ਅਦਬ ਸਹਿਤ
ਤਨਦੀਪ ਤਮੰਨਾ
*******
1965-66 ਦੀ ਗੱਲ ਹੈ, ਡਾ. ਸੁਰਜੀਤ ਸਿੰਘ ਸੇਠੀ, ਜਲੰਧਰ ਦੇ ਆਕਾਸ਼ਵਾਣੀ ਕੇਂਦਰ ਵਿਚ, ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਲੱਗਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ, ਮੈਂ ਜ਼ਿਲਾ ਜਲੰਧਰ ਦੇ ਪਿੰਡ ਤਲਵਣ ਦੇ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਵਿਚ ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਆਪਕ ਸਾਂ। ਦੂਰਦਰਸ਼ਨ ਦੇ ਆਉਣ ਤੋਂ ਪਹਿਲਾਂ, ਉਸ ਸਮੇਂ, ਆਕਾਸ਼ਵਾਣੀ(ਰੇਡੀਓ) ਹੀ ਪੰਜਾਬੀ ਸਾਹਿਤਕਾਰਾਂ ਦੀਆਂ ਗਤੀ-ਵਿਧੀਆਂ ਦਾ ਕੇਂਦਰ ਹੰਦਾ ਸੀ।
------
ਆਕਾਸ਼ਵਾਣੀ ਤੋਂ “ਕਵਿਤਾ-ਪਾਠ” ਕਰਨਾ, ਇਕ ਵੱਕਾਰੀ ਕੰਮ ਸਮਝਿਆ ਜਾਂਦਾ ਸੀ। ਇਕ ਦਿਨ, ਸਪਤਾਹ-ਅੰਤ ਉੱਤੇ, ਜਲੰਧਰ ਦੇ ਕਾਫੀ ਹਾਊਸ ਵਿਚ ਬੈਠੇ ਸਾਂ, ਕਿ ਸੁਰਜੀਤ ਸਿੰਘ ਸੇਠੀ ਆ ਧਮਕਿਆ। ਉਸ ਨੂੰ ਨਵੇਂ ਨਵੇਂ ਪ੍ਰਯੋਗ ਕਰਨ ਦਾ ਬੜਾ ਸ਼ੌਕ ਸੀ, ਕਹਿਣ ਲੱਗਾ:
.........
“ਰਵੀ ਯਾਰ! ਮੇਰੇ ਲਈ ਕੋਈ ਨਾਟਕੀ ਕਵਿਤਾ ਲਿਖ, ਜਿਸ ਨੂੰ ਵੱਖ, ਵੱਖ ਆਵਾਜ਼ਾਂ ਅਤੇ ਨਾਟਕੀ ਰੂਪ ਵਿਚ , ਧੁਨੀ-ਪ੍ਰਭਾਵਾਂ ਦੀ ਸਿਰਜਣਾਂ ਕਰ ਕੇ, ਮੈਂ ਆਕਾਸ਼ਵਾਣੀ ਤੋਂ ਪ੍ਰਸਤੁਤ ਕਰ ਸਕਾਂ। ਮੈਂ ਇਨ੍ਹਾਂ ਰਵਾਇਤੀ ਕਵਿਤਾ-ਪਾਠਾਂ ਤੋਂ ਬੋਰ ਹੋ ਚੁੱਕਾ ਹਾਂ। ਕੁਝ ਨਵਾਂ ਕਰਨਾਂ ਤੇ ਕਰਵਾਉਣਾ ਚਾਹੁੰਦਾ ਹਾਂ। ਕੀ ਤੂੰ ਮੇਰੇ ਲਈ ਇਹ ਕਰ ਸਕੇਂਗਾ?”
ਮੈਂ, ਜਕੋ ਤਕੀ ਵਿਚ, ਸੇਠੀ ਨੂੰ ਹਾਂ ਕਰ ਦਿੱਤੀ।
------
ਬੱਸ ਵਿਚ, ਤਲਵਣ ਵਾਪਸ ਪਰਤਦਿਆਂ, ਇਹ ਨਾਟਕੀ ਕਵਿਤਾ ਮੇਰੇ ਸਿਰ ਉੱਤੇ ਸਵਾਰ ਸੀ। ਮੇਰੇ ਦਿਲ, ਦਿਮਾਗ਼ ਉੱਤੇ ਛਾਈ ਹੋਈ ਸੀ। ਜ਼ਿੰਦਗੀ ਦੇ ਕੁਝ ਕੌੜੇ ਤੇ ਵਿਸ਼ਾਦ-ਗ੍ਰਸਿਤ ਸੱਚ ਵੀ ਉਸ ਸਮੇਂ ਇਸ ਨਾਟਕੀ ਅਨੁਭਵ ਨਾਲ ਅੰਤਰ-ਕਿਰਿਆ ਕਰ ਰਹੇ ਸਨ। ਇਸੇ ਮਾਨਸਕ ਅਵਸਥਾ ਵਿੱਚੋਂ, ਮੇਰੀ ਪਹਿਲੀ ਨਾਟਕੀ ਕਵਿਤਾ: “ਮੈਂ ਕਿਸ ਨਗਰੀ ਵਿਚ ਭਟਕ ਰਿਹਾ?” ਦਾ ਜਨਮ ਹੋਇਆ। ਸੇਠੀ ਨੇ ਬੜੇ ਹੀ ਪ੍ਰਭਾਵਸ਼ਾਲੀ ਰੂਪ ਵਿਚ, ਇਸ ਕਵਿਤਾ ਨੂੰ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਤ ਕੀਤਾ। ਉਹ ਬੜਾ ਖ਼ੁਸ਼ ਸੀ।
-----
ਇਹ ਕਵਿਤਾ, ਕੀਨੀਆ ਜਾਣ ਉਪਰੰਤ, 1967 ਵਿਚ ਪ੍ਰਕਾਸ਼ਤ ਹੋਏ ਮੇਰੇ ਕਾਵਿ-ਸੰਗ੍ਰਹਿ: “ਮੌਨ ਹਾਦਸੇ” ਵਿਚ ਛਪ ਕੇ ਉਚੇਚੀ ਚਰਚਾ ਦਾ ਵਿਸ਼ਾ ਬਣੀ। 1980 ਵਿਚ ਜਦੋਂ ਮੈਂ ਆਪਣੇ ਦੂਸਰੇ ਕਾਵਿ-ਨਾਟਕ: “ਦਰ ਦੀਵਾਰਾਂ ” ਦੀ ਸਿਰਜਣਾ ਕਰ ਰਿਹਾ ਸਾਂ, ਤਾਂ ਇਹ ਨਾਟਕੀ ਕਵਿਤਾ ਮੇਰੇ ਅਵਚੇਤਨ ਵਿੱਚੋਂ ਬਾਹਰ ਨਿਕਲ ਕੇ, ਮੇਰੇ ਸਾਹਮਣੇ ਆ ਬੈਠੀ।
-----
1981 ਵਿਚ ਛਪੇ ਆਪਣੇ ਇਸ ਕਾਵਿ-ਨਾਟਕ: “ਦਰ ਦੀਵਾਰਾਂ ” ਦਾ ਆਰੰਭ, ਮੈਂ ਇਸੇ ਕਵਿਤਾ ਦੇ ਨਾਲ, ਇਸ ਨੂੰ, ਨਵੇਂ ਸਿਰਿਓਂ ਨਾਟਕੀ ਵਿਉਂਤ ਵਿਚ, ਪੁਨਰ-ਸੁਰਜੀਤ ਕਰ ਕੇ ਕੀਤਾ।
ਰਵਿੰਦਰ ਰਵੀ
*******
ਪੇਸ਼ ਹੈ ਇਕ ਅਭੁੱਲ ਯਾਦ, ਇਹ ਕਵਿਤਾ:
ਮੈਂ ਕਿਸ ਨਗਰੀ ਵਿਚ ਭਟਕ ਰਿਹਾ???
ਨਜ਼ਮ
ਕਵੀ: ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਮੈਂ ਕਿਸ ਨਗਰੀ ਵਿਚ ਭਟਕ ਟਿਹਾ??
...........
ਇਸ ਨਗਰੀ ਰੁੱਖ ਹੈ, ਛਾਂ ਨਹੀਂ!
ਇਸ ਨਗਰੀ, ਸੜਕ ਬਿਨਾ ਮੰਜ਼ਿਲ,
ਇਕ ਗੋਰਖਧੰਦੇ ਵਿਚ ਉਲ਼ਝੀ!
..............
ਆਵਾਜ਼-1: ਤੂੰ ਕਿਸ ਮੰਜ਼ਿਲ ਦਾ ਅਭਿਲਾਸ਼ੀ?
ਤੂੰ ਕਿਹੜੀ ਛਾਂ ਦਾ ਮੁਤਲਾਸ਼ੀ?
..........
ਕਵੀ: ਮੈਨੂੰ ਪਤਾ ਨਹੀਂ ਆਪਣੀ ਮੰਜ਼ਿਲ ਦਾ,
ਮੈਨੂੰ ਆਪਣੀ ਛਾਂ ਤੋਂ ਡਰ ਆਵੇ!
ਮੇਰੀ ਹੋਂਦ ਗਈ ਹੈ ਪਰਛਾਵੀਂ,
ਮੇਰੇ ਕੰਬਦੇ ਕਦਮਾਂ ਦੀ ਥਿੜਕਣ,
ਪਈ ਆਪਣੀ ਤੋਰ ਤੋਂ ਕਤਰਾਵੇ!
ਪਰ ਦੂਰ ਨਜ਼ਰ ਦੀ ਸੀਮਾਂ ‘ਤੇ,
ਕੋਈ ਅਦ੍ਰਿਸ਼ ਮੰਜ਼ਲ ਖਿੱਚ ਪਾਵੇ!
ਨਾ ਨਜ਼ਰ ਆਵੇ, ਨਾ ਕੋਲ਼ ਆਵੇ!
ਕੋਈ ਅਜਨਬੀ ‘ਵਾਜ ਪਈ ਆਵੇ!
..........
ਪਿਛੋਕੜ ‘ਚੋਂ “ਅਨਾਰਕਲੀ ” ਫਿਲਮ ਦੇ ਗੀਤ ਦੇ, ਹੇਠ ਲਿਖੇ ਬੋਲ ਗੂੰਜਦੇ ਹਨ:
“ਆ ਜਾ, ਅਬ ਤੋ ਆ ਜਾ,
ਮੇਰੀ ਕਿਸਮਤ ਕੇ ਖ਼ਰੀਦਾਰ,
ਅਬ ਤੋ ਆ ਜਾ!”
..........
ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,
ਜਾਂ ਬੰਦ ਗਲ਼ੀ ਦੀਆਂ ਸੌੜਾਂ ਵਿਚ!
ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,
ਆਪਣੇ ਹੀ ਮਨ ਦੀਆਂ ਔੜਾਂ ਵਿਚ!
.........
ਆਵਾਜ਼-1: ਤੂੰ ਸਘਨ ਨਗਰ ਵਿਚ ਕਿੰਜ ‘ਕੱਲਾ?
ਕਿੰਜ ਭਰੀ ਭੀੜ ਵਿਚ ਸੱਖਣਾ ਤੂੰ?
ਕੋਈ ਹੀਲਾ ਕਰ, ਕੋਈ ਜੁਗਤ ਬਣਾ,
ਲੱਭ ਘਰ ਕੋਈ, ਜਾਂ ਕੋਈ ਦਰਵਾਜ਼ਾ!
...........
ਕਵੀ: ਏਥੇ ਘਰ ਹਨ, ਪਰ ਦਰਵਾਜ਼ੇ ਨਹੀਂ!
ਏਥੇ ਚਿਹਰੇ ਹਨ, ਪਹਿਚਾਣ ਨਹੀਂ
ਤੇ ਆਵਾਜ਼ਾਂ ਵਿਚ ਮਾਣ ਨਹੀਂ –
ਵਿਸ਼ਵਾਸ ਨਹੀਂ, ਧਰਵਾਸ ਨਹੀਂ!
ਮੇਰੇ ਸਿਰ ‘ਤੇ ਮੌਤ ਦਾ ਬੋਝ ਜਿਹਾ,
ਮੈਂ ਜੀਵਨ ਦੇ ਲਈ ਜੂਝ ਰਿਹਾ!
ਮੇਰੇ ਦੁਆਲੇ ਮੇਰੀ ਕਾਰ ਵਲੀ,
ਮੈਂ ਆਪਣੀ ਹੋਂਦ ‘ਚ ਘਿਰਿਆ ਹਾਂ!
ਨਾ ਹਮਦਰਦੀ, ਨਾ ਹਮਰਾਹੀ!
ਮੈਂ ਕੱਲਾ ਹਾਂ, ਮੈਂ ਸੱਖਣਾ ਹਾਂ,
ਹੈ ਕੌਣ ਜੁ ਮੈਨੂੰ ਅਪਣਾਵੇ???
..........
ਆਵਾਜ਼-1: ਕੋਈ ਹੀਲਾ ਕਰ, ਕੋਈ ਜੁਗਤ ਬਣਾ,
ਤਕ ਸੂਰਜ ਸਿਰ ‘ਤੇ ਚਮਕ ਰਿਹਾ –
ਨਾ ਨਜ਼ਰ ਚੁਰਾ, ਨਾ ਨਜ਼ਰ ਚੁਰਾ,
ਨਾ ਨਜ਼ਰ ਚੁਰਾ!!!
.............
ਕਵੀ: ਮੇਰੀ ਰਚਨਾ ਅੰਦਰ ਸੂਰਜ ਨਹੀਂ,
ਨਾ ਚਾਨਣ ‘ਤੇ ਵਿਸ਼ਵਾਸ ਕੋਈ!
ਚਾਨਣ ਵਿਚ ਸ਼ੀਸ਼ਾ ਤੱਕਾਂ, ਤਾਂ
ਮੈਂ ਆਵਾਜ਼ਾਂ ਵਿਚ ਟੁੱਟ ਜਾਵਾਂ:
..........
ਆਵਾਜ਼-2: ਤੂੰ ‘ਕੱਲਾ ਕਾਰਾ ਰਾਹੀ ਹੈਂ,
ਤੂੰ ਆਪਣੀ ਆਪ ਤਬਾਹੀ ਹੈਂ!
..........
ਆਵਾਜ਼-3: ਤੂੰ ਕੁਹਜਾ, ਅੰਦਰੋਂ ਮਧਰਾ ਹੈਂ,
ਤੂੰ ਸੱਖਣਾ, ਅਪ੍ਰਮਾਣਿਕ ਹੈਂ!
..........
ਆਵਾਜ਼-4: ਤੇਰੇ ਸਿਰ ‘ਤੇ ਪ੍ਰੇਤ ਦਾ ਸਾਇਆ ਹੈ,
ਤੂੰ ਸਵੈ ਨੂੰ ਹੀ ਅਪਣਾਇਆ ਹੈ!
...........
ਆਵਾਜ਼-1: ਇਸ ਨਗਰੀ ਤੇਰਾ ਮੀਤ ਨਹੀਂ,
ਇਸ ਨਗਰੀ ਤੇਰੀ ਪ੍ਰੀਤ ਨਹੀਂ!
ਨਾ ਮੰਜ਼ਿਲ, ਨਾ ਕੋਈ ਰਾਹ ਤੇਰਾ......
ਜਾ ਦੂਰ ਚਲਾ ਜਾ, ਦੂਰ ਚਲਾ ਜਾ,
ਦੂਰ ਚਲਾ ਜਾ!!!
...........
ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,
ਜਾਂ ਬੰਦ ਗਲ਼ੀ ਦੀਆਂ ਸੌੜਾਂ ਵਿਚ!
ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,
ਆਪਣੇ ਹੀ ਮਨ ਦੀਆਂ ਔੜਾਂ ਵਿਚ!
ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਮੈਂ ਕਿਸ ਨਗਰੀ ਵਿਚ ਭਟਕ ਰਿਹਾ??
ਮੈਂ ਕਿਸ ਨਗਰੀ ਵਿਚ ਭਟਕ ਰਿਹਾ???
1 comment:
Ravi ji di poem ashee lagee aa,kafee mehnat kardey han.
Davinder kaur
Post a Comment