ਅਜੋਕਾ ਨਿਵਾਸ: ਵੈਸਟ ਮਿਡਲੈਂਡਜ਼, ਯੂ.ਕੇ.
ਕਿਤਾਬਾਂ: ਕਾਵਿ-ਸੰਗ੍ਰਹਿ: ਦਰਪਣ, ਉਭਾਰ-ਨਿਖ਼ਾਰ, (ਤਿੰਨੇ ਸੰਗ੍ਰਹਿ ਸ਼ਾਹਮੁਖੀ ‘ਚ ਵੀ) ਪਿਘਲ਼ਦਾ ਲਾਵਾ, (ਅੰਗਰੇਜ਼ੀ ਅਤੇ ਸ਼ਾਹਮੁਖੀ ‘ਚ ਵੀ), ਜਦ ਰੋਈ ਧਰਤ ਪੰਜਾਬ ਦੀ ( ਪੰਜਾਬੀ ਸੱਥ ਵੱਲੋਂ ) ਪ੍ਰਕਾਸ਼ਿਤ ਹੋ ਚੁੱਕੇ ਹਨ।
----
ਦੋਸਤੋ! ਅੱਜ ਮੈਂ ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਪੰਜਾਬੀ ਸੱਥ ਵੱਲੋਂ 2008 'ਚ ਪ੍ਰਕਾਸ਼ਿਤ ਪ੍ਰਕਾਸ਼ ਸਿੰਘ ਆਜ਼ਾਦ ਜੀ ਦੁਆਰਾ ਰਚਿਤ ਕਿਤਾਬ ‘ ਜਦ ਰੋਈ ਧਰਤ ਪੰਜਾਬ ਦੀ ’ ‘ਚੋਂ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੇ ਇੱਕ ਗੀਤ ਨਾਲ਼ ਆਜ਼ਾਦ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਿਲ ‘ਚ ਸਾਰੇ ਪਾਠਕ/ਲੇਖਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਨਦੀਆਂ ਸਾਗਰ ਵਿਚ ਸਮੋਈਆਂ।
ਸਾਗਰ ਦੇ ਗਲ਼ ਲਗ ਕੇ ਰੋਈਆਂ।
----
ਤੇਰੀ ਭਾਲ਼ ‘ਚ ਅਜ਼ਲਾਂ ਤੋਂ ਹੀ,
ਫਿਰਦੀਆਂ ਸਨ ਇਹ ਖੋਹੀਆਂ ਖੋਹੀਆਂ।
----
ਸਾਗਰ ਮਹਿਰਮ ਸਦਾ ਅਸਾਡਾ,
ਦੇਵੇ ਜੋ ਦਿਲ ਨੂੰ ਦਿਲ ਜੋਈਆਂ।
----
ਸੱਜਣਾਂ! ਸਾਨੂੰ ਤੇਰੇ ਬਾਝੋਂ,
ਕਿਤਿਓਂ ਵੀ ਨਾ ਮਿਲ਼ੀਆਂ ਢੋਈਆਂ।
----
ਕੀ ਸੱਜਣਾਂ! ਹੁਣ ਤੈਨੂੰ ਦੱਸੀਏ,
ਨਾਲ਼ ਅਸਾਡੇ ਜੋ ਜੋ ਹੋਈਆਂ।
----
ਬੇਕਦਰਾਂ ਨੇ ਕਦਰ ਨਾ ਜਾਣੀ,
ਹੱਸੀਆਂ ਥੋੜ੍ਹਾ, ਬਹੁਤਾ ਰੋਈਆਂ।
----
ਕੱਲਮਕਾਰੀ ਨਦੀਆਂ ਸਾਂ,
ਸਾਗਰ ਵਿਚ ਮਿਲ਼ ਸਾਗਰ ਹੋਈਆਂ।
-----
ਸਿਫ਼ਤਾਂ ਹੋਣ ਅਸਾਡੇ ਸਾਹਵੇਂ,
ਤੁਰ ਜਾਈਏ ਤਾਂ ਫਿਰ ਬਦਖੋਹੀਆਂ।
----
ਸਾਗਰ ਤੱਕ ਜੋ ਪਹੁੰਚ ਨਾ ਸਕੀਆਂ,
ਉਹ ਨਦੀਆਂ ਮੋਈਆਂ ਕਿ ਮੋਈਆਂ।
========
ਗੀਤ
ਸਾਨੂੰ ਤਾਂਘਾਂ ਰਾਂਝਣ ਯਾਰ ਦੀਆਂ।
ਇਸ ਦਿਲਬਰ ਤੇ ਦਿਲਦਾਰ ਦੀਆਂ।
ਹੈ ਰੂਹ ਪਿਆਸੀ ਨਜ਼ਰਾਂ ਵੀ
ਭੁੱਖੀਆਂ ਨੇ ਉਹਦੇ ਦੀਦਾਰ ਦੀਆਂ।
ਸਾਨੂੰ ਤਾਂਘਾਂ ਰਾਂਝਣ............
----
ਮਸਤ ਹਵਾ ਦੇ ਸਦਕੇ ਜਾਵਾਂ
ਜਿੰਦ ਨੂੰ ਘੋਲ਼ ਘੁੰਮਾਵਾਂ।
ਜੋ ਕਨਸੋਆਂ ਲੈ ਕੇ ਆਵੇ
ਉਸਦੇ ਨਕਸ਼-ਨੁਹਾਰ ਦੀਆਂ।
ਸਾਨੂੰ ਤਾਂਘਾਂ ਰਾਂਝਣ............
----
ਰਾਂਝਣ ਬਾਝੋਂ ਸੁੰਨਾ ਬੇਲਾ
ਸੁੰਨੀਆਂ ਮੱਝੀਆਂ ਗਾਵਾਂ।
ਤਖ਼ਤ ਹਜ਼ਾਰੇ ਗੱਲਾਂ ਹੁੰਦੀਆਂ
ਹੀਰ ਦੇ ਹੁਸਨ ਬਹਾਰ ਦੀਆਂ।
ਸਾਨੂੰ ਤਾਂਘਾਂ ਰਾਂਝਣ............
----
ਸਿਆਲਾਂ ਦੀ ਤੂੰ ਹੀਰ ਸਲੇਟੀ
ਸਖੀਆਂ ਦੇ ਵਿਚ ਰਾਣੀ।
ਪਰਦੇਸੀ ਨੂੰ ਚੂਚਕ ਜਾਈਆਂ
ਕਿਸ ਲਈ ਛਮਕਾਂ ਮਾਰਦੀਆਂ।
ਸਾਨੂੰ ਤਾਂਘਾਂ ਰਾਂਝਣ............
-----
ਮੈਂ ਰਾਂਝਣ ਦੀ ਰਾਂਝਣ ਮੇਰਾ
ਮੇਰੇ ਲਈ ਉਹ ਮੱਕਾ।
ਏਸੇ ਦਾ ਹੀ ਹੱਜ ਕਰੇਸਾਂ
ਤਨ ਮਨ ਇਸ ਤੋਂ ਵਾਰ ਦੀਆਂ।
ਸਾਨੂੰ ਤਾਂਘਾਂ ਰਾਂਝਣ............
----
ਤੂਂ ਹੀ ਤਾਂ ਏਂ ਦਿਲ ਦਾ ਮਹਿਰਮ
ਇਹ ਕਲਬੂਤ ਵੀ ਤੇਰਾ।
ਜੀਂਦੀ ਲਾਸ਼ ਨੂੰ ਖੇੜੇ ਲੈ ਗਏ
ਲਿਖੀਆਂ ਸਿਰਜਣਹਾਰ ਦੀਆਂ।
ਸਾਨੂੰ ਤਾਂਘਾਂ ਰਾਂਝਣ............
-----
ਮਰ ਜਾਵਣ ਮਰ ਜਾਣੇ ਕੈਦੋਂ
ਜੋ ਨੇ ਪਿਆਰ ਦੇ ਵੈਰੀ।
ਇਸ਼ਕ ਦਾ ਬੇੜਾ ਡੋਬਣ ਲੱਗੀਆਂ
ਲਹਿਰਾਂ ਨੇ ਮੰਝਧਾਰ ਦੀਆਂ।
ਸਾਨੂੰ ਤਾਂਘਾਂ ਰਾਂਝਣ............
1 comment:
naddian sagar vich samoyiaN..
wah wa !
Post a Comment