ਦੋਸਤੋ! ਪੇਸ਼ ਹਨ ਅੱਜ ਦੀ ਪੋਸਟ ‘ਚ ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਜੀ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਖੰਨਿਓਂ ਤਿੱਖਾ ਸਫ਼ਰ’ ‘ਚੋਂ ਦੋ ਖ਼ੂਬਸੂਰਤ ਗ਼ਜ਼ਲਾਂ। ਇਹ ਕਿਤਾਬ ਕੱਲ੍ਹ ਨੂੰ ਸਰੀ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਬਹੁਤੀ ਜਾਣਕਾਰੀ ਲਈ ਆਰਸੀ ਸੂਚਨਾਵਾਂ ਵੇਖ ਸਕਦੇ ਹੋ। ਆਰਸੀ ਪਰਿਵਾਰ ਵੱਲੋਂ ਢਿੱਲੋਂ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ।ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਜਦੋਂ ਜਗਦਾ ਹਰਿਕ ਦੀਵਾ ਬੁਝਾ ਦਿੱਤਾ ਹਵਾਵਾਂ ਨੇ।
ਚੁਫ਼ੇਰੇ ਖ਼ੌਫ਼ ਦਾ ਪਹਿਰਾ ਬਿਠਾ ਦਿੱਤਾ ਹਵਾਵਾਂ ਨੇ।
-----
ਜੋ ਪੱਤੇ ਬਿਰਖ਼ ਤੋਂ ਟੁੱਟ ਕੇ ਵੀ ਕੱਠੇ ਬਿਰਖ਼ ਥੱਲੇ ਸਨ,
ਉਨ੍ਹਾਂ ਨੂੰ ਦੂਰ ਬਿਰਖ਼ਾਂ ਤੋਂ ਖਿੰਡਾ ਦਿੱਤਾ ਹਵਾਵਾਂ ਨੇ।
-----
ਕੋਈ ਨਾ ਜਾਣਦਾ ਸੀ ਫੁੱਲ ਵਿਚ ਹੀ ਵਾਸ ਮਹਿਕਾਂ ਦਾ,
ਮਗਰ ਇਸ ਰਾਜ਼ ਤੋਂ ਪਰਦਾ ਉਠਾ ਦਿੱਤਾ ਹਵਾਵਾਂ ਨੇ।
-----
ਬੜਾ ਸੀ ਮਾਣ ਜੰਗਲ ਨੂੰ ਚੁਫ਼ੇਰੇ ਸਬਜ਼ ਮੌਸਮ ਦਾ,
ਮਗਰ ਇਸ ‘ਤੇ ਵੀ ਪੀਲ਼ਾ ਰੰਗ ਚੜ੍ਹਾ ਦਿੱਤਾ ਹਵਾਵਾਂ ਨੇ।
-----
ਬੜਾ ਸਿਰੜੀ ਸੀ ਰੁੱਖ ਲਿਫ਼ਿਆ ਨਹੀਂ ਤੂਫ਼ਾਨ ਦੇ ਅੱਗੇ,
ਝੁਕਾਣੇ ਨੂੰ ਮਗਰ ਸਭ ਤਾਣ ਲਾ ਦਿੱਤਾ ਹਵਾਵਾਂ ਨੇ।
-----
ਬਿਨਾ ਉੱਡਣ ਤੋਂ ਰਹਿ ਸਕਦੇ ਨਹੀਂ ਅੰਬਰ ‘ਚ ਹੁਣ ਪੰਛੀ,
ਇਹ ਕੈਸਾ ਸ਼ੌਕ ਉੱਡਣ ਦਾ ਲਗਾ ਦਿੱਤਾ ਹਵਾਵਾਂ ਨੇ।
-----
ਸ੍ਰਿਸ਼ਟੀ ਚਲ ਨਹੀਂ ਸਕਦੀ ਕਦੇ ‘ਢਿੱਲੋਂ’ ਹਵਾਵਾਂ ਬਿਨ,
ਇਹ ਸੱਚ ਹੀ ਹੈ ਤੇ ਸੱਚ ਕਰਕੇ ਦਿਖਾ ਦਿੱਤਾ ਹਵਾਵਾਂ ਨੇ।
====
ਗ਼ਜ਼ਲ
ਜੋ ਚਾਨਣ ਨੂੰ ਤਰਸਣ ਗੁਫ਼ਾਵਾਂ ਨੂੰ ਪੁੱਛਣਾ।
ਹਨੇਰਾ ਕੀ ਹੁੰਦਾ ਸ਼ੁਆਵਾਂ ਨੂੰ ਪੁੱਛਣਾ।
-----
ਉਨ੍ਹਾਂ ਦਾ ਪਤਾ ਘਰ ਟਿਕਾਣਾ ਹੈ ਕਿੱਥੇ,
ਇਹ ਮੁਮਕਿਨ ਨਹੀਂ ਹੈ ਹਵਾਵਾਂ ਨੂੰ ਪੁੱਛਣਾ।
-----
ਉਨ੍ਹਾਂ ਨੂੰ ਪਤਾ ਨਾ, ਨਾ ਦੱਸਣਾ ਉਨ੍ਹਾਂ ਨੇ,
ਕੀ ਧੁੱਪਾਂ ਦਾ ਮਤਲਬ ਹੈ ਛਾਵਾਂ ਨੂੰ ਪੁੱਛਣਾ।
-----
ਤੁਸੀਂ ਇਕ ਦੂਜੇ ਦੇ ਕਿੰਨਾ ਕੁ ਨੇੜੇ,
ਕੀ ਫੈਦਾ ਹੈ ਇਸ ਦਾ ਦਿਸ਼ਾਵਾਂ ਨੂੰ ਪੁੱਛਣਾ।
-----
ਉਤੰਤਰ ਇਨ੍ਹਾਂ ਕਦ ਅਸਾਨੂੰ ਹੈ ਕਰਨਾ,
ਕਦੇ ਦਿਲ ‘ਚ ਦੱਬੀਆਂ ਇਛਾਵਾਂ ਨੂੰ ਪੁੱਛਣਾ।
-----
ਜੋ ਇਕ ਥਾਂ ਖੜ੍ਹੇ ਨੇ ਕੀ ਹੁੰਦਾ ਸਫ਼ਰ ਹੈ,
ਇਹ ਦੱਸਣਗੇ ਕੀ ਤੇ ਕੀ ਰਾਹਵਾਂ ਨੂੰ ਪੁੱਛਣਾ।
-----
ਕਿਸੇ ਸੜ ਰਹੇ ਨੂੰ ਕੀ ਫ਼ਾਇਦਾ ਇਨ੍ਹਾਂ ਦਾ,
ਜੋ ਸਾਗਰ ‘ਤੇ ਵਰ੍ਹੀਆਂ ਘਟਾਵਾਂ ਨੂੰ ਪੁੱਛਣਾ।
1 comment:
dhilloN sahib diaN dono ghazalaN khoob hn. kitab dian ohna nu mubarkaN.dilloN sahin di kitab zroor prhanga.
Shamsher Mohi (Dr.)
Ropar (punjab)
Post a Comment