ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 5, 2013

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ - ਨਜ਼ਮਾਂ - ਭਾਗ ਤੀਜਾ



ਆਰਸੀ ਤੇ ਖ਼ੁਸ਼ਆਮਦੇਦ ਪਰਮਿੰਦਰ ਸੋਢੀ ਨਜ਼ਮਾਂ ਭਾਗ ਤੀਜਾ
======
ਤੇਰੇ ਬਹਾਨੇ
ਨਜ਼ਮ

ਸ਼ਾਮ ਦੇ ਪਰਦੇ
ਤੇ
ਤੇਰੀ ਮੁਸਕਾਨ ਦੇ ਛਿੱਟੇ ਆਣ ਪਏ
ਮੇਰਾ ਵਜੂਦ ਵਕ਼ਤ ਦੇ ਪਰਾਂ
ਤੇ
ਧੱਬੇ ਵਾਂਗ ਫੈਲ ਗਿਆ....

ਮੋਹ ਦਾ ਇਕ ਪੱਲਾ
ਮੇਰੇ ਹੱਥਾਂ ਵਿਚ ਸੀ
ਦੂਜਾ ਤੇਰੇ ਬੁੱਲ੍ਹਾਂ ਦੇ
ਗੁਲਾਬੀ ਰੰਗ
ਤੇ....

ਸੁਪਨੇ ਦੀ ਮਹੀਨ ਚਾਦਰ ਦਾ
ਇਕ ਸਿਰਾ
ਤੇਰੀ ਕੋਮਲ ਆਵਾਜ਼
ਚ ਲਹਿਰਾਇਆ
ਦੂਜਾ ਮੇਰੀ ਛਾਤੀ ਨੇ ਸਾਂਭ ਲਿਆ....

ਤੇਰੀ ਅੱਖ
ਚੋਂ ਉੱਡਿਆ ਸੀ
ਜਿਹੜਾ ਇਕ ਉਕ਼ਾਬ
ਮੇਰੀ ਹਿੱਕੜੀ
ਚ ਡੁਬਕੀ ਮਾਰ ਗਿਆ....

ਤੇਰੀ ਤੇ ਮੇਰੀ ਛਾਤੀ ਨੂੰ
ਜੋੜ ਰਹੀ ਸੀ
ਨਿੱਘ ਦੀ ਇਕ ਅਕਾਸ਼ ਗੰਗਾ....

ਤੇਰੇ ਬਹਾਨੇ
ਮੈਂ ਅਣਡਿੱਠ ਦੇ ਉਸ ਪਾਰ
ਜਾ ਉਤਰਦਾ ਹਾਂ....

ਚੋਰਾਂ ਤੇ ਸੂਫ਼ੀਆਂ
ਠੱਗਾਂ ਤੇ ਭਿਖੂਆਂ ਸੇ
ਸਾਂਝੇ ਸ਼ਹਿਰ...
======
ਨੇੜੇ-ਦੂਰ
ਨਜ਼ਮ

ਤੂੰ ਮੇਰੇ ਇੰਨੀ ਕੋਲ਼
ਜਿੰਨਾ ਤਨ ਮਨ ਮੇਰੇ ਨੇੜੇ ਹੈ

ਮੇਰੇ ਤੇਰੇ ਤੋਂ ਇੰਨਾ ਦੂਰ
ਜਿੰਨਾ ਮਾਰੂਥਲ ਤੋਂ ਸਾਗ਼ਰ....

ਤੂੰ ਮੇਰੇ ਇੰਨੀ ਪਾਸ
ਜਿੰਨਾ ਬੱਚੇ ਨੂੰ ਮਾਂ ਦਾ ਅਹਿਸਾਸ

ਮੈਂ ਤੈਥੋਂ ਇੰਨਾ ਦੂਰ
ਜਿੰਨਾ ਪਰਦੇਸ ਗਏ ਨੂੰ ਆਪਣਾ ਦੇਸ.....

ਤੂੰ ਮੇਰੇ ਇੰਨੀ ਨਜ਼ਦੀਕ
ਜਿੰਨੀ-
ਪੰਛੀ ਕੋਲ਼ ਪਰਵਾਜ਼
ਮੀਂਹ ਕੋਲ਼ ਬੂੰਦ
ਬਿਰਖ਼ਾਂ ਕੋਲ਼ ਹਰਿਆਲੀ
ਤੇ ਬੁੱਧ ਕੋਲ਼ ਹੋਸ਼....

ਮੈਂ ਤੈਥੋਂ ਇੰਨਾ ਦੂਰ
ਜਿੰਨਾ
ਧਰਤੀ ਤੋਂ ਤਾਰੇ
ਪਾਣੀ ਤੋਂ ਪਿਆਸ
ਅਮਨਾਂ ਤੋਂ ਜੰਗ
ਤੇ ਹਓਮੈ ਤੋਂ ਹੋਸ਼....

ਤੂੰ ਮੇਰੇ ਕੋਲ਼ ਕੋਲ਼
ਮੈਂ ਤੈਥੋਂ ਦੂਰ ਦੂਰ
ਇੱਕੋ ਦਿਨ ਇੱਕੋ ਮੁਲਾਕ਼ਾਤ
ਤੇ ਇੱਕੋ ਰਿਸ਼ਤੇ ਦੀ ਧਰਤੀ
ਤੇ
ਵਾਪਰਦੇ ਨੇ ਕਈ ਵਾਰ
ਇਸ ਤਰ੍ਹਾਂ ਦੇ ਆਪਾ-ਵਿਰੋਧ....

ਤੂੰ ਮੈਂ ਨੇੜੇ ਦੂਰ
ਕੋਲ਼ ਕੋਲ਼ ਦੂਰ ਦੂਰ
=====
ਉਹ ਪਲ
ਨਜ਼ਮ

ਮਹਾਂਨਗਰ ਦੀ ਰਾਤ ਸੀ
ਪਾਲ਼ੇ ਦੀ ਵਰਖਾ ਹੇਠ
ਖੜ੍ਹੀ ਭਿੱਜ ਰਹੀ ਸੀ
ਉਹ ਸੋਹਣੀ ਕੁੜੀ

ਤੁਡੀਕ ਸੀ ਕਰ ਰਹੀ
ਉਹ ਕਿਸ ਦੀ..?

ਮੇਰੀ!

ਕੀ ਇਸ ਤੋਂ ਸੋਹਣੀ
ਘਟਨਾ ਵੀ ਹੁੰਦੀ ਹੈ ਕਿਤੇ
ਕੀ ਇਸ ਤੋਂ ਸੋਹਣੀ
ਕਵਿਤਾ ਵੀ ਹੁੰਦੀ ਹੈ ਕਿਤੇ

ਕਿਤੇ ਇਹ ਵੀ
ਉਹ ਛਿਣ ਤਾਂ ਨਹੀਂ
ਖੁੱਲ੍ਹਦਾ ਹੈ ਜੋ ਵਾਰੀ ਵਾਂਗ
ਅਕਾਲ ਵੱਲ, ਅਨੰਤ ਵੱਲ

ਲਗਦਾ ਹੈ ਮੈਨੂੰ
ਇੱਥੋਂ ਹੀ ਪੁੰਗਰਦਾ ਹੈ
ਬੋਧੀ ਬਿਰਖ਼

ਤੇ ਏਥੋਂ ਹੀ ਸ਼ੁਰੂ ਹੋਵੇਗੀ
ਇਕ ਯਾਤਰਾ
ਨਿਰਵਾਣ ਵੱਲ
======
ਤੂੰ ਮਿਲ਼ੀ ਵੀ ਤਾਂ...
ਨਜ਼ਮ

ਤੂੰ ਮਿਲ਼ੀ ਵੀ ਤਾਂ ਕਦੋਂ ਮਿਲ਼ੀ
ਜਦੋਂ ਦਰਿਆ ਠਹਿਰ ਰਹੇ ਸਨ
ਹਵਾਵਾਂ, ਚੁੱਪ ਦੀ ਸਮਾਧੀ ਵਿਚ ਉੱਤਰ ਆਈਆਂ ਸਨ

ਮੈਂ ਤੇਰੇ ਅਨੰਤ ਅਨੰਤ ਸਫ਼ਰ ਵਿਚ
ਪਲ ਦੋ ਪਲ ਲਈ
ਹਮ-ਪਰਵਾਜ਼ ਹੋਣ ਦੀ ਤਾਂਘ ਲੈ ਕੇ
ਤੇਰੇ ਕੋਲ਼ ਆ ਬੈਠਾ ਸਾਂ

ਤੂੰ ਕਿਹਾ-
ਜਾ ਮੁੜ ਜਾ!
ਮੈਥੋਂ ਮੁੜ ਵੀ ਨਾ ਹੋਇਆ

ਤੂੰ ਕਿਹਾ-
ਜਾ ਉੱਡ ਜਾ!
ਮੈਥੋਂ ਉੱਡ ਵੀ ਨਾ ਹੋਇਆ

ਫਿਰ ਪਤਾ ਨਹੀਂ
ਉਹ ਤੇਰਾ ਸਰਾਪ ਸੀ ਜਾਂ ਵਰ
ਮੈਂ ਉਸ ਛਿਣ
ਪੱਥਰ ਦੇ ਬੁੱਤ ਵਿਚ ਬਦਲ ਗਿਆ...
=====
ਸੰਵਾਦ
2
ਨਜ਼ਮ

ਮੈਂ ਕਿਹਾ-
ਜਿਉਣ ਲਈ
ਇਹ ਪਲ ਹੀ ਕਾਫ਼ੀ ਹੈ...


ਉਸ ਕਿਹਾ-
ਤੇਰੇ ਅਤੀਤ
ਜ਼ਰੂਰ ਕੁਝ ਕਾਲ਼ਾ ਹੈ..


ਮੈਂ ਕਿਹਾ-
ਮੈਨੂੰ ਤੇਰੀ
ਪਰਵਾਜ਼ ਨਾਲ਼ ਮੁਹੱਬਤ ਹੈ...


ਉਸ ਕਿਹਾ-
ਮੇਰੇ ਪਰਾਂ ਵੱਲ
ਮੈਲ਼ੀ ਨਜ਼ਰ ਨਾਲ਼ ਨਾ ਵੇਖ...


ਮੈਂ ਕਿਹਾ-
ਫੁੱਲਾਂ, ਰੰਗਾਂ
ਤਿਤਲੀਆਂ ਦਾ ਜਸ਼ਨ ਜਾਰੀ ਹੈ..


ਉਸ ਕਿਹਾ-
ਇਹ ਸਭ ਛੱਡ
ਆਉਣ ਵਾਲ਼ੀ ਪੱਤਝੜ ਦਾ ਫ਼ਿਕਰ ਕਰ...

======

No comments: