ਹਵਾਵਾਂ ਵਿੱਚ ਘੁਟਨ ਕੈਸੀ ਭਰੀ ,
ਕਿ ਹੁਣ ਤਾਂ ਸਾਹ ਵੀ ਮੁੱਲ ਦੇ ਆ ਰਹੇ ਨੇ।
ਚੁਫੇਰੇ ਲਰਜ਼ਦੇ ਦਰਿਆ ਸੀ ਜਿਹੜੇ,
ਥਲਾਂ ਦੀ ਰੇਤ ਹੁੰਦੇ ਜਾ ਰਹੇ ਨੇ।
-----
ਨਹੀਂ ਬਾਕੀ ਕਿਸੇ ਦੇ ਕੋਲ਼ ਪਾਣੀ,
ਕਿਵੇਂ ਸਕਦੇ ਨੇ ਬੱਦਲ ਡੋਲ੍ਹ ਪਾਣੀ,
ਕਿਸੇ ਸਹਿਰਾ ਚੋਂ ਚੁੱਕ ਕੇ ਰੇਤ ਸੁੱਕੀ,
ਨਗਰ ਮੇਰੇ 'ਤੇ ਅੱਜ ਬਰਸਾ ਰਹੇ ਨੇ।
-----
ਨਹੀਂ ਘਟਦਾ ਜ਼ਰਾ ਵੀ ਸ਼ੋਰ ਪੈਂਦਾ,
ਵਧੀ ਜਾਵੇ ਸਗੋਂ ਹੈ ਹੋਰ ਪੈਂਦਾ,
ਇਵੇਂ ਲਗਦਾ ਜਿਵੇਂ ਪੱਤੇ ਬਿਰਖ਼ ਦੇ,
ਕਿਤੇ ਆਪਸ ਦੇ ਵਿਚ ਟਕਰਾ ਰਹੇ ਨੇ।
-----
ਨਗਰ ਦੇ ਬਿਰਖ਼ ਸਾਰੇ ਸੁੱਕ ਗਏ ਨੇ,
ਬਿਨਾਂ ਪਾਣੀ ਤੋਂ ਮੋਹ ਤੋਂ ਮੁੱਕ ਗਏ ਨੇ,
ਨਗਰ ਵਾਸੀ ਬਣਾ ਕੇ ਰਬੜ ਦੇ ਰੁੱਖ,
ਨਗਰ ਦੇ ਪਾਰਕਾਂ ਵਿਚ ‘ਲਾ ਰਹੇ ਨੇ।
-----
ਕਦੇ ਤੁਪਕੇ ਚੋਂ ਸਾਗਰ ਬਰਸਦੇ ਸੀ,
ਬੜੇ ਸੱਚੇ ਉਹ ਰਿਸ਼ਤੇ ਜਾਪਦੇ ਸੀ,
ਨਾ ਹੁਣ ਲੱਭਦੀ ਹਵਾ ਨੂੰ ਬੂੰਦ ਕੋਈ,
ਇਵੇਂ ਲਗਦਾ ਜਿਵੇਂ ਪਥਰਾ ਰਹੇ ਨੇ।
-----
ਕਿਸੇ ਉੱਚੇ ਜਿਹੇ ਰੁੱਖ ‘ਤੇ ਚੜ੍ਹੇ ਨੇ,
ਉਨ੍ਹਾਂ ਦੇ ਹੱਥਾਂ ਵਿਚ ਤਾਰੇ ਫੜੇ ਨੇ,
ਕਿਸੇ ਵੱਖਰੀ ਤਰ੍ਹਾਂ ਤਾਰੇ ਸਜਾ ਕੇ,
ਨਵਾਂ ਅੰਬਰ ਬਣਾਉਂਦੇ ਜਾ ਰਹੇ ਨੇ।
-----
ਮੇਰੇ ਦਿਲ ਚੋਂ ਲਹੂ ਨਾਚੋੜ ਦਿੰਦੇ,
ਕਦੀ ਫਿਰ ਟੁਕੜਿਆਂ ਵਿਚ ਤੋੜ ਦਿੰਦੇ,
ਦਿਲਾਂ ਦੇ ਦੁੱਖ ਨਿਵਾਰਣ ਦੀ ਕਿਸੇ ਉਹ,
ਨਵੀਂ ਤਕਨੀਕ ਨੂੰ ਅਜ਼ਮਾ ਰਹੇ ਨੇ ।
No comments:
Post a Comment