ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 14, 2013

ਮੈਡਮ ਸ਼ਸ਼ੀ ਪਾਲ ਸਮੁੰਦਰਾ ਜੀ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਾਂ




ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸ਼ਸ਼ੀ ਪਾਲ ਸਮੁੰਦਰਾ
ਅਜੋਕਾ ਨਿਵਾਸ: ਕੈਲੇਫੋਰਨੀਆ, ਯੂ ਐੱਸ ਏ
ਪ੍ਰਕਾਸ਼ਿਤ ਕਿਤਾਬਾਂ: ਦੋ ਕਾਵਿ-ਸੰਗ੍ਰਹਿ:
ਬੋਗਨਵਿਲੀਆ ਦੇ ਵਸਤਰ ਅਤੇ ਮੇਰੇ ਮਨ ਦੀ ਕੋਇਲ ਪ੍ਰਕਾਸ਼ਿਤ ਹੋ ਚੁੱਕੇ ਹਨ।
========
ਦੋਸਤੋ! ਅੱਜ ਕੈਲੇਫੋਰਨੀਆ ਵਸਦੀ ਸ਼ਾਇਰਾ ਮੈਡਮ ਸ਼ਸ਼ੀ ਪਾਲ ਸਮੁੰਦਰਾ ਜੀ ਨੇ ਚੰਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਆਰਸੀ ਪਰਿਵਾਰ ਨਾਲ਼ ਪਹਿਲੀ ਵਾਰ ਸਾਹਿਤਕ ਸਾਂਝ ਪਾਈ ਹੈ। ਸ਼ਸ਼ੀ ਜੀ ਨਾਲ਼ ਮੇਰਾ ਸੰਪਰਕ ਫੇਸਬੁੱਕ ਦੇ ਜ਼ਰੀਏ ਹੋਇਆ ਸੀ। ਉਹਨਾਂ ਨੂੰ ਜੀ ਆਇਆਂ ਆਖਦੀ ਹੋਈ, ਅੱਜ ਦੀ ਪੋਸਟ ਵਿਚ ਇਹਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ ਸ਼ਸ਼ੀ ਜੀ....ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਰਹਿਣਾ...:)
ਅਦਬ ਸਹਿਤ
ਤਨਦੀਪ

======
ਮੇਰੇ ਸੁਪਨਿਆਂ ਵਿਚ ਨਾ ਆਇਆ ਕਰ
ਨਜ਼ਮ
ਚੱਲ ਮੈਂ ਤਾਂ ਨਹੀਂ ਕਰਦੀ
ਤੇਰੀ ਪ੍ਰਵਾਹ
ਪਰ ਤੂੰ ਵੀ ਹੁਣ ਮੇਰੇ ਸੁਪਨਿਆਂ ਵਿਚ
ਨਾ ਆਇਆ ਕਰ
ਤੇ ਮੈਨੂੰ ਸੁੱਤੀ ਨੂੰ ਨਾ ਜਗਾਇਆ ਕਰ
ਕੀ ਫ਼ਾਇਦਾ ਹੈ
ਜਦ ਜਾਗਦਿਆਂ ਤੂੰ ਕਦੇ ਤੱਕਣਾ ਨਈਂ
ਬੁਲਾਉਣਾ ਨਈਂ
ਕਿਸੇ ਹੱਥ ਸੁਨੇਹਾ ਘੱਲਣਾ ਨਈਂ
ਤੇ ਕਦੇ ਆਉਣਾ ਨਈਂ
ਪਰ ਸੌਵਾਂ ਤਾਂ ਤੂੰ ਕਾਲ਼ੀ ਘਟਾ ਚੜ੍ਹਾਅ ਲੈਨਾ
ਬਣ ਮੋਰ ਪੈਲਾਂ ਪਾ ਲੈਨਾ
ਤੇ ਮੈਨੂੰ ਸੁੱਤੀ ਨੂੰ ਜਗਾ ਲੈਨਾ

ਇਹ ਕੇਹਾ ਇਸ਼ਕ਼ ਡਰਾਮਾ ਹੈ ?
ਇਹ ਕੇਹੀ ਇਸ਼ਕ਼ ਕਹਾਣੀ ਹੈ ?
ਜਿਹੜੀ ਸੁੱਤਿਆਂ ਹੀ ਖੇਡੀ ਜਾਂਦੀ ਹੈ
ਤੇ ਸਦਾ ਸੁੱਤਿਆਂ ਹੀ ਖੇਡੀ ਜਾਣੀ ਹੈ ......
======
ਮੇਰਾ ਵਜੂਦ
ਨਜ਼ਮ

ਇਹ ਕਾਲ਼ੀਆਂ
, ਚਿੱਟੀਆਂ ਅਤੇ
ਮਟਮੈਲ਼ੀਆਂ ਚਿੜੀਆਂ ਦਾ ਝੁੰਡ
ਇਹ ਮੇਰੇ ਅੰਦਰ ਗਾ ਰਿਹਾ ਹੈ ?
ਜਾਂ ਬਾਹਰ ਕਿਸੇ ਰੁੱਖ
'ਤੇ ਕਿਧਰੇ ?
ਇਹ ਰੁੱਖ ਮੇਰੇ ਅੰਦਰ ਉੱਗਿਆ ਹੈ ?
ਜਾਂ ਬਾਹਰ ਹੈ
?

ਨਿੱਕੀਆਂ ਨਿੱਕੀਆਂ ਕਰੂੰਬਲਾਂ,
ਨਿੱਕੇ ਕੂਲ਼ੇ ਪੱਤੇ
ਤੇ ਮੰਡਰਾਉਂਦੇ ਫਿਰਦੇ ਰੌਂਅ ਵਿਚ
ਖੇਡ-ਖਿਡਾਉਣੇ ਮੌਜੀ ਬੱਦਲ...

ਹਵਾ ਪਿਆਜੀ ਚੁੰਨੀ ਲੈ ਕੇ
ਮਹਿਕ ਪਰੁੰਨੀ
ਲਹਿਰ ਲਹਿਰ ਹੋ ਵਗ ਰਹੀ ਹੈ
ਨਖ਼ਰੀਲੀ ਪੌਣ
ਖ਼ੌਰੇ ਇਹ ਮੇਰੇ ਅੰਦਰ ਹੈ ? ਜਾਂ ਬਾਹਰ ਹੈ ?

ਲਗਦੈ ਮੈਂ ਚਿੜੀਆਂ 'ਚੋਂ ਇਕ ਚਿੜੀ ਹਾਂ
ਬੱਦਲਾਂ ਦੀ ਮੌਜ ਹਾਂ
ਤੇ ਹਵਾ ਪਿਆਜੀ ਪੌਣ ਹਾਂ
ਲੱਗਦੈ ਮੈਂ ਇਹ ਸਭ ਕੁਝ ਹਾਂ
ਪਰ ਇਹ ਵੀ ਕਿ
ਇਕ ਰਾਖ਼ ਦੀ ਮੁੱਠੀ ਤੋਂ ਸਿਵਾ
ਮੈਂ ਕੁਝ ਨਹੀਂ ਹਾਂ .....
======
ਸੱਜਣ ਤੇਰੇ ਵਿਹੜੇ ਦੀ ਜੇ ਮੈਂ ਮਿੱਟੀ ਹੋਵਾਂ...
ਨਜ਼ਮ
ਸੱਜਣ ਤੇਰੇ ਵਿਹੜੇ ਦੀ
ਜੇ ਮੈਂ ਮਿੱਟੀ ਹੋਵਾਂ
ਕੂਲ਼ੀ ਕੂਲ਼ੀ, ਸੱਜਰੀ ਸੱਜਰੀ
ਧੁੱਪ ਨਹਾਤੀ ਨਾਰ
ਜਿਥੇ ਬੀਜੇਂ ਤੂੰ ਫੁੱਲ ਗੁਲਾਬ,
ਮੋਤੀਆ
, ਨਰਗਿਸ, ਗੇਂਦਾ
ਮੇਥੀ ਤੇ ਧਨੀਏਂ ਦੀ ਕਤਾਰ
ਜਿਥੇ ਨਿੱਕੇ ਜੀ-ਜੰਤੂ ਫ਼ੁਰਤੀਲੇ ਆਵਣ
ਲੈ ਲੋੜਾਂ ਤੇ ਚਾਅ-ਮਲ੍ਹਾਰ...

ਪਿਆਰ ਦਾ ਤੂੰ ਪਾਣੀ ਦੇਵੇਂ
 ਰੂਹ ਮੇਰੀ ਹੋਵੇ ਸਰਸ਼ਾਰ
ਇਸ ਤੋਂ ਵੱਡਾ ਇਸ਼ਕ਼ ਕੀ ਹੋਣਾ
ਕੀ ਹੋਣਾ ਕੋਈ ਵਿਓਪਾਰ
ਮਿੱਟੀ ਦੀ ਇੰਜ ਕਿਸਮਤ ਜਾਗੇ
ਆਏ ਰੱਜ ਬਹਾਰ
ਸੌ ਰੰਗਾਂ ਵਿਚ ਖਿੜ ਜਾਵੇ
ਸੌ ਮਹਿਕਾਂ ਵਿਚ ਉੱਗ ਆਵੇ
ਤੇਰੇ ਹੱਥਾਂ ਨਾਲ਼,
ਤੇਰੀ ਮਿੱਟੀ ਦਾ ਪਿਆਰ

ਫਿਰ ਨਿੱਕੀਆਂ ਨਿੱਕੀਆਂ
ਕਾਤਰਾਂ ਨਿਕਲ਼ਣ
ਸ਼ਰਮਾਕਲ ਗਰਦਨਾਂ ਨਾਲ਼
ਰਾਤੋ ਰਾਤ ਹਰੇ ਪੱਤੇ ਕੱਢਣ
ਜਾਣ ਡੋਡੀਆਂ ਨਾਲ ਸ਼ਿੰਗਾਰ
ਫੁੱਟ ਫੁੱਟ ਨਿਕਲੇ ਰੂਪ ਫੁੱਲਾਂ ਦਾ
ਪੀਲਾ, ਪਿਆਜੀ , ਜਾਮਨੀ,
ਚਿੱਟਾ ਲਾਖਾ ਤੇ ਗੁਲਨਾਰ
ਹੱਸਦੀ
, ਟੱਪਦੀ ਵਾਅ ਵੀ ਆ ਜਾਏ
ਖੇਡਣ ਇਹਨਾਂ ਨਾਲ
ਭੌਰੇ ਤੇ ਤਿਤਲੀਆਂ ਵੀ ਆਵਣ
ਲੁੱਟਣ ਮੌਜ ਬਹਾਰ

ਝੁਕ ਝੁਕ ਕੇ ਤੂੰ ਪੱਤੀਆਂ ਛੂਹੇਂ
ਦਿਲ ਭਰ ਤੱਕੇਂ
, ਸੁੰਘੇਂ, ਮੁਸਕਾਏਂ
ਤੇ ਉਮੜੇ ਮਨ ਅੰਦਰ
ਇੱਕ ਦੂਜੇ ਲਈ ਇਕ ਅਸੀਮ ਪਿਆਰ
ਤੇ ਇੱਕ 'ਤਬਾਰ
ਰੰਗ, ਖ਼ੁਸ਼ੀਆਂ ਨਾਲ਼ ਭਰ ਦੇਵਾਂ
ਮੈਂ ਤੇਰਾ ਉਜੜਿਆ ਵਿਹੜਾ
ਬੇ-ਰੰਗ ਤੇ ਬੇ-ਨੂਰ ਵਿਹੜਾ
ਪੱਥਰ ਤੇ ਇੱਟਾਂ ਦਾ ਵਿਹੜਾ
ਸੱਜਣ ਤੇਰੇ ਵਿਹੜੇ ਦੀ
ਜੇ ਮੈਂ ਮਿੱਟੀ ਹੋਵਾਂ
ਤੇ ਤੂੰ ਹੋਵੇਂ ਇਹਦਾ ਮਾਲੀ
ਇਹਦਾ ਪਾਲਣਹਾਰ
=====
ਸਿਰਜਣਾ
ਨਜ਼ਮ
ਜਦ ਮਿੰਨੀ ਮਿੰਨੀ ਫੁਹਾਰ ਵੇ
ਬੁਣ ਦੇਵੇ ਮੱਕੜੀ ਦੇ ਜਾਲ਼ ਵਿਚ
ਸੁੱਚੇ ਮੋਤੀਆਂ ਦੇ ਹਾਰ ਵੇ
ਤੇ ਝਮ ਝਮ ਪੌਣ ਅਵੱਲੜੀ ਦੇ
ਬਣੇ ਗਲ਼ੇ ਦਾ ਹਾਰ ਵੇ
ਤਾਂ ਕਿਉਂ ਖਾਵੇ ਸੂਰਜ ਖੁੰਦਕਾਂ
ਕਰ ਜਾਵੇ ਇਹ ਤਾਰੋ ਤਾਰ ਵੇ ....

ਮਨ ਪਛਤਾਵਾ ਉਠਦਾ
ਕੁਝ ਹਿਰਖ ਦਾ ਰੰਗ ਉਭਰਦਾ
ਫਿਰ ਇਹ ਆਏ ਖ਼ਿਆਲ ਵੇ
 ਕਿ ਖ਼ਜ਼ਾਨੇ ਝਿਲਮਿਲਾਂ
ਇਹ ਬਹੁਮੁੱਲੀਆਂ ਰਹਿਮਤਾਂ
ਕੌਣ ਸਿਰਜਦਾ ਤੇ ਕੌਣ ਮੇਟਦਾ
ਇਹ ਖ਼ੌਰੇ ਕੀਹਦੀਆਂ ਹਰਕਤਾਂ
ਇਹ ਖ਼ੌਰੇ ਕੀਹਦਾ ਕਮਾਲ ਵੇ
ਇਹ ਖ਼ੌਰੇ ਕੀਹਦਾ ਕਮਾਲ ਵੇ ...

ਹਾਂ ਮੈਂ ਦਰਸ਼ਕ ਸ਼ਿੰਗਾਰ ਦੀ
ਹਾਂ ਬਾਂਦੀ ਕਿਸੇ ਚਾਰਾਗਰ ਦੀ
ਮੇਰਾ ਧਰਮ ਹੈ ਇਹਦੀ ਅਰਾਧਨਾ
ਇਹਨੂੰ ਮਾਨਣਾ ਤੇ ਸਤਿਕਾਰਨਾ
ਤੇ ਫਿਰ ਇਹਦੇ ਵਾਂਗ ਹੀ ਇੱਕ ਦਿਨ
 ਮਿੱਟੀ ਦੀ ਗੋਦ ਸਮਾਵਣਾ

ਮੈਂ ਯਾਤਰੀ ਹਾਂ ਏਸ ਧਰਤ ਦੀ
 ਇਸ ਜਲਵੇ ਵਾਂਗ
, ਇਨ੍ਹਾਂ ਪਲਾਂ ਦੀ
ਫਿਰ ਕਿਓਂ ਕਰਾਂ ਇਤਰਾਜ਼ ਵੇ
ਕਿਸੇ ਸੂਰਜਾਂ ਦੇ ਨਾਲ਼ ਵੇ
ਹੋ ਮੁਕਤ ਕਿੰਤੂ ਤੇ ਰੰਜਿਸ਼ੋਂ
ਫ਼ਿਕਰਾਂ ਤੇ ਕਿਸੇ ਬੰਦਿਸ਼ੋਂ
ਮੈਂ ਇਸ ਪਲ ਨੂੰ ਹੈ ਮਾਨਣਾ
ਇਸ ਜਲਵੇ ਨੂੰ ਮਾਨਣਾ
ਮਾਨਣਾ ਤੇ ਉੱਡ ਜਾਵਣਾ
ਬਸ
, ਮਾਨਣਾ ਤੇ ਉੱਡ ਜਾਵਣਾ....

2 comments:

Amrao said...

Very beautiful poems!

Ikwinder Singh said...

Madam ji methi de kataar nahin hundi.