ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 30, 2009

ਰੂਪ ਨਿਮਾਣਾ - ਗ਼ਜ਼ਲ

ਸਾਹਿਤਕ ਨਾਮ: ਰੂਪ ਨਿਮਾਣਾ

ਅਜੋਕਾ ਨਿਵਾਸ: ਕਪੂਰਥਲਾ, ਪੰਜਾਬ

ਕਿਤਾਬਾਂ: ਹਾਲੇ ਪ੍ਰਕਾਸ਼ਿਤ ਨਹੀਂ ਹੋਈ।

ਇਨਾਮ-ਸਨਮਾਨ: ਕਾਲਜ, ਯੂਨੀਵਰਸਿਟੀ ਤੋਂ ਲੈ ਕੇ ਕਈ ਸਾਹਿਤ ਸਭਾਵਾਂ ਨੇ ਲਿਖਤਾਂ ਲਈ ਸਨਮਾਨਿਤ ਕੀਤਾ ਹੈ। ਰੂਪ ਜੀ ਸ: ਅਮਰਜੀਤ ਸਿੰਘ ਸੰਧੂ ਗ਼ਜ਼ਲ ਸਕੂਲ ਦੇ ਵਿਦਿਆਰਥੀ ਹਨ।

----

ਦੋਸਤੋ! ਰੂਪ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ਆਰਸੀ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਨੂੰ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਦੋਵਾਂ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

********

ਗ਼ਜ਼ਲ

(ਬਹਿਰ-- ਰਮਲ ਮਸੱਮਨ ਮਹਿਜ਼ੂਫ਼)

ਜਦ ਕਲਮ ਚੋਂ ਨਿਕਲਿਆ ਤਾਂ ਦਰਦ ਅੱਖਰ ਹੋ ਗਿਆ !!

ਇਸ ਤਰਾਂ ਮੈਂ ਵੀ ਕਿਸੇ ਮਿਸਰੇ ਦਾ ਪਾਤਰ ਹੋ ਗਿਆ !

----

ਜ਼ਿੰਦਗੀ ਦੇ ਰਾਸਤੇ ਦਾ ਜੋ ਮੁਸਾਫ਼ਿਰ ਹੋ ਗਿਆ !

ਫੇਰ ਸਮਝੋ ਹਰ ਕਦਮ ਤੇ ਉਹ ਸਿਕੰਦਰ ਹੋ ਗਿਆ !

----

ਕੈਦ ਕੀਤਾ ਹੈ ਖ਼ੁਦਾ - ਭਗਵਾਨ ਜਿਹੜੀ ਜੇਲ੍ਹ ਵਿੱਚ ,

ਨਾਮ ਓਸੇ ਜੇਲ੍ਹ ਦਾ ਮਸਜਿਦ ਤੇ ਮੰਦਿਰ ਹੋ ਗਿਆ !

----

ਵੇਚਦੈ ਇਹ ਜਿਸਮ ਵੀ ਤੇ ਵੇਚਦੈ ਈਮਾਨ ਵੀ ,

ਵੇਖ ਬੰਦਾ ਅੱਜ ਤੇਰਾ ਕਿੱਡਾ ਸੁਦਾਗਰ ਹੋ ਗਿਆ !

----

ਵਰ੍ਹਿਆ ਸੀ ਅਸਮਾਨ ਤੋਂ ਬਣ ਬਣ ਜੋਂ ਬੂੰਦਾਂ ਨੰਨ੍ਹੀਆਂ,

ਮਿਲ ਗਿਆ ਸਾਗਰ 'ਚ ਤਾਂ ਆਖ਼ਿਰ ਉਹ ਸਾਗਰ ਹੋ ਗਿਆ !

----

ਪਿਆਰ ਕੀਤਾ ਯਾਰ ਨੂੰ ਜਿਸਨੇ ਦੀਵਾਨੇ ਵਾਂਗ ਸੀ ,

ਯਾਰ ਖ਼ਾਤਿਰ ਉਹ ਦੀਵਾਨਾ ਹੱਸਦਾ ਪੱਥਰ ਹੋ ਗਿਆ !

----

ਜਿਸ ਕਿਹਾ ਸੀ ਮੈਂ ਕਿਸੇ ਦੀ ਨੌਕਰੀ ਕਰਨੀ ਨਹੀ ,

ਮਾਰਿਆ ਹਾਲਾਤ ਦਾ ਕਿਸ ਕਿਸ ਦਾ ਨੌਕਰ ਹੋ ਗਿਆ !

----

ਜ਼ਿੰਦਗੀ ਦੇ ਰਾਸਤੇ ਡਿੱਗ - ਡਿੱਗ ਕੇ ਜੋ ਉੱਠਦੈ ਉਹੀ ,

ਜ਼ਿੰਦਗੀ ਦੇ ਰਾਸਤੇ ਦਾ ਪੂਰਾ ਮਾਹਿਰ ਹੋ ਗਿਆ !

----

ਮਿਲ ਗਿਆ ਇਹ ਦਰਦ ਯਾਰੋ "ਰੂਪ" ਦੇ ਵਿੱਚ ਇਸ ਕਦਰ,

ਜੀ ਕਰੇ ਕੋਈ ਕਹੇ 'ਗਾਗਰ 'ਸਾਗਰ' ਹੋ ਗਿਆ !

----

ਸਾਥ ਤੇਰੇ ਵਾਸਤੇ ਇਹ ਵੀ ਤਾਂ ਕੀਤਾ "ਰੂਪ" ਨੇ ,

ਦਾਦ ਤੇਰੀ ਪਾਉਣ ਨੂੰ ਉਹ ਵੇਖ ਸ਼ਾਇਰ ਹੋ ਗਿਆ !

=======

ਗ਼ਜ਼ਲ

(ਬਹਿਰ-- ਰਜਜ਼ ਮੁਸੱਮਨ ਸਾਲਿਮ)

ਇਹ ਜ਼ਿੰਦਗੀ ਲਾਚਾਰ ਹੈ , ਦੁਸ਼ਵਾਰ ਹੈ ਤੇਰੇ ਬਿਨਾਂ !

ਸੰਸਾਰ ਕੀ ਸੰਸਾਰ ਹੈ , ਬਾਜ਼ਾਰ ਹੈ ਤੇਰੇ ਬਿਨਾਂ !

----

ਤੂੰ ਨਾਲ ਹੈਂ ਤਾਂ ਹਰ ਕਦਮ ਤੇ ਦੋਸਤੀ ਹੈ , ਪਿਆਰ ਹੈ ,

ਪਰ ਹਰ ਕਦਮ ਵੰਗਾਰ ਹੈ , ਲਲਕਾਰ ਹੈ ਤੇਰੇ ਬਿਨਾਂ !

----

ਮੈਂ ਕੀ ਕਰਾਂ , ਕੀ ਨਾ ਕਰਾਂ , ਕੁੱਝ ਸਮਝ ਨਹੀਓ ਪੈ ਰਹੀ ,

ਕਿਉਂ ਹਰ ਤਰਫ਼ ਤੋਂ ਹਾਰ ਹੀ ਬੱਸ ਹਾਰ ਹੈ ਤੇਰੇ ਬਿਨਾਂ !

----

ਗ਼ਮਖ਼ਾਰ ਬਣਕੇ ਤੂੰ ਮੇਰਾ ਹਰ ਦਰਦ ਹਰਿਆ ਸੀ ਕਦੇ ,

ਅਜ ਤੂੰ ਨਹੀ ਪਰ ਦਰਦ ਦਾ ਅੰਬਾਰ ਹੈ ਤੇਰੇ ਬਿਨਾਂ !

----

ਦਿਲ ਧੜਕਦੈ ਜਿਉਂ ਦਿਲ 'ਬੰਬਾਂ ਦੇ ਧਮਾਕੇ ਹੋ ਰਹੇ,

ਈ. ਸੀ. ਜੀ. ਦੱਸਿਐ ਦਿਲ ਮੇਰਾ ,ਬੀਮਾਰ ਹੈ ਤੇਰੇ ਬਿਨਾਂ !

----

ਉਂਝ ਆਸਰੇ ਤਾਂ ਘੱਟ ਨਹੀ , ਪਰ ਘਾਟ ਤੇਰੀ ਰੜਕਦੀ ,

ਇਹ ਜ਼ਿੰਦਗੀ ਤਾਂ ਜਾਪਦੀ ਦੁਸ਼ਵਾਰ ਹੈ ਤੇਰੇ ਬਿਨਾਂ !

----

ਤੂੰ ਯਾਰ ਹੈਂ , ਗ਼ਮਖਾਰ ਹੈਂ , ਤੂੰ "ਰੂਪ" ਦਾ ਸੰਸਾਰ ਹੈਂ ,

ਜੇ ਤੂੰ ਨਹੀ ਤਾਂ ਜ਼ਿੰਦਗੀ ਬੇਕਾਰ ਹੈ ਤੇਰੇ ਬਿਨਾਂ !


ਹਰਕੀਰਤ ਹਕ਼ੀਰ - ਨਜ਼ਮ

ਖੁੱਲ੍ਹੇ ਜ਼ਖ਼ਮ

ਨਜ਼ਮ

ਅੱਜ ਨਜ਼ਮਾਂ ਦੇ

ਟਾਂਕੇ ਖੁੱਲ੍ਹ ਗਏ

ਤੇ ਇਲਜ਼ਾਮ ਲਗਾ ਦਿੱਤਾ

ਵਿੱਸਰ ਜਾਣ ਦਾ

........

ਮੈਂ ਜ਼ਖ਼ਮਾਂ ਦੀ

ਪੱਟੀ ਖੋਲ੍ਹ ਦਿੱਤੀ

ਤੇ ਕਿਹਾ:

...ਦੇਖ ਦਰਦ-ਏ-ਆਸ਼ਨਾ!

ਮੇਰਾ ਹਰ ਰਿਸਦਾ ਜ਼ਖ਼ਮ

ਤੇਰੀਆਂ ਰਹਿਮਤਾਂ ਦਾ

ਸ਼ੁਕਰਗੁਜ਼ਾਰ ਹੈ..!

..............

ਨਜ਼ਮਾਂ ਨੇ ਮੁਸਕਰਾ ਕੇ

ਮੇਰੇ ਹੱਥੋਂ

ਪੱਟੀ ਖੋਹ ਲਈ

ਤੇ ਆਖਿਆ:

...ਤੇ ਫੇਰ ਇਹਨਾਂ ਨੂੰ

ਖੁੱਲ੍ਹਾ ਰੱਖ!

ਤੇਰੀ ਹਰ ਟੀਸ ਤੇ

ਸਾਡੇ ਹਰਫ਼ ਬੋਲਦੇ ਨੇ...!!

............

ਹੁਣ ਮੈਂ

ਜ਼ਖ਼ਮਾਂ ਨੂੰ

ਖੁੱਲ੍ਹਾ ਰੱਖਦੀ ਹਾਂ

ਤੇ ਮੇਰੀ ਹਰ ਟੀਸ....

ਨਜ਼ਮਾਂ ਬਣ.....

ਸਫ਼ਿਆਂ ਤੇ

ਸਿਸਕਣ ਲੱਗਦੀ ਹੈ...!

**********

ਨਜ਼ਮ ਮੂਲ ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'


Wednesday, April 29, 2009

ਡਾ: ਸੁਖਪਾਲ - ਨਜ਼ਮ

ਫੁੱਲਾਂ ਦੀ ਵੇਲ

ਨਜ਼ਮ

ਵਰ੍ਹਿਆ ਬਾਅਦ ਉਹ ਪਰਤਿਆ

ਅੱਗੇ ਨਾਲ਼ੋਂ ਵੱਧ ਚਿੱਟੇ ਕੱਪੜੇ-

ਪਹਿਲਾਂ ਨਾਲੋਂ ਬਹੁਤ ਉੱਚਾ ਸਿਰ-

ਲੈ ਕੇ

...........

ਕੋਮਲ ਵੇਲ ਨੇ

ਜੰਗਲ਼ ਵਿੱਚੋਂ ਵੀ ਇਕੱਲੇ ਲੰਘ ਕੇ ਵੀ

ਆਪਣੇ ਫੁੱਲ ਬਚਾ ਰੱਖੇ ਸਨ

...........

ਉਹ ਗੰਭੀਰ ਸੁਰ ਵਿਚ ਬੋਲਿਆ:

ਹੁਣ ਮੇਰੀ ਸਮਝ ਵੱਡੀ ਹੋ ਗਈ ਏ

ਮੈਂ ਆਦਰ ਤਾਂ ਕਰਦਾ ਹਾਂ ਤੇਰੇ ਫੁੱਲਾਂ ਦਾ

ਪਰ ਏਨ੍ਹਾਂ ਨੂੰ ਛੋਹ ਨਹੀਂ ਸਕਦਾ

................

ਵਰ੍ਹਿਆਂ ਦੀ ਚੁੱਪ ਬਾਅਦ ਉਹ ਬੋਲੀ:

ਜਿਸਦੇ ਹੋਣ ਨਾਲ਼ ਖ਼ੁਸ਼ੀ ਛੋਟੀ ਹੋ ਜਾਵੇ

ਉਹ ਸਮਝ ਵੱਡੀ ਕਿਵੇਂ ਹੋਈ?

.................

ਉਸਦੇ ਕੱਪੜੇ -

ਪਲੋ-ਪਲੀ ਮੈਲ਼ੇ ਹੋ ਗਏ

ਝੁਕੇ ਹੋਏ ਸਿਰ ਨਾਲ਼

ਉਹ ਪਰਤ ਗਿਆ

.................

ਵਰ੍ਹਿਆਂ ਬਾਅਦ ਫੇਰ ਪਰਤਿਆ ਉਹ

.................

ਏਸ ਵਾਰੀ:

ਉਸਦਾ ਸਿਰ ਸਾਵਾਂ ਸੀ

ਉਹ ਪੌਣ ਵਾਂਗ ਝੂੰਮ ਰਿਹਾ ਸੀ

ਪਿੰਡੇ ਉੱਤੇ ਗੀਤਾਂ ਦਾ ਪਹਿਰਨ ਸੀ

.................

ਦਹਿਲੀਜ਼ ਕੋਲ਼ ਆ ਕੇ ਉਹ ਬੋਲਿਆ ਨਹੀਂ

ਹੱਸ ਪਿਆ

ਵੇਲ ਨੇ ਫੁੱਲਾਂ ਨੂੰ ਹੱਥਾਂ ਚ ਮਲ਼ਿਆ

ਮਹਿਕ ਤੇ ਪੌਣ ਆਪੋ ਵਿਚ ਸਮਾਅ ਗਏ....!


ਗੁਰਮੀਤ ਬਰਾੜ - ਨਜ਼ਮ

ਕਸ਼ਿਸ਼

ਨਜ਼ਮ

ਅਤਰਾਂ ਨਾਲ਼

ਨਹਾ ਕੇ

ਬਾਰੀ ਵਿਚ ਖੜ੍ਹੀਏ

ਮੁਟਿਆਰੇ ਨੀ!

.........

ਤੇਰਾ ਵਾਰ-ਵਾਰ

ਵਾਲ਼ਾਂ ਚ ਹੱਥ ਫੇਰਨਾ

ਕਿਸੇ

ਵਿਹਲੜ ਭੰਵਰੇ ਦਾ

ਚਿੱਤ ਤਾਂ ਪਰਚਾਉਂਦਾ ਹੋਊ

..........

ਵਾਹੇ ਵਾਹਣ

ਮੁੜ੍ਹਕੇ ਨਾਲ਼ ਨ੍ਹਾਤੇ

ਕਾਮੇ ਨੂੰ ਤਾਂ

ਤੂੰ

ਵਿਹੁ ਜਿਹੀ ਲੱਗਦੀ ਐਂ।

=======

ਕਣਕਵੰਨੀ

ਨਜ਼ਮ

ਕਣਕਵੰਨੀਏ ਨੀ!

ਐਤਕੀਂ

ਝਖੇੜੇ ਤੋਂ ਮਗਰੋਂ

ਕਣਕਾਂ ਵੀ ਵਿਛ ਗਈਆਂ

ਤੇ ਤੂੰ ਵੀ.......

.......................

ਪਰ

ਐਨਾ ਫ਼ਰਕ ਕਿਉਂ ਹੈ

ਤੇਰੇ ਤੇ

ਕਣਕਾਂ ਦੇ ਵਿਛਣ

ਕਿ ਹੁਣ

ਮੈਂ ਦੋ-ਚਿੱਤੀ ਚ ਹਾਂ...

.................

ਕਿ.........

ਤੇਰੇ ਵਿਛਣ 'ਤੇ

ਤੇਰੀ ਮੁਲਾਹਜ਼ੇਦਾਰੀ ਖ਼ਾਤਰ

ਸੋਹਲੇ ਗਾਵਾਂ

ਤੇ

ਤੇਰੇ ਭਖਦੇ ਸਾਹਾਂ ਨੂੰ ਗਿਣਾਂ

ਕਿ ਕਣਕਾਂ ਦੇ ਵਿਛਣ ਤੇ

ਸਰਕਾਰੋਂ ਮੁਆਵਜ਼ੇ ਖ਼ਾਤਰ

ਕੀਰਨੇ ਪਾਵਾਂ

ਤੇ

ਕਣਕਾਂ ਦਾ ਰਕਬਾ ਮਿਣਾਂ...?






Tuesday, April 28, 2009

ਡਾ: ਕੌਸਰ ਮਹਿਮੂਦ - ਨਜ਼ਮ

ਦੋਸਤੋ! ਕਈ ਮਹੀਨਿਆਂ ਤੋਂ ਹੀ ਤਬੀਅਤ ਨਾਸਾਜ਼ ਚਲੀ ਆ ਰਹੀ ਹੋਣ ਕਰਕੇ ਬਹੁਤ ਸਾਹਿਤਕ ਦੋਸਤਾਂ ਦੀਆਂ ਈਮੇਲਾਂ / ਟੈਕਸਟਾਂ ਦਾ ਜਵਾਬ ਨਹੀਂ ਦੇ ਸਕੀ ਨਾ ਹੀ ਫੋਨ ਕਾਲਜ਼ ਅਟੈਂਡ ਕਰ ਸਕੀ ਹਾਂ। ਬਹੁਤ ਨਾਰਾਜ਼ਗੀਆਂ ਮੇਰੇ ਸਿਰ ਨੇ। ਪਾਕਿਸਤਾਨ ਤੋਂ ਅਜ਼ੀਜ਼ ਸ਼ਾਇਰ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨੇ ਬੜੇ ਸ਼ਾਇਰਾਨਾ ਅੰਦਾਜ਼ ਚ ਮੇਰਾ ਹਾਲ ਪੁੱਛਿਆ ਹੈ...ਨਹੀਂ ਮੈਨੂੰ ਲੱਗਦੈ... ਸ਼ਾਇਦ ਆਪਣਾ ਹਾਲ ਦੱਸਿਆ ਹੈ। ਇੱਕ ਡੈਂਟਿਸਟ ਤੇ ਦੂਜੇ ਸ਼ਾਇਰ...ਡਾ: ਸਾਹਿਬ ਤੁਹਾਡੇ ਕੋਲ਼ੋਂ ਡਰ ਕੇ ਤਾਂ ਮੇਰੀ ਤਬੀਅਤ ਚ ਨਜ਼ਮ ਪੜ੍ਹਦਿਆਂ ਹੀ ਸੁਧਾਰ ਹੋਣ ਲੱਗ ਪਿਆ ਹੈ J

----

ਸਦਕੇ ਜਾਵਾਂ ਤੁਹਾਡੇ ਵਰਗੇ ਦੋਸਤਾਂ ਦੇ ਜਿਨ੍ਹਾਂ ਨੂੰ ਮੇਰਾ ਏਨਾ ਖ਼ਿਆਲ ਰਹਿੰਦਾ ਹੈ ਕਿ ਡੈਂਟਲ ਸਰਜਰੀ ਦੇ ਟੂਲਜ਼ ਛੱਡ ਕਲਮ ਚੁੱਕ ਕੇ ਏਨੀਆਂ ਖ਼ੂਬਸੂਰਤ ਨਜ਼ਮਾਂ/ਕਾਫ਼ੀਆਂ ਲਿਖ ਹਾਲ ਪੁੱਛਦੇ ਓ...ਤੁਹਾਡੀ ਮੁਹੱਬਤ ਤੇ ਸ਼ਿੱਦਤ ਅੱਗੇ ਮੇਰਾ ਸਿਰ ਝੁਕਦਾ ਹੈ।

----

ਦੋਸਤੋ! ਮੈਂ ਏਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦੀ ਹਾਂ ਕਿ ਡਾ: ਸਾਹਿਬ ਆਪਣੀਆਂ ਨਜ਼ਮਾਂ ਖ਼ੁਦ ਗੁਰਮੁਖੀ ਚ ਟਾਈਪ ਕਰਕੇ ਭੇਜਦੇ ਨੇ ...ਅਤੇ ਛੁੱਟੀ ਵਾਲ਼ੇ ਦਿਨ...ਸ਼ਾਇਰਾ ਤਸਨੀਮ ਕੌਸਰ ਅਤੇ ਨਵੀਦ ਅਨਵਰ ਜਿਹੇ ਹੋਰ ਸਾਹਿਤਕ ਦੋਸਤਾਂ ਨੂੰ ਇੱਕਠਿਆਂ ਕਰ ਗੁਰਮੁਖੀ ਲਿਖਣੀ/ਪੜ੍ਹਨੀ ਸਿਖਾਉਂਦੇ ਵੀ ਨੇ...ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੀ ਤਰੱਕੀ ਲਈ ਏਨੀ ਮਿਹਨਤ ਕਰਨ ਤੇ ਆਰਸੀ ਪਰਿਵਾਰ ਵੱਲੋਂ ਇਹਨਾਂ ਨੂੰ ਸਲਾਮ ਭੇਜ ਰਹੀ ਹਾਂ।

********

ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ....

ਨਜ਼ਮ

ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ!

ਅਸੀਂ ਬੈਠੇ ਦੀਵੇ ਬਾਲ਼ ਕੁੜੇ!

ਕਦੀ ਆ ਕੇ.............

ਤੇਰੀ ਰਿਸ਼ਮਾਂ ਵੰਡੇ ਅੱਖ ਸੋਹਣੀਏ!

ਇੱਕ ਇੱਕ ਦੀ ਬਣਦੀ ਲੱਖ ਸੋਹਣੀਏ!

ਤੂੰ ਰੰਗਾਂ ਨਾਲ਼ ਸ਼ਿੰਗਾਰੀ ਹੋਈ

ਅਸੀਂ ਫੁੱਲ ਖ਼ੁਸ਼ਬੋਈਓ ਵੱਖ ਸੋਹਣੀਏ!

ਐਹੋ ਅਰਜ਼ੀ ਕਰ ਮਨਜ਼ੂਰ ਸਾਡੀ

ਸਾਡਾ ਕੁਝ ਨਈਂ ਹੋਰ ਸਵਾਲ ਕੁੜੇ!

ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ!

ਅਸੀਂ ਬੈਠੇ ਦੀਵੇ ਬਾਲ਼ ਕੁੜੇ!





ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਉਮਰ ਦੇ ਹਾਦਸੇ ਕਿੰਨੇ, ਉਮੀਦਾਂ ਦੇ ਘਰੇ ਵੇਖੇ

ਜਦੋਂ ਇੱਕ ਸ਼ਖ਼ਸ਼ ਦੇ ਚਸ਼ਮੇ, ਕਿਤਾਬਾਂ 'ਤੇ ਧਰੇ ਵੇਖੇ

----

ਉਹਨਾਂ ਨੇ ਆਪਣੀ ਛਾਂ ਵੇਚਕੇ, ਕਿਸ਼ਤੀ ਬਣਾ ਦਿੱਤੀ,

ਮਲਾਹਾਂ ਜੋ ਨਦੀ ਕੰਢੇ, ਕਦੇ ਰੁੱਖ ਸੀ ਹਰੇ ਵੇਖੇ

----

ਹਵਾ ਨੂੰ ਵਕਤ ਦੇ ਖੰਡਰ, ਰੁਆ ਗਏ ਚੇਤਿਆਂ ਵਿੱਚੋਂ,

ਜਦੋਂ ਉਸਨੇ ਬੁਝੇ ਦੀਵੇ, ਸੀ ਪਾਣੀ ਦੇ ਭਰੇ ਵੇਖੇ

----

ਨਹੀਂ ਸਰਘੀ ਕਦੇ ਹੋਣੀ, ਜਿਨ੍ਹਾਂ ਦੀ ਰਾਤ ਲੰਮੀ ਹੈ,

ਉਹੋ ਸ਼ੀਸ਼ੇ 'ਚ ਕੰਧਾਂ ਨੇ, ਜੜੇ ਸੂਰਜ ਠਰੇ ਵੇਖੇ

----

ਚੌਰਾਹੇ ਪੈਂਦੀਆਂ ਸੋਚਾਂ, ਲਿਜਾਵਣ ਨਾ ਜਦੋਂ ਕਿਧਰੇ,

ਘਰਾਂ ਵਾਲੇ ਵੀ ਮੈਂ ਹੁੰਦੇ, ਉਦੋਂ ਹਨ ਬੇ-ਘਰੇ ਵੇਖੇ

----

ਜੁਦਾ ਹੋਏ ਹਾਂ ਤਾਂ ਕੀ ਹੈ, ਤਮੰਨਾ ਹੈ ਅਜ਼ੀਮ ਇੱਕੋ,

ਮੈਂ ਉਸਦੇ ਆਸਰੇ ਵੇਖਾਂ, ਉਹ ਮੇਰੇ ਆਸਰੇ ਵੇਖੇ


Monday, April 27, 2009

ਸੁਰਿੰਦਰ ਸਿੰਘ ਸੀਰਤ - ਗ਼ਜ਼ਲ

ਸਾਹਿਤਕ ਨਾਮ: ਸੁਰਿੰਦਰ ਸਿੰਘ ਸੀਰਤ

ਜਨਮ ਅਸਥਾਨ : ਪਿੰਡ ਸੈਦ ਪੁਰਾ, ਪੁਲਵਾਮਾ, ਕਸ਼ਮੀਰ

ਅਜੋਕਾ ਨਿਵਾਸ: ਯੂ.ਐੱਸ.ਏ.

ਕਿਤਾਬਾਂ: ਕਵਿਤਾ-ਸੰਗ੍ਰਹਿ: :ਛੱਲਾਂ (1980) ) ਖ਼ਲਾਅ ਚ ਟੰਗੇ ਹਰਫ਼ (1985) ਕਿਰਚਾਂ (1990) ਕਿੱਕਰ ਕੰਡੇ (1992) ਸੂਰਤ, ਸੀਰਤ ਤੇ ਸਰਾਬ (2002) ਸੇਜ, ਸੂਲੀ ਤੇ ਸਲੀਬ (2007) ਨਾਵਲ: ਭਰਮ ਭੁਲਈਆਂ(1986) ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਵਲ ਮੈਲੇ ਲੋਕ ਕਹਾਣੀ ਸੰਗ੍ਰਹਿ: ਬਿਨਾ ਅਨਵਾਨ ਪ੍ਰਕਾਸ਼ਨ ਅਧੀਨ ਹਨ।

----

ਸੀਰਤ ਸਾਹਿਬ ਨੇ ਨੀਲਸਰ, ਹੀਮਾਲ ਵਰਗੇ ਸਾਹਿਤਕ ਪਰਚਿਆਂ ਦਾ ਸੰਪਾਦਨ ਕੀਤਾ ਹੈ।1992 ਚ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਯੂ.ਐਸ.ਏ ਅਤੇ 2002 ਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦਾ ਨਿਰਮਾਣ ਵੀ ਕੀਤਾ ਹੈ।

----

ਇਨਾਮ-ਸਨਮਾਨ: ਜੰਮੂ ਕਸ਼ਮੀਰ ਅਕੈਡਮੀ ਆਫ ਆਰਟ,ਕਲਚਰ ਐਂਡ ਲੈਂਗੁਏਜਿਜ਼ ਵਲੋਂ ਪ੍ਰਥਮ ਪੁਸਤਕ ਪੁਰਸਕਾਰ: ਕਾਵਿ ਪੁਸਤਕ ਛੱਲਾਂ, ਗ਼ਜ਼ਲ- ਸੰਗ੍ਰਹਿ ਕਿਰਚਾਂ ਉਪਨਿਆਸ ਭਰਮ ਭੁਲਈਆਂ ਨੂੰ ਸਨਮਾਨਿਆ ਗਿਆ।

----

ਦੋਸਤੋ! ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਸੀਰਤ ਸਾਹਿਬ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਦੋ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

---------

ਗ਼ਜ਼ਲ

ਮੈਨੂੰ ਤਾਂ ਅਪਣੇ ਖ਼ਿਆਲਾਂ ਚ ਹਵਾ ਮਿਲਦੀ ਏ।

ਹੁੰਦੇ ਹਨ ਜਦ ਵੀ ਹਰੇ ਜ਼ਖ਼ਮ, ਸਜ਼ਾ ਮਿਲਦੀ ਏ।

----

ਜ਼ਬਤ ਵਿਚ ਰਹਿਂਦਾ ਨਹੀਂ, ਮਨ ਚਲਾ ਮਨ ਹੈ ਮੇਰਾ,

ਇਸ ਨੂੰ ਤਾਂ ਪੀੜ ਸਮੇਟਣਚ ਅਨਾ ਮਿਲਦੀ ਏ।

----

ਘੁਪ ਹਨੇਰੇ ਚ ਕਿਰਨ ਲੋਅ ਦੀ ਨਜ਼ਰ ਆਏ ਕੁਈ,

ਕਦ ਕਦੀ ਇੰਝ ਵੀ ਸੂਰਜ ਦੀ ਨਿਗ੍ਹਾ ਮਿਲਦੀ ਏ।

----

ਜਿਸ ਦੇ ਟੁਟਦੇ ਨੇ ਫ਼ਲਕ-ਧਰਤ ਵਿਚਾਲੇ ਰਿਸ਼ਤੇ,

ਐਸੇ ਪੰਛੀ ਨੂੰ ਉਦੋਂ ਹੋਰ ਖਲਾ ਮਿਲਦੀ ਏ।

----

ਸਭ ਸਵੀਕਾਰ ਨੇ ਜਿੰਨੇ ਵੀ ਤੂੰ ਮਾਰੇਂ ਪੱਥਰ,

ਜੀਣ ਲਈ ਇਸ ਚੋਂ ਵੀ ਮੈਨੂੰ ਈ ਰਜ਼ਾ ਮਿਲਦੀ ਏ।

----

ਬੁੱਤ-ਤਰਾਸ਼ਣ ਦਾ ਭਲਾ ਕੌਣ ਭਰੇ ਦਮ ਏਥੇ,

ਹਰਿਕ ਪੱਥਰ ਚ ਕੁਈ ਲੁਕਵੀਂ ਕਲਾ ਮਿਲਦੀ ਏ।

----

ਇਸ ਸ਼ਿਵਾਲੇ ਨੂੰ ਮੈਂ ਜਦ ਜਦ ਵੀ ਸਮਰਪਿਤ ਹੋਇਆ,

ਇਸ ਚੋਂ ਗੁਮਰਾਹ ਹੋਏ ਇਕ ਯੁਗ ਦੀ ਸਦਾ ਮਿਲਦੀ ਏ।

----

ਕਿੰਝ ਇਹਸਾਸ ਦੇ ਪੈਰਾਂਚ ਪਈ ਹੈ ਬੇੜੀ,

ਹਰਿਕ ਚਿਹਰੇ ਚੋਂ ਕਿਸੇ ਡਰ ਦੀ ਵਜ੍ਹਾ ਮਿਲਦੀ ਏ।

---

ਇਹ ਹਕੀਕਤ ਏ, ਨਿਰਾ ਸ਼ੌਕ ਨਹੀਂ ਹੈ ਮੇਰਾ

ਆਈਨਾ ਤੋੜ ਕੇ 'ਸੀਰਤ' ਨੂੰ ਸ਼ਫ਼ਾ ਮਿਲਦੀ ਏ।

=======

ਗ਼ਜ਼ਲ

ਕੈਸੇ ਪਰਛਾਵੇਂ ਨਗਰ ਤੇ ਛਾ ਗਏ ਹਨ।

ਹਰ ਨਜ਼ਰ ਵਿਚ ਤੀਰਗੀ ਫੈਲਾ ਗਏ ਹਨ।

----

ਕੁਝ ਨਜ਼ਰ ਵਿਚ ਐਸਾ ਜੋ ਦਿਸਦਾ ਨਹੀਂ ਹੈ,

ਜ਼ਿਹਨ ਤੇ ਪਰ ਧੁਖਦੇ ਮੰਜ਼ਰ ਛਾ ਗਏ ਹਨ।

----

ਹਰ ਦਿਸ਼ਾ ਵਿਚ ਅੱਗ, ਧੂੰਆਂ, ਗੋਲੀਆਂ ਹਨ

ਰੌਸ਼ਨੀ ਦੇ ਸ਼ਹਿਰ ਨ੍ਹੇਰੇ ਆ ਗਏ ਹਨ।

----

ਇਕ ਜਨੂੰਨੀ ਖੇਡ ਵੀ ਅਜ ਤਕ ਨ ਪੁੱਗੀ,

ਸਿਰ ਫਿਰੇ ਕੁਝ ਲੋਕ ਪਰ ਬੁਖਲਾ ਗਏ ਹਨ।

----

ਕਰਬਲਾ ਵਿਚ ਹੱਕ ਦੀ ਲੜ ਜਾ ਲੜਾਈ,

ਜੋ ਭਿੜੇ ਹਨ ਆਪਣੇ ਮੁਲ ਪਾ ਗਏ ਹਨ।

----

ਨਾਅਰਾ ਏ ਹੱਕ , ਸਾਂਈ ਦਾ ਸਾਂਝਾ ਸੁਨੇਹਾ,

ਤੇਰੇ ਮੁਰਸ਼ਿਦ ਤੈਨੂੰ ਬਸ ਭਟਕਾ ਗਏ ਹਨ।

----

ਸੱਤਾ ਦੇ ਨ੍ਹੇਰੇ ਚੋਂ ਤੂੰ ਵੀ ਬਾਹਰ ਆ ਜਾ,

ਵੇਖ ਲੈ, ਜੁਗਨੂੰ ਕੀ ਰਾਹ ਦਿਖਲਾ ਗਏ ਹਨ।

----

ਨਾ ਕੁਈ ਆਹਟ, ਨ ਹੀ ਸੰਕੇਤ ਕੋਈ,

ਵਾਵਰੋਲੇ ਰੇਤ ਦੇ ਘਰ ਢਾਹ ਗਏ ਹਨ।

----

ਮੈਂ, ਭਰਮ ਮੇਰਾ, ਜਾਂ 'ਸੀਰਤ' ਹੀ ਮਿਰੀ ਹੀ,

ਆਪੋ ਅਪਣੇ ਰੰਗ ਸਭ ਵਰਤਾ ਗਏ ਹਨ।


ਸੰਤੋਖ ਧਾਲੀਵਾਲ - ਨਜ਼ਮ

ਸਕਿਨ ਹੈਡ
ਨਜ਼ਮ
ਉਹ ਮੇਰੀ ਬਸਤੀ ‘ਚੋਂ ਇਉਂ ਗੁਜ਼ਰੇ
ਜਿਵੇਂ ਭੂਤਰਿਆ, ਮੱਛਰਿਆ ਤੂਫ਼ਾਨ
ਕਿਨਾਰਿਆਂ ਨੂੰ ਨਿਪੁੰਸਕ ਹੋਣ ਦਾ
ਅਹਿਸਾਸ ਕਰਵਾ ਰਿਹਾ ਹੋਵੇ।
.....................
ਉਨ੍ਹਾਂ ਦੇ ਡੌਕ ਮਾਰਟਨ ਬੂਟ
ਤੇ ਉਸਤਰੇ ਨਾਲ ਕੀਤੀਆਂ
ਚੱਟ ਹਜਾਮਤਾਂ ਵੇਖ
ਬੀਹੀ ‘ਚ ਖੇਲ੍ਹਦੇ
ਕਾਲੇ,ਚਿੱਟੇ, ਭੂਰੇ ਤੇ ਕਣਕਵੰਨੇ
ਰੰਗਾਂ ਦੇ ਬੱਚੇ
ਖੇਲ੍ਹ ਵਿਸਰ ਗਏ।
..................
ਸਿਰਾਂ ‘ਚ ਖੁੱਭੀਆਂ ਤਹਿਜ਼ੀਬਾਂ ਤੋਂ ਅਣਜਾਣ
ਆਪਣੇ ਚਿਹਰੇ ਦੇ ਰੰਗਾਂ ਤੋਂ ਬੇਖ਼ਬਰ
ਬਸਤੇ ਦੀ ਉਮਰੋਂ ਵੀ ਨਿੱਕੇ
ਸਹਿਮੇ, ਡਰ ਦੀ ਚੌਗਾਠ ‘ਚ ਜੜੇ ਗਏ।
ਸ਼ਾਇਦ---
ਇਸ ਤਰ੍ਹਾਂ ਹੀ ਹੋਇਆ ਸੀ
ਨਿਕਚੂ ਜਹੇ ਸਿਰਾਂ ਦੀ ਸੋਚਣੀ ‘ਚ
ਡਰ ਦਾ ਪਹਿਲੀ ਵੇਰ ਅਹਿਸਾਸ।
.....................
ਉਨ੍ਹਾਂ ਦੀ ਹੰਕਾਰੀ ਤੋਰ ‘ਚੋਂ
ਮਿਣਿਆ ਜਾ ਸਕਦਾ ਸੀ
ਉਨ੍ਹਾਂ ਦੀ ਸੋਚ ਦਾ ਘਰਣਈ ਖੇਤਰਫਲ
ਨਸ਼ੇ ‘ਚ ਧੁੱਤ ਅੱਖਾਂ ‘ਚ
ਬਲਦੀ ਸੀ ਨਫ਼ਰਤਾਂ ਦੀ ਲਾਟ
ਤੇ ਸਿਖਰ ਦਾ ਪੀਹਲੂ ਹੋਣ ਦਾ ਹੰਕਾਰ।
ਸੰਮਤਰ ਸਮਾਜ ਦੀ ਹੋਂਦ ਦਾ ਸਿਵਾ
ਗਿੱਲੀ ਲਕੜ ਵਾਂਗੂੰ ਬਲ ਰਿਹਾ ਸੀ।
ਭਵਿੱਖ ਦੀ ਗੁਫ਼ਾ ‘ਚ ਹਰ ਪਾਸੇ
ਧੂੰਆਂ ਹੀ ਧੂੰਆਂ ਸੀ।
.....................
ਹਰ ਪੈੜ ਜ਼ਖਮੀ ਸੀ
ਤੇ ਕਿਸੇ ਸਾਂਝੀ ਤਹਿਜ਼ੀਬ ਦਾ ਤਸੱਵਰ
ਭੋਗ ਰਿਹਾ ਸੀ
ਬੇਵੱਸ ਲਾਚਾਰੀਆਂ ਦੀ ਜੂਨ।
ਕਾਨੂੰਨ ਮੂੰਹ ‘ਚ ਘੁੰਙਣੀਆਂ ਪਾਈ
ਆਪਣੀ ਬੇਵਸੀ ‘ਚ ਖ਼ਾਮੋਸ਼ ਸੀ
ਜਦੋਂ ਤੱਕ ਇਹ ਝੱਖੜ, ਇਹ ਤੂਫ਼ਾਨ
ਕੋਈ ਕਹਿਰ ਨਹੀਂ ਢਾਉਂਦਾ
ਕਾਨੂੰਨ ਦੇ ਹੱਥਾਂ ‘ਚ ਕੜੀਆਂ ਹਨ
ਕਾਨੂੰਨ ਦੇ ਪੈਰਾਂ ‘ਚ ਬੇੜੀਆਂ ਹਨ।
ਕਾਨੂੰਨ ਮਜਬੂਰ ਹੈ।
....................
(ਪਰ) ਕੌਣ ਹੁਣ ਸਰਦਲ ਟਪਾਊ
ਨਿੱਕੀਆਂ ਨਿੱਕੀਆਂ ਸੋਚਾਂ ਦੇ ਵਿਹੜਿਆਂ ‘ਚ
ਉਚੀਆਂ ਉਚੀਆਂ ਹੋ ਗਈਆਂ
ਡਰ ਦੀਆਂ ਦੀਵਾਰਾਂ ਨੂੰ।
........
ਕੌਣ---
ਨਫਰਤਾਂ ਦੇ ਕੀਤੇ ਫੱਟਾਂ ਤੇ ਮਰਹਮ ਲਗਾਊ
ਬਸਤੇ ਦੀ ਉਮਰੋਂ ਵੀ ਨਿੱਕੇ
ਆਪਣੇ ਰੰਗਾਂ ਤੋਂ ਬੇਖ਼ਬਰ
ਤਹਿਜ਼ੀਬਾਂ ਤੋਂ ਅਣਜਾਣ
ਆਪਣੀ ਖੇਲ੍ਹ ‘ਚ ਹੀ
ਹਸਦਾ ਸੰਸਾਰ ਸਿਰਜੀ ਫਿਰਦੇ
ਰੰਗਾਂ ਦਾ, ਇੱਜ਼ਤਾਂ ਦਾ, ਤਹਿਜ਼ੀਬਾਂ ਦਾ
ਪਾੜਾ ਨਿੱਕਾ ਕਰਕੇ
ਮਸਰੂਫ਼
ਤੋਤਲੀ ਬੋਲੀ ‘ਚ ਆਪਣਾ ਹੀ ਇੱਕ
ਸਾਝਾਂ ਦਾ
ਮੁਹੱਬਤਾਂ ਦਾ
ਸੰਸਾਰ ਸਿਰਜੀ ਫਿਰਦੇ
ਨਿੱਕੇ ਨਿੱਕੇ ਬਾਲਾਂ ਨੂੰ
ਜੋ ਢੋਏ ਬੂਹਿਆਂ ਦੀਆਂ ਝੀਤਾਂ ‘ਚੋਂ
ਇਸ ਝੱਖੜ ਨੂੰ ਵੇਖਣ ਲਈ
ਅੱਖਾਂ ਤੇ ਰੱਖੇ ਹੱਥਾਂ ਦੀਆਂ ਉਂਗਲਾਂ ‘ਚੋਂ
ਸੌੜੀਆਂ ਜਹੀਆਂ ਮੋਰੀਆਂ
ਬਣਾਉਣ ਤੋਂ ਵੀ
ਸਹਿਮੇ ਗਏ ਹਨ।