ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਜਦੋਂ ਜਗਦਾ ਹਰਿਕ ਦੀਵਾ ਬੁਝਾ ਦਿੱਤਾ ਹਵਾਵਾਂ ਨੇ।
ਚੁਫ਼ੇਰੇ ਖ਼ੌਫ਼ ਦਾ ਪਹਿਰਾ ਬਿਠਾ ਦਿੱਤਾ ਹਵਾਵਾਂ ਨੇ।
-----
ਜੋ ਪੱਤੇ ਬਿਰਖ਼ ਤੋਂ ਟੁੱਟ ਕੇ ਵੀ ਕੱਠੇ ਬਿਰਖ਼ ਥੱਲੇ ਸਨ,
ਉਨ੍ਹਾਂ ਨੂੰ ਦੂਰ ਬਿਰਖ਼ਾਂ ਤੋਂ ਖਿੰਡਾ ਦਿੱਤਾ ਹਵਾਵਾਂ ਨੇ।
-----
ਕੋਈ ਨਾ ਜਾਣਦਾ ਸੀ ਫੁੱਲ ਵਿਚ ਹੀ ਵਾਸ ਮਹਿਕਾਂ ਦਾ,
ਮਗਰ ਇਸ ਰਾਜ਼ ਤੋਂ ਪਰਦਾ ਉਠਾ ਦਿੱਤਾ ਹਵਾਵਾਂ ਨੇ।
-----
ਬੜਾ ਸੀ ਮਾਣ ਜੰਗਲ ਨੂੰ ਚੁਫ਼ੇਰੇ ਸਬਜ਼ ਮੌਸਮ ਦਾ,
ਮਗਰ ਇਸ ‘ਤੇ ਵੀ ਪੀਲ਼ਾ ਰੰਗ ਚੜ੍ਹਾ ਦਿੱਤਾ ਹਵਾਵਾਂ ਨੇ।
-----
ਬੜਾ ਸਿਰੜੀ ਸੀ ਰੁੱਖ ਲਿਫ਼ਿਆ ਨਹੀਂ ਤੂਫ਼ਾਨ ਦੇ ਅੱਗੇ,
ਝੁਕਾਣੇ ਨੂੰ ਮਗਰ ਸਭ ਤਾਣ ਲਾ ਦਿੱਤਾ ਹਵਾਵਾਂ ਨੇ।
-----
ਬਿਨਾ ਉੱਡਣ ਤੋਂ ਰਹਿ ਸਕਦੇ ਨਹੀਂ ਅੰਬਰ ‘ਚ ਹੁਣ ਪੰਛੀ,
ਇਹ ਕੈਸਾ ਸ਼ੌਕ ਉੱਡਣ ਦਾ ਲਗਾ ਦਿੱਤਾ ਹਵਾਵਾਂ ਨੇ।
-----
ਸ੍ਰਿਸ਼ਟੀ ਚਲ ਨਹੀਂ ਸਕਦੀ ਕਦੇ ‘ਢਿੱਲੋਂ’ ਹਵਾਵਾਂ ਬਿਨ,
ਇਹ ਸੱਚ ਹੀ ਹੈ ਤੇ ਸੱਚ ਕਰਕੇ ਦਿਖਾ ਦਿੱਤਾ ਹਵਾਵਾਂ ਨੇ।
====
ਗ਼ਜ਼ਲ
ਜੋ ਚਾਨਣ ਨੂੰ ਤਰਸਣ ਗੁਫ਼ਾਵਾਂ ਨੂੰ ਪੁੱਛਣਾ।
ਹਨੇਰਾ ਕੀ ਹੁੰਦਾ ਸ਼ੁਆਵਾਂ ਨੂੰ ਪੁੱਛਣਾ।
-----
ਉਨ੍ਹਾਂ ਦਾ ਪਤਾ ਘਰ ਟਿਕਾਣਾ ਹੈ ਕਿੱਥੇ,
ਇਹ ਮੁਮਕਿਨ ਨਹੀਂ ਹੈ ਹਵਾਵਾਂ ਨੂੰ ਪੁੱਛਣਾ।
-----
ਉਨ੍ਹਾਂ ਨੂੰ ਪਤਾ ਨਾ, ਨਾ ਦੱਸਣਾ ਉਨ੍ਹਾਂ ਨੇ,
ਕੀ ਧੁੱਪਾਂ ਦਾ ਮਤਲਬ ਹੈ ਛਾਵਾਂ ਨੂੰ ਪੁੱਛਣਾ।
-----
ਤੁਸੀਂ ਇਕ ਦੂਜੇ ਦੇ ਕਿੰਨਾ ਕੁ ਨੇੜੇ,
ਕੀ ਫੈਦਾ ਹੈ ਇਸ ਦਾ ਦਿਸ਼ਾਵਾਂ ਨੂੰ ਪੁੱਛਣਾ।
-----
ਉਤੰਤਰ ਇਨ੍ਹਾਂ ਕਦ ਅਸਾਨੂੰ ਹੈ ਕਰਨਾ,
ਕਦੇ ਦਿਲ ‘ਚ ਦੱਬੀਆਂ ਇਛਾਵਾਂ ਨੂੰ ਪੁੱਛਣਾ।
-----
ਜੋ ਇਕ ਥਾਂ ਖੜ੍ਹੇ ਨੇ ਕੀ ਹੁੰਦਾ ਸਫ਼ਰ ਹੈ,
ਇਹ ਦੱਸਣਗੇ ਕੀ ਤੇ ਕੀ ਰਾਹਵਾਂ ਨੂੰ ਪੁੱਛਣਾ।
-----
ਕਿਸੇ ਸੜ ਰਹੇ ਨੂੰ ਕੀ ਫ਼ਾਇਦਾ ਇਨ੍ਹਾਂ ਦਾ,
ਜੋ ਸਾਗਰ ‘ਤੇ ਵਰ੍ਹੀਆਂ ਘਟਾਵਾਂ ਨੂੰ ਪੁੱਛਣਾ।
1 comment:
dhilloN sahib diaN dono ghazalaN khoob hn. kitab dian ohna nu mubarkaN.dilloN sahin di kitab zroor prhanga.
Shamsher Mohi (Dr.)
Ropar (punjab)
Post a Comment