ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 8, 2012

ਅਲਵਿਦਾ ਸੁਭਾਸ਼ ਕਲਾਕਾਰ ਸਾਹਿਬ – ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ



ਅਲਵਿਦਾ ਸੁਭਾਸ਼ ਕਲਾਕਾਰ ਸਾਹਿਬ....
..ਸੁਭਾਸ਼ ਦੀਆਂ ਗ਼ਜ਼ਲਾਂ ਵਿਚ ਅਹਿਸਾਸ ਦੀ ਸ਼ਿੱਦਤ ਹੈ ....ਪਿਆਰ ਦੇ ਜਜ਼ਬੇ ਵਿਚ ਤੀਖਣਤਾ ਹੈ..... ਉਸ ਨੇ ਕਦੇ ਦਾਅਵਾ ਨਹੀਂ ਕੀਤਾ ਕਿ ਉਸ ਨੇ ਕਈ ਮੰਜ਼ਿਲਾਂ ਤੈਅ ਕਰ ਲਈਆਂ ਹਨ..ਉਹ ਤਾਂ ਪਾਂਧੀ ਹੈ ਅਜੇ ਤੀਕ ਉਸ ਰਸਤੇ ਦਾ ਜਿਸ ਉੱਤੇ ਮਹਿਬੂਬ ਦੇ ਪੈਰਾਂ ਦੇ ਨਿਸ਼ਾਨ ਹਨ... ਨਰਿੰਜਨ ਤਸਨੀਮ
................
ਦੋਸਤੋ! ਫੇਸਬੁੱਕ ਤੋਂ ਪ੍ਰਾਪਤ ਖ਼ਬਰ ਅਨੁਸਾਰ ਪੰਜਾਬੀ ਦੇ ਸਮਰੱਥ ਗ਼ਜ਼ਲਗੋ ਸੁਭਾਸ਼ ਕਲਾਕਾਰ ਸਾਹਿਬ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਣ ਲੁਧਿਆਣਾ ਵਿਖੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਹ ਸੱਠ ਵਰ੍ਹਿਆਂ ਦੇ ਸਨ। ਉਹਨਾਂ ਦੇ ਤਿੰਨ ਗ਼ਜ਼ਲ-ਸੰਗ੍ਰਹਿ ਸ਼ਾਮ ਦੇ ਦੀਵੇ ( 1992 ), ਮੈਂ ਮੁਹਾਜਿਰ ਹਾਂ ( 2005 ) ਅਤੇ  ਸਬਜ਼ ਰੁੱਤ ਛਪ ਚੁੱਕੇ ਹਨ।  ਉਹਨਾਂ ਦਾ ਗ਼ਜ਼ਲ-ਸੰਗ੍ਰਹਿ ਮੈਂ ਮੁਹਾਜਿਰ ਹਾਂ ਦਵਿੰਦਰ ਪੂਨੀਆ ਵੀਰ ਨੇ ਮੈਨੂੰ ਪੜ੍ਹਨ ਲਈ ਦਿੱਤਾ ਸੀ, ਉਸੇ ਸੰਗ੍ਰਹਿ ਵਿਚੋਂ ਚੰਦ ਖ਼ੂਬਸੂਰਤ ਗ਼ਜ਼ਲਾ ਅੱਜ ਦੀ ਪੋਸਟ ਵਿਚ ਸ਼ਾਮਿਲ ਕਰਕੇ ਮੈਂ ਕਲਾਕਾਰ ਹੁਰਾਂ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਂਜਲੀ ਭੇਟ ਕਰ ਰਹੀ ਹਾਂ... ਅਲਵਿਦਾ ਕਲਾਕਾਰ ਸਾਹਿਬ ....
======

ਗ਼ਜ਼ਲ
ਰਾਤਾਂ ਕੋਲ਼ੋਂ ਕਿਉਂ ਪੁੱਛਾਂ ਮੈਂ, ਕਿੰਨੀ ਦੂਰ ਉਜਾਲੇ ਨੇ। 
ਸਿਰ ਤੇ ਆਈਆਂ ਨੇ ਤਿਰਕਾਲਾਂ, ਤਾਂ ਮੈਂ ਦੀਵੇ ਬਾਲ਼ੇ ਨੇ। 

ਸ਼ਾਇਦ ਇਹਨਾਂ ਰਾਤਾਂ ਵਿਚ ਹੀ ਸ਼ਾਮਿਲ ਹੈ ਸ਼ਬਰਾਤ ਕਿਤੇ, 
ਜਿੰਨੀ ਦੂਰ ਬਸਾਰਤ ਸਾਡੀ, ਓਨੀ ਦੂਰ ਉਜਾਲੇ ਨੇ। 

ਸ਼ਹਿਰ ਲੁਹਾਰਾਂ, ਯਾਰ ਸਰਾਫ਼ਾ ਸਭ ਪਿੱਛੇ ਛੱਡ ਆਇਆ ਤਾਂ, 
ਖੁਲ੍ਹ ਜਾ ਸਿਮ-ਸਿਮ ਆਖਦਿਆਂ ਹੀ ਬੂਹੇ ਖੁੱਲ੍ਹਣ ਵਾਲ਼ੇ ਨੇ। 

ਇਹ ਇਕ ਤਰਫ਼ਾ ਰਸਮ ਵਫ਼ਾ ਦੀ, ਉਲਫ਼ਤ ਦਾ ਦਸਤੂਰ ਨਹੀਂ, 
ਤੇਰਾ ਘਰ ਵੀ ਦੂਰ ਬੜਾ ਹੈ ਪੈਰਾਂ ਵਿਚ ਵੀ ਛਾਲੇ ਨੇ। 

ਦਹਿਲੀਜ਼ਾਂ ਤੇ ਮਹਿਰਾਬਾਂ ਦਾ ਆਪਸ ਵਿਚ ਇਹ ਰਿਸ਼ਤਾ ਹੈ, 
ਸੱਜਣ ਦੁਸ਼ਮਣ ਦੋਹਾਂ ਰਲ਼ ਕੇ ਮੇਰੇ ਐਬ ਉਛਾਲ਼ੇ ਨੇ। 
======= 
ਗ਼ਜ਼ਲ
ਚਲੋ ਇਕ ਵਾਰ ਫਿਰ ਤੋਂ ਪਿਆਰ ਕਰ ਕੇ ਵੇਖਦੇ ਹਾਂ।
ਅਗਰ ਮੰਝਧਾਰ ਹੈ ਤਾਂ ਪਾਰ ਕਰ ਕੇ ਵੇਖਦੇ ਹਾਂ।

ਮੁਹੱਬਤ ਜ਼ਿੰਦਗੀ ਹੈ ਤਾਂ ਬਜ਼ਾਹਿਰ ਜ਼ਿੰਦਗੀ ਖ਼ਾਤਿਰ,
ਤਮਾਸ਼ਾ ਇਹ ਵੀ ਆਖ਼ਿਰਕਾਰ ਕਰ ਕੇ ਵੇਖਦੇ ਹਾਂ।

ਜ਼ਮਾਨਾ-ਸਾਜ਼ ਹੈ ਤਾਂ ਸਾਹਮਣੇ ਆਏ ਜ਼ਮਾਨੇ ਦੇ,
ਜ਼ਰਾ ਉਸ ਨਾਲ਼ ਵੀ ਦੋ ਚਾਰ ਕਰ ਕੇ ਵੇਖਦੇ ਹਾਂ।

ਦਿਲਾਂ ਦੇ ਸ਼ੀਸ਼ਿਆਂ ਦੇ ਵਾਸਤੇ ਪੱਥਰ ਨਹੀਂ ਮਿਲ਼ਦਾ,
ਮਸੀਹਾ ਹੈ ਤਾਂ ਫਿਰ ਦੀਦਾਰ ਕਰ ਕੇ ਵੇਖਦੇ ਹਾਂ।

ਬਖ਼ੂਬੀ ਜਾਣਦੇ ਹਾਂ ਓਸ ਦੀ ਝੂਠੀ ਕਹਾਣੀ ਵੀ,
ਮਗਰ ਫਿਰ ਓਸ
ਤੇ ਇਤਬਾਰ ਕਰ ਕੇ ਵੇਖਦੇ ਹਾਂ।

ਭਲਾ ਪਾਣੀ
ਤੇ ਸੋਟਾ ਮਾਰਿਆਂ ਪਾਣੀ ਜੁਦਾ ਹੁੰਦੈ,
ਅਗਰ ਇਹ ਸੱਚ ਹੈ, ਤਾਂ ਵਾਰ ਕਰ ਕੇ ਵੇਖਦੇ ਹਾਂ।

ਅਗਰ ਇਹ ਨਾਗ ਹੈ ਤਾਂ ਨਾਗ ਵੀ ਤਾਂ ਦੇਵਤਾ ਹੀ ਹੈ,
ਮੁਸੀਬਤ ਨੂੰ ਗਲ਼ੇ ਦਾ ਹਾਰ ਕਰ ਕੇ ਵੇਖਦੇ ਹਾਂ।
=====
ਗ਼ਜ਼ਲ
ਮੁਸ਼ਕਲਾਂ ਦੇ ਘਰ
ਚ ਵੀ ਕੁਝ ਥਾਂ ਬਣਾ ਲੈਂਦੇ ਨੇ ਲੋਕ।
ਗ਼ਮ ਹਜ਼ਾਰਾਂ ਹੋਣ ਭਾਵੇਂ ਮੁਸਕਰਾ ਲੈਂਦੇ ਨੇ ਲੋਕ।

ਹਰ ਜਗਹ ਲਾਗੂ ਨਹੀਂ ਹੁੰਦਾ ਅਸੂਲਾਂ ਦਾ ਨਿਜ਼ਾਮ,
ਲੋੜ ਵੇਲ਼ੇ ਗ਼ੈਰ ਨੂੰ ਆਪਣਾ ਬਣਾ ਲੈਂਦੇ ਨੇ ਲੋਕ।

ਜੇ ਕਿਸੇ ਦਾ ਦਿਲ ਦੁਖਾਇਆਂ ਮਿਲ਼ ਨਹੀਂ ਸਕਦੀ ਖ਼ੁਸ਼ੀ,
ਜ਼ਖ਼ਮ ਆਪਣੇ ਹੀ ਦੁਖਾ ਕੇ ਖ਼ੁਦ ਮਜ਼ਾ ਲੈਂਦੇ ਨੇ ਲੋਕ।

ਦੋਸਤਾਂ ਦੀ ਮੌਤ, ਤੇ ਤਾਂ ਰੋ ਨਹੀਂ ਸਕਦੇ ਮਗਰ,
ਦੁਸ਼ਮਣਾਂ ਦੀ ਮੌਤ
ਤੇ ਮਾਤਮ ਮਨਾ ਲੈਂਦੇ ਨੇ ਲੋਕ।

ਲੋੜ ਵੇਲ਼ੇ ਇਹ ਬੁਰੇ ਦਾ ਲੜ ਨਹੀਂ ਛੱਡਦੇ ਮਗਰ,
ਲੋੜ ਵੇਲ਼ੇ ਇਹ ਭਲੇ ਤੋਂ ਲੜ ਛੁਡਾ ਲੈਂਦੇ ਨੇ ਲੋਕ।
======
ਗ਼ਜ਼ਲ
ਅੱਗੇ ਕ਼ਦਮ ਵਧਾਏ ਹਾਏ! ਫਿਸਲ ਗਏ।
ਰਸਤਾ ਦੱਸਣ ਵਾਲ਼ੇ ਰਸਤੇ ਬਦਲ ਗਏ।

ਘਰਾਂ ਵਾਲ਼ਿਓ! ਵੇਖੋ ਇਹ ਖ਼ਾਨਾਬਦੋਸ਼,
ਕਿੱਥੋਂ, ਕਿੱਥੇ ਆਏ, ਕਿੱਥੇ ਨਿਕਲ ਗਏ।

ਐ ਹਮਸਫ਼ਰੋ! ਏਸ ਹੁਨਰ ਦੀ ਦਾਦ ਦਿਉ,
ਥਿੜਕੇ ਵੀ ਤੇ ਡਿੱਗੇ ਵੀ ਪਰ, ਸੰਭਲ ਗਏ।

ਏਸ ਨਦੀ ਵਿਚ ਫਿਰ ਵੀ ਹਲਚਲ ਵੇਖੀ ਹੈ,
ਭਾਵੇਂ ਮਗਰਮੱਛ ਹੀ ਸਭ ਕੁਝ ਨਿਗਲ ਗਏ।

ਕਿੱਥੇ ਹੈ ਅਕਾਸ਼ ਗੰਗਾ! ਇਹ ਵੇਖਾਂਗੇ,
ਜੇ ਧਰਤੀ ਅਕਾਸ਼ ਹੀ ਧੂੰਆਂ ਉਗਲ ਗਏ।

ਵੇਖੋ ਯਾਰੋ ਬਰਫ਼ ਕਦੋਂ ਇਹ ਪਿਘਲ਼ੇਗੀ,
ਸੁਣਦੇ ਆਏ ਹਾਂ ਕਿ ਪੱਥਰ ਪਿਘਲ ਗਏ।

ਯਾਰ ਤੁਸੀਂ ਕੀ ਮਾਰਿਆਂ ਸਾਨੂੰ ਸਿਰ ਪਰਨੇ,
ਵੇਖ ਅਸੀਂ ਵੀ ਗੇਂਦ ਵਾਂਗਰਾਂ ਉਛਲ਼ ਗਏ।

2 comments:

सुभाष नीरव said...

सुभाष कलाकार जी ने मेरी विनम्र श्रद्धांजलि !

Darshan Darvesh said...

आरसी के योगदान को भुलाना सुखा नहीं | हर तरफ सार्थिक भूमिका है |