****
-ਮੈਂ ਪ੍ਰਭਾਵ ਨੂੰ ਅਰਥ ਨਾਲੋਂ ਵਧੇਰੇ ਤਰਜੀਹ ਦਿੱਤੀ ਹੈ। ਹਰ ਵਖਰੇ ਪਾਠਕ ਲਈ ਰੂਹ ਅਤੇ ਸੋਚ ਦੇ ਮਿਆਰ ਅਨੁਸਾਰ ਵੱਖਰੀ ਦਿੱਖ, ਵੱਖਰਾ ਪੁਸਕਾਰ ਅਤੇ ਵੱਖਰਾ ਪ੍ਰਭਾਵ ਉਘੇੜੇ ਏਹੀ ਮੇਰੀ ਕਵਿਤਾ ਦੀ ਖਾਸ ਰੁਚੀ ਹੈ ਜਾਂ ਮੇਰੀ ਮੂਰਖਮੱਤੀ ਦਾ ਢਾਸਣਾ।
****
-ਕਵਿਤਾ ਹੋਣਹਾਰ ਜ਼ਮਾਨੇ ਦਾ ਭਰਵਾਂ ਹੁੰਗਾਰਾ ਹੈ। ਇਖ਼ਲਾਕੀ ਤੌਰ ’ਤੇ ਕੋਈ ਸਮਾਜ ਕਿੰਨਾ ਖੁਸ਼ਹਾਲ ਜਾਂ ਪੀੜਤ ਹੈ, ਇਸ ਦਾ ਅੰਦਾਜ਼ਾ ਉਸ ਵਿਚ ਵਿਚਰ ਰਹੀ ਕਵਿਤਾ ਦੇ ਮਿਆਰ ਤੋਂ ਲਗਾਇਆ ਜਾ ਸਕਦਾ ਹੈ।
****
-ਕਵਿਤਾ ਇਖ਼ਲਾਕ ਦੀ ਮਾਲਕ ਵੀ ਹੈ। ਏਸੇ ਕਰਕੇ ਦੁਨੀਆ ਵਿਚ ਸੋਹਣੀ ਗੱਲ ਕਹਿਣ ਲਈ ਲੋਕਾਂ ਨੇ ਕਵਿਤਾ ਦਾ ਕੁੰਡਾ ਖੜਕਾਇਆ।
****
-ਕਵਿਤਾ ਰੂਹ ਦਾ ਕਸੀਦਿਆ ਰੂਪ ਵੀ ਹੈ।
****
-ਕਵਿਤਾ ਇਕ ਸਤਰ ਦੇ ਇਸ਼ਾਰੇ ਨਾਲ ਜ਼ਿੰਦਗੀ ਦੀ ਇਬਾਰਤ ਉਲੀਕ ਦਿੰਦੀ ਹੈ।
****
-ਕਵਿਤਾ ਦਾ ਸੱਚ ਵੀ ਨਿਵੇਕਲੀ ਕਿਸਮ ਦਾ ਹੈ। ਇਸ ਦੀ ਸਿਆਣਪ ਨੂੰ ਸਿੱਧ ਕਰਨ ਦੀ ਲੋੜ ਨਹੀਂ ਪੈਂਦੀ। ਇਸ ਦੇ ਗਲ਼ ਕਮਲ ਦੀਆਂ ਲੀਰਾਂ ਵੀ ਉਚੇਰੀ ਕਿਸਮ ਦਾ ਸੱਚ ਬਣ ਜਾਂਦੀਆਂ ਹਨ।
------
ਕਵਿਤਾ ਬਾਰੇ ਅਜਿਹੇ ਖ਼ੂਬਸੂਰਤ, ਨਿਵੇਕਲੇ ਤੇ ਸੁਹਜੀਲੇ ਵਿਚਾਰ ਰੱਖਣ ਵਾਲੇ ਸ਼ਾਇਰ ਅਮਰਜੀਤ ਸਿੰਘ ਘਣਗਸ ਦਾ ਜਨਮ 2 ਮਾਰਚ 1948 ਨੂੰ ਸ. ਗੁਰਬਚਨ ਸਿੰਘ ਅਤੇ ਮਾਤਾ ਸ੍ਰੀਮਤੀ ਦਲੀਪ ਕੌਰ ਦੇ ਘਰ ਪਿੰਡ ਘਣਗਸ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਉਹਨਾਂ ਨੇ ਗੁਰੂ ਨਾਨਕ ਕਾਲਜ ਲੁਧਿਆਣਾ ਤੋਂ ਸਿਵਿਲ ਇੰਜਨੀਅਰਿੰਗ ਦਾ ਡਿਪਲੋਮਾ ਪ੍ਰਾਪਤ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਅੰਗਰੇਜ਼ੀ ਕੀਤੀ। ਉਹ ਮਾਰਚ 1978 ਵਿਚ ਅਮਰੀਕਾ ਆ ਗਏ ਸਨ।
26 ਜੂਨ, 2008 ਨੂੰ ਦੁਪਹਿਰ 12 ਵਜੇ ਦੇ ਕਰੀਬ ਦਿਲ ਦੀ ਧੜਕਣ ਬੰਦ ਹੋ ਗਈ।
----
ਉਹਨਾਂ ਦੇ ਤਿੰਨ ਕਾਵਿ-ਸੰਗ੍ਰਹਿ ‘ਊਣੇ ਦੁੱਧ’, ‘ਪਰਦਿਆਂ ਦਾ ਸ਼ਹਿਰ’ ਅਤੇ ‘ਸੂਰਜਾਂ ਨੂੰ ਸਲਾਮ’ ਪ੍ਰਕਾਸ਼ਿਤ ਹੋਏ। ਢੇਰ ਸਾਰੀਆਂ ਕਵਿਤਾਵਾਂ ਖਰੜੇ ਦੇ ਰੂਪ ਵਿਚ ਉਹ ਆਪਣੀ ਸਾਹਿਤਕ ਵਿਰਾਸਤ ਵਜੋਂ ਛੱਡ ਗਏ। ਤਸੱਲੀ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਵੱਡੇ ਭਰਾ ਗੁਰਦੇਵ ਸਿੰਘ ਘਣਗਸ (ਜਿਹੜੇ ਆਪ ਵੀ ਪੰਜਾਬੀ ਵਿਚ ਕਵਿਤਾ ਲਿਖਦੇ ਹਨ) ਨੇ ਉਹਨਾਂ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੀ ਨਹੀਂ, ਸਗੋਂ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਬੀੜਾ ਵੀ ਚੁੱਕ ਲਿਆ ਹੈ। ਉਸਦੀ ਸ਼ਾਇਰੀ ਪੜ੍ਹ ਕੇ ਮੂੰਹ ’ਚੋਂ ‘ਵਾਹ ਵਾਹ’ ਨਹੀਂ ਨਿਕਲਦੀ। ਪਾਠਕ ਸ਼ਾਇਰ ਵਲੋਂ ਸਿਰਜੇ ਪ੍ਰਭਾਵ ਦੀ ਸੂਖਮਤਾ ਵਿਚ ਮਗਨ ਹੋ ਜਾਂਦਾ ਹੈ। ਅਰਥ ਬਹੁਤ ਪਿਛਾਂਹ ਰਹਿ ਜਾਂਦਾ ਹੈ। ਪਾਠਕ ਅਰਥ ਨੂੰ ਨਹੀਂ ਪ੍ਰਭਾਵ ਨੂੰ ਮਾਣਦਾ ਹੈ।
ਵੱਖਰੀ ਸੁਰ ਵਿਚ ਕਵਿਤਾ ਲਿਖਣ ਵਾਲੇ ਸ਼ਾਇਰ ਅਮਰਜੀਤ ਸਿੰਘ ਘਣਗਸ ਦੀ ਇਹ ਰਚਨਾ ‘ਊਣੇ ਦੁੱਧ’ ਕਾਵਿ-ਸੰਗ੍ਰਹਿ ਵਿਚੋਂ ਲਈ ਗਈ ਹੈ।
ਸੁਰਿੰਦਰ ਸੋਹਲ
ਯੂ.ਐੱਸ.ਏ.
-----------
ਮਰਹੂਮ ਅਮਰਜੀਤ ਸਿੰਘ ਘਣਗਸ ਜੀ ਦੀ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਭੇਜ ਕੇ, ਉਹਨਾਂ ਦੀ ਕਲਮ ਨਾਲ਼ ਸਾਡੀ ਸਾਂਝ ਪਵਾ ਕੇ ਸਭ ਦਾ ਮਾਣ ਵਧਾਉਂਣ ਲਈ ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਉਹਨਾਂ ਦੀ ਇਹ ਨਜ਼ਮ ਉਹਨਾਂ ਦੇ ਸਾਹਿਤਕ ਸਨੇਹੀਆਂ ਦੇ ਨਾਮ, ਜਿਨ੍ਹਾਂ ਦੇ ਦਿਲਾਂ 'ਚ ਉਹਨਾਂ ਦੀ ਯਾਦ ਦਾ ਤੂੰਬਾ ਵੱਜਦਾ ਹੈ......ਸ਼ੁਕਰੀਆ।
------------
ਉੱਚੀਆਂ ਟਾਹਲੀਆਂ
ਨਜ਼ਮ
ਬਾਪੂ ਵੇ ਤੇਰੀ ਟਾਹਲੀ ਉੱਚੀ
ਪੀਂਘ ਕਿੱਥੇ ਦੱਸ ਪਾਵਾਂ ਵੇ।
ਦਿਲ ਝੂਟੇ ਤਾਂ ਜੱਗ ਸੜ ਜਾਂਦਾ
ਲੱਜ ਵੱਢਦੀ ਪਰਛਾਵਾਂ ਵੇ।
----
ਖੂਹ ਮੌਣਾਂ ਸਭ ਨੀਅਤੋਂ ਚੰਦਰੀਆਂ
ਘੜੇ ਦਾ ਤੰਗ ਗਲਾਵਾਂ ਵੇ।
ਪਾਣੀ ਡੁੱਲ੍ਹਦਾ ਤਿੜਦੀ ਨਗਰੀ
ਅੱਖ ਨੂੰ ਕਿੱਥੇ ਛੁਪਾਵਾਂ ਵੇ?
----
ਵੇਲਾ ਕੁਵੇਲਾ ਸਭ ਮੈਨੂੰ ਖਾਂਦਾ
ਦਿਉ ਦਾ ਕੱਦ ਛਲਾਵਾ ਵੇ।
ਬੋਹੜ ਪੱਤੇ ਸਭ ਵੈਰੀ ਵਿਹੜੇ
ਪਿੰਜਰੇ ਹੱਡ ਤੁੜਾਵਾਂ ਵੇ।
----
ਚਾਰ ਕੁ ਹੱਡੀਆਂ ਪਿੰਜਰ ਹੋਈ
ਲਹੂਆਂ ਨਿਰਾ ਦਿਖਾਵਾ ਵੇ।
ਗੋਹੇ ਕੂੜੇ ਤੇ ਟੀਂਡਿਆਂ ਜੋਗੀ
ਆਥਣ ਨਿਰਾ ਡਰਾਵਾ ਵੇ।
ਰੁਲ਼ੀ ਪੰਜੀਰੀ ਢਹੇ ਆਲ੍ਹਣੇ
ਥੇਹ ਦਾ ਮੈਂ ਸਿਰਨਾਵਾਂ ਵੇ।
5 comments:
kavita bare kavita vargiyan sataran behadd khoobsurat han.
ਕਵਿਤਾ ਖੂਬਸੂਰਤ ਹੈ ਕਵਿਤਾ ਬਾਰੇ ਗੱਲਾਂ ਵੀ !
Amarjeet ji,
Tuhadi kavita bahot acchi laggi ate kavita bare vichar uston vi acche lagge...bahut bahut vdhai.....!!
ਬੋਹੜ ਪੱਤੇ ਸਭ ਵੈਰੀ ਵਿਹੜੇ
ਪਿੰਜਰੇ ਹੱਡ ਤੁੜਾਵਾਂ ਵੇ।
sohna varnan keeta dabiya hoyian sadra da
Very very insightful words, thoughts and poems.
Thanks for finding such kohinoor and making these available at a click.
Cheers
Post a Comment