ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 5, 2013

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ- ਨਜ਼ਮਾਂ - ਭਾਗ ਚੌਥਾ



ਆਰਸੀ ਤੇ ਖ਼ੁਸ਼ਆਮਦੇਦ ਪਰਮਿੰਦਰ ਸੋਢੀ ਨਜ਼ਮਾਂ ਭਾਗ ਚੌਥਾ
=====
ਸੂਰਜ
ਨਜ਼ਮ

ਮੈਂ ਸਫ਼ਰ
ਤੇ ਸੀ
ਮੈ ਸਫ਼ਰ
ਤੇ ਹਾਂ
ਇਕ ਸੂਰਜ ਮੇਰੇ ਨਾਲ਼ ਸੀ
ਇਕ ਸੂਰਜ ਮੇਰੇ ਨਾਲ਼ ਹੈ

ਬਚਪਨ ਮੇਰੀ ਸਵੇਰ ਸੀ
ਜਵਾਨੀ ਮੇਰੀ ਦੁਪਹਿਰ ਹੈ
ਭਵਿੱਖ ਮੇਰੀ ਸ਼ਾਮ ਹੈ
ਪਰ ਸੂਰਜ ਮੇਰੇ ਨਾਲ਼ ਹੈ....

ਨਦੀਆਂ ਦੇ ਕਿਨਾਰਿਆਂ ਕੰਢੇ
ਜੰਗਲਾਂ ਦੇ ਗੁੰਮਨਾਮ ਰਸਤਿਆਂ
ਤੇ
ਪਰਬਤਾਂ ਦੀਆਂ ਅਣਜਾਣ ਸਿਖ਼ਰਾਂ
ਤੇ
ਨਵੇਂ ਪੁਰਾਣੇ ਸ਼ਹਿਰਾਂ ਦੇ
ਭੀੜ ਭਰੇ ਬਾਜ਼ਾਰਾਂ ਵਿਚ
ਮੈਂ ਮੀਲਾਂ ਤੱਕ ਭਟਕਦਾ ਰਿਹਾ

ਮੈਂ ਵਾਰ ਵਾਰ, ਯਾਰਾਂ ਦੀ ਮਹਿਫ਼ਲ

ਕਿਸੇ ਖ਼ੁਸ਼ਨੁਮਾ ਖ਼ਬਰ ਵਾਂਗ ਗਿਆ
ਤੇ ਹਰ ਵਾਰ
ਕਿਸੇ ਅਣਚਾਹੇ ਪੀੜਤ ਹਾਦਸੇ ਸੰਗ ਮੁੜਿਆ

ਇਕ ਸੂਰਜ ਮੇਰੇ ਨਾਲ਼ ਸੀ
ਇਕ ਸੂਰਜ ਮੇਰੇ ਨਾਲ਼ ਹੈ

ਮੈਂ ਸਾਲਾਂ ਦੇ ਸਾਲ
ਖ਼ਾਲੀ ਰਾਹਾਂ
ਤੇ ਬੈਠਿਆ ਰਿਹਾ
ਮੈਂ ਮਹੀਨਿਆਂ ਦੇ ਮਹੀਨੇ
ਡਾਕਖ਼ਾਨਿਆਂ ਦੇ ਬਾਹਰ ਅੜਿਆ ਰਿਹਾ

ਦੇਰ ਰਾਤ ਤੱਕ ਪ੍ਰਦੇਸੀ
ਸੜਕਾਂ, ਗਲ਼ੀਆਂ ਤੇ ਬਾਜ਼ਾਰਾਂ

ਦਿਸ਼ਾਹੀਣ ਫਿਰਦਾ ਰਿਹਾ
ਜਿਹੜੇ ਵੀ ਦਰਵਾਜ਼ੇ ਤੱਕ ਗਿਆ
ਉੱਥੇ ਮੇਰਾ ਇੰਤਜ਼ਾਰ ਨਹੀਂ ਸੀ

ਮੈਂ ਸਫ਼ਰ
ਤੇ ਸੀ, ਮੈ ਸਫ਼ਰ ਤੇ ਹਾਂ
ਸੂਰਜ ਮੇਰੇ ਨਾਲ਼ ਸੀ
ਸੂਰਜ ਮੇਰੇ ਨਾਲ਼ ਹੈ
======
ਪਿਤਾ ਦੇ ਬੀਤਣ
ਤੇ
ਨਜ਼ਮ
ਤੇਰੇ ਮੱਥੇ ਵੱਲ
ਮੈਂ ਜਦ ਵੀ ਵੇਖਿਆ
ਇਕ ਸੂਰਜ ਦੀ ਅੱਖ
ਚ ਵੇਖਿਆ
ਤੇ ਸੂਰਜ ਦੀ ਅੱਖ
ਚ ਵੇਖਣਾ
ਏਨਾ ਸੌਖਾ ਨਹੀਂ ਹੁੰਦਾ
ਸੋ ਮੈਂ ਜਦ ਵੀ
ਸੂਰਜ ਦੀ ਅੱਖ
ਚ ਵੇਖਿਆ
ਸੂਰਜ ਦੀ ਛਾਂ ਹੇਠ ਵੇਖਿਆ

ਤੇਰਾ ਤੁਰ ਜਾਣਾ
ਤੇ ਕਦੇ ਨਾ ਪਰਤਣ ਲਈ
ਤੁਰ ਜਾਣਾ-

ਮੇਰੇ ਮੱਥੇ ਵਿਚਲਾ ਸੂਰਜ
ਤੇ ਰੂਬਰੂ ਛਾਂ ਵਿਹੂਣਾ ਮੈਂ
ਮਾਰੂਥਲ ਦੀ ਦੁਪਹਿਰ

ਇਕ ਮੋਮੀ ਵਜੂਦ
ਸ਼ਹਿਰ ਦੀ ਕਿਸੇ ਨੁੱਕਰ

ਬਸ ਉਡੀਕਦਾ
ਬਾਜ਼ਾਰ ਦੀ ਭੀੜ
ਚੋਂ
ਹਾਰੇ ਨਾਇਕ ਵਾਂਗ ਗੁਜ਼ਰਦਾ
ਨਾ ਪਰਤਣ ਵਾਲ਼ੀ
ਮੁਹੱਬਤ ਨੂੰ ਯਾਦ ਕਰਦਾ
ਆਪਣੀ ਹੋਂਦ ਦੇ ਵਾਪਰਨ-ਛਿਣ ਦੇ
ਉਰਲੇ ਕਿਨਾਰੇ ਤੋਂ ਵਾਪਸ ਪਰਤਦਾ
ਮੇਰਾ ਵਜੂਦ ਹਰ ਪਲ
ਇਕ ਸੂਰਜ ਦੀ ਦਰਸ਼ਕ ਅੱਖ ਦਾ
ਪਾਰਦਰਸ਼ੀ ਪਾਤਰ ਹੁੰਦਾ ਹੈ

ਤੇਰੇ ਮੱਥੇ ਵੱਲ
ਮੈਂ ਜਦ ਵੀ ਵੇਖਿਆ
ਇਕ ਸੂਰਜ ਦੀ ਅੱਖ
ਚ ਵੇਖਿਆ
ਇਕ ਬੇਕ਼ਾਬੂ ਅੱਗ ਨੂੰ ਵੇਖਿਆ

ਤੂੰ, ਤੇਰਾ ਮੱਥਾ ਤੇ ਸੂਰਜ ਦੀ ਅੱਖ
ਮੈਂ , ਮੇਰੀ ਅੱਖ ਤੇ ਮੇਰੀ ਸਮਝ
ਜ਼ਿੰਦਗੀ ਦੇ ਦੋ ਸਿਰੇ ਹਨ

ਮੈਂ ਆਖ਼ਿਰੀ ਵਕ਼ਤ ਤੱਕ
ਆਪਣੀ ਗੰਡੋਏ ਵਰਗੀ ਚਾਲ ਦਾ
ਆਪਣੀ ਅੱਖ ਦੇ ਟੀਰੇਪਣ ਦਾ
ਆਪਣੀ ਸਮਝ ਤੇ ਅਦਨੇਪਨ ਦਾ
ਸਰਾਪਿਆ
ਤੇਰੇ ਮੱਥੇ ਦੀ ਅਸੀਮਤਾ ਨੂੰ
ਤੇ ਸੂਰਜ ਦੀ ਅੱਖ ਦੀ ਡੂੰਘਾਈ ਨੂੰ
ਆਪਣੇ ਲਘੂ ਪੈਮਾਨਿਆਂ ਨਾਲ਼
ਨਾਪਣ ਦੀ ਕੋਸ਼ਿਸ਼ ਕਰਦਾ ਰਿਹਾ

ਮੈਂ ਆਖ਼ਰੀ ਵਕ਼ਤ ਤੱਕ....

No comments: