ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਕ੍ਰਿਸ਼ਨ ਭਨੋਟ. Show all posts
Showing posts with label ਕ੍ਰਿਸ਼ਨ ਭਨੋਟ. Show all posts

Thursday, September 2, 2010

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ
ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂੰ।
ਮਹਾਂ-ਨਗਰੀ ਤਿਰਾ ਹਰ ਇਕ ਬਸ਼ਰ, ਲੱਗਦਾ ਏ ਛਲ ਵਾਂਗੂੰ।
-----
-----
ਤੂੰ ਚਿੱਕੜ ਵਿਚ ਘਿਰਿਐਂ, ਇਹ ਤਾਂ ਤੇਰੀ, ਖ਼ੁਸ਼ਨਸੀਬੀ ਹੈ,
ਤਿਰੇ ਹਿੱਸੇ 'ਚ ਹੀ ਆਇਐ ਮਨਾ, ਖਿੜਨਾ ਕੰਵਲ ਵਾਂਗੂੰ।
-----
ਰਤਾ ਵੀ ਧੁੱਪ ਜੋ ਸਹਿੰਦੇ ਨ ਕੁਮਲ਼ਾ ਕੇ ਬਿਖ਼ਰ ਜਾਂਦੇ,
ਜੁ ਸਹਿੰਦੇ ਮੌਸਮਾਂ ਦੀ ਮਾਰ, ਉਹ ਰਸ ਜਾਣ ਫਲ ਵਾਂਗੂੰ।
-----
ਦਿਹਾੜੀ ਵਾਂਗ ਇਕ ਪਲ ਬੀਤਦੈ, ਇਹ ਵੀ ਸਮਾਂ ਆਉਂਦੈ,
ਕਦੇ ਉਹ ਵੀ ਸਮਾਂ, ਜਾਂਦੀ ਦਿਹਾੜੀ, ਬੀਤ ਪਲ ਵਾਂਗੂੰ।
-----
ਉਹ ਪੁੰਨੂੰ ਸੁਪਨਿਆਂ ਦਾ ਛਲ ਗਿਆ ਹੈ ਜਿੰਦ ਸੱਸੀ ਨੂੰ,
ਤੇ ਕੋਹਾਂ ਤੀਕ, ਸਾਹਵੇਂ ਜ਼ਿੰਦਗੀ ਪਸਰੀ ਹੈ ਥਲ ਵਾਂਗੂੰ।
-----
ਰਹੇ ਨਾ ਬੇਸੁਰੀ, ਇਹ ਵੀ ਕਿਸੇ ਸੁਰਤਾਲ ਵਿਚ ਬੱਝੇ
ਅਸੀਂ ਤਾਂ ਲੋਚਦੇ ਹਾਂ ਜ਼ਿੰਦਗੀ ਦੀ ਸੁਰ, ਗ਼ਜ਼ਲ ਵਾਂਗੂੰ।
-----
ਬੁਝੇਗੀ ਪਿਆਸ, ਏਸੇ ਆਸ ਦੇ ਵਿਚ ਦੌੜਦੇ ਰਹੀਏ,
ਮਹਾਂ-ਨਗਰੀ, ਤਿਰਾ ਕੈਸਾ ਤਲਿੱਸਮ, ਰੇਤ-ਛਲ ਵਾਂਗੂੰ।
----
ਯਥਾਰਥ ਨਾਲ਼ ਵਾਹ ਪੈਂਦੈ, ਤਾਂ ਅਸਲੀ ਰੂਪ ਹੀ ਬਚਦੈ,
ਦਿਖਾਵੇ ਦੀ ਚਮਕ ਸਾਰੀ ਤਾਂ ਲਹਿ ਜਾਂਦੀ ਨਿਕਲ ਵਾਂਗੂੰ।
-----
ਕਿਤੇ ਦਮ ਤੋੜ ਬੈਠੇ, ਕਿਸ਼ਨ ਤੂੰ ਦੇਖੀਂ ਗ਼ਜ਼ਲ ਤੇਰੀ,
ਪੁਆ ਬੈਠੀਂ ਨਾ ਪੈਖੜ ਡਾਲਰਾਂ ਦਾ, ਨਾਗ-ਵਲ ਵਾਂਗੂੰ।

Wednesday, August 4, 2010

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ

ਜਿਊਣ ਦਾ ਚਾਅ ਮਘ ਰਿਹੈ, ਠਰਿਆ ਨਹੀਂ।

ਇੱਕ ਵੀ ਸੁਪਨਾ ਮਿਰਾ ਮਰਿਆ ਨਹੀਂ।

-----

ਹਾਰ ਮੈਨੂੰ ਕੀ ਹਰਾਏਗੀ ਭਲਾ,

ਹਾਰਿਆ ਜਿਸਨੇ ਨ ਦਿਲ, ਹਰਿਆ ਨਹੀਂ।

-----

ਉਹ ਕਰੂ ਮਹਿਸੂਸ ਇਸਦਾ ਬੋਝ ਕੀ,

ਕਾਲਜੇ ਪੱਥਰ, ਜਿਨ੍ਹੇ ਧਰਿਆ ਨਹੀਂ।

-----

ਸੱਪ ਜਿਹੜਾ ਕੱਢਣੈਂ ਤੂੰ ਕੱਢ ਲੈ,

ਦੁੱਖ ਕਿਹੜਾ ਜੋ ਅਸੀਂ ਜਰਿਆ ਨਹੀਂ।

-----

ਸਾਰਨਾ ਪੈਂਦਾ ਹੀ ਹੈ, ਪਰਵਾਸ ਵਿਚ,

ਜਿਸ ਬਿਨਾਂ ਪਲ ਵੀ ਕਦੇ ਸਰਿਆ ਨਹੀਂ।

-----

ਰੋਕ ਅਪਣੇ ਅੱਥਰੂ, ਦਿਲ ਡੁੱਬਦੈ,

ਕੌਣ ਕਹਿੰਦੈ ਅੱਥਰੂ ਦਰਿਆ ਨਹੀਂ?

-----

ਰਹਿ ਗਈ ਕਿੰਨੀ, ਗਈ ਕਿੰਨੀ ਵਿਹਾ,

ਦਿਲ ਚ ਸੰਸਾ ਏਸਦਾ ਕਰਿਆ ਨਹੀਂ।

-----

ਵਿਛੜਨਾ ਪੈਣਾ ਹੈ, ਜਾਣੈਂ ਜੌਬ ਤੇ,

ਦਿਲ ਤਾਂ ਮਰ ਜਾਣਾ ਕਦੇ ਭਰਿਆ ਨਹੀਂ।

-----

ਦੁੱਖ ਦੇ ਕੱਟੇ ਨੇ ਤੂੰ ਕਿੰਨੇ ਪਹਾੜ,

ਕਿਸ਼ਨ ਤੇਰਾ ਹੌਸਲਾ ਹਰਿਆ ਨਹੀਂ।


Monday, March 15, 2010

ਕ੍ਰਿਸ਼ਨ ਭਨੋਟ - ਗ਼ਜ਼ਲ

ਸਾਹਿਤਕ ਨਾਮ: ਕ੍ਰਿਸ਼ਨ ਭਨੋਟ

ਅਜੋਕਾ ਨਿਵਾਸ: ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਮਹਿਕ ਦੇ ਹਸਤਾਖ਼ਰ, ਜਲ-ਤਰੰਗ, ਤਲਖ਼ ਪਲ, ਚੁੱਪ ਦਾ ਸੰਗੀਤ, ਸੋਨੇ ਦੀ ਸਲੀਬ ਤੋਂ ਅਤੇ ਇੱਕ ਹੀ ਵਿਅੰਗ ਗ਼ਜ਼ਲ: ਵਿਅੰਗ ਲੀਲਾ ਪ੍ਰਕਾਸ਼ਿਤ ਹੋ ਚੁੱਕੇ ਹਨ।

-----

ਦੋਸਤੋ! ਪ੍ਰਸਿੱਧ ਗ਼ਜ਼ਲਗੋ ਜਨਾਬ ਕ੍ਰਿਸ਼ਨ ਭਨੋਟ ਜੀ ਦੀਆਂ ਗ਼ਜ਼ਲਾਂ ਆਪਾਂ ਪਹਿਲਾਂ ਵੀ ਆਰਸੀ ਚ ਸ਼ਾਮਿਲ ਕਰ ਚੁੱਕੇ ਹਾਂ, ਪਰ ਉਹਨਾਂ ਦੀ ਫੋਟੋ ਅਤੇ ਕਿਤਾਬਾਂ ਦਾ ਵੇਰਵਾ ਹੁਣ ਪ੍ਰਾਪਤ ਹੋਇਆ ਹੈ। ਪਿਛਲੇ ਹਫ਼ਤੇ ਉਹਨਾਂ ਆਪਣਾ ਗ਼ਜ਼ਲ-ਸੰਗ੍ਰਹਿ ਸੋਨੇ ਦੀ ਸਲੀਬ ਤੋਂ ਮੈਨੂੰ ਪੜ੍ਹਨ ਵਾਸਤੇ ਦਿੱਤਾ ਸੀ, ਏਸੇ ਕਿਤਾਬ ਚੋਂ ਅੱਜ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਵੀ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਖਿਲਰੇ ਜੁ ਰਾਹਾਂ ਚ, ਕੁਝ ਤਾਂ ਕੰਡੇ ਬੁਹਾਰਦੇ।

ਸਿਰ ਆਪਣੇ ਤੋਂ, ਜ਼ਿੰਦਗੀ ਦਾ ਰਿਣ ਉਤਾਰ ਦੇ।

-----

ਓਹੀ ਅਖ਼ੀਰ ਲੁੱਟਦੇ ਬੁੱਲੇ ਬਹਾਰ ਦੇ।

ਜੋ ਲੋਕ ਪਤਝੜਾਂ ਦੀਆਂ ਛਮਕਾਂ ਸਹਾਰਦੇ।

-----

ਕਿੰਨੀ ਵੀ ਤਾਰਨੀ ਪਵੇ, ਕੀਮਤ ਉਹ ਤਾਰਦੇ।

ਪਾਉਣੈ ਜਿਨ੍ਹਾਂ ਨੇ ਲਕਸ਼, ਉਸ ਸੀਅ ਨਾ ਉਚਾਰਦੇ।

-----

ਜਿੰਨਾ ਸਕੇਂ ਸਕਾਰ ਤੂੰ, ਸੁਪਨਾ ਸਕਾਰ ਦੇ।

ਜਿੰਨੀ ਸਕੇਂ ਸੰਵਾਰ ਤੂੰ, ਦੁਨੀਆਂ ਸੰਵਾਰ ਦੇ।

-----

ਮੈਂ ਤਾਂ ਹਮੇਸ਼ ਹੀ ਖੜ੍ਹਾਂ ਹਾਜ਼ਰ ਤਿਰੇ ਲਈ,

ਤੈਨੂੰ ਜਦੋਂ ਵੀ ਲੋੜ ਹੈ ਤੂੰ ਹਾਕ ਮਾਰ ਦੇ।

-----

ਐਵੇਂ ਨਾ ਹੋ ਉਦਾਸ ਤੂੰ, ਕੁਝ ਫੜ ਕਰਾਰ ਹੁਣ,

ਤੂੰ ਉੱਠ, ਚੱਲ, ਢਹਿੰਦੀਆਂ ਸੋਚਾਂ ਨਕਾਰਦੇ।

-----

ਪਤਵੰਤਿਆਂ ਨੂੰ ਸ਼ੋਭਦੈ, ਦੂਹਰਾ ਮਿਆਰ ਤਾਂ,

ਹੁੰਦੀ ਜ਼ਰਾ ਨ ਮੈਲ਼ ਵੀ, ਦਿਲ ਵਿਚ ਗੰਵਾਰ ਦੇ।

-----

ਅਪਣੀ ਜ਼ੁਬਾਨ ਕਿਸ਼ਨ ਦੇਹ, ਤੂੰ ਲੋਕ-ਪੀੜ ਨੂੰ,

ਲੋਕਾਂ ਦਾ ਦਰਦ, ਰੀਝ, ਚਾਅ, ਜਜ਼ਬਾ ਉਭਾਰ ਦੇ।

-----

ਚੱਲੇ ਗ਼ਜ਼ਲ ਦੀ ਗੱਲ ਤਾਂ ਤੇਰੇ ਤੇ ਮੁੱਕਦੀ,

ਪਿੱਛੇ ਖੜ੍ਹਾ ਏਂ ਕਿਸ਼ਨ ਤੂੰ, ਲੰਮੀ ਕਤਾਰ ਦੇ।

=====

ਗ਼ਜ਼ਲ

ਗੀਟਾ ਹਾਂ ਵਾਸਤਾ ਰਿਹਾ ਹੈ, ਪੱਥਰਾਂ ਦੇ ਨਾਲ਼।

ਹੋਇਆਂ ਮੈਂ ਗੋਲ਼ ਕਿੰਨੀਆਂ ਹੀ ਠੋਕਰਾਂ ਦੇ ਨਾਲ਼।

-----

ਉਡਣਾ ਨਹੀਂ ਹੈ ਮਾਂਗਵੇਂ ਖੰਭਾਂ ਦੇ ਜ਼ੋਰ ਤੇ,

ਮੈਂ ਲੋਚਦਾ ਹਾਂ ਉੱਡਣਾ, ਅਪਣੇ ਪਰਾਂ ਦੇ ਨਾਲ਼।

-----

ਦਿਲ ਤੋੜ ਕੇ ਖ਼ੁਸ਼ ਹੋ ਗਿਉਂ ਹੁਣ ਤਾਂ ਤੂੰ ਬਖ਼ਸ਼ ਦੇਹ,

ਕਿਉਂ ਖੇਡਣਾ ਤੂੰ ਲੋਚਦਾ ਏਂ ਕੰਕਰਾਂ ਦੇ ਨਾਲ਼।

-----

ਸੱਟਾਂ ਪਲ਼ੋਸ ਬੈਠ ਕੇ ਜ਼ਖ਼ਮਾਂ ਤੇ ਮਾਣ ਕਰ,

ਪਾ ਲੈ ਤੂੰ ਹੋਰ ਦੋਸਤੀ ਜ਼ੋਰਾਵਰਾਂ ਦੇ ਨਾਲ਼।

-----

ਭੂ-ਹੇਰਵਾ ਮਨੁੱਖ ਦਾ ਘਟਦਾ ਹੈ ਵਕ਼ਤ ਨਾਲ਼,

ਪੈਂਦਾ ਹੈ ਵਕ਼ਤ ਨਾਲ਼ ਮੋਹ ਨਵਿਆਂ ਘਰਾਂ ਦੇ ਨਾਲ਼।

-----

ਜਾਣੈਂ ਵਲੈਤ ਬਣਕੇ ਕਲਾਕਾਰ ਸੋਚ ਲੈ,

ਕੁਝ ਮੇਲ਼ ਜੋਲ਼ ਗੰਢ ਲੈ, ਪਰਮੋਟਰਾਂ ਦੇ ਨਾਲ਼।

-----

ਭਰਦੀ ਹੈ ਜੇਬ ਤਾਂ ਬਿਲੇ ਲੱਗਣ ਦੇ ਵਾਸਤੇ,

ਭਰਦੀ ਬਿਲਾਂ ਦੇ ਨਾਲ਼ ਹੈ ਉੱਡਦੀ ਕਰਾਂ ਦੇ ਨਾਲ਼।

-----

ਕੀ ਹੈ ਕਵੀ ਦਾ, ਹੈ ਕਵੀ ਬੱਚੇ ਦੇ ਵਾਂਗਰਾਂ,

ਇਹ ਪਰਚਿਆ ਰਹੇ ਸਦਾ ਹੀ ਅੱਖਰਾਂ ਦੇ ਨਾਲ਼।

-----

ਅੰਬਾਂ ਦੀ ਥਾਂ ਅੰਬਾਕੜੀ ਲਾਹੇ ਨਾ ਕਿਸ਼ਨ ਭੁੱਖ,

ਲਹਿੰਦੀ ਨਾ ਭੁੱਖ ਮੇਲ਼ ਦੀ, ਖ਼ਤ ਪੱਤਰਾਂ ਦੇ ਨਾਲ਼।

Tuesday, July 28, 2009

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ

ਅਸੀਂ ਹਸਕੇ ਲੰਘਾ ਦੇਣੀ ਗ਼ਮਾਂ ਦੀ ਰਾਤ ਉੱਪਰ ਦੀ।

ਚੜ੍ਹੀ ਆਉਂਦੀ ਹਨੇਰੇ ਚੀਰਦੀ ਪ੍ਰਭਾਤ ਉੱਪਰ ਦੀ

----

ਮੈਂ ਆਖਰ ਜਿੱਤਣਾ ਹੈ ਮਿਲ਼ਣ ਹਾਰਾਂ ਸੈਂਕੜੇ ਵਾਰੀ,

ਯਕੀਨ ਐਨਾ ਕਿ ਹੋ ਸਕਦੀ ਨ ਮੈਥੋਂ ਮਾਤ ਉੱਪਰ ਦੀ।

----

ਤਿਰੇ ਹਿਜਰਾਂ ਚ ਲਾਈਆਂ ਮੇਰੀਆਂ ਅੱਖੀਆਂ ਨੇ ਉਹ ਝੜੀਆਂ,

ਇਨ੍ਹਾਂ ਝੜੀਆਂ ਤੋਂ ਹੋ ਸਕਦੀ ਨਹੀਂ ਬਰਸਾਤ ਉੱਪਰ ਦੀ।

----

ਅਨੇਕਾਂ ਮੁਸ਼ਕਲਾਂ ਮੈਂ ਆਪਣੇ ਹੱਥੀਂ ਹੰਢਾਈਆਂ ਨੇ,

ਨ ਮਾਰੀ ਮੁਸ਼ਕਲਾਂ ਤੇ ਓਪਰੀ ਮੈਂ ਝਾਤ ਉੱਪਰ ਦੀ।

----

ਸ਼ਰੀਫਾਂ ਨੂੰ ਭਲਾ ਹੁਣ ਕੌਣ ਪੁੱਛਦਾ ਹੈ ਤਿਰੀ ਨਗਰੀ,

ਸ਼ਰੀਫਾਂ ਚੋਂ ਤਾਂ ਹਰ ਖੇਤਰ ਚ ਨੇ ਕਮਜ਼ਾਤ ਉੱਪਰ ਦੀ।

----

ਅਜੇ ਕਿੰਨੀਆਂ ਨਿਵਾਣਾਂ ਵੱਲ ਜਾਣਾ ਹੋਰ ਹੈ ਇਸਨੇ,

ਕਹਾਉਂਦੀ ਸਾਰੀਆਂ ਜ਼ਾਤਾਂ ਚੋਂ ਆਦਮ ਜ਼ਾਤ ਉੱਪਰ ਦੀ।

----

ਰਹੇ ਹਾਲਾਤ ਵਿਚ ਤੇ ਜਜ਼ਬਿਆਂ ਵਿਚ ਘੋਲ਼ ਤਾਂ ਚਲਦਾ,

ਕਦੇ ਹਾਲਾਤ ਉੱਪਰ ਦੀ, ਕਦੇ ਜਜ਼ਬਾਤ ਉੱਪਰ ਦੀ।

----

ਕਿਸੇ ਨਿਰਵਾਣ ਦੀ, ਮੁਕਤੀ ਦੀ, ਮੈਨੂੰ ਲੋੜ ਨਾ ਕੋਈ,

ਮਿਲ਼ੀ ਮੁਕਤੀ ਦੇ ਨਾਲ਼ੋਂ ਜ਼ਿੰਦਗੀ ਦੀ ਦਾਤ ਉੱਪਰ ਦੀ।

----

ਕਹਾਉਨੈਂ ਸੰਤ, ਮਾਇਆ ਨਾਗਣੀ ਨੂੰ ਮਾਰਦੈਂ ਜੱਫ਼ੇ,

ਤਿਰਾ ਕਿਰਦਾਰ ਨੀਵਾਂ ਕ੍ਰਿਸ਼ਨ ਕਰਦੈਂ ਬਾਤ ਉੱਪਰ ਦੀ।




Saturday, November 8, 2008

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ

ਕਿਸੇ ਨੂੰ ਕੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਖ਼ਰੀ ਆਖੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਕਿਵੇਂ ਮਹਿਸੂਸ ਕਰ ਸਕਦੇ ਬਿਗਾਨੀ ਪੀੜ, ਜੀਹਨਾਂ ਤੇ,

ਨਹੀਂ ਬੀਤੀ, ਜਿਨ੍ਹਾਂ ਤੇ ਬੀਤਦੀ ਹੈ, , ਜਾਣਦੇ ਓਹੀ।

ਉਨ੍ਹਾਂ ਰਾਹੀਆਂ ਤੇ ਕੀ ਬੀਤੀ, ਜਿਨ੍ਹਾਂ ਨੂੰ ਰਾਹਬਰਾਂ ਛਲਿਆ,

ਇਹ ਅਣਹੋਣੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਕਿਵੇਂ ਦੱਸਾਂ, ਮਿਰੇ ਦਿਲਜਾਨੀਆਂ, ਪਲ-ਪਲ ਬਿਨ੍ਹਾਂ ਤੇਰੇ,

ਪਵੇ ਭਾਰੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਉਹ ਕੀ ਜਾਣੇ, ਅਸਾਂ ਦੀ ਪੀੜ, ਅਣਕੀਤੇ ਗ਼ੁਨਾਹਾਂ ਦੀ,

ਸਜ਼ਾ ਭੁਗਤੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਕਿਸੇ ਨੂੰ ਕਿਸ ਤਰ੍ਹਾਂ, ਮੈਂ ਦੱਸਾਂ ਮੈਂ ਕਿੰਨਾ ਤੰਗ ਕਰਦੀ ਹੈ,

ਇਹ ਤਨਹਾਈ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਕਿਸੇ ਦੂਜੇ ਦੀ ਥਾਂ ਮਰਦਾ ਹੈ ਕਿਹੜਾ ਸਿਰਫ਼ ਗੱਲਾਂ ਨੇ,

ਪਵੇ ਭੀੜੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਬਸੰਤਰ ਜਾਪਦੀ ਅਗਨੀ ਕਿਸੇ ਦੂਜੇ ਦੇ ਘਰ ਲੱਗੀ,

ਤੇ ਇਹ ਭਾ ਵੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

ਤਿਰੇ ਤਾਂ ਦਿਲ ਚ ਆਸ਼ਾ ‘ਕ੍ਰਿਸ਼ਨ, ਇਕ ਵੀ ਆਸ ਜੀਹਨਾਂ ਦੀ,

ਨਹੀਂ ਬਾਕੀ, ਜਿਨ੍ਹਾਂ ਤੇ ਬੀਤਦੀ ਹੈ, ਜਾਣਦੇ ਓਹੀ।

Monday, November 3, 2008

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ

ਵਫ਼ਾਦਾਰੀ, ਮੁਹੱਬਤ, ਜਜ਼ਬਿਆਂ ਨੂੰ ਕੌਣ ਪੁਛਦਾ ਹੈ।

ਇਹ ਨਗਰੀ ਡਾਲਰਾਂ ਦੀ ਹੈ, ਦਿਲਾਂ ਨੂੰ ਕੌਣ ਪੁਛਦਾ ਹੈ।

ਚੜ੍ਹੇ ਹਫ਼ਤੇ ਮਿਲ਼ੇ ਜੇ ਚੈੱਕ, ਤਾਂ ਕੁਝ ਕਦਰ ਕਰਦੇ ਹੋ,

ਮਹੀਵਾਲੋ ! ਨਹੀਂ ਤਾਂ ਸੁਹਣੀਆਂ ਨੂੰ ਕੌਣ ਪੁਛਦਾ ਹੈ।

ਹਰਿੱਕ ਨੇ ਆਪਣੇ ਹਿਤ ਪਾਲ਼ੇ ਨੇ, ਦਿਲ ਕਾਲ਼ੇ, ਲਹੂ ਚਿੱਟਾ,

ਭਲਾ ਏਥੇ, ਲਹੂ ਦੇ ਰਿਸ਼ਤਿਆਂ ਨੂੰ ਕੌਣ ਪੁਛਦਾ ਹੈ।

ਠਰੇ ਮੌਸਮ ਚ ਦਿਲ ਵੀ ਠਰ ਗਏ, ਇਸ ਮੁਲਖ਼ ਵਿਚ ਬਾਪੂ,

ਤਰਸਦੇ ਧੁੱਪ ਨੂੰ, ਤੂਤਾਂ ਦੀ ਛਾਂ ਨੂੰ ਕੌਣ ਪੁਛਦਾ ਹੈ।

ਰੁਝੇਵੇਂ ਅਪਣਿਆਂ ਵਿੱਚੋਂ ਕਿਸੇ ਆਪਣੇ ਦੀ ਸੁੱਧ ਲਈਏ,

ਨਹੀਂ ਫ਼ੁਰਸਤ, ਭਲਾ ਬੇਗਾਨਿਆਂ ਨੂੰ ਕੌਣ ਪੱਛਦਾ ਹੈ।

ਸਜਾ ਰੱਖੇ ਨੇ ਮਹਿੰਗੇ ਬਸਤਰਾਂ ਦੇ ਨਾਲ਼ ਤਨ ਅਪਣੇ,

ਜੇ ਮਨ ਜ਼ਖ਼ਮੀ, ਮਨਾਂ ਦਾ ਕੀ, ਮਨਾਂ ਨੂੰ ਕੌਣ ਪੁਛਦਾ ਹੈ।

ਬਿਨਾਂ ਸ਼ੱਕ ਯਾਦ ਤਾਂ ਕਰਦੇ ਨੇ ਪਰ ਨਾ ਪਰਤਦੇ ਲੋਕੀ,

ਮਹਾਂਨਗਰੀ ਚ ਰਹਿ ਕੇ ਹੁਣ, ਗਰਾਂ ਨੂੰ ਕੌਣ ਪੁਛਦਾ ਹੈ।

ਖ਼ੁਸ਼ੀ ਵਿਚ ਨਾ ਸਹੀ, ਤੂੰ ਆਪਣੀਆਂ ਮਜਬੂਰੀਆਂ ਤੇ ਹਸ,

ਇਹ ਦੁਨੀਆਂ ਹਸਦਿਆਂ ਦੀ, ਰੋਂਦਿਆਂ ਨੂੰ ਕੌਣ ਪੁਛਦਾ ਹੈ।

ਨਹੀਂ ਇਸ ਭੀੜ ਵਿਚ ਤੇਰੀ, ਕਿਸੇ ਨੇ ਇੱਕ ਵੀ ਸੁਣਨੀ,

ਚਲਾ ਜਾਹ ਕ੍ਰਿਸ਼ਨ ਤੂੰ, ਤੇਰੇ ਜਿਹਿਆਂ ਨੂੰ ਕੌਣ ਪੁਛਦਾ ਹੈ।