ਨਜ਼ਮ
ਮੇਰੇ ਦੋ ਕੰਨ ਨਹੀਂ
ਚਾਰ ਟੰਗਾਂ
ਤੇ ਪੂਛਲ ਵੀ ਨਹੀਂ
ਫਿਰ ਵੀ ਮੈਨੂੰ ਵਹਿਮ ਜਿਹਾ ਰਹਿੰਦਾ ਹੈ
ਕਿ ਕਿਧਰੇ ਮੈਂ ਖੋਤਾ ਤੇ ਨਹੀਂ?
.............
ਮੈਨੂੰ ਨਿੱਕੇ ਹੁੰਦੇ ਨੂੰ
ਜਦੋਂ ਭਾਰਾ ਬਸਤਾ ਚੁੱਕੀ
ਮੈਂ ਸਕੂਲੋਂ ਮੁੜਦਾ ਸਾਂ
ਮੇਰੇ ਬਾਪੂ ਜੀ
ਕਈ ਵਾਰ ਕਿਹਾ ਕਰਦੇ ਸੀ
.............
“ਓਏ! ਖੋਤਿਆ!
ਏਧਰ ਆ!
ਏਨਾ ਭਾਰ ਚੁੱਕੀ ਫਿਰਦਾ ਏਂ
ਕੁਝ ਸਿਰ ਵਿਚ ਵੀ ਹੈ ਕਿ ਨਹੀਂ....?
...............
ਤੇ ਹੁਣ...
ਜਦੋਂ ਕਿ ਮੈਂ ਕਈ ਭਾਰ ਚੁੱਕੀ ਫਿਰ ਰਿਹਾ ਹਾਂ
ਪਿਛਲੇ ਜਨਮਾਂ ‘ਚ ਕੀਤੇ ਚੰਗੇ ਮੰਦੇ ਕਰਮਾਂ ਦੇ
ਵਹਿਮਾਂ ਦੇ
ਭਰਮਾਂ ਦੇ
ਭਾਈਚਾਰੇ ਦੀਆਂ ਨਿਰਧਾਰਤ ਸ਼ਰਮਾਂ ਦੇ
ਮੈਨੂੰ ਯਕੀਨ ਹੋ ਗਿਆ ਚੱਲਿਆ ਹੈ ਕਿ
ਬੱਸ਼ੱਕ ਮੇਰੇ ਦੋ ਵੱਡੇ-ਵੱਡੇ ਕੰਨ ਨਹੀਂ
ਚਾਰ ਟੰਗਾਂ
ਤੇ ਪੂਛਲ ਵੀ ਨਹੀਂ
ਫਿਰ ਵੀ
ਮੈਂ ਖੋਤਾ ਹੀ ਹਾਂ
ਨਿਰਾ-ਪੁਰਾ ਖੋਤਾ।
-----
ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ, ਪੰਜਾਬੀ ਸੱਥ, ਲਾਂਬੜਾ ਵੱਲੋਂ 2005 ‘ਚ ਪ੍ਰਕਾਸ਼ਿਤ ਕਿਤਾਬ ‘ਚਿੜੀ ਵਿਚਾਰੀ ਕੀ ਕਰੇ’ ‘ਚੋਂ ਧੰਨਵਾਦ ਸਹਿਤ।
1 comment:
Harminder Ji!
ਮੈਨੂੰ ਤਾਂ ਲਗਦਾ ਬੰਦਾ ਖੱਚਰ ਹੈ ਖੱਚਰ.. ਖਚਰਾ ਖੋਤਾ!
ਵਧੀਆ analogy !
Post a Comment