ਨਜ਼ਮ
ਮੇਰੇ ਮਨ ਦੇ ਗੁੰਬਦ ‘ਚ
ਅਕਸਰ
ਗੂੰਜਦੀਆਂ ਨੇ
ਮੇਰੀ ਹੀ ਸੋਚ ਦੀਆਂ ਧੁਨੀਆਂ
ਧੁਨੀਆਂ
ਜੋ ਮੇਰੀ ‘ਮੈਂ’ ਨਾਲ਼ ਜੁੜੀਆਂ ਹਨ
ਧੁਨੀਆਂ
ਜੋ ਮੇਰੇ ਘੇਰਿਆਂ ਨਾਲ਼ ਸੰਬੰਧਿਤ ਹਨ
ਧੁਨੀਆਂ
ਜੋ ਮੇਰੇ ਆਪਣੇ ‘ਸਵੈ’ ਦੇ ‘ਦਵੰਦ’ ‘ਚ ਘਿਰੀਆਂ ਹਨ
..............
ਪਰ ਇਹ ਸੋਚ ਦੀਆਂ ਧੁਨੀਆਂ
ਕਦੇ ਵੀ ਮਨ ਦੇ ਗੁੰਬਦ ਤੋਂ
ਪਾਰ ਨਹੀਂ ਜਾਂਦੀਆਂ
ਇਹ ਅੰਦਰ ਹੀ ਅੰਦਰ
ਆਪਣੀ ‘ਮੈਂ’ ਦਾ ਸੰਤਾਪ ਭੋਗਦੀਆਂ
ਆਪਣੇ ਘੇਰਿਆਂ ਬਾਰੇ ਵਿਚਾਰ ਚਰਚੇ ਕਰਦੀਆਂ
ਆਪਣੇ ਹੀ ‘ਸਵੈ’ ਦੇ ‘ਦਵੰਦ’ ‘ਚ
ਨਿਰਦਵੰਦ ਹੋਣ ਦਾ ਯਤਨ ਕਰਦੀਆਂ
ਮਨ ਦੇ ਗੁੰਬਦ ਨਾਲ਼ ਟਕਰਾਉਂਦੀਆਂ
ਅਕਸਰ ਦੁੱਗਣੀ ਗੂੰਜ ਲੈ ਕੇ
ਵਾਪਸ ਪਰਤ ਆਉਂਦੀਆਂ
.............
ਮੇਰੇ ਮਨ ਦੇ ਗੁੰਬਦ ‘ਚ
ਅਕਸਰ
ਗੂੰਜਦੀਆਂ ਨੇ
ਮੇਰੀ ਹੀ ਸੋਚ ਦੀਆਂ ਧੁਨੀਆਂ
=======
ਗੁੰਬਦ (2)
ਨਜ਼ਮ
ਮਨ ਦੇ ਗੁੰਬਦ ਅੰਦਰ
‘ਮੈਂ’ ਦੀ ਹਲਚਲ ਹੈ
ਮਨ ਦੇ ਗੁੰਬਦ ਬਾਹਰ
‘ਤੂੰ’ ਦਾ ਠਹਿਰਾਓ ਹੈ
.........
ਜਿਸ ਵਿਚ ਸੂਰਜੀ ਰੌਸ਼ਨੀਆਂ ਹਨ
ਤੱਤੀਆਂ ਠੰਢੀਆਂ ਹਵਾਵਾਂ ਹਨ
ਪੰਛੀਆਂ ਦੀਆਂ ਉਡਾਰੀਆਂ ਹਨ
ਦੀਵਿਆਂ ਦੀ ਲੋਅ ਦੇ
ਇਕ-ਮਿਕ ਹੁੰਦੇ ਰੰਗ ਨੇ
ਰੌਸ਼ਨੀਆਂ ਦੀ ਕਿਣ ਮਿਣ ਹੈ
ਸਤਰੰਗੀਆਂ ਪੀਂਘਾਂ ਹਨ
ਅਨੰਤ ਫੈਲਾਓ ਹੈ
ਜੋ ਕਿਸੇ ਮਹਾਂਹਲਚਲ ਅੰਦਰ
ਅਸੀਮ ਠਹਿਰਾਓ ਹੋਣ ਦੀ
ਕੋਸ਼ਿਸ਼ ‘ਚ ਹੈ
............
‘ਮੈਂ’ ਦੀ ਹਲਚਲ ‘ਚ
ਕਿੰਨਾ ਠਹਿਰਾਓ ਹੈ?
'ਤੂੰ' ਦੇ ਠਹਿਰਾਓ ‘ਚ
ਕਿੰਨੀ ਗਤੀ ਹੈ?
1 comment:
ਜਸਬੀਰ,
ਤੇਰੀਆਂ ਨਜ਼ਮਾਂ ਪੜ੍ਹਕੇ ਪਤਾ ਨਹੀਂ ਕਿਉਂ ਲੱਗਿਆ ਹੈ ਕਿ ਅੱਜ ਤੂੰ ਆਂਪਣੇਂ ਨਹੀਂ ਮੇਰੇ ਰੂ-ਬ-ਰੂ ਹੋਇਆ ਹੈਂ........
Post a Comment