ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 5, 2013

ਆਰਸੀ 'ਤੇ ਖ਼ੁਸ਼ਆਮਦੇਦ - ਜਨਾਬ ਪਰਮਿੰਦਰ ਸੋਢੀ ਸਾਹਿਬ - ਨਜ਼ਮਾਂ - ਭਾਗ ਪਹਿਲਾ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਪਰਮਿੰਦਰ ਸੋਢੀ
ਅਜੋਕਾ ਨਿਵਾਸ: ਓਸਾਕਾ, ਜਾਪਾਨ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਉਤਸਵ, ਤੇਰੇ ਜਾਣ ਤੋਂ ਬਾਦ, ਇਕ ਚਿੜੀ ਤੇ ਮਹਾਂਨਗਰ, ਸਾਂਝੇ ਸਾਹ ਲੈਂਦਿਆਂ, ਝੀਲ ਵਾਂਗ ਰੁਕੋ, ਪੱਤੇ ਦੀ ਮਹਾਯਾਤਰਾ ( ਸਮੁੱਚੀ ਸ਼ਾਇਰੀ ਹਿੰਦੀ ਅਤੇ ਗੁਰਮੁਖੀ ਵਿਚ ) ਅਨੁਵਾਦ: ਆਧੁਨਿਕ ਜਾਪਾਨੀ ਕਹਾਣੀਆਂ, ਸੱਚਾਈਆਂ ਦੇ ਆਰ-ਪਾਰ, ਚੀਨੀ ਦਰਸ਼ਨ
ਤਾਓਵਾਦ, ਜਾਪਾਨੀ ਹਾਇਕੂ ਸ਼ਾਇਰੀ, ਧੱਮਪਦ, ਗੀਤਾ, ਅਜੋਕੀ ਜਾਪਾਨੀ ਕਵਿਤਾ, ਸੰਪਾਦਨਾ ਸੰਸਾਰ ਪ੍ਰਸਿੱਧ ਮੁਹਾਵਰੇ,  ਵਾਰਤਕ: ਰੱਬ ਦੇ ਡਾਕੀਏ, ਅਤੇ ਅਜੋਕੀ ਜਾਪਾਨੀ ਕਵਿਤਾ ( ਮਾਸਿਕ ਅੱਖਰ ਦਾ ਵਿਸ਼ੇਸ਼ ਅੰਕ ) ਛਪ ਚੁੱਕੀਆਂ ਹਨ। ਹਾਲ ਹੀ ਵਿਚ ਸੋਢੀ ਸਾਹਿਬ ਦਾ ਨਵਾਂ ਕਾਵਿ-ਸੰਗ੍ਰਹਿ ਪਲ ਛਿਣ ਜੀਣਾ ਪ੍ਰਕਾਸ਼ਿਤ ਹੋਇਆ ਹੈ।
------
ਦੋਸਤੋ! ਕੁਝ ਮਹੀਨੇ ਪਹਿਲਾਂ ਸੋਢੀ ਸਾਹਿਬ ਦੀ ਸਮੁੱਚੀ ਸ਼ਾਇਰੀ ਦਾ ਸੰਗ੍ਰਹਿ
ਪੱਤੇ ਦੀ ਮਹਾਯਾਤਰਾ ਆਰਸੀ ਲਈ ਪਹੁੰਚਿਆ ਸੀ। ਜਿਸ ਨੂੰ ਪੜ੍ਹਨ ਅਤੇ ਹਰਫ਼-ਹਰਫ਼ ਮਾਨਣ ਉਪਰੰਤ ( ...ਤੇ ਹਾਂ.... ਇਹ ਕਿਤਾਬ ਮੈਂ ਪੂਰੇ ਤਿੰਨ ਵਾਰ ਪੜ੍ਹੀ ਹੈ ) ਮੈਂ ਇਕ ਲੇਖ ਵਿਚ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪ੍ਰਗਟਾਏ ਸਨ....
-------
".....ਬੀਤੇ ਦਿਨੀਂ ਪਰਮਿੰਦਰ ਸੋਢੀ ਦੀ ਕਿਤਾਬ ਪੱਤੇ ਦੀ ਮਹਾਯਾਤਰਾ ਪੜ੍ਹਦਿਆਂ ਉਸਦੀ ਸ਼ਾਇਰੀ ਨੂੰ ਕ਼ਤਰੇ ਤੋਂ ਸਮੰਦਰ ਹੁੰਦਿਆਂ ਵੇਖਣ ਦਾ ਮੌਕਾ ਮਿਲ਼ਿਆ ਹੈ।  ਇਸ ਦੌਰਾਨ ਜ਼ਿਹਨ ਦੀਆਂ ਪਗਡੰਡੀਆਂ ਤੇ ਖਿੜੇ ਅਨੇਕਾਂ ਫੁੱਲਾਂ ਦੀ ਮਹਿਕ ਨੇ ਮੈਨੂੰ ਕੀਲ ਲਿਆ ਪਰਮਿੰਦਰ ਦੀ ਸ਼ਾਇਰੀ ਮਾਣਦਿਆਂ ਮੈਨੂੰ ਇੰਝ ਜਾਪਿਆ ਜਿਵੇਂ ਕਿਸੇ ਦਰਗਾਹ ਤੇ ਕੋਈ ਕੱਵਾਲ ਪੂਰੇ ਜਲਾਲ ਵਿਚ ਗਾ ਰਿਹਾ ਹੋਵੇ ਤੇ ਨੇੜੇ ਹੀ ਕੋਈ ਫ਼ਕੀਰ.. ਅੰਤਰ-ਧਿਆਨ ਹੋਇਆ....ਕਿਸੇ ਟਿਕੀ ਹੋਈ ਗਹਿਰੀ ਨੀਲੀ  ਝੀਲ ਵਿਚ...ਆਪਣੀਆਂ ਦੁਆਵਾਂ ਨਾਲ਼ ਤਰੰਗਾਂ ਛੇੜ ਰਿਹਾ ਹੋਵੇ.....ਸੰਦਲ ਦੇ ਰੁੱਖਾਂ ਤੋਂ ਹਵਾ ਨੇ ਮਹਿਕੇ-ਮਹਿਕੇ ਸਾਹ ਉਧਾਰੇ ਲਏ ਹੋਣ.... ਅਲਮਸਤ ਜਿਹੇ ਪੰਖੇਰੂਆਂ ਨੇ ਪਰਵਾਜ਼ ਰੋਕ ਕੇ ਪਰਬਤਾਂ ਦੀਆਂ ਟੀਸੀਆਂ ਤੇ ਡਿਗਦੇ..... ਸਰਦ ਰੁੱਤ ਦੇ ਪਹਿਲੇ ਬਰਫ਼ੰਬਿਆਂ ਨੂੰ ਨੀਝ ਨਾਲ਼ ਤੱਕਿਆ ਹੋਵੇ.... ਕਿਸੇ ਕੋਮਲ ਜਿਹੇ ਬੱਚੇ ਨੇ ਰੰਗ-ਬਿਰੰਗੇ ਖੰਭਾਂ ਦਾ ਕੋਲਾਜ ਬਣਾ ਕੇ ...ਭੋਲ਼ੀਆਂ-ਭਾਲ਼ੀਆਂ ਅੱਖਾਂ ਰਾਹੀਂ ਨਿੱਕੀ ਜਿਹੀ ਮੁਸਕਾਨ ਘੱਲੀ ਹੋਵੇ।
..........
ਉਸਦਾ ਸਾਰਾ ਕ਼ਲਾਮ ਪੜ੍ਹਨ ਉਪਰੰਤ ਮੈਨੂੰ ਇਝ ਜਾਪਿਐ ਕਿ ਉਸਦੀ ਨਜ਼ਮ ਨੇ ਕਿਸੇ ਅੰਤਰ-ਧਿਆਨ ਮੁਦਰਾ ਚ ਲੀਨ ਹੋ ਕੇ ਤਪ ਕੀਤਾ ਹੈ... ਕੋਲ਼ ਖੜ੍ਹੇ ਬਿਰਖ਼...ਪੈਰਾਂ ਹੇਠਲਾ ਕੂਲ਼ਾ ਘਾਹ......ਅੰਬਰ ਨਿਹਾਰਦੇ ਪਰਬਤ....ਕਿਨਾਰਿਆਂ ਨੂੰ ਪੁੱਛ ਕੇ ਵਗਦੀ ਨਦੀ.... ਫੁੱਲਾਂ ਭਰੀ ਡਾਲ ਤੇ ਮਸ਼ਵਰੇ ਕਰਦੇ ਪੰਛੀ.....ਸਭ ਇਸ ਤਪ ਦੇ ਗਵਾਹ ਹਨ....ਪਰ ਇਸ ਤਪ ਵਿਚ ਆਹੂਤੀ ਕਿਸ ਦੀ ਦਿੱਤੀ ਗਈ ਹੈ???? ਸਵੈ ਦੀ.. ਮਹੱਬਤ ਦੀ...???? ਪਰਮਿੰਦਰ ਦੀ ਮਹਿਬੂਬ, ਨਜ਼ਮ ਹੈ ਜਾਂ ਨਜ਼ਮ ਉਸਦੀ ਮਹਿਬੂਬ... ਮੈਨੂੰ ਉਸਦਾ ਸਾਦੇ ਪਰ ਰਹੱਸਮਈ ਢੰਗ ਨਾਲ਼ ਸੰਬੋਧਿਤ ਹੋਣਾ ਬਹੁਤ ਚੰਗਾ ਲੱਗਿਆ ਹੈ। ਉਸ ਦੀ ਕਿਤਾਬ ਪੱਤੇ ਦੀ ਮਹਾਯਾਤਰਾ ਦਰਅਸਲ ਸ਼ਾਇਰੀ ਦੇ ਨਾਲ਼-ਨਾਲ਼ ਉਸਦਾ ਆਪਣਾ ਬੌਧਿਕ ਅਤੇ ਅਧਿਆਤਮਕ ਸਫ਼ਰ ਹੈ..."

.......
ਪੂਰਾ ਲੇਖ ਮੈਂ ਕਦੇ ਫੇਰ ਸਾਂਝਾ ਕਰਾਂਗੀ....ਅੱਜ ਸੋਢੀ ਸਾਹਿਬ ਦੀ ਅਤਿ ਖ਼ੂਬਸੂਰਤ ਸ਼ਾਇਰੀ ਨੂੰ ਆਰਸੀ
ਚ ਸ਼ਾਮਿਲ ਕਰਦਿਆਂ ਮੈਨੂੰ ਰੂਹਾਨੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਹਾਜ਼ਰੀ ਬਹੁਤ ਦੇਰ ਨਾਲ਼ ਲੱਗ ਰਹੀ ਹੈ..... ਮੁਆਫ਼ੀ ਚਾਹੁੰਦੀ ਹਾਂ ਜੀ। ਜਿਨ੍ਹੀਂ ਦਿਨੀਂ ਮੈਂ ਚੁੱਪ ਸਾਂ..... ਸੋਢੀ ਸਾਹਿਬ ਦੀ ਸਮੁੱਚੀ ਸ਼ਾਇਰੀ ਦੇ ਸੰਗ੍ਰਹਿ ਚੋਂ ਇਕ-ਇਕ, ਦੋ--ਦੋ ਕਰਕੇ ਨਜ਼ਮਾਂ ਟਾਈਪ ਕਰਕੇ ਰੱਖ ਰਹੀ ਸਾਂ.....ਅੱਜ ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਸੋਢੀ ਸਾਹਿਬ ਨੂੰ ਖ਼ੁਸ਼ਆਮਦੇਦ ਆਖਦੀ ਹੋਈ.....ਪੱਤੇ ਦੀ ਮਹਾਯਾਤਰਾ ਚ ਸ਼ਾਮਿਲ ਹਰ ਕਾਵਿ-ਸੰਗ੍ਰਹਿ ਵਿੱਚੋਂ ਚੰਦ-ਚੰਦ ਨਜ਼ਮਾਂ ਲੈ ਕੇ ਮੈਂ ਸਮੁੱਚੀ ਪੋਸਟ ਨੂੰ ਤਿੰਨ-ਚਾਰ ਭਾਗਾਂ ਵਿਚ ਵੰਡ ਕੇ ਪੋਸਟ ਕਰਾਂਗੀ ਤਾਂ ਕਿ ਤੁਸੀਂ ਵੀ ਸੋਢੀ ਸਾਹਿਬ ਦੀ ਸ਼ਾਇਰੀ ਦੇ ਸਾਰੇ ਨਹੀਂ ਤਾਂ ਕੁਝ ਰੰਗਾਂ ਤੋਂ ਜ਼ਰੂਰ ਵਾਕਿਫ਼ ਹੋ ਸਕੋ....... ਮੇਰੇ ਵੱਲੋਂ ਇਕ ਵਾਰ ਫੇਰ ਸੋਢੀ ਸਾਹਿਬ ਦੀ ਕ਼ਲਮ ਨੂੰ ਸਲਾਮ..... ਜੀ ਆਇਆਂ ਨੂੰ ਸੋਢੀ ਸਾਹਿਬ ਜੀਓ... ਤੁਹਾਡੀ ਹਾਜ਼ਰੀ ਆਰਸੀ ਪਰਿਵਾਰ ਦਾ ਸੁਭਾਗ ਹੈ....:) ਬਾਕੀ ਨਜ਼ਮਾਂ ਵੀ ਇਕ-ਇਕ ਕਰਕੇ ਭਵਿੱਖ ਵਿਚ ਸਾਂਝੀਆਂ ਕਰਦੀ ਰਹਾਂਗੀ....ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ

======

ਹੁਣ ਝੀਲ ਵਾਂਗ ਰੁਕੋ
ਨਜ਼ਮ

ਕਾਹਲ਼ੇ ਨਾ ਪਵੋ
ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ....

ਮੋਨਾਲੀਜ਼ਾ ਨੂੰ ਮਿਲ਼ੇ ਹੋ
ਤਾਂ ਹੁਣ ਪਲ ਦੋ ਪਲ
ਕੁਝ ਸੌਖੇ ਸਾਹ ਵੀ ਲਵੋ

ਤੇਈ ਵਾਰ ਜਿੱਤੇ ਹੋ
ਹੁਣ ਹਾਰਨ ਲੱਗੇ ਹੋ
ਤਾਂ ਸਹਿਮ ਗਏ ਹੋ

ਕਾਹਲ਼ੇ ਨਾ ਪਵੋ
ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ
ਮੋਨਾਲੀਜ਼ਾ ਨੂੰ ਮਿਲ਼ੇ ਹੋ
ਤਾਂ ਹੁਣ ਪਲ ਦੋ ਪਲ
ਪਿਆਰ ਨੂੰ ਸਵੀਕਾਰ ਕਰੋ...

ਜਿੱਥੋਂ ਆਈ ਸੀ ਪਿਆਰੇ
ਉੱਥਾ ਤਾਂ ਮੁੜਨਾ ਹੀ ਹੈ
ਪਰ ਹੁਣ ਤਾਂ ਏਥੇ ਹੀ ਹੋ ਨਾ

ਹੁਣ ਤਾਂ
ਇਸ ਪਲ ਨੂੰ
ਦਿਲ
ਚ ਖਿੜਨ ਦੇਵੋ
ਅੱਖ
ਚ ਲਿਸ਼ਕਣ ਦੇਵੋ
ਔਖਾ ਲੱਗੇ ਤਾਂ
ਬੁੱਲ੍ਹਾਂ ਤੇ ਹੀ ਉਤਰਨ ਦੇਵੋ...

ਮੋਨਾਲੀਜ਼ਾ ਨੂੰ ਵੀ
ਪਲ ਦੋ ਪਲ ਦਾ ਸੋਹਜ
ਚੰਗਾ  ਹੀ ਲੱਗਣਾ ਹੈ

ਸਾਹਾਂ ਵਿਚ ਸਹਿਜ ਹੋਵੇ
ਤਾਂ ਉਹ ਖ਼ੁਸ਼ਬੂ ਹੁੰਦੀ ਹੈ
ਮੋਹ ਵਿਚ ਸੋਹਜ ਹੋਵੇ
ਤਾਂ ਉਹ ਮਹਿਕ ਜਾਂਦੀ ਹੈ....

ਸਾਹ ਅਤੇ ਮੋਹ
ਸਹਿਜ ਅਤੇ ਸੋਹਜ
ਇਹ ਪਲ ਤੇ ਮੋਨਾਲੀਜ਼ਾ

ਅੱਜ ਦੇ ਦਿਨ
ਹੋਰ ਕੀ ਚਾਹੀਦਾ ਹੈ ਪਿਆਰੇ

ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ
ਮੀਂਹ ਵਾਂਗ
ਬੜਾ ਚਿਰ ਵਰ੍ਹੇ ਹੋ
ਹੁਣ ਝੀਲ ਵਾਂਗ ਰੁਕੋ

ਕਿੰਨੀ ਦੇਰ
ਪਹਾੜ ਚੜ੍ਹਦੇ ਰਹੋਗੇ
ਹੁਣ ਘਰਾਂ ਨੂੰ ਮੁੜੋ
ਜਿੱਤ ਦੀ ਪੰਡ ਬੋਝਲ ਹੋਈ
ਹੁਣ ਹਾਰਨ ਦਾ ਸੁਖ ਲਵੋ

ਉਮਰ ਭਰ
ਅੰਨ੍ਹੇਵਾਹ ਭੱਜੇ ਹੋ
ਹੁਣ ਚਿੱਤ ਏਕਮ ਬ੍ਰਹਮ ਕਰੋ
ਕੁਝ ਸੌਖੇ ਸਾਹ ਲਵੋ
ਥੋੜ੍ਹਾ ਪਿਆਰ ਕਰੋ...

ਆਵੋ ਪਿਆਰੇ
ਹੁਣ ਕੁਝ ਪਲ
ਮੋਨਾਲੀਜ਼ਾ ਕੋਲ਼ ਬਵ੍ਹੋ

ਡਰੋ ਨਾ ਪਿਆਰੇ
ਮਰ ਤਾਂ ਜਾਣਾ ਹੀ ਹੈ!
=====
ਤੂੰ ਇਕ ਆਦਿ-ਨਾਰੀ
ਨਜ਼ਮ

ਮਿਥਿਹਾਸ
ਚ ਵਿਛੜੇ ਸਾਂ
ਇਤਿਹਾਸ ਨੇ ਮੇਲੇ ਹਾਂ
ਆ ਹੁਣ ਗਲ਼ ਲੱਗ ਮਿਲ਼ੀਏ...

ਤੂੰ ਟਾਪੂ
ਤੇ ਖਿੜਿਆ ਫੁੱਲ
ਮੈਂ ਪਰਬਤ
ਤੇ ਬੈਠੇ
ਇਕ ਜੋਗੀ ਦਾ ਹੌਕਾ

ਤੂੰ ਨਾਰੀਅਲ ਦੀ ਮਹਿਕ
ਮੈਂ ਪੰਜ ਦਰਿਆਵਾਂ ਦੇ
ਕੰਢੇ ਉੱਗਿਆ ਘਾਹ

ਬੜਾ ਚਿਰ ਵਿਛੜੇ ਹਾਂ
ਆ ਹੁਣ ਕੋਲ਼ ਬਹੀਏ...

ਇਤਿਹਾਸ ਮਿਥਹਾਸ ਤੋਂ ਪਹਿਲਾਂ ਵੀ
ਇਕੋ ਮਘਦੀ ਧੂਣੀ ਕੋਲ਼
ਆਪਾਂ ਨੱਚਦੇ ਗਾਉਂਦੇ ਸਾਂ
ਤੂੰ ਇਕ ਆਦਿ-ਨਾਰੀ
ਮੈਂ ਕੋਈ ਆਦਿ-ਵਾਸੀ
ਬੜੀ ਦੇਰ ਤੋਂ ਭੁੱਲੇ ਹਾਂ
ਆ ਹੁਣ ਮੁੜ ਬਾਲ਼ ਲਈਏ
ਧੂਣੀ ਫਿਰ ਉਹੀ ਆਦਿ-ਜੁਗਾਦੀ

ਇਦਰ-ਗਿਰਦ ਉਸ ਦੇ ਬੈਠਾਂਗੇ
ਕੋਈ ਬਾਤ ਪੁਰਾਣੀ ਪਾਵਾਂਗੇ
ਕੁਝ ਨੱਚਾਂਗੇ ਕੁਝ ਗਾਵਾਂਗੇ

ਬੜੇ ਚਿਰ ਤੋਂ ਵਿਛੜੇ ਹਾਂ
ਆ ਹੁਣ
ਘੜੀ ਦੋ ਘੜੀ
ਕੋਲ਼ ਕੋਲ਼ ਬਹੀਏ

ਆ ਹੁਣ
ਇਕ ਦੂਜੇ ਦੇ
ਗਲ਼ ਲੱਗ ਲਈਏ...
======
ਤੂੰ ਹਵਾ ਵਾਂਗ ਉੱਤਰੀ
ਨਜ਼ਮ

ਅਸਮਾਨੀ ਰੰਗਾਂ
ਚ ਡੁੱਬੀ
ਤੂੰ ਹਵਾ ਵਾਂਗ ਉੱਤਰੀ
ਉੱਡ ਗਏ ਮੇਰੇ ਪੱਤੇ
ਦੂਰ ਤੱਕ ਪਸਰੇ ਥਲ਼ਾਂ
ਤੇ
ਸੂਖ਼ਮ ਕਾਇਆ ਮੇਰੀ
ਖੜ੍ਹੀ ਕੰਬਦੀ ਰਹੀ
ਕੱਲੀ-ਕਾਰੀ ਬੇਨਾਮ
ਅਣਦਿਸਦੇ ਰਾਹਾਂ
ਤੇ

ਝੜ ਗਏ ਮੇਰੇ
ਉਮਰਾਂ ਦੇ ਲੰਮੇ ਵਾਲ਼

ਚਕਿਤ ਹੋ ਮੈਂ ਦੇਖਣ ਲੱਗਾ
ਸੱਜਰੇ ਘਾਹ ਨੂੰ
ਪਾਰਕ
ਚ ਖੇਡਦੀਆਂ
ਚਿੜੀਆਂ ਨੂੰ

ਤੇਰੀਆਂ ਗੋਲ਼ ਅੱਖਾਂ
ਸਾਂਵਲੇ ਰੰਗ ਤੇ ਲੰਮੇ ਵਾਲ਼ਾਂ ਨੇ
ਠੰਡ
ਚ ਠੁਰਕ ਰਹੇ ਪਾਰਕ ਨੂੰ
ਮਮਤਾ ਵਰਗੇ
ਨਿੱਘ ਵਿਚ ਡੋਬ ਦਿੱਤਾ
ਮੇਰੇ ਸਿਰ ਵਿਚ ਵੱਜਦਾ
ਰੇਡਿਉ ਚੁੱਪ ਕਰ ਗਿਆ
ਮੇਰੀ ਛਾਤੀ
ਚ ਜੰਮੀ
ਬਰਫ਼ ਦੀ ਸਿੱਲ ਪਿਘਲ਼ਣ ਲੱਗੀ

ਕਈ ਸਾਲ ਪੁਰਾਣੀ
ਲੋਹੇ ਦੀ ਪੁਸ਼ਾਕ
ਚੋਂ
ਸਹਿਜੇ ਜਿਹੇ ਕੋਈ
ਬਾਹਰ ਨਿਕਲ਼ ਆਇਆ

ਤੇ ਤੇਰੀ ਗੋਦ

ਸਿਰ ਰੱਖ ਸੌਂ ਗਿਆ...
======

No comments: