ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਪ੍ਰਿੰ: ਤਖ਼ਤ ਸਿੰਘ. Show all posts
Showing posts with label ਪ੍ਰਿੰ: ਤਖ਼ਤ ਸਿੰਘ. Show all posts

Saturday, December 26, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ।

ਟੁੱਟਣ ਵਿਚ ਆਵੇ ਨਾ ਰੁਖ ਨਾਲੋਂ ਪਰਛਾਵਾਂ।

-----

ਨਿਤ ਘਲੀਏ ਸਜਣਾਂ ਵਲ ਉਹ ਯਾਦਾਂ ਦੀ ਪਾਤੀ,

ਹੰਝੂਆਂ ਨਾਲ਼ ਅਸੀਂ ਲਿਖੀਏ ਜਿਸ ਤੇ ਸਿਰਨਾਵਾਂ।

-----

ਦਿਨ ਦੀਵੀਂ ਪਾ ਛੱਡਣ ਨ੍ਹੇਰ ਮਨਾਂ ਦੇ ਕਾਲ਼ੇ,

ਲੰਘੇ ਤਾਰੇ ਵਾਂਗ ਨਜ਼ਰ ਚੋਂ ਟਾਵਾਂ ਟਾਵਾਂ।

-----

ਧਰਤੀ ਤੇ ਕਿਸ ਬੱਦਲ਼ ਦੀ ਛਾਂ ਮਗਰ ਮੈਂ ਨੱਸਾਂ?

ਸਾਗਰ ਦੀ ਕਿਸ ਲਹਿਰ ਦੇ ਪਿੱਛੇ ਪਿੱਛੇ ਜਾਵਾਂ?

-----

ਚਾਪ ਕਿਦ੍ਹੇ ਪੈਰਾਂ ਦੀ ਆਵੇ ਸੋਚ ਦੀ ਗਲ਼ੀਓਂ?

ਏਨੀ ਰਾਤ ਗਏ ਹੋਣਾ ਏ ਤਖ਼ਤ ਨਥਾਵਾਂ।

Tuesday, November 17, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਨਿਰਾ ਪੁਰਾ ਸਾਂ ਮੈਂ ਜਦ ਕਾਲ਼ ਕੋਠੜੀ ਵਰਗਾ।

ਕਿਸੇ ਦਾ ਧਿਆਨ ਸੀ ਦੀਵੇ ਦੀ ਰੌਸ਼ਨੀ ਵਰਗਾ।

-----

ਪਤਾ ਨਹੀਂ ਕਿ ਸੀ ਕਿੰਨੀ ਕੁ ਵਿਹੁ ਹਨੇਰੀ ਵਿਚ,

ਸਰੀਰ ਬਿਰਛ ਦਾ ਡਿੱਠਾ ਮੈਂ ਛਾਨਣੀ ਵਰਗਾ।

-----

ਸਜਾ ਸਕਾਂਗਾ ਕਿਵੇਂ ਸੋਚ ਦੀ ਕਲਾ-ਸ਼ਾਲਾ,

ਕਿ ਦਿਲ ਹੈ ਉਡਦਿਆਂ ਰੰਗਾਂ ਦੀ ਪੋਟਲੀ ਵਰਗਾ।

-----

ਜੇ ਜ਼ਹਿਰ ਜ਼ਹਿਰ ਸੀ ਦਿਲ, ਸ਼ਹਿਦ ਸ਼ਹਿਦ ਸਨ ਗੱਲਾਂ,

ਅਜੀਬ ਨਾਗ ਸੀ, ਸਚ ਮੁਚ ਹੀ ਆਦਮੀ ਵਰਗਾ।

-----

ਉਦਾਸ ਜਿੰਦ, ਜਿਵੇਂ ਝੀਲ ਸੀ ਹਨੇਰੇ ਦੀ,

ਚੁਫ਼ੇਰੇ ਆਸ ਦਾ ਕੰਢਾ ਸੀ ਚਾਨਣੀ ਵਰਗਾ।

-----

ਲੁਕੇ ਨਾ ਹੋਣ ਕਿਤੇ ਤਕਣੀਆਂ ਚ ਚੰਗਿਆੜੇ,

ਸਰੀਰ ਸਾਂਭ ਕੇ ਟੁਰ ਮੋਮ ਦੀ ਡਲੀ ਵਰਗਾ।

-----

ਉਦ੍ਹਾ ਬਦਨ ਸੀ ਕਿ ਭੰਡਾਰ ਸੀ ਸੁਗੰਧਾਂ ਦਾ,

ਕਿ ਅੰਗ ਅੰਗ ਸੀ ਸਜਰੀ ਖਿੜੀ ਕਲੀ ਵਰਗਾ।

-----

ਕਿਸੇ ਦੀ ਗੋਦ ਚ ਝੂਟੇ ਲਏ ਮੈਂ ਸੁਰਗਾਂ ਦੇ,

ਕਿਸੇ ਦਾ ਪਿਆਰ ਸੀ ਫੁੱਲਾਂ ਦੀ ਪਾਲਕੀ ਵਰਗਾ।

-----

ਨਜ਼ਰ ਦੀ ਘਾਟ ਸੀ ਜਾਂ ਤ੍ਰੇੜ ਤ੍ਰੇੜ ਸੀ ਸ਼ੀਸ਼ਾ,

ਮੈਂ ਅਪਣੇ ਆਪ ਨੂੰ ਲਗਿਆ ਸਾਂ ਅਜਨਬੀ ਵਰਗਾ।

Tuesday, August 18, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ


ਗ਼ਜ਼ਲ

ਏਨੀ ਕੁ ਨਜ਼ਰ ਮਿਹਰ ਦੀ ਸਾਡੇ ਤੇ ਕਰੇ ਪੱਲਾ।

ਬਸ ਸੂਤ ਕੁ ਹਟ ਜਾਵੇ ਮੁਖੜੇ ਤੋਂ ਪਰੇ ਪੱਲਾ।

----

ਅੰਦਰ ਜੋ ਸੜੇ, ਤੱਤੀ ਹਵਾ ਨਾਲ਼ ਭਰੇ ਪੱਲਾ।

ਹਉਕਾ ਜੇ ਲਏ ਬਰਫ਼ ਤੋਂ ਠੰਡਾ ਤਾਂ ਠਰੇ ਪੱਲਾ।

----

ਉਹ ਜਿੰਦ ਚ ਰਹਿ ਕੇ ਵੀ ਅਖੀਆਂ ਤੋਂ ਕਰੇ ਪੱਲਾ।

ਇਉਂ ਕੌਣ ਭਲਾ ਰੱਖਦਾ ਏ ਅਪਣੇ ਤੋਂ ਘਰੇ ਪੱਲਾ।

----

ਹੜ੍ਹ ਵਾਂਗ ਉਮਡਦੀ ਏ ਜਦ ਤੇਜ਼ ਨਜ਼ਰ ਮੇਰੀ,

ਮੂੰਹ ਤੀਕ ਭਰੇ ਖਾਲ਼ ਦੀ ਵਟ ਵਾਂਗ ਖਰੇ ਪੱਲਾ।

----

ਉਹ ਸੋਚ ਦੀ ਬੀਹੀ ਚ ਨਿਕਲ਼ ਆਈ ਹੈ ਮੂੰਹ ਨੰਗੇ,

ਨਕ ਡੋਬ ਕੇ ਚਪਣੀ ਚ ਕਿਤੇ ਡੁੱਬ ਮਰੇ ਪੱਲਾ।

----

ਇਹ ਹਾਲ ਵੀ ਹੋਣਾ ਸੀ ਇਸ ਤੇਰੇ ਸੁਹੱਪਣ ਦਾ,

ਮੈਥੋਂ ਨ ਸਰੇ ਤਕਣੀ, ਤੈਥੋਂ ਨ ਸਰੇ ਪੱਲਾ।

----

ਸ਼ਾਲਾ ਮੈਂ ਸਦਾ ਤੇਰੀਓ ਇਕ ਝਾਤ ਲਈ ਤਾਂਘਾਂ,

ਰੱਖੇ ਸਦਾ ਇਸ ਤਾਂਘ ਦੇ ਫ਼ੱਟਾਂ ਨੂੰ ਹਰੇ ਪੱਲਾ।

----

ਸੁਹਜਾਂ ਦਾ ਜਨਮਦਾਤਾ ਹਰ ਰੂਪ ਰਚਣ ਮਗਰੋਂ,

ਹਰ ਸੁਹਜ ਤੇ ਖ਼ਵਰੇ ਕਿਉਂ ਪੱਲੇ ਤੇ ਧਰੇ ਪੱਲਾ।

----

ਬੁਲ੍ਹੀਆਂ ਚੋਂ ਜੇ ਫੁਟ ਨਿਕਲ਼ੇ ਗੋਰੀ ਦੀ ਰੁਕੀ ਹਾਸੀ,

ਲੂੰ ਲੂੰ ਚੋਂ ਉਜਾਲੇ ਦੇ ਮੀਂਹ ਵਾਂਗ ਵਰ੍ਹੇ ਪੱਲਾ।

Sunday, May 3, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ


ਗ਼ਜ਼ਲ

ਜਦ ਖਿੰਡਾਉਣੇ ਥਾਂ ਕੁਥਾਂ ਮਨ ਦੇ ਉਜਾਲੇ ਪੈ ਗਏ।

ਪੈ ਗਏ ਪੀਣੇ ਅਸਾਨੂੰ ਵਿਹੁ ਦੇ ਪਿਆਲੇ ਪੈ ਗਏ।

----

ਕੜਕਦੀ ਧੁੱਪੇ ਅਸੀਂ ਸ਼ਬਦਾਂ ਦੀ ਤੱਤੀ ਰੇਤ ਤੇ,

ਜਦ ਟੁਰੇ, ਏਦਾਂ ਟੁਰੇ, ਜੀਭਾਂ ਤੇ ਛਾਲੇ ਪੈ ਗਏ।

----

ਢਲ਼ਣ ਲੱਗੇ ਬਦਲੀਆਂ ਚੀਕਾਂ ਚ ਜਦ ਸਾਡੇ ਸਵਾਲ,

ਬੋਲਿਆਂ ਬਦਲ਼ਾਂ ਨੂੰ ਵੀ ਜਾਨਾਂ ਦੇ ਲਾਲੇ ਪੈ ਗਏ।

----

ਦੀਵਿਆਂ ਵਾਂਗੂੰ ਲਟਾ ਲਟ ਬਲ਼ ਕੇ ਪਛਤਾਏ ਬਹੁਤ,

ਮਿਥ ਕੇ ਜਦ ਸਾਡੇ ਹੀ ਪਿੱਛੇ ਪਹੁ-ਫੁਟਾਲੇ ਪੈ ਗਏ।

----

ਬਣ ਕੇ ਫੁਲ ਅੱਗਾਂ ਚੋਂ ਉੱਗੇ ਸਨ ਅਜੇ ਸਾਡੇ ਲਹੂ,

ਖਾਣ ਨੂੰ ਅੱਗੋਂ ਮਨਾਂ ਅੰਦਰਲੇ ਪਾਲੇ ਪੈ ਗਏ।

----

ਮਕੜੀਆਂ ਯਾਦਾਂ ਦੀਆਂ ਇਉਂ ਪਾਉਂਦੀਆਂ ਰਹੀਆਂ ਧਮਾਲ,

ਧੁੰਦਲੀਆਂ ਪਲਕਾਂ ਚ ਆਕਾਰਾਂ ਦੇ ਜਾਲ਼ੇ ਪੈ ਗਏ।

----

ਕੀ ਕਿਸੇ ਫਨੀਅਰ ਸਪੋਲੇ ਨੇ ਗਲਾਂ ਨੂੰ ਡਸ ਲਿਆ?

ਕਿਉਂ ਵਿਲਕਦੀ ਸੋਚ ਦੇ ਹੋਠਾਂ ਤੇ ਤਾਲੇ ਪੈ ਗਏ।

----

ਪੰਛੀਆਂ ਤੇ ਆ ਗਈ ਸ਼ਾਇਦ ਜਲ਼ੇ ਸੂਰਜ ਦੀ ਰਾਖ,

ਦੂਧੀਆ ਖੰਭਾਂ ਦੇ ਬੱਗੇ ਰੰਗ ਕਾਲ਼ੇ ਪੈ ਗਏ।

----

ਢਲ਼ ਕੇ ਜਦ ਕਵਿਤਾ ਦੇ ਸੰਚੇ ਵਿਚ ਵੀ ਦੇ ਸੱਕੇ ਨ ਲੋਅ,

ਕਾਲ਼ਿਆਂ ਹਰਫ਼ਾਂ ਦੇ ਗਲ਼ ਮਨ ਦੇ ਉਜਾਲੇ ਪੈ ਗਏ।

Monday, February 23, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਰੋਕੋ ਨਾ ਜੋਗੀਆਂ ਨੂੰ, ਇਹ ਪੰਛੀ ਨੇ ਡਾਰ ਦੇ।

ਮਾਰਨ ਇਨ੍ਹਾਂ ਨੂੰ ਹਾਕ ਜੋ, ਸੁਪਨੇ ਨੇ ਪਾਰ ਦੇ।

----

ਪਹਿਲੋਂ ਪਲਕ ਪਲਕ ਚੋਂ ਉਗਾ ਤ੍ਰੇਲ ਦਾ ਦਰਖਤ,

ਫਿਰ ਬੂੰਦ ਬੂੰਦ ਵਿਚ ਲਹੂ ਮਨ ਦਾ ਉਤਾਰਦੇ।

----

ਪਥਰਾਂ ਦੇ ਇਸ ਨਗਰ ਚ ਜੇ ਕਟਣੇ ਨੇ ਚਾਰ ਦਿਨ,

ਸ਼ੀਸ਼ੇ ਨ ਲੈ ਕੇ ਘੁੰਮ ਇਉਂ ਅਪਣੇ ਵਿਚਾਰ ਦੇ।

----

ਲੈ ਡੁੱਬੀ ਮੈਨੂੰ ਅਪਣੀਓ ਆਵਾਜ਼ ਦੀ ਸਲੀਬ,

ਡੁੱਬੇ ਨੂੰ ਵੀ ਮਸ਼ਾਲਚੀ ਹਾਕਾਂ ਨੇ ਮਾਰਦੇ।

----

ਤੈਨੂੰ ਜੇ ਇਕ ਕਣੀ ਵੀ ਮਿਲ਼ੇ ਮਨ ਦੇ ਨੂਰ ਦੀ,

ਇਸ ਕਣੀ ਤੋਂ ਸੈਂਕੜੇ ਸੂਰਜ ਵੀ ਵਾਰ ਦੇ।

----

ਧੜਕਣ ਹੀ ਸੀ ਦਿਲਾਂ ਦੀ ਰਸੀਲੀ, ਨਹੀਂ ਤਾਂ ਇਉਂ,

ਦੇਂਦੇ ਨਾ ਤਾਲ ਝੂਮ ਕੇ ਪੱਤੇ ਚਨਾਰ ਦੇ।

----

ਸੜਨਾ ਸੀ ਜੇ ਇਕਾਂਤ ਦੇ ਭਾਂਬੜ ਚ ਇਉਂ ਤੁਸੀਂ,

ਕੁਝ ਸੋਚ ਕੇ ਤਾ ਮੋਮ ਦੇ ਕਮਰੇ ਉਸਾਰਦੇ।

----

ਕਿੱਥੇ ਨੇ ਸਿਰਫਿਰੇ ਜੋ ਮਸੀਹੇ ਦੀ ਭਾਲ਼ ਵਿਚ,

ਅਪਣੀ ਹੀ ਮੌਤ ਨੂੰ ਕਿਤੋਂ ਮੁੜ ਮੁੜ ਪੁਕਾਰਦੇ।

----

ਪੱਥਰ ਹਵਾ ਨੂੰ ਮਾਰ ਕੇ ਤਿੜਦੇ ਰਹੇ ਜੋ ਤਖ਼ਤ,

ਉਹ ਜ਼ਿੰਦਗੀ ਦੀ ਖੇਡ ਨੂੰ ਕਿੱਦਾਂ ਨ ਹਾਰਦੇ?

Friday, January 16, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਦੋਸਤੋ! ਇਸ ਗ਼ਜ਼ਲ ਨੂੰ ਚਾਰ ਚੰਦ ਲਾਉਂਦਾ ਇਹ ਬੇਹੱਦ ਖ਼ੂਬਸੂਰਤ ਰੇਖਾ-ਚਿੱਤਰ ਟਰਾਂਟੋ, ਕੈਨੇਡਾ ਤੋਂ ਪ੍ਰਤੀਕ ਜੀ ਨੇ ਭੇਜਿਆ ਹੈ। ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ।
ਗ਼ਜ਼ਲ
ਪਲ ‘ਚ ਭੁਜਦੀ ਜਿੰਦ ਠਾਰੀ ਚਾਨਣੀ ਨੇ।
ਏਨੀ ਠੰਢੀ ਹਾਕ ਮਾਰੀ ਚਾਨਣੀ ਨੇ।
----
ਇਉਂ ਚੁਫ਼ੇਰੇ ਝਾਤ ਮਾਰੀ ਚਾਨਣੀ ਨੇ।
ਰੌਸ਼ਨੀ ਥਾਂ ਥਾਂ ਖਿਲਾਰੀ ਚਾਨਣੀ ਨੇ।
----
ਕੁਝ ਨ ਪੁਛ, ਡਿੱਠਾ ਮੈਂ ਕੀ ਜਦ ਖੋਲ੍ਹ ਦਿੱਤੀ,
ਮਨ ਦੀਆਂ ਅੱਖਾਂ ਦੀ ਬਾਰੀ ਚਾਨਣੀ ਨੇ।
----
ਮੈਂ ਨ ਮਿਲ਼ ਸਕਿਆ, ਹਨੇਰੇ ‘ਚੋਂ ਬਥੇਰਾ,
ਭਾਲ਼ਿਆ ਮੈਨੂੰ ਵਿਚਾਰੀ ਚਾਨਣੀ ਨੇ।
----
ਆਏ ਸੁੱਕਣ ਵਿਚ ਨਾ ਹੰਝੂ ਤਾਰਿਆਂ ਦੇ,
ਰਾਤ ਰੋ ਰੋ ਕੇ ਗੁਜ਼ਾਰੀ ਚਾਨਣੀ ਨੇ।
----
ਵਕਤ ਦੀ ਰਿਸ਼ਮਾਂ ਸ਼ਿੰਗਾਰੀ ਪਾਲਕੀ ਸੀ,
ਰਾਤ ਭਰ ਮਾਣੀ ਸਵਾਰੀ ਚਾਨਣੀ ਨੇ।
----
ਯਾਦ ਸੀ ਤੇਰੀ ਕਿ ਸੀ ਕਾਗਜ਼ ਦੀ ਬੇੜੀ,
ਪਾਰ ਜੋ ਛੇਕੜ ਉਤਾਰੀ ਚਾਨਣੀ ਨੇ।
----
ਚੰਨ ਜਿੱਧਰ ਟਿੱਭ ਗਿਆ ਦੇ ਕੇ ਭੁਲਾਵਾ,
ਓਧਰੇ ਮਾਰੀ ਉਡਾਰੀ ਚਾਨਣੀ ਨੇ।
----
ਕਾਲ਼ਿਆਂ ਬਦਲਾਂ ਦੇ ਲੜ ਸਿਰ ‘ਤੇ ਵਲ੍ਹੇਟੇ,
ਸ਼ਕਲ ਪਰਛਾਵੇਂ ਦੀ ਧਾਰੀ ਚਾਨਣੀ ਨੇ।
----
ਵੇਖਿਆ ਕਿੱਦਾਂ ਮੈਂ ਗੁੰਮ-ਸੁੰਮ ਖੜ੍ਹਾ ਸਾਂ,
ਨੀਝ ਲਾ ਕੇ ਪਿਆਰੀ ਪਿਆਰੀ ਚਾਨਣੀ ਨੇ।
----
ਰੌਸ਼ਨੀ ਦਿੱਤੀ ਖਿਡਾ ਵਿਹੜੇ ‘ਚ ਥਾਂ ਥਾਂ,
ਡੋਲ੍ਹ ਕੇ ਚਾਨਣ ਦੀ ਝਾਰੀ ਚਾਨਣੀ ਨੇ।

Thursday, January 1, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ - ਨਵਾਂ ਸਾਲ ਮੁਬਾਰਕ

ਦੋਸਤੋ! ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ, ਪ੍ਰਿੰ: ਤਖ਼ਤ ਸਿੰਘ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਨਾਲ਼ ਸਭ ਪਾਠਕ / ਲੇਖਕ ਸਾਹਿਬਾਨ ਨੂੰ 'ਆਰਸੀ' ਤੇ ਖ਼ੁਸ਼ਆਮਦੀਦ ਅਤੇ 'ਨਵਾਂ ਸਾਲ ਮੁਬਾਰਕ' ਆਖ ਰਹੀ ਹਾਂ।
ਗ਼ਜ਼ਲ

ਕਣ ਕਣ ਨੂੰ ਹੈ ਦੇ ਰਹੀ ਸੁਨੇਹਾ ਹਵਾ ਨਵਾਂ,

ਥਾਂ ਥਾਂ ਖਿੰਡਾਉਂਦਾ ਆ ਗਿਆ ਮਹਿਕਾਂ ਵਰ੍ਹਾ ਨਵਾਂ।

----

ਸਜਰੇ ਵਰ੍ਹੇ ਦੇ ਢੁਕਵੇਂ ਸਵਾਗਤ ਲਈ ਕਿਵੇਂ?

ਪੰਛੀ ਬਜਾ ਰਹੇ ਨੇ ਆਰਕੈਸਟਰਾ ਨਵਾਂ।

----

ਪਲ ਪਲ ਦੀ ਬੂੰਦ ਬੂੰਦ ਚੋਂ ਛਲਕੇਗੀ ਇਉਂ ਮਿਠਾਸ,

ਮਾਰੇਗਾ ਠਾਠਾਂ ਰਸ ਦਾ ਸਮੁੰਦਰ ਜਿਹਾ ਨਵਾਂ।

----

ਹੋਵੇ ਤਾਂ ਹੋਵੇ ਕਿਸ ਤਰ੍ਹਾਂ ਪੈਦਾ ਖ਼ਲਾ ਨਵਾਂ,

ਆਸਾਂ ਉਸਾਰ ਲੈਣ ਹਵਾਈ ਕਿਲਾ ਨਵਾਂ।

----

ਕਲ ਤਕ ਸੀ ਪਿਛਲਾ ਸਾਲ ਲਹਾ ਦੇ ਵਹਾਉ ਵਿਚ,

ਸਜਰੇ ਵਰ੍ਹੇ ਦੀ ਰੌਸ਼ਨੀ ਵਿਚ ਹੈ ਚੜ੍ਹਾ ਨਵਾਂ।

----

ਬੀਤੇ ਵਰ੍ਹੇ ਨੂੰ ਲੈ ਵੜੀ ਕਾਲ਼ੀ ਗੁਫ਼ਾ ਚ ਰਾਤ,

ਖੰਭਾਂ ਤੇ ਧਰ ਕੇ ਆਏ ਫ਼ਰਿਸ਼ਤੇ ਖ਼ੁਦਾ ਨਵਾਂ।

----

ਮੰਨਦਾ ਹਾਂ ਬੀਤੇ ਸਾਲ ਦਾ ਅਪਣਾ ਹੀ ਸ੍ਵਾਦ ਸੀ,

ਪਰ ਇਸ ਵਰ੍ਹੇ ਦਾ ਹੈ ਅਪਣਾ ਮਜ਼ਾ ਨਵਾਂ।

----

ਭਾਲਣਗੇ ਖ਼ਾਬ ਸੋਚ ਦੀ ਕਾਲ਼ੀ ਚਿੜੀ ਲਈ,

ਕਿਰਨਾਂ ਦੇ ਤੀਲਿਆਂ ਦਾ ਕਿਤੋਂ ਆਲ੍ਹਣਾ ਨਵਾਂ।

----

ਦਿਲ ਦੀ ਏਹੋ ਹੈ ਕਾਮਨਾ ਦੁਨੀਆ ਦੇ ਵਾਸੀਓ!

ਜਾਪੇ ਇਹ ਆਉਂਦਾ ਸਾਲ ਤੁਹਾਨੂੰ ਸਦਾ ਨਵਾਂ।

Monday, December 22, 2008

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਕਦੇ ਇਹ ਵੀ ਕਰਿਸ਼ਮਾ ਕਰ ਲਵਾਂਗਾ।

ਮੈਂ ਘੁੱਟ ਅਪਣੇ ਲਹੂ ਦੇ ਭਰ ਲਵਾਂਗਾ।

----

ਤੂੰ ਇਕ ਵਾਰੀ ਕਿਤੋਂ ਆਵਾਜ਼ ਤਾਂ ਦੇ,

ਮੈਂ ਸਭ ਅੱਗ ਦੇ ਦਰਿਆ ਤਰ ਲਵਾਂਗਾ।

----

ਬਣਾਂਗਾ ਇਉਂ ਭੰਵਰ ਗ਼ਮ ਦਾ ਕਿ ਤੇਰਾ,

ਮੈਂ ਨਾਂ ਪਾਣੀ ਤੇ ਵੀ ਉੱਕਰ ਲਵਾਂਗਾ

----

ਪਈ ਜੇ ਰੇਤ ਚੇਤੇ ਦੇ ਵਣਾਂ ਵਿਚ,

ਤਾਂ ਪਲਕਾਂ ਤੇ ਟਟਿਆਣੇ ਧਰ ਲਵਾਂਗਾ

----

ਸਮੇਂ ਭਾਣੇ ਮੈਂ ਇਕ ਪਲ ਹੀ ਸਹੀ, ਪਰ,

ਸਦੀ ਦੀ ਪੀੜ ਫਿਰ ਵੀ ਜਰ ਲਵਾਂਗਾ।

----

ਸਮੁੰਦਰ ਜਾਣ ਕੇ ਮਹਿਕਾਂ ਦਾ ਤੈਨੂੰ,

ਮੈਂ ਤਰਿਹਾਏ ਬਦਨ ਵਿਚ ਭਰ ਲਵਾਂਗਾ।

----

ਜੇ ਹੋ ਸਕੇ ਤਾਂ ਬੰਦ ਅੱਖਾਂ 'ਚ ਕਰ ਲੈ,

ਮੈਂ ਤੇਰੇ ਮਨ 'ਚ ਤਾਂ ਖਿੱਲਰ ਲਵਾਂਗਾ

----

ਪਵੇਗੀ ਬਰਫ਼ ਸੂਰਜ ਤੇ ਕਦੇ ਤਾਂ,

ਜੇ ਹੁਣ ਧੁਖ਼ਦਾ ਹਾਂ, ਓਦੋਂ ਠਰ ਲਵਾਂਗਾ

----

ਕਦੋਂ ਤੱਕ ਸਾਧ ਕੇ ਰੱਖਾਂਗਾ ਚੁੱਪਾਂ,

ਮੈਂ ਇਕ ਇਕ ਪ੍ਰਸ਼ਨ ਦਾ ਉਤਰ ਲਵਾਂਗਾ।

----

ਜਿਵੇਂ ਖਾਧੇ ਨੇ ਮੈਂ ਅੰਗਿਆਰ ਗ਼ਮ ਦੇ,

ਉਵੇਂ ਸੂਲ਼ਾਂ ਦੀ ਪੈਲ਼ੀ ਚਰ ਲਵਾਂਗਾ।

----

ਹਨੇਰਾ ਬਣ ਕੇ ਤੂੰ ਜਾਵੇਂਗਾ ਕਿੱਥੇ?

ਕਿਰਨ ਬਣ ਕੇ ਮੈਂ ਤੈਨੂੰ ਵਰ ਲਵਾਂਗਾ।

Monday, November 10, 2008

ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਦੋ ਸ਼ਿਅਰ

ਜੜ੍ਹੋਂ ਉਡਾਉਂਣਾ ਤਾਂ ਕੀ ਸੀ ਹਵਾ ਨੇ ਟਿੱਬਿਆਂ ਨੂੰ,
ਵਿਸ਼ਾਲ ਹੋਰ ਵੀ ਮਾਰੂਥਲਾਂ ਨੂੰ ਕਰ ਗਈ।
----------------------
ਅਜੀਬ ਯਾਦ ਹੈ, ਭਾਂਬੜ ਵੀ ਹੈ, ਘਟਾ ਵੀ ਹੈ,
ਖ਼ਿਆਲ ਵਿਚ ਮਘਣ ਅੰਗਿਆਰ, ਅੱਖ ਭਰ ਆਈ।
------------------

Sunday, November 9, 2008

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਬੱਝੇ ਕਿਸੇ ਦੇ ਨਾਲ਼ ਇਉਂ, ਖਿੱਲਰ ਗਏ ਅਸੀਂ

ਉੱਡੇ ਖ਼ਬਰ ਦੇ ਵਾਂਗਰਾਂ, ਘਰ ਘਰ ਗਏ ਅਸੀਂ

ਨਿਕਲ਼ੇ ਜੇ ਅਪਣੇ ਆਪ 'ਚੋਂ. ਭੀੜਾਂ 'ਚ ਡੁਬ ਗਏ,

ਡੁੱਬੇ ਜੇ ਅਪਣੇ ਮਨ 'ਚ ਵੀ ਤਾਂ ਤਰ ਗਏ ਅਸੀਂ

ਦਿਲ ਦੇ ਕਿਲੇ ਦੀ ਘੂਰਦੀ ਵਲਗਣ ਤੋਂ ਸਹਿਮ ਕੇ,

ਘੁੱਟੇ ਦਮਾਂ ਦੇ ਆਪ ਇਉਂ ਗਲ਼, ਮਰ ਗਏ ਅਸੀਂ

ਚੁੰਮਣ ਲਏ , ਕਲੀ ਕਲੀ ਕੀਤੀ ਅਸੀਂ ਨਿਹਾਲ,

ਪੌਣਾਂ ਦਾ ਰੂਪ ਧਾਰ ਕੇ ਜਿੱਧਰ ਗਏ ਅਸੀਂ

ਨਿਕਲ਼ੇ ਸਾਂ ਸੁਪਨਿਆਂ ਦੇ ਉਜਾਲੇ ਦੀ ਭਾਲ਼ ਵਿਚ,

ਗਲ਼ ਗਲ਼ ਹਨੇਰਿਆਂ 'ਚ ਕਿਉਂ ਨਿੱਘਰ ਗਏ ਅਸੀਂ?

ਲੱਗੇ ਜੇ ਜ਼ਖ਼ਮਾਂ ਵਾਂਗ ਅਸੀਂ, ਖਾਲੀ ਕਦੋਂ ਰਹੇ?

ਜਦ ਵੀ ਰਤਾ ਕੁ ਆਠਰੇ ਤਾਂ ਭਰ ਗਏ ਅਸੀਂ

ਸਾਥੋਂ ਸੁਣੋਂ, ਕਿਵੇਂ ਅਸੀਂ ਅਪੜੇ ਸਜਨ ਦੇ ਦਵਾਰ,

ਕਿੰਨੇ ਕੁ ਪਾਰ ਕਰ ਕੇ ਸਮੁੰਦਰ ਗਏ ਅਸੀਂ

ਸੋਚੋ ਜ਼ਰਾ, ਜੇ ਸਾਡਿਆਂ ਕੱਦਾਂ ਤੋਂ ਆਥਣੇ,

ਸਾਏ ਰਤਾ ਕੁ ਵਧ ਗਏ, ਕਿਉਂ ਡਰ ਗਏ ਅਸੀਂ?

Wednesday, November 5, 2008

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਝੁੰਡ ਉਡਦੇ ਪੰਛੀਆਂ ਦਾ ਜਦੋਂ ਛਿਪ ਕੇ ਬਹਿ ਗਿਆ।

ਲੱਗਾ, ਜਿਵੇਂ ਦਰਿਆ ਕਿਤੇ ਰੇਤੇ ਚ ਛਹਿ ਗਿਆ।

ਡੁੱਬਾਂਗਾ ਇਉਂ ਕਿ ਲੋਕ ਕਿਨਾਰੇ ਦੇ ਕਹਿਣਗੇ,

ਇਕ ਚੰਦ ਸੀ ਜੋ ਕਾਲ਼ੇ ਸਮੁੰਦਰ ਚ ਲਹਿ ਗਿਆ।

ਹੜ੍ਹ ਵਾਂਗ ਕੁਝ ਕੁ ਛਿਣ ਜਦੋਂ ਚਾਨਣ ਦੇ ਵਗ ਟੁਰੇ,

ਕਲ਼ਯੁਗ ਤਾਂ ਇਕ ਤਰਫ਼ ਰਿਹਾ, ਸੂਰਜ ਵੀ ਤ੍ਰਹਿ ਗਿਆ।

ਵਹਿੰਦਾ ਰਿਹਾ ਲਹੂ ਉਦ੍ਹਾ ਬੱਤੀ ਚੋਂ, ਫੇਰ ਕੀ?

ਪਰ ਵਾਰ ਤਾਂ ਚਿਰਾਗ਼ ਹਨੇਰੇ ਦਾ ਸਹਿ ਗਿਆ।

ਤੈਨੂੰ ਜੇ ਪੇਚ ਪਾ ਲਿਆ ਸ਼ਬਦਾਂ ਦੇ ਜਾਲ਼ ਨੇ,

ਮੈਂ ਵੀ ਉਲ਼ਝ ਕੇ ਗੂੜ੍ਹਿਆਂ ਅਰਥਾਂ ਚ ਰਹਿ ਗਿਆ।

ਮਹਿਮਾ ਬੜੀ ਸੁਣੀਦੀ ਸੀ ਸੂਰਜ ਦੇ ਬੁਰਜ ਦੀ,

ਵੱਜਾ ਰਤਾ ਕੁ ਠੁੱਡ ਹਨੇਰੀ ਦਾ ਢਹਿ ਗਿਆ।

ਜਦ ਵਲ਼ ਲਿਆ ਚੁਫੇਰਿਓਂ ਕਾਲ਼ਖ ਦੀ ਕੰਧ ਨੇ,

ਅਪਣੇ ਲਹੂ ਚ ਬਾਲ਼ ਕੇ ਦੀਵੇ ਮੈਂ ਬਹਿ ਗਿਆ।

ਮਾਰੀ ਸੀ ਜਿਸਨੇ ਹਾਕ ਗਵਾਚੀ ਬਹਾਰ ਨੂੰ,

ਕਹਿਣੀ ਸੀ ਜੋ ਖਰੀ ਖਰੀ, ਪਤਝੜ ਚ ਕਹਿ ਗਿਆ।

Monday, November 3, 2008

ਪ੍ਰਿੰ: ਤਖ਼ਤ ਸਿੰਘ - ਸ਼ਿਅਰ

ਦੋ ਸ਼ਿਅਰ

ਚਰਚਾ ਤੁਕਾਂ 'ਚ ਛੇੜ ਬੈਠਾ ਮੈਂ ਔੜ ਦੀ,
ਅੰਬਰ ਘਟਾ ਸਮੇਤ ਗਲ਼ ਧਰਤੀ ਦੇ ਪੈ ਗਿਆ।
------------------------------
ਅੱਖਾਂ 'ਚ ਅਥਰੂਆਂ ਦੇ ਹੜ੍ਹ ਉਮਡੇ ਹੀ ਸਨ ਅਜੇ,
ਸੂਰਜ ਤਲ਼ੀ 'ਤੇ ਧਰ ਕੇ ਸਮੁੰਦਰ ਨੂੰ ਲੈ ਗਿਆ।
------------------------------

Thursday, October 30, 2008

ਪ੍ਰਿੰ: ਤਖ਼ਤ ਸਿੰਘ – ਸ਼ਿਅਰ

ਦੋ ਸ਼ਿਅਰ

ਰੰਗ ਬਣਜਾਂ, ਫੁੱਲ ਬਣਜਾਂ, ਜਾਂ ਬਣਾ ਮਹਿਕਦੀ ਹਵਾ,

ਆਂਵਦਾ ਹੈ ਦਿਲ ਚ ਅਕਸਰ ਤਿਤਲੀਆਂ ਨੂੰ ਵੇਖ ਕੇ।

-----------------------------------------

ਚੰਦ ਚੜ੍ਹੇ ਸਨ ਸ਼ਾਇਦ ਉਸਦੇ ਨੈਣਾਂ ਵਿਚ

ਮਨ ਦਾ ਸਾਗਰ ਝਿਲਮਿਲ ਝਿਲਮਿਲ ਕਰਦਾ ਸੀ।

------------------------------------------