ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਅਦਬ ਸਹਿਤ
ਤਨਦੀਪ ਤਮੰਨਾ
Tuesday, August 7, 2012
ਸੁਰਿੰਦਰ ਸੋਹਲ - ਗ਼ਜ਼ਲ
Wednesday, February 1, 2012
ਸੁਰਿੰਦਰ ਸੋਹਲ – ਆਰਸੀ ‘ਤੇ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਪੜ੍ਹ ਕੇ ਯਾਦਾਂ ਤਾਜ਼ਾ ਹੋ ਗਈਆਂ - ਲੇਖ

ਬਖ਼ਸ਼ੀ ਰਾਮ ਕੌਸ਼ਲ ਦਾ ਸ਼ਿਅਰ-
ਕਿਰਨ ਹੈ ਹੁਸਨ ਦੀ ਓਧਰ,
ਜਲਨ ਹੈ ਇਸ਼ਕ ਦੀ ਏਧਰ
ਤਿਰੇ ਘਰ ਤੋਂ ਮਿਰੇ ਘਰ ਤਕ
ਉਜਾਲੇ ਹੀ ਉਜਾਲੇ ਨੇ
ਸਿਮਰਤੀ ਵਿਚ ਹਮੇਸ਼ਾ ਲਈ ਸਾਂਭਿਆ ਗਿਆ।
.........
ਖ਼ੁਸ਼ੀ ਰਾਮ ਰਿਸ਼ੀ ਦਾ ਸ਼ਿਅਰ ਇਕ ਵਾਰ ਸੁਣਿਆ ਮੁੜ ਕਦੇ ਨਹੀਂ ਭੁਲਿਆ-
ਇਸ਼ਕ ਦੇ ਬਿਖੜੇ ਹੋਏ ਰਾਹਾਂ 'ਚ ਦੋਵੇਂ ਗੁੰਮ ਗਏ
ਰਹਿਨੁਮਾ ਨੂੰ ਮੈਂ ਤੇ ਮੈਨੂੰ ਰਹਿਨੁਮਾ ਲਭਦਾ ਰਿਹਾ।
.........
ਊਧਮ ਸਿੰਘ ਮੌਜੀ ਨਜ਼ਮਾਂ ਦੀ ਛਹਿਬਰ ਲਾ ਦਿੰਦਾ-
ਕੁਰਸੀ 'ਤੇ ਗਿਰਝਾਂ ਬੈਠੀਆਂ।
ਵੋਟ ਪਾਵਾਂ ਕਿ ਬੋਟੀਆਂ।
...........
ਮੁਸ਼ਕਲ ਮੂਨਿਕ ਦੀ ਇਹ ਰੁਬਾਈ ਮੈਂ ਕੋਈ ਪੰਜਾਹ ਵਾਰ ਲੋਕਾਂ ਨੂੰ ਸੁਣਾ ਚੁੱਕਾ ਹੋਵਾਂਗਾ-
ਕਦੇ ਨਾ ਕਦੇ 'ਤੇ ਮੁਲਾਕਾਤ ਹੋਸੀ।
ਜੋ ਗੱਲਬਾਤ ਚਾਹੁੰਨਾ ਉਹ ਗੱਲਬਾਤ ਹੋਸੀ।
ਮੈਂ ਰੋ ਰੋ ਕੇ ਦੱਸੂੰ, ਉਹ ਸੁਣ ਸੁਣ ਕੇ ਰੋਊ
ਮੁਹੱਬਤ ਦੇ ਬੂਟੇ 'ਤੇ ਬਰਸਾਤ ਹੋਸੀ।
.........
ਸੋਹਣ ਲਾਲ ਦਰਦੀ ਦੇ ਆਉਣ ਨਾਲ ਹੀ ਹਾਸੜ ਪੈ ਜਾਂਦੀ-
ਕੌਮ ਦੇ ਗ਼ੱਦਾਰ ਆਏ ਹਾਰ ਪਾਓ।
.........
ਪ੍ਰੀਤਮ ਸਿੰਘ ਪ੍ਰੀਤਮ ਵਾਰ ਵਾਰ ਆਪਣੀਆਂ ਦੋ ਹੀ ਗ਼ਜ਼ਲਾਂ ਪੜ੍ਹਦਾ ਸੀ, ਪਰ ਹਰ ਵਾਰ ਉਸਨੂੰ ਭਰਵੀਂ ਦਾਦ ਮਿਲਦੀ-
ਤਾਕਤ ਦੇ ਨਸ਼ੇ ਵਿਚ ਨਾ ਮਜ਼ਲੂਮ ਨੂੰ ਛੇੜੀ,
ਕਤਰੇ 'ਚ ਛੁਪੇ ਹੁੰਦੇ ਨੇ ਤੂਫ਼ਾਨ ਹਜ਼ਾਰਾਂ।
.........
ਉਲਫ਼ਤ ਬਾਜਵਾ ਹੋਰਾਂ ਦੇ ਹਰ ਸ਼ਿਅਰ ਨੂੰ ਭਰਵੀਂ ਦਾਦ ਮਿਲਦੀ। ਅਸੀਂ ਤਾਂ ਬਿਲਕੁਲ ਨਵੇਂ ਸਾਂ। ਪੁਰਾਣੇ ਬੰਦੇ ਜਲੰਧਰ ਦੇ ਸ਼ਾਇਰਾਂ ਵਿਚ ਚੱਲ ਰਹੀ ਅੰਦਰਲੀ ਸਿਆਸਤ ਤੋਂ ਜਾਣੂੰ ਸਨ। ਇਕ ਸਮੇਂ 'ਤੇ ਆ ਕੇ ਉਲਫ਼ਤ ਬਾਜਵਾ ਹੋਰਾਂ ਦੇ ਦੀਪਕ ਜੈਤੋਈ ਅਤੇ ਪ੍ਰਿੰ. ਤਖ਼ਤ ਸਿੰਘ ਨਾਲ ਸੰਬੰਧ ਅਣਸੁਖਾਵੇਂ ਹੋ ਗਏ ਸਨ। ਬਾਜਵਾ ਸਾਹਿਬ ਇਸ਼ਾਰੇ ਨਾਲ ਆਪਣੀ ਗ਼ਜ਼ਲ ਵਿਚ ਇਹਨਾਂ ਦਾ ਜ਼ਿਕਰ ਕਰਦੇ ਤਾਂ ਸ਼ਿਅਰਾਂ 'ਚ ਆਏ ਹਵਾਲਿਆਂ ਤੋਂ ਵਾਕਿਫ਼ ਲੋਕ ਜ਼ੋਰ-ਜ਼ੋਰ ਦੀਆਂ ਤਾੜੀਆਂ ਮਾਰਦੇ। 'ਵਾਹ ਵਾਹ' ਕਰਦੇ। ਕਈ ਮੁੱਕੀਆਂ ਮਾਰ-ਮਾਰ ਕੇ ਨਾਲ਼ ਬੈਠੇ ਦੇ ਪਾਸੇ ਵੀ ਸੇਕ ਦਿੰਦੇ-
ਬੁਝਾਇਆ ਲੋਭ ਦੀ ਆਂਧੀ ਨੇ ਤੇਰੇ ਸਾਹਮਣੇ 'ਦੀਪਕ',
ਤੂੰ ਕੀਕਰ ਸਹਿ ਗਈ ਗ਼ੈਰਤ ਤੂੰ ਕੀਕਰ ਜਰ ਗਈ ਗ਼ੈਰਤ।
ਉਹਨਾਂ ਨੇ 'ਤਖ਼ਤ' ਠੁਕਰਾਇਆ, ਉਹਨਾਂ ਨੇ ਤਾਜ ਠੁਕਰਾਇਆ,
ਜਿਨ੍ਹਾਂ 'ਲਾਲਾਂ' ਦੇ ਸਿਰ 'ਤੇ ਤਾਜ ਅਪਣਾ ਧਰ ਗਈ ਗ਼ੈਰਤ।
ਇਹਨਾਂ ਸ਼ਿਅਰਾਂ ਦੇ ਪਿਛੋਕੜ ਬਾਰੇ ਬਾਜਵਾ ਸਾਹਿਬ ਨੇ ਕਈ ਵਾਰ ਦੱਸਿਆ ਅਤੇ ਨੁਕਤਾ ਸਮਝਾਇਆ ਸੀ ਕਿ ਭਾਵੇਂ ਉਹਨਾਂ ਨੇ ਇਹ ਸ਼ਿਅਰ ਬਹੁਤ ਹੀ ਨਿੱਜੀ ਪੱਧਰ 'ਤੇ ਲਿਖੇ ਸਨ, ਪਰ ਇਹਨਾਂ ਦੀ ਖ਼ੂਬਸੂਰਤੀ ਇਹ ਸੀ ਕਿ ਇਹਨਾਂ ਦਾ ਇਤਿਹਾਸਕ ਪਰਿਪੇਖ ਵਿਚ ਵੀ ਆਪਣਾ ਮਹੱਤਵ ਸੀ। ਸੰਦਰਭ ਵਿਅਕਤੀਗਤ ਹੋਣ ਦੇ ਬਾਵਜੂਦ ਇਹ ਸ਼ਿਅਰ ਵਿਅਕਤੀਗਤ ਦੇ ਦਾਇਰੇ ਤੋਂ ਪਾਰ ਵਿਚਰਦੇ ਹਨ।
.............
ਆਰਿਫ਼ ਗੋਬਿੰਦ ਪੁਰੀ ਬੜੇ ਨਖ਼ਰੇ ਨਾਲ ਪੇਸ਼ ਹੁੰਦਾ-
ਖੁਆ ਕਾਵਾਂ ਨੂੰ ਜੇਕਰ ਗੰਦ ਰਿਸ਼ਵਤ ਦਾ ਖੁਆਉਣਾ ਏਂ,
ਕਿ ਹੰਸਾਂ ਨੂੰ ਨਹੀਂ ਹੁੰਦੀ ਇਹ ਗੰਦਗੀ ਖਾਣ ਦੀ ਆਦਤ।
............
ਉਂਕਾਰਪ੍ਰੀਤ ਦੇ ਇਹ ਸ਼ਿਅਰ 'ਤੇ ਬੜੀ ਦਾਦ ਬਟੋਰਦੇ ਸਨ-
ਜਦ ਵੀ ਕਦੇ ਅਸਾਂ ਨੇ ਤੇਰਾ ਖ਼ਿਆਲ ਲਿਖਿਆ।
ਯਾਦਾਂ 'ਚ ਡੋਬ ਕਾਨੀ, ਹੰਝੂਆਂ ਦੇ ਨਾਲ ਲਿਖਿਆ।
ਕੀਤਾ ਗਿਲਾ ਮੇਰੇ 'ਤੇ ਤਦ ਦਿਲ ਮੇਰੇ ਦੇ ਜ਼ਖ਼ਮਾਂ,
ਜਦ ਠੀਕ ਠਾਕ ਅਪਣਾ ਮੈਂ ਹਾਲ-ਚਾਲ ਲਿਖਿਆ।
...........
ਜੋਗਾ ਸਿੰਘ ਬਠੁੱਲਾ ਦਾ ਸ਼ਿਅਰ ਕਈ ਦਿਨ ਦਿਮਾਗ਼ ਵਿਚ ਘੁੰਮਦਾ ਰਿਹਾ। ਉਸਨੇ ਇਹ ਗੱਲ ਸੋਚੀ ਕਿਵੇਂ ਹੋਵੇਗੀ-
ਜ਼ਰੂਰੀ ਹੀ ਜੇ ਜਾਣਾ ਹੈ ਤਾਂ ਜਾਵੀਂ ਮੌਸਮਾਂ ਵਾਂਗਰ,
ਕਿ ਜੋ ਮੁੜ ਕੇ ਨਹੀਂ ਆਉਂਦਾ, ਨਾ ਜਾਵੀਂ ਤੂੰ ਸਮਾਂ ਬਣ ਕੇ।
.........
ਪ੍ਰੋ. ਦੀਦਾਰ ਤਰੰਨੁਮ ਵਿਚ ਗ਼ਜ਼ਲ ਪੜ੍ਹਦਾ ਸਭ ਨੂੰ ਝੂਮਣ ਲਾ ਦਿੰਦਾ ਸੀ-
ਮੇਰੇ ਘਰ ਦੇ ਬਾਰਾਂ ਬਾਲੇ ਤਿੰਨ ਕੰਧਾਂ ਦਰ ਦੱਖਣ ਨੂੰ,
ਭੂਤਾਂ ਦੀ ਜੂਹ ਅੰਦਰ ਆ ਕੇ ਤੂੰ ਕਿੱਦਾਂ ਬਚ ਜਾਵੇਂਗਾ।
........
ਸ਼ੌਕਤ ਢੰਡਵਾੜੀ ਝੂੰਮ ਝੂੰਮ ਕੇ ਗ਼ਜ਼ਲਾਂ ਪੜ੍ਹਦਾ-
ਦੇਖੋ ਇਨਾਮ ਮੇਰਾ।
ਖ਼ਾਲੀ ਹੈ ਜਾਮ ਮੇਰਾ।
ਤਿਰਕਾਲਾਂ ਪੈਣ ਲੱਗੀਆਂ,
ਕਰੋ ਇੰਤਜ਼ਾਮ ਮੇਰਾ।
ਤਾੜੀਆਂ ਦੀ ਗੂੰਜ ਵਿਚ ਸ਼ੌਕਤ ਦਾ ਸ਼ਿਅਰ ਰੰਗ ਬਿਖੇਰਦਾ-
ਇਕ ਅਜਬ ਦਿਲਕਸ਼ੀ ਹੈ, ਅੱਜ ਕੱਲ੍ਹ ਮਾਹੌਲ ਅੰਦਰ,
ਨ੍ਹੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ਼ ਰਹੇ ਨੇ।
..........
ਇਹੋ ਜਿਹੇ ਕਾਵਿਕ ਮਾਹੌਲ ਵਿਚ ਹੀ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਦਾ ਆਨੰਦ ਅਸੀਂ ਮਾਣਦੇ ਸਾਂ-
ਹੰਝੂ, ਬਰਖਾ, ਝਾਂਜਰ ਦਾ ਕੋਈ ਮੇਲ ਨਹੀਂ,
ਫਿਰ ਵੀ ਤਿੰਨੇ ਛਮ ਛਮ ਕਰਦੇ ਆਪਣੀ ਥਾਂ।
........
ਰਿਸ਼ੀ ਸ਼ੰਭੂਕ ਦੇ ਜਦ ਕ਼ਤਲ ਦੀ ਚਰਚਾ ਛਿੜੂ ਕਿਧਰੇ,
ਉਦੋਂ ਦਰਸ਼ਥ ਦੇ ਬੇਟੇ ਰਾਮ ਦੀ ਗੱਲਬਾਤ ਚੱਲੇਗੀ।
.........
ਮੁਖ਼ਬਰ ਘਰਾਂ 'ਚ ਤੱਕ ਸੁਗਰੀਵ ਤੇ ਬਵੀਸ਼ਣ,
ਇਹ ਰਾਮ ਰਾਜ ਤਦ ਤੱਕ ਨਸੀਬ ਸਾਡੇ।
ਸ਼ਿਅਰ ਨੂੰ ਖ਼ੂਬ ਦਾਦ ਮਿਲਦੀ। ਇਤਿਹਾਸ-ਮਿਥਿਹਾਸ ਨੂੰ ਉਹ ਹਮੇਸ਼ਾ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ। ਦੱਬੀ-ਕੁਚਲੀ ਧਿਰ ਦੀ ਆਵਾਜ਼ ਬਣ ਕੇ ਪਰਗਟ ਹੁੰਦੇ ਉਸ ਨੌਜਵਾਨ ਸ਼ਾਇਰ ਦੇ ਸ਼ਿਅਰ ਉਸਤਾਦ ਸ਼ਾਇਰਾਂ ਨੂੰ ਖੁੱਲ੍ਹ ਕੇ ਦਾਦ ਦੇਣ ਲਈ ਮਜਬੂਰ ਕਰ ਦਿੰਦੇ।
..........
'ਆਰਸੀ' 'ਤੇ ਉਸਦੀ ਸ਼ਾਇਰੀ ਪੜ੍ਹ ਕੇ ਬੀਤੇ ਵਕਤ ਦੀ ਪਰਿਕਰਮਾ ਕਰਨਾ ਰੂਹ ਨੂੰ ਬੇਹੱਦ ਸਕੂਨ ਦੇਣ ਵਾਲਾ ਸਾਬਿਤ ਹੋਇਆ।
ਅਦਾਲਤ ਤੁਸੀਂ ਕੈਦ ਕੀਤੀ ਚਿਰਾਂ ਦੀ।
ਕਿ ਸ਼ਾਇਦ ਹੈ ਇਸਨੂੰ ਜ਼ਰੂਰਤ ਨਿਆਂ ਦੀ।
ਸੁਰਿੰਦਰ ਸੋਹਲ
ਯੂ.ਐੱਸ.ਏ.
Wednesday, October 6, 2010
ਸੁਰਿੰਦਰ ਸੋਹਲ - ਨਜ਼ਮ

ਨਜ਼ਮ
ਮੈਂ ਛਤੜੀ ‘ਚ ਪੈਦਾ ਹੋਇਆ ਸਿਧਾਰਥ ਹਾਂ
ਨਿੱਕੇ ਜਿਹੇ ਨੇ ਸੁਣਿਆ
ਜਦੋਂ ਚੁੱਲ੍ਹੇ ਦੀ ਠੰਢੀ ਸਵਾਹ ਨੇ ਕਿਹਾ:
‘ਭੁੱਖ’
ਬਚਪਨ ‘ਚ ਹੀ ਪੜ੍ਹਿਆ
ਚੋਂਦੀ ਛੱਤ ਨੇ ਕੱਚੀਆਂ ਕੰਧਾਂ ‘ਤੇ
ਘਰਾਲ਼ਾਂ ਦੀ ਲਿੱਪੀ ‘ਚ ਲਿਖਿਆ,
‘ਦੁੱਖ’
ਵੱਡਾ ਹੋ ਕੇ ਕੋਹੜੀ ਨਹੀਂ ਵੇਖੇ
ਗ਼ੁਰਬਤ ਦਾ ਕੋਹੜ ਹੰਢਾਇਆ ਹੈ
..............
ਪਤਨੀ ਸੁੱਤੀ ਨਹੀਂ
ਵਿਲਕਦੀ ਛੱਡ ਆਇਆ ਹਾਂ
ਯਿਸ਼ੂ ਨੂੰ
ਖਿਡੌਣਿਆਂ ਦੇ ਲਾਲਚ ਵਰਾਇਆ ਹੈ
ਕਪਲਵਸਤੂ ਸੱਤ ਸਮੁੰਦਰ ਪਿਛਾਂਹ ਰਹਿ ਗਿਆ ਹੈ
..............
ਬੋਧ ਰੁੱਖ ਦੀ ਛਾਂ
ਬੇਬਸੀ ਦਾ ਰੁੱਖ ਮਿਲ਼ਿਆ ਹੈ
ਜੋ ਕਦੇ ਸਤਾਈ ਮੰਜ਼ਿਲਾ ਬਿਲਡਿੰਗ ਨੂੰ
ਲੱਗੀ ਪੈੜ ‘ਤੇ ਉਗਦਾ ਹੈ
ਕਦੇ ਮੌਤ ਦੇ ਹਨੇਰੇ ‘ਚ ਘਿਰੇ
ਗੈਸ ਸਟੇਸ਼ਨ ‘ਤੇ
ਕਦੇ ਕਾਰ ਹਾਦਸੇ ਦਾ ਸ਼ਿਕਾਰ ਹੋਣ ਜਾ ਰਹੀ
ਪੀਲ਼ੀ ਕਾਰ ਵਿਚ
..............
ਗਿਆਨ-ਵੀਣਾ ਵਜਾਉਣੀ
ਸੁਨਹਿਰੀ ਕੁੜੀ ਹੋਵੇਗੀ
ਕਿਸੇ ਕਲੱਬ ‘ਚ
ਮਿੱਤਰ-ਮੁੰਡੇ ਦੇ ਗਲ਼ ਨਾਲ਼ ਚਿੰਬੜੀ
‘ਹਲਕੇ ਸੰਗੀਤ’ ‘ਤੇ
‘ਭਾਰੇ’ ਪੈਰਾਂ ਨਾਲ਼ ਝੂੰਮਦੀ
ਕਿਸ ਦੀ ਉਡੀਕ
ਕੇਹਾ ਨਿਰਵਾਣ
ਕੇਹੀ ਤਲਾਸ਼
ਝੱਖੜ ਦਰੱਖ਼ਤਾਂ ਤੋਂ ਤਿਲ੍ਹਕ ਕੇ
ਮੇਰੇ ਮਸਤਕ ਚ ਸਮਾਅ ਗਿਆ ਹੈ
ਮਾਰੂਥਲ ਦਾ ਭਟਕਦਾ ਵਰੋਲ਼ਾ
ਮੇਰੇ ਪੈਰਾਂ ਦੀਆਂ-
ਲੀਕਾਂ ਬਣ ਗਿਆ ਹੈ
ਕਥਾ ਪਲਟ ਗਈ ਹੈ
ਸਿਧਾਰਥ ਬੁੱਧ ਬਣ ਕੇ
ਸ਼ਿਲਾਲੇਖ ਬਣਦਾ ਬਣਦਾ
ਅਸਿਧਾਰਥ ਬਣ ਕੇ
ਤੇਜ਼ ਰਫ਼ਤਾਰ ਦੀ ਧੂੜ ਹੇਠ ਦੱਬੀ
ਸਭਿਅਤਾ ਬਣ ਗਿਆ ਹੈ
=====
ਪੀਲ਼ਾ ਚੰਨ
ਨਜ਼ਮ
ਰੌਸ਼ਨ ਸ਼ਹਿਰ ਦੇ ਸਿਰ ਉੱਤੋਂ ਦੀ
ਚੰਨ ਦਿਸਦਾ ਹੈ ਪੀਲ਼ਾ ਪੀਲ਼ਾ
ਇਸਦਾ ਦੁਧੀਆ ਚਾਨਣ ਜੀਕੂੰ
ਮਹਾਂਨਗਰ ਦੀਆਂ ਰੌਸ਼ਨੀਆਂ ਨੇ
ਚੂਸ ਲਿਆ
...........
ਰੌਸ਼ਨ ਸ਼ਹਿਰ ਦੇ ਸਿਰ ਉੱਤੋਂ ਦੀ
ਦਿਸਦੇ ਚੰਨ ਵਿਚ
ਮੇਰਾ ਚਿਹਰਾ ਝਲਕ ਰਿਹਾ ਹੈ....
====
ਔੜ
ਨਜ਼ਮ
ਬਾਰਿਸ਼ ਹੈ
ਅਹਿਸਾਸ ਹੀਣੀ
ਭੀੜ ਹੈ
ਦਿਨ ਵੀ ਨੀਲਾ ਜਿਹਾ
ਪਰ ਦਿਲਾਂ ਦੇ ਨਾਲ਼
ਦਿਲ ਟਕਰਾਉਂਦੇ ਨਹੀਂ
ਬਸ ਛਤਰੀਆਂ ਨਾਲ਼
ਛਤਰੀਆਂ ਖਹਿੰਦੀਆਂ ਨੇ....
=====
ਆ ਨੀਂ ਪੌਣੇ
ਨਜ਼ਮ
ਕਣੀਆਂ ਦੀ ਇਕ ਮਗਰੀ ਭਰ ਕੇ
ਸੁੱਕਦੇ ਰੁੱਖਾਂ ਨੂੰ ਜਾ ਪਾਈਏ!
ਆ ਨੀਂ ਪੌਣੇ! ਆਪਾਂ ਵੀ ਕੋਈ
ਬੱਦਲ਼ਾਂ ਵਰਗਾ ਫ਼ਰਜ਼ ਨਿਭਾਈਏ!
............
ਜਿਸਦੇ ਸਾਹੀਂ ਰਲ਼ੀ ਕੁੜੱਤਣ
ਆ ਉਸਦੇ ਸਾਹਾਂ ਨੂੰ ਪੁਣੀਏਂ!
ਤਰੇਲ਼ ਬੇਦਾਵਾ ਕਿਉਂ ਲਿਖਦੀ ਹੈ
ਕਲੀਆਂ ਕੋਲ਼ੋਂ ਵਿਥਿਆ ਸੁਣੀਏਂ!
ਫ਼ਿੱਕੇ ਪੈਂਦੇ ਇਸ ਰਿਸ਼ਤੇ ਨੂੰ
ਫੇਰ ਮਜੀਠੀ ਰੰਗ ਚੜ੍ਹਾਈਏ
ਆ ਨੀਂ ਪੌਣੇ!
.............
ਬਿਨ ਸਿਰਨਾਵੇਂ ਜੋ ਫਿਰਦੇ ਨੇ
ਉਨ੍ਹਾਂ ਖ਼ਤਾਂ ਦਾ ਦੁਖੜਾ ਪੜ੍ਹੀਏ!
ਕਿੱਥੋਂ ਆਏ ਕਿਸ ਥਾਂ ਜਾਣਾ
ਏਨੀ ਕੁ ਪੜਤਾਲ਼ ਤਾਂ ਕਰੀਏ!
ਥਹੁ ਮਿਲ਼ ਜਾਵੇ ਜੇ ਥਾਂ ਸਿਰ ਦਾ
ਤਾਂ ਏਨ੍ਹਾਂ ਨੂੰ ਰਸਤੇ ਪਾਈਏ!
ਆ ਨੀ ਪੌਣੇ!
.............
ਉੱਜੜੇ ਹੋਏ ਦਰਾਂ ਦੇ ਉੱਤੇ
ਪੱਤ ਸ਼ਰੀਂਹ ਦੇ ਟੰਗਣ ਚੱਲੀਏ!
ਠਰੀ ਚਾਨਣੀ ਦੀ ਲੈ ਭਾਜੀ
ਧੁਖਦੇ ਵਿਹੜੀਂ ਵੰਡਣ ਚੱਲੀਏ!
ਮਾਰੂਥਲ ਦੇ ਪਿਆਸੇ ਹੋਠੀਂ
ਭਰ ਸਾਗਰ ਦਾ ਪਿਆਲਾ ਲਾਈਏ!
ਆ ਨੀਂ ਪੌਣੇ!!
ਆ ਨੀਂ ਪੌਣੇ!!
Thursday, July 29, 2010
ਸੁਰਿੰਦਰ ਸੋਹਲ - ਗ਼ਜ਼ਲ

ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।
-----
ਆ ਰਹੇ ਨੇ ਅਸਥੀਆਂ ਤੇ ਦੰਦ ਲੈ ਕੇ ਝੋਲ਼ ਵਿਚ,
ਰੇਤ ‘ਚੋਂ ਜਿਹੜੇ ਗਵਾਚੇ ਲਾਲ ਸੀ ਭਾਲਣ ਗਏ।
-----
ਵਕ਼ਤ ਦੇ ਸੂਬੇ ਨੇ ਮੇਰੇ ਜ਼ਿਹਨ ਵਿਚ ਤਦ ਕੰਧ ਚਿਣੀ,
ਬਾਜ਼ ਮੇਰੀ ਸੋਚ ਦੇ ਜਦ ਓਸ ਨੂੰ ਨੋਚਣ ਗਏ।
-----
ਜੋ ਹਵਾ ਦੇ ਰੁਖ਼ ਉੜੇ ਓਨ੍ਹਾਂ ਦੇ ਸਿਰ ‘ਤੇ ਕਲਗੀਆਂ,
ਰੁਲ਼ ਰਹੇ ਨੇ ਝਾਂਬਿਆਂ ਦਾ ਮੂੰਹ ਸੀ ਜੋ ਭੰਨਣ ਗਏ।
-----
ਤੂੰ ਜਦੋਂ ਸੀ ਨਾਲ਼ ਤਾਂ ਹਰ ਕੰਧ ਵੀ ਬੂਹਾ ਬਣੀ,
ਹੁਣ ਇਕੱਲਾ ਹਾਂ ਤਾਂ ਦਰਵਾਜ਼ੇ ਵੀ ਕੰਧਾਂ ਬਣ ਗਏ।
-----
ਦਿਲ ‘ਚ ਲੈ ਕੇ ਯਾਦ ਦੀ ਤਪਦੀ ਬਰੇਤੀ ਪਰਤੀਏ,
ਤੇਰੇ ਮਗਰੋਂ ਜਦ ਕਦੇ ਸਾਗਰ ‘ਤੇ ਹਾਂ ਘੁੰਮਣ ਗਏ।
-----
ਤੂੰ ਪਤੰਗਿਆਂ ਦੀ ਉਡੀਕ ਅੰਦਰ ਸਮਾਂ ਖੋਟਾ ਨਾ ਕਰ,
ਸਿਰ ਫਿਰੇ ਕੀ ਪਰਤਣੇ ਵਾਪਸ ਸ਼ਮਾ ਦੇਖਣ ਗਏ।
-----
ਕੀ ਪਤਾ ਸੀ ਏਨ੍ਹਾਂ ਹੇਠਾਂ ਅਗ ਦੀ ਬਰਖਾ ਹੈ ਛੁਪੀ,
ਮੈਂ ਸਮਝਿਆ ਸ਼ੁਕਰ ਹੈ ਜੁ ਕਾਲ਼ੇ ਬੱਦਲ ਛਣ ਗਏ।
Friday, June 4, 2010
ਸੁਰਿੰਦਰ ਸੋਹਲ - ਗ਼ਜ਼ਲ

ਤਿਤਲੀ ਜਦੋਂ ਦੀ ਕਹਿ ਗਈ ਹੈ ਇਸ ਨੂੰ ਅਲਵਿਦਾ।
ਪਤਝੜ ਨੂੰ ਸੱਦੇ ਭੇਜਦਾ ਰਹਿੰਦਾ ਹੈ ਮੋਤੀਆ।
-----
ਲੀਡਰ ਦਾ ਭਾਸ਼ਣ ਮੈਂ ਨਹੀਂ ਕਿ ਹੋ ਜਵਾਂ ਹਵਾ।
ਮੈਂ ਸੱਚ ਹਾਂ ਜੋ ਅੱਖ ਵਿਚ ਰਹਿਣਾ ਹੈ ਰੜਕਦਾ।
-----
ਸਿਰਨਾਵਿਓਂ ਬਿਨ ਔੜ ਮੇਰੇ ਘਰ ‘ਚ ਆ ਗਈ,
ਬਦਲ਼ੀ ਨੂੰ ਘਰ ਲਭਿਆ ਨਾ ਜਿਸ ਦੇ ਕੋਲ਼ ਸੀ ਪਤਾ।
-----
ਜੁਗਨੂੰ, ਸਿਤਾਰੇ, ਚੰਦ ਤੂੰ ਵਾਹੇ ਨਾ ਰੀਝ ਨਾਲ਼,
ਤਾਂ ਹੀ ਸਫ਼ੈਦ ਵਰਕਿਆਂ ‘ਤੇ ਨ੍ਹੇਰ ਪੈ ਗਿਆ।
-----
ਨਿਸ ਦਿਨ ਭੁਲੇਖੇ ਖਾਣ ਨੂੰ ਦਿਲ ਤਰਸਦਾ ਰਹੇ,
ਹੁਣ ਤਾਂ ਹਵਾ ਦੇ ਨਾਲ਼ ਵੀ ਖੜਕੇ ਨਾ ਦਰ ਮਿਰਾ।
-----
ਰਖਿਆ ਉਨ੍ਹਾਂ ਵੀ ਦਿਲ ਤੇ ਨਾਂਹ ਸਾਥੋਂ ਵੀ ਨਾ ਹੋਈ,
ਪਾਣੀ ‘ਤੇ ਲਿਖਿਆ ‘ਹਾਂ’ ਅਸਾਂ ਸਵੀਕਾਰ ਕਰ ਲਿਆ।
-----
ਛੱਤਾਂ ਤੋਂ ਲਾਹ ਕੇ, ਓਸ ਨੇ ਚਿੜੀਆਂ ਦੇ ਆਲ੍ਹਣੇ,
ਕਾਗ਼ਜ਼ ਦੇ ਤੋਤੇ ਸ਼ੈਲਫ਼ ‘ਤੇ ਰੱਖੇ ਨੇ ਹੁਣ ਸਜਾ।
-----
ਦਿਲ ਦੇ ਸਫ਼ੇ ‘ਤੇ ‘ਵ੍ਹਾ ਗਿਓਂ ਤੂੰ ਅੱਗ ਦੀ ਨਦੀ,
ਕੀਤਾ ਸੀ ਵਾਅਦਾ ਸੰਦਲੀ ਚਸ਼ਮਾ ਬਣਾਣ ਦਾ।
Monday, March 1, 2010
ਸੁਰਿੰਦਰ ਸੋਹਲ - ਗ਼ਜ਼ਲ

ਤੀਲਿਆਂ ਦੇ, ਰੋੜਿਆਂ ਦੇ, ਸ਼ੀਸ਼ਿਆਂ ਦੇ ਆਲ੍ਹਣੇ।
ਏਸ ਜੰਗਲ਼ ਵਿਚ ਨੇ ਕਿੰਨੀ ਤਰ੍ਹਾਂ ਦੇ ਆਲ੍ਹਣੇ।
-----
ਸ਼ਿਕਰਿਆਂ ਦੇ ਰਾਜ ਵਿਚ ਟੁੱਟੇ ਨੇ ਟੁਟਦੇ ਰਹਿਣਗੇ,
ਅਮਨ ਦੀ ਸੁਖ ਮੰਗ ਰਹੀਆਂ ਘੁੱਗੀਆਂ ਦੇ ਆਲ੍ਹਣੇ।
-----
ਫੇਰ ਵੀ ਸੂਰਜ ਬਿਨਾ ਏਨ੍ਹਾਂ ‘ਚ ਰਹਿਣਾ ਹੈ ਹਨੇਰ,
ਲਖ ਬਣਾ ਭਾਵੇਂ ਤੂੰ ਚੰਨਾਂ-ਤਾਰਿਆਂ ਦੇ ਆਲ੍ਹਣੇ।
-----
ਸ਼ੀਸ਼ਿਆਂ ਦੇ ਮਹਿਲ ਵਿਚ ਸਾਨੂੰ ਨਾ ਆਈ ਨੀਂਦ ਜਦ,
ਫਿਰ ਬੜਾ ਹੀ ਯਾਦ ਆਏ ਤੀਲਿਆਂ ਦੇ ਆਲ੍ਹਣੇ।
-----
ਬਾਰਿਸ਼ਾਂ ਲੁਟਣਾ ਇਹਨਾਂ ਦਾ ਹੱਕ਼ ਹੈ, ਨਾ ਕਿ ਗੁਨਾਹ,
ਬਲ਼ ਰਹੇ ਬਿਰਖ਼ਾਂ ਦੇ ਉੱਤੇ ਹਨ ਜਿਨ੍ਹਾਂ ਦੇ ਆਲ੍ਹਣੇ।
-----
ਉਹ ਕਹਾਣੀ ਫੇਰ ਦੁਹਰਾਈ ਗਈ ਮੇਰੇ ਗਰਾਂ,
ਬਾਂਦਰਾਂ ਨੇ ਤੋੜ ਸੁੱਟੇ ਬਿਜੜਿਆਂ ਦੇ ਆਲ੍ਹਣੇ।
Thursday, December 17, 2009
ਸੁਰਿੰਦਰ ਸੋਹਲ - ਗ਼ਜ਼ਲ

ਅਦਬ ਸਹਿਤ
ਤਨਦੀਪ ‘ਤਮੰਨਾ’
********
ਜਨਾਬ ਸੰਤੋਖ ਧਾਲੀਵਾਲ ਜੀ ਦੇ ਨਾਂ....
ਗ਼ਜ਼ਲ
ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ।
-----
ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ‘ਤ੍ਰਿਪਤਾ’ ਦੀ ਝਲਕ,
ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।
-----
ਪੀਂਘ ਸੰਧੂਰੀ ਉਦ੍ਹੇ ਵਾਲ਼ਾਂ ‘ਚ ਨਾ ਆਈ ਨਜ਼ਰ,
ਉਸ ਦੀਆਂ ਬਾਹਾਂ ‘ਚ ਛਣ-ਛਣ ਨਾ ਮਿਲ਼ੀ, ਮੈਂ ਰੋ ਪਿਆ।
-----
ਸੀ ਉਦ੍ਹੇ ਨੈਣਾਂ ‘ਚ ਚਿੰਤਾ, ਝੋਰਿਆਂ ਦਾ ਮੋਤੀਆ,
ਉਸ ਦੇ ਮੁਖ ‘ਤੇ ਸਦਮਿਆਂ ਦੀ ਛਾਂ ਮਿਲ਼ੀ, ਮੈਂ ਰੋ ਪਿਆ।
-----
ਜੋ ਕਦੇ ਮੁਸਕਾਨ ਦੇ ਫੁੱਲਾਂ ਦੀ ਵਾਦੀ ਵਾਂਗ ਸਨ,
ਹੁਣ ਉਨ੍ਹਾਂ ਬੁੱਲ੍ਹਾਂ ‘ਤੇ ਜਦ ਚੁਪ-ਚਾਂ ਮਿਲ਼ੀ, ਮੈਂ ਰੋ ਪਿਆ।
-----
ਹੁਣ ਨਹੀਂ ਬਚਦਾ, ਸਮਝਕੇ, ਹਸ ਪਿਆ ਕਰਮਾਂ ‘ਤੇ ਮੈਂ,
ਡੁਬ ਰਹੇ ਨੂੰ ਆਸਰੇ ਦੀ ਬਾਂਹ ਮਿਲ਼ੀ, ਮੈਂ ਰੋ ਪਿਆ।
-----
ਭੋਗਦਾ ਬੇਗਾਨਗੀ ਪੱਥਰ ਜਿਹਾ ਸਾਂ ਹੋ ਗਿਆ,
ਅਜਨਬੀ ਰਾਹਾਂ ‘ਚ ਮੇਰੀ ਮਾਂ ਮਿਲ਼ੀ, ਮੈਂ ਰੋ ਪਿਆ।
******
‘ਤ੍ਰਿਪਤਾ’ – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ।
Monday, November 30, 2009
ਸੁਰਿੰਦਰ ਸੋਹਲ - ਨਜ਼ਮ

ਨਜ਼ਮ
ਮਾਂ ਕਹਿੰਦੀ ਸੀ:
ਤਿਰਕਾਲ਼ਾਂ ਸਿੰਹੁ ਦਾ ਵੇਲ਼ਾ ਹੈ
ਹਰ ਕਮਰੇ ਦਾ ਬਲਬ ਜਗਾਵੋ
ਬਿਜਲੀ ਬੰਦ ਹੈ
ਦੀਵਾ ਜਾਂ ਮੋਮਬੱਤੀ ਬਾਲ਼ੋ
ਤਿਰਕਾਲ਼ਾਂ ਸਿੰਹੁ ਦੇ ਵੇਲ਼ੇ ਦੀ ਸੁੱਖ ਮਨਾਵੋ
ਇਹ ਵੇਲ਼ਾ ਸੁਖ ਸਾਂਦੀਂ ਬੀਤੇ
ਜਦ ਇਹ ਜਾਵੇ
ਸੁੱਖਾਂ ਲੱਦਾ
ਅੰਮ੍ਰਿਤ ਵੇਲ਼ਾ ਦੇ ਕੇ ਜਾਵੇ
.............
ਹੁਣ ਕਿਸ ਨਗਰੀ ਮਾਂ ਆਈ ਹੈ
ਕੰਮ ਧੰਦਿਆਂ ਵਿਚ
ਪਿਸਦੇ ਭੁਰਦੇ ਪੁੱਤਰ ਤਕਦੀ
ਗੋਡਿਆਂ ਉੱਤੇ ਠੋਡੀ ਰੱਖੀ
ਸੋਚੀਂ ਡੁੱਬੀ
ਬਲਬ ਬੁਝਾਉਂਦੀ
ਮਨ ਸਮਝਾਉਂਦੀ,
........
‘...ਇਸ ਨਗਰੀ
ਕੀ ਵੇਲ਼ਾ
ਤਿਰਕਾਲ਼ਾਂ ਸਿੰਹੁ ਦਾ
ਢਿੱਡ ਵੱਢ ਕੇ ਛਿੱਲੜ ਜੁੜਦੇ
ਇਕ ਦਿਹਾੜੀ ਬਿਜਲੀ ਦਾ ਬਿਲ ਖਾ ਜਾਵੇਗਾ
ਤਿਰਕਾਲ਼ਾਂ ਸਿੰਹੁ ਦੇ ਵੇਲ਼ੇ ਦਾ ਕੀ ਹੈ
ਹਰ ਵੇਲ਼ਾ ਮਾਲਕ ਦਾ ਹੀ ਹੈ...!’