ਤਨਦੀਪ ‘ਤਮੰਨਾ’
************
ਸਾਹਿਤਕ ਨਾਮ: ਸੁਖਦੇਵ ਗਰੇਵਾਲ
ਜਨਮ; 18 ਮਈ, 1931
ਅਜੋਕਾ ਨਿਵਾਸ: ਨਾਭਾ, ਪੰਜਾਬ ( ਇੰਡੀਆ )
ਕਿਤਾਬਾਂ: ਕਾਵਿ-ਸੰਗ੍ਰਹਿ: ਪੀੜਾਂ ਹਿਜਰ ਦੀਆਂ, ਮੋਤੀਆਂ ਦੀ ਲੜੀ, ਗੀਤ-ਸੰਗ੍ਰਹਿ: ਇਸ਼ਕ ਲਭੇਂਦਾ ਪੈੜ, ਗ਼ਜ਼ਲ-ਸੰਗ੍ਰਹਿ: ਉਦਾਸ ਸੂਰਜ, ਚਿੱਟੇ ਲਫ਼ਜ਼ ਉਦਾਸ ਰੰਗ, ਕਾਫ਼ਲੇ ਯਾਦਾਂ ਦੇ , ਸਹਿਮੀ ਰੌਸ਼ਨੀ, ਮਹਿਕਦੀ ਤਨਹਾਈ, ਮਹਿਕਦੇ ਪਲ, ਪਰਛਾਵਿਆਂ ਦੀ ਖ਼ੁਸ਼ਬੋ, ਬਾਲ ਕਾਵਿ-ਸੰਗ੍ਰਹਿ: ਮਹਿਕਦੇ ਫੁੱਲ, ਭਾਂਤ-ਭਾਂਤ ਦੀ ਖ਼ੁਸ਼ਬੋ, ਹੀਰੇ ਮੋਤੀ, ਰਲ਼ ਮਿਲ਼ ਗਾਈਏ, ਰੰਗ ਬਿਰੰਗੇ ਫੁੱਲ, ਮਹਿਕਾਂ ਭਰੀ ਪਟਾਰੀ, ਕਹਾਣੀ ਸੰਗ੍ਰਹਿ: ਸੂਰਾ ਸੋ ਪਹਿਚਾਨੀਐ, ਬਾਲ ਯੋਧਾ, ਕਰਕ ਕਲੇਜੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਅਨੇਕਾਂ ਕਿਤਾਬਾਂ ‘ਚ ਗਰੇਵਾਲ ਸਾਹਿਬ ਦੀਆਂ ਲਿਖਤਾਂ ਸ਼ਾਮਲ ਹਨ।
----
ਇਨਾਮ-ਸਨਮਾਨ: ਭਾਈ ਕਾਹਨ ਸਿੰਘ ਸਨਮਾਨ, (ਨਾਭਾ) ਸਾਹਿਤ ਸ੍ਰੀ ਐਵਾਰਡ (ਪੰਜਾਬ ਸੰਸਕ੍ਰਿਤ ਅਕਾਦਮੀ ਨਾਭਾ), ਸੁਰਜੀਤ ਰਾਮਪੁਰੀ ਯਾਦਗਾਰੀ ਐਵਾਰਡ ( ਪੰਜਾਬੀ ਗ਼ਜ਼ਲ ਮੰਚ ਫਿਲੌਰ), ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ (ਭਾਸ਼ਾ ਵਿਭਾਗ ਪੰਜਾਬ) ਅਤੇ ਹੋਰ ਅਨੇਕਾਂ ਸਾਹਿਤ ਸਭਾਵਾਂ ਵੱਲੋਂ ਲਿਖਤਾਂ ਬਦਲੇ ਸਨਮਾਨਿਆ ਜਾ ਚੁੱਕਾ ਹੈ।
**********
ਗ਼ਜ਼ਲ
ਪਿਆਰ ਦੀ ਇਕ ਧੁੱਪ ਨਿੱਘੀ ਦਰ ਤੇ ਖੜ੍ਹ ਕੇ ਮੁੜ ਗਈ।
ਹਰ ਖ਼ੁਸ਼ੀ ਫਿਰ ਨਾਲ਼ ਉਸਦੇ ਮਹਿਕ ਵਾਂਗੂੰ ਉੜ ਗਈ।
-----
ਓਸ ਖ਼ੁਸ਼ਬੂ ਦੀ ਨਾ ਕੋਈ ਪੈੜ ਨਾ ਹੀ ਥਹੁ ਪਤਾ,
ਜੋ ਮੇਰੇ ਰਾਹਾਂ ‘ਚ ਸੀ ਭਰ ਕੇ ਰੰਗੀਨੀ ਮੁੜ ਗਈ।
-----
ਔਖੀਆਂ ਘੜੀਆਂ ਦੀ ਖੁਲ੍ਹੀ ਦਾਤ ਬਖ਼ਸ਼ਣ ਵਾਲ਼ਿਆ,
ਡੋਲਿਆ ਮੈਂ ਤਾਂ ਨਹੀਂ ਕਿਉਂ ਦਾਤ ਤੈਥੋਂ ਥੁੜ ਗਈ।
-----
ਜਾਪਦਾ ਹੈ ਚੀਸ ਇਸਦੀ ਉਮਰ ਭਰ ਪੈਂਦੀ ਰਹੂ,
ਪਿਆਰ ਦੀ ਇਕ ਛਿਲਤ ਮੇਰੇ ਦਿਲ ‘ਚ ਐਸੀ ਪੁੜ ਗਈ।
-----
ਸੌਂ ਗਈ ਫਿਰ ਕਿਸ ਤਰ੍ਹਾਂ ਬੇਫ਼ਿਕਰ ਹੋ ਕੇ ਦੇਖ ਲਉ,
ਜਦ ਕਦੀ ਕੋਈ ਨਦੀ ਸਾਗਰ ‘ਚ ਜਾ ਕੇ ਜੁੜ ਗਈ।
-----
ਮੈਂ ਜਦੋਂ ਨ੍ਹੇਰੇ ‘ਚ ਵੀ ਤੁਰਦਾ ਰਿਹਾਂ ਤੁਰਦਾ ਰਿਹਾਂ,
ਰੌਸ਼ਨੀ ਸੂਰਜ ਤੇ ਚੰਨ ਦੀ ਕਿਸ ਤਰ੍ਹਾਂ ਸੀ ਕੁੜ੍ਹ ਗਈ।
-----
ਸੱਜਣਾ ਬਾਝੋਂ ਜਦੋਂ ਇਕ ਰਾਤ ਵੀ ਕੱਟ ਹੋਈ ਨਾ,
ਪਿਆਰ ਦੀ ਮਿੱਟੀ ਦੀ ਕਿਸ਼ਤੀ ਫਿਰ ਝਨਾਂ ਵਿਚ ਰੁੜ੍ਹ ਗਈ।
-----
ਮੈਂ ਜਦੋਂ ਮੁਰਝਾਏ ਫੁੱਲ ਦੇ ਕੋਲ਼ ਜਾ ਕੇ ਪਹੁੰਚਿਆ,
ਉਸ ਕਿਹਾ, 'ਸਾਬਤ ਹਾਂ ਮੈਂ, ਹੈ ਮਹਿਕ ਐਪਰ ਉੜ ਗਈ'।
=========
ਗ਼ਜ਼ਲ
ਵਿਸਰ ਜਾਂਦੇ ਉਮਰ ਭਰ ਦੇ ਫੇਰ ਸਭ ਸ਼ਿਕਵੇ ਗਿਲੇ।
ਭਟਕਦਾ ਹੋਇਆ ਅਸਾਂ ਨੂੰ ਜਦ ਕੁਈ ਰਾਹੀ ਮਿਲ਼ੇ।
-----
ਬਿਰਖ ਦੀ ਗੋਦੀ ‘ਚ ਅੱਜ ਤਾਂ ਕੋਈ ਨਾ ਪੱਤਾ ਹਿਲੇ।
ਇਸਤਰ੍ਹਾਂ ਦਾ ਪਿਆਰ ਯਾਰੋ ਹਰ ਕਿਸੇ ਨੂੰ ਹੀ ਮਿਲ਼ੇ।
-----
ਧਰਤ ਤੋਂ ਆਕਾਸ਼ ਤੀਕਰ ਖ਼ੁਸ਼ਬੂ ਖ਼ੁਸ਼ਬੂ ਹੋ ਗਈ,
ਚੰਨ ਵਿਚ ਕਤਦੀ ਕੁੜੀ ਦੇ ਹੋਂਠ ਜਦ ਕਦ ਵੀ ਹਿਲੇ।
-----
ਨ੍ਹੇਰਿਆਂ ਤੇ ਨੂਰ ਦੀ ਰਹਿਮਤ ਬਰਸਦੀ ਹੈ ਉਦੋਂ,
ਚੀਰ ਜਦ ਕਾਲ਼ੀ ਘਟਾ ਨੂੰ ਚੰਨ ਦਾ ਚਿਹਰਾ ਖਿਲੇ।
-----
ਬੇਕਸੂਰਾ ਜਦ ਕੋਈ ਭੁਗਤੇ ਸਜ਼ਾ ਦੁੱਖ ਹੋਂਵਦਾ,
ਅੱਖੀਆਂ ਦੇ ਦੋਸ਼ ਦੇ ਤਾਂ ਦਿਲ ਨੇ ਭੁਗਤੇ ਨੇ ਸਿਲੇ।
-----
ਮੈਂ ਤਾਂ ਪਤਝੜ ਨੂੰ ਵੀ ਹੈ ਬੇਹਦ ਸਜਾ ਕੇ ਰੱਖਿਆ,
ਫੁੱਲ ਸੂਹੇ ਮਨ ‘ਚ ਹਨ ‘ਸੁਖਦੇਵ’ ਦੇ ਰਹਿੰਦੇ ਖਿਲੇ।
1 comment:
ਖੂਬਸੂਰਤ ਗਜ਼ਲਾਂ ਪੋਸਟ ਕਰਨ ਲਈ ਕੋਟਾਨ ਕੋਟ ਸ਼ੁਕਰੀਆ ਤਨਦੀਪ ਜੀ
Post a Comment