਼ਜ਼ ਤੇ ਸਿਆਹੀ
ਵਿੱਥ ਬਣਾਈ ਬੈਠੇ
ਇੱਕ ਦੂਜੇ ਨੂੰ
ਬਲਾਤਕਾਰੀ ਦੀ ਜ਼ਿੱਲਤ ਤੋਂ ਵੀ
ਮਹਿਫੂਜ਼ ਨਹੀਂ ਕਰ ਰਹੇ ਹੁੰਦੇ।
ਹਰ ਰਾਤ ਮੈਂ ਨੀਂਦ ਟੁੱਟਣ ‘ਤੇ
ਇਹੋ ਸੁਪਨੇ ਹੰਢਾ ਰਿਹੈ ਹੁੰਨੈ।
ਹਰ ਰਾਤ ਮੈਂ
ਕਿਉਂ ਹੰਢਾ ਰਿਹਾ ਹੁੰਨੈ?
ਇਹੋ ਜਹੇ ਸੁਪਨੇ?
ਹਰ ਰਾਤ।
1 comment:
संतोख धारीवाल जी की यह नज्म इस तरह अपनी गिरफ़्त में लिया कि बहुत देर तक इसी में खोया रहा। बहुत बढ़िया, दिलो-दिमाग पर असर छोड़ने वाली है यह नज्म। संतोख जी को और आपको बहुत बहुत मुबारक !
Post a Comment