ਸਫ਼ਰ ਕਰਕੇ ਪਹਾੜਾਂ, ਜੰਗਲਾਂ ਦਾ, ਮੌਸਮਾਂ ਦਾ,
ਕਿ ਸੁਕਦੇ ਜਾ ਰਹੇ ਹਰ ਬਿਰਖ਼ ਤਕ ਆਉਣਾ ਪਵੇਗਾ।
ਨਾ ਚਿਹਰਾ ਜ਼ਰਦ ਹੋ ਜਾਵੇ ਕਿਤੇ ਸਭ ਪੱਤਿਆਂ ਦਾ,
ਨਦੀ ਨੂੰ ਹੇਜ ਕਿੰਨਾ ਹੈ ਇਹ ਜਤਲਾਉਣਾ ਪਵੇਗਾ।
ਮੈਂ ਬੜੀਆਂ ਹੀ ਬਹਾਰਾਂ ਵੇਖੀਆਂ ਨੇ ਪਤਝੜਾਂ ਵੀ,
ਮਗਰ ਇਹ ਹਸ਼ਰ ਫੁਲ-ਕਲੀਆਂ ਦਾ ਪਹਿਲੀ ਵਾਰ ਤੱਕਿਆ,
ਲਹੂ ਰਗ-ਰਗ ਦਾ ਵੀ ਪਾਉਣਾ ਪਊ ਹੁਣ ਬੂਟਿਆਂ ਨੂੰ,
ਨਹੀਂ ਹੁਣ ਅਸ਼ਕ ਨੈਣਾਂ 'ਚੋਂ ਹੀ ਵਰਸਾਉਣਾ ਪਵੇਗਾ।
ਤੂੰ ਮੇਰੇ ਤੀਕ ਪਹੁੰਚਣ ਦੀ ਕੋਈ ਕੋਸ਼ਿਸ਼ ਨਾ ਕੀਤੀ,
ਮੈਂ ਤੈਨੂੰ ਚਾਹੁੰਦਾ ਹੋਇਆ ਵੀ ਕਦੇ ਵੀ ਮਿਲ ਨਾ ਸਕਿਆ,
ਨਾ ਮੁਮਕਿਨ ਹੈ ਅਸੀਂ ਖ਼ਾਬਾਂ 'ਚ ਵੀ ਮਿਲੀਏ ਕਦੀ ਹੁਣ,
ਅਗਰ ਮਿਲ ਵੀ ਪਏ ਤਾਂ ਬਹੁਤ ਸ਼ਰਮਾਉਣਾ ਪਵੇਗਾ।
ਤੁਲੇ ਨੇ ਸ਼ੀਸ਼ਿਆਂ ਦਾ ਵੀ ਉਹ ਪਾਣੀ ਪੀਣ ਉੱਤੇ,
ਬਚਾਉਣੇ ਪੈਣਗੇ ਦਰਿਆ ਇਨ੍ਹਾਂ ਦੀ ਪਿਆਸ ਕੋਲੋਂ,
ਬੜਾ ਕੁਝ ਮਛਲੀਆਂ ਤਾਈਂ ਵੀ ਸਮਝਾਉਣਾ ਪਵੇਗਾ।
ਨਾ ਤਾਰਾਂ ਢਿੱਲੀਆਂ ਸਨ,ਨਾ ਪੁਰਾਣਾ ਸਾਜ਼ ਹੀ ਸੀ,
ਮਗ਼ਰ ਫਿਰ ਵੀ ਕੋਈ ਸਰਗਮ ਨਹੀਂ ਸੁਰਜੀਤ ਹੋਈ,
ਬਦਲ ਕੇ ਵੇਖ ਚੁੱਕੇ ਹਾਂ ਬਥੇਰੇ ਸਾਜ਼ ਹੁਣ ਤਕ,
ਸਜ਼ਿੰਦੇ ਸਿਰ ਹੀ ਕੋਈ ਦੋਸ਼ ਹੁਣ ਲਾਉਣਾ ਪਵੇਗਾ।
1 comment:
Dadar de ehsas te shabad chon khoobsurat hai. Usdi navin pustak nu ji aayan.
Post a Comment