“...ਕਬਰਿਸਤਾਨ ‘ਚ ਥਾਵਾਂ ਮੁੱਕੀਆਂ, ਗਿਰਝਾਂ ਨੇ ਮੂੰਹ ਮੋੜੇ,
ਮੌਤੋਂ ਫੇਰ ਹਿਯਾਤੀ ਹਰ ਗਈ, ਚਾਰ-ਚੁਫ਼ੇਰੇ ਲਾਸ਼ਾਂ।
ਲਕੜਾਂ ਮੁੱਕੀਆਂ, ਕੱਫ਼ਣ ਮੁੱਕੇ, ਰਹਿਗੇ ਵੈਣ-ਸਿਆਪੇ,
ਗ਼ਮ ਵਿਚ ਪੱਥਰ-ਅੱਖ ਵੀ ਭਰ ਗਈ, ਚਾਰ-ਚੁਫ਼ੇਰੇ ਲਾਸ਼ਾਂ...”
ਅਦਬ ਸਹਿਤ
ਤਨਦੀਪ ‘ਤਮੰਨਾ’
***************
ਗਿਆਰਾਂ ਸਤੰਬਰ 2001 ਤੋਂ ਪਹਿਲਾਂ
ਨਜ਼ਮ
ਨਾਸ਼ਤਾ ਖਾਂਦਿਆਂ
ਦੂਰ-ਦੁਰਾਡੇ ਕਿਸੇ ਦੇਸ਼ ‘ਚ
ਹੋ ਰਹੀ ਜੰਗ ਬਾਰੇ
ਅਖ਼ਬਾਰ ਦੀਆਂ ਸੁਰਖ਼ੀਆਂ ‘ਤੇ
ਕਿਵੇਂ ਉੱਡਦੀ ਜਿਹੀ ਝਾਤੀ ਮਾਰ ਲੈਂਦੀ ਸੀ
..................
ਟੀ.ਵੀ. ਅੱਗੇ ਬਹਿ ਕੇ
ਨਮਕੀਨ ਨੂੰ ਮੂੰਹ ਮਾਰਦਿਆਂ
ਸਮੁੰਦਰੋਂ ਪਾਰ ਫਟੇ ਬੰਬਾਂ ਦੀ
ਵਾਰ-ਵਾਰ ਦਿਖਾਈ ਖ਼ਬਰ ‘ਚੋਂ ਉਪਜਿਆ
ਅਕੇਵਾਂ ਤੋੜਨ ਲਈ
ਕਿਵੇਂ ਬਦਲ਼ਦੇ ਸੀ ਚੈਨਲ
.................
ਕਾਰ ਚਲਾਉਂਦੇ ਸਮੇਂ ਰੇਡਿਓ ‘ਤੇ
ਦੂਰ ਦੇਸ਼ ਦੇ ਅੰਦਰੂਨੀ ਝਗੜਿਆਂ ‘ਚ
ਮਰਨ ਵਾਲ਼ਿਆਂ ਦੀ ਗਿਣਤੀ ਨਾਲ਼ੋਂ
ਕਿਤੇ ਵੱਧ ਅਹਿਮ ਹੁੰਦਾ ਸੀ
ਸ਼ੇਅਰ ਬਾਜ਼ਾਰ ਦਾ
ਉਤਰਾਅ-ਚੜ੍ਹਾਅ
ਜਾਂ ਦਿਨੇ ਹੋਏ ਮੈਚਾਂ ਦਾ ਨਤੀਜਾ
.................
ਕਿੰਨੇ ਓਪਰੇ ਸਨ ਸ਼ਬਦ
ਜੰਗ, ਡਰ, ਅਸੁਰੱਖਿਆ,
ਦਹਿਸ਼ਤਗਰਦੀ, ਜੁਰਮ-ਯੁੱਧ
ਗਿਆਰਾਂ ਸਤੰਬਰ ਤੋਂ ਪਹਿਲਾਂ....
=============
ਗਿਆਰਾਂ ਸਤੰਬਰ 2001 ਤੋਂ ਬਾਅਦ
ਨਜ਼ਮ
ਇਕ ਦਮ
ਕਿਵੇਂ ਸੁੰਗੜ ਗਏ ਭਾਵ
ਕਿੰਨੇ ਹੀ ਸ਼ਬਦਾਂ ਦੇ
ਇਕ ਦਮ
ਕਿੰਨਾ ਵਿਸ਼ਾਲ ਹੋ ਗਿਆ
ਕਈ ਅਰਥਾਂ ਦਾ ਘੇਰਾ
..............
ਇਕ ਦਮ
ਕਿੰਨਾ ਘਟ ਗਿਆ ਖੇਤਰਫਲ਼
ਰੁਝੇਵਿਆਂ ਦੀ ਦੌੜ ਦਾ
ਯਾਰਾਂ ‘ਤੇ ਕੀਤੇ ਗ਼ੁੱਸੇ ਦਾ
ਅਫ਼ਸੋਸ ਬਟੂਏ ਖੁੱਸੇ ਦਾ
................
ਇਕ ਦਮ
ਕਿੰਨਾ ਅਹਿਮ ਹੋ ਗਿਆ
ਘਰੋਂ ਤੁਰਨ ਵੇਲ਼ੇ
ਬੱਚਿਆਂ ਨੂੰ ਚੁੰਮਣਾ
ਜਾਗਣ ਸੌਣ ਵੇਲ਼ੇ
ਪਰਿਵਾਰ ਦੇ ਜੀਆਂ ਨੂੰ ਸੀਨੇ ਨਾਲ਼ ਘੁੱਟਣਾ
ਰਿਸ਼ਤਿਆਂ ਦੀ ਖ਼ੈਰ-ਸੁੱਖ ਪੁੱਛਣਾ
.................
ਇਕ ਦਮ
ਅਕਸ ਨਜ਼ਰ ਵਿਚ ਫੈਲਿਆ
ਕਿਵੇਂ ਬੇਬਸੀ ਤੇ ਰੋਣ ਦਾ
ਭਰਮ ਮਨ ‘ਚੋਂ ਟੁੱਟਿਆ
ਜ਼ਿੰਦਗੀ ਮਹਿਫ਼ੂਜ਼ ਹੋਣ ਦਾ....
2 comments:
ਬਹੁਤ ਵਧੀਆ।
ਨਵਿਅਵੇਸ਼ ਨਵਰਾਹੀ
ਇਕ ਦੁਖਾਂਤ ਦਾ ਦੁਖਾਂਤਮਈ ਬਿਆਨ ਬਹੁਤ ਪ੍ਰਭਾਵਸ਼ਾਲੀ ਹੈ ਮਾਹਲ ਜੀ।ਤੁਹਾਡੇ ਅਹਿਸਾਸ ਨੂੰ ਸਲਾਮ
Post a Comment