ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 22, 2009

ਪ੍ਰਕਾਸ਼ ਸਿੰਘ ਆਜ਼ਾਦ - ਗ਼ਜ਼ਲ

ਸਾਹਿਤਕ ਨਾਮ: ਪ੍ਰਕਾਸ਼ ਸਿੰਘ ਆਜ਼ਾਦ

ਅਜੋਕਾ ਨਿਵਾਸ: ਵੈਸਟ ਮਿਡਲੈਂਡਜ਼, ਯੂ.ਕੇ.

ਕਿਤਾਬਾਂ: ਕਾਵਿ-ਸੰਗ੍ਰਹਿ: ਦਰਪਣ, ਉਭਾਰ-ਨਿਖ਼ਾਰ, (ਤਿੰਨੇ ਸੰਗ੍ਰਹਿ ਸ਼ਾਹਮੁਖੀ ਚ ਵੀ) ਪਿਘਲ਼ਦਾ ਲਾਵਾ, (ਅੰਗਰੇਜ਼ੀ ਅਤੇ ਸ਼ਾਹਮੁਖੀ ਚ ਵੀ), ਜਦ ਰੋਈ ਧਰਤ ਪੰਜਾਬ ਦੀ ( ਪੰਜਾਬੀ ਸੱਥ ਵੱਲੋਂ ) ਪ੍ਰਕਾਸ਼ਿਤ ਹੋ ਚੁੱਕੇ ਹਨ।

----

ਦੋਸਤੋ! ਅੱਜ ਮੈਂ ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਪੰਜਾਬੀ ਸੱਥ ਵੱਲੋਂ 2008 'ਚ ਪ੍ਰਕਾਸ਼ਿਤ ਪ੍ਰਕਾਸ਼ ਸਿੰਘ ਆਜ਼ਾਦ ਜੀ ਦੁਆਰਾ ਰਚਿਤ ਕਿਤਾਬ ਜਦ ਰੋਈ ਧਰਤ ਪੰਜਾਬ ਦੀ ਚੋਂ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੇ ਇੱਕ ਗੀਤ ਨਾਲ਼ ਆਜ਼ਾਦ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਿਲ ਚ ਸਾਰੇ ਪਾਠਕ/ਲੇਖਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਨਦੀਆਂ ਸਾਗਰ ਵਿਚ ਸਮੋਈਆਂ।

ਸਾਗਰ ਦੇ ਗਲ਼ ਲਗ ਕੇ ਰੋਈਆਂ।

----

ਤੇਰੀ ਭਾਲ਼ ਚ ਅਜ਼ਲਾਂ ਤੋਂ ਹੀ,

ਫਿਰਦੀਆਂ ਸਨ ਇਹ ਖੋਹੀਆਂ ਖੋਹੀਆਂ।

----

ਸਾਗਰ ਮਹਿਰਮ ਸਦਾ ਅਸਾਡਾ,

ਦੇਵੇ ਜੋ ਦਿਲ ਨੂੰ ਦਿਲ ਜੋਈਆਂ।

----

ਸੱਜਣਾਂ! ਸਾਨੂੰ ਤੇਰੇ ਬਾਝੋਂ,

ਕਿਤਿਓਂ ਵੀ ਨਾ ਮਿਲ਼ੀਆਂ ਢੋਈਆਂ।

----

ਕੀ ਸੱਜਣਾਂ! ਹੁਣ ਤੈਨੂੰ ਦੱਸੀਏ,

ਨਾਲ਼ ਅਸਾਡੇ ਜੋ ਜੋ ਹੋਈਆਂ।

----

ਬੇਕਦਰਾਂ ਨੇ ਕਦਰ ਨਾ ਜਾਣੀ,

ਹੱਸੀਆਂ ਥੋੜ੍ਹਾ, ਬਹੁਤਾ ਰੋਈਆਂ।

----

ਕੱਲਮਕਾਰੀ ਨਦੀਆਂ ਸਾਂ,

ਸਾਗਰ ਵਿਚ ਮਿਲ਼ ਸਾਗਰ ਹੋਈਆਂ।

-----

ਸਿਫ਼ਤਾਂ ਹੋਣ ਅਸਾਡੇ ਸਾਹਵੇਂ,

ਤੁਰ ਜਾਈਏ ਤਾਂ ਫਿਰ ਬਦਖੋਹੀਆਂ।

----

ਸਾਗਰ ਤੱਕ ਜੋ ਪਹੁੰਚ ਨਾ ਸਕੀਆਂ,

ਉਹ ਨਦੀਆਂ ਮੋਈਆਂ ਕਿ ਮੋਈਆਂ।

========

ਗੀਤ

ਸਾਨੂੰ ਤਾਂਘਾਂ ਰਾਂਝਣ ਯਾਰ ਦੀਆਂ।

ਇਸ ਦਿਲਬਰ ਤੇ ਦਿਲਦਾਰ ਦੀਆਂ।

ਹੈ ਰੂਹ ਪਿਆਸੀ ਨਜ਼ਰਾਂ ਵੀ

ਭੁੱਖੀਆਂ ਨੇ ਉਹਦੇ ਦੀਦਾਰ ਦੀਆਂ।

ਸਾਨੂੰ ਤਾਂਘਾਂ ਰਾਂਝਣ............

----

ਮਸਤ ਹਵਾ ਦੇ ਸਦਕੇ ਜਾਵਾਂ

ਜਿੰਦ ਨੂੰ ਘੋਲ਼ ਘੁੰਮਾਵਾਂ।

ਜੋ ਕਨਸੋਆਂ ਲੈ ਕੇ ਆਵੇ

ਉਸਦੇ ਨਕਸ਼-ਨੁਹਾਰ ਦੀਆਂ।

ਸਾਨੂੰ ਤਾਂਘਾਂ ਰਾਂਝਣ............

----

ਰਾਂਝਣ ਬਾਝੋਂ ਸੁੰਨਾ ਬੇਲਾ

ਸੁੰਨੀਆਂ ਮੱਝੀਆਂ ਗਾਵਾਂ।

ਤਖ਼ਤ ਹਜ਼ਾਰੇ ਗੱਲਾਂ ਹੁੰਦੀਆਂ

ਹੀਰ ਦੇ ਹੁਸਨ ਬਹਾਰ ਦੀਆਂ।

ਸਾਨੂੰ ਤਾਂਘਾਂ ਰਾਂਝਣ............

----

ਸਿਆਲਾਂ ਦੀ ਤੂੰ ਹੀਰ ਸਲੇਟੀ

ਸਖੀਆਂ ਦੇ ਵਿਚ ਰਾਣੀ।

ਪਰਦੇਸੀ ਨੂੰ ਚੂਚਕ ਜਾਈਆਂ

ਕਿਸ ਲਈ ਛਮਕਾਂ ਮਾਰਦੀਆਂ।

ਸਾਨੂੰ ਤਾਂਘਾਂ ਰਾਂਝਣ............

-----

ਮੈਂ ਰਾਂਝਣ ਦੀ ਰਾਂਝਣ ਮੇਰਾ

ਮੇਰੇ ਲਈ ਉਹ ਮੱਕਾ।

ਏਸੇ ਦਾ ਹੀ ਹੱਜ ਕਰੇਸਾਂ

ਤਨ ਮਨ ਇਸ ਤੋਂ ਵਾਰ ਦੀਆਂ।

ਸਾਨੂੰ ਤਾਂਘਾਂ ਰਾਂਝਣ............

----

ਤੂਂ ਹੀ ਤਾਂ ਏਂ ਦਿਲ ਦਾ ਮਹਿਰਮ

ਇਹ ਕਲਬੂਤ ਵੀ ਤੇਰਾ।

ਜੀਂਦੀ ਲਾਸ਼ ਨੂੰ ਖੇੜੇ ਲੈ ਗਏ

ਲਿਖੀਆਂ ਸਿਰਜਣਹਾਰ ਦੀਆਂ।

ਸਾਨੂੰ ਤਾਂਘਾਂ ਰਾਂਝਣ............

-----

ਮਰ ਜਾਵਣ ਮਰ ਜਾਣੇ ਕੈਦੋਂ

ਜੋ ਨੇ ਪਿਆਰ ਦੇ ਵੈਰੀ।

ਇਸ਼ਕ ਦਾ ਬੇੜਾ ਡੋਬਣ ਲੱਗੀਆਂ

ਲਹਿਰਾਂ ਨੇ ਮੰਝਧਾਰ ਦੀਆਂ।

ਸਾਨੂੰ ਤਾਂਘਾਂ ਰਾਂਝਣ............


1 comment:

सतपाल ख़याल said...

naddian sagar vich samoyiaN..
wah wa !