ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਭਾਈ ਨੰਦ ਲਾਲ ਜੀ ਗੋਇਆ. Show all posts
Showing posts with label ਭਾਈ ਨੰਦ ਲਾਲ ਜੀ ਗੋਇਆ. Show all posts

Tuesday, January 5, 2010

ਸੁਰਜੀਤ ਸਿੰਘ ਪੰਛੀ - ਭਾਈ ਨੰਦ ਲਾਲ ਜੀ ਗੋਇਆ - ਅੱਜ ਗੁਰਪੁਰਬ 'ਤੇ ਵਿਸ਼ੇਸ਼

ਸਾਹਿਤਕ ਨਾਮ: ਸੁਰਜੀਤ ਸਿੰਘ ਪੰਛੀ

ਜਨਮ: ਸੰਨ 1935 ਪਿੰਡ ਮਾਹਲ ਕਲਾਂ ਜ਼ਿਲ੍ਹਾ ਸੰਗਰੂਰ ( ਪੰਜਾਬ)

ਅਜੋਕਾ ਨਿਵਾਸ: - ਯੂ.ਐੱਸ.ਏ.

ਪ੍ਰਕਾਸ਼ਿਤ ਕਿਤਾਬਾਂ: ਸੰਦਲੀ ਮਹਿਕ, ਮਹਾਂ ਬਲੀਦਾਨੀ ਗੁਰੂ ਤੇਗ਼ ਬਹਾਦਰ ਜੀ, ਯੂਸਫ਼ ਜ਼ੁਲੇਖਾਂ, ਯਾਰ-ਏ-ਗ਼ਰੀਬਾਂ - ਗੁਰੂ ਗੋਬਿੰਦ ਸਿੰਘ ਜੀ, ਅਮਰੀਕਾ ਕੌਣ ਜਾ ਸਕਦਾ ਹੈ?, ਬੰਦਾ ਸਿੰਘ ਬਹਾਦਰ ਜੀਵਨ, ਸੰਘਰਸ਼ ਤੇ ਪ੍ਰਾਪਤੀਆਂ, ਜਗਦੇ ਬੁਝਦੇ ਕਣ, ਮਹਿਕਾਂ ਦੇ ਪਰਛਾਵੇਂ, ਭਾਈ ਨੰਦ ਲਾਲ ਜੀ ਗੋਇਆ ਮੇਰੀਆਂ ਨਜ਼ਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ! ਕੁਝ ਮਹੀਨੇ ਪਹਿਲਾਂ ਯੂ.ਐੱਸ.ਏ. ਵਸਦੇ ਲੇਖਕ ਸੁਰਜੀਤ ਸਿੰਘ ਪੰਛੀ ਜੀ ਨੇ ਆਪਣੀਆਂ ਦੋ ਕਿਤਾਬਾਂ ਆਰਸੀ ਲਈ ਭੇਜੀਆਂ ਸਨ। ਉਹਨਾਂ ਚੋਂ ਇੱਕ ਕਿਤਾਬ ਸੀ: ਭਾਈ ਨੰਦ ਲਾਲ ਜੀ ਗੋਇਆ ਮੇਰੀਆਂ ਨਜ਼ਰਾਂ ਵਿਚ। ਭਾਈ ਨੰਦ ਲਾਲ ਬਾਰੇ ਲਿਖੀ ਕਿਤਾਬ ਨੇ ਮੇਰੇ ਅੰਦਰ ਉਹਨਾਂ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਕੀਤੀ ਤੇ ਮੈਂ ਸਾਰੀ ਕਿਤਾਬ ਬਹੁਤ ਧਿਆਨ ਪੂਰਵਕ ਪੜ੍ਹੀ, ਜਿਸ ਨਾਲ਼ ਗੋਇਆ ਜੀ ਬਾਰੇ ਮੇਰੇ ਗਿਆਨ ਵਿਚ ਕਾਫ਼ੀ ਵਾਧਾ ਹੋਇਆ। ਅੱਜ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁੱਭ ਮੌਕੇ ਤੇ ਆਰਸੀ ਪਰਿਵਾਰ ਵੱਲੋਂ ਪੰਛੀ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਮੈਂ ਏਸੇ ਕਿਤਾਬ ਵਿੱਚੋਂ ਉਹਨਾਂ ਦੁਆਰਾ ਦੁਆਰਾ ਫ਼ਾਰਸੀ ਤੋਂ ਪੰਜਾਬੀ ਚ ਅਨੁਵਾਦ ਕੀਤੇ ਕੁਝ ਅਸ਼ਿਆਰ ( ਸ਼ਿਅਰ - ਵਾਰਤਕ ਰੂਪ ) ਸ਼ਾਮਲ ਕਰਨ ਜਾ ਰਹੀ ਹਾਂ। ਇਹ ਅਸ਼ਿਆਰ ਗੋਇਆ ਜੀ ਨੇ ਗੁਰੂ ਸਾਹਿਬ ਦੀ ਉਸਤਤ ਚ ਲਿਖੇ ਹੋਏ ਹਨ।

-----

ਭਾਈ ਨੰਦ ਲਾਲ ਜੀ ਗੋਇਆ: ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ:

ਜਨਮ: 1630-1635 ਦਰਮਿਆਨ ਹੋਇਆ ਮੰਨਿਆ ਜਾਂਦਾ ਹੈ। ਇਸ ਬਾਰੇ ਇਤਿਹਾਸਕਾਰਾਂ ਚ ਮਤਭੇਦ ਹਨ।

ਜਨਮ ਸਥਾਨ: ਗਜ਼ਨੀ ਜਾਂ ਆਗਰੇ ਦੇ ਆਸ-ਪਾਸ ਮੰਨਿਆ ਜਾਂਦਾ ਹੈ। ਇਸ ਬਾਰੇ ਵੀ ਇਤਿਹਾਸਕਾਰਾਂ ਚ ਮਤਭੇਦ ਹਨ।

ਪਿਤਾ: ਦੀਵਾਨ ਛੱਜੂ ਮੱਲ ਮੁਗ਼ਲਾਂ ਸਮੇਂ ਉੱਚ ਅਹੁਦੇ ਤੇ ਸਨ।

ਗੋਇਆ ਜੀ 1693 ਦੇ ਆਸ-ਪਾਸ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਾ ਮੁਅਜ਼ਮ ( ਬਾਅਦ 'ਚ ਬਾਦਸ਼ਾਹ ਬਹਾਦਰ ਸ਼ਾਹ ਬਣਿਆ ) ਦੇ ਸਮੇਂ ਵਜ਼ੀਰ ਦੇ ਅਹੁਦਾ ਪਾਉਣ ਚ ਸਫ਼ਲ ਹੋ ਗਏ।

ਹਜ਼ੂਰੀ ਕਵੀ: ਗੋਇਆ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿਚੋਂ ਮਹੱਤਵਪੂਨ ਸਥਾਨ ਹਾਸਲ ਹੈ। ਉਹ ਅਰਬੀ ਤੇ ਫ਼ਾਰਸੀ ਦੇ ਵੱਡੇ ਵਿਦਵਾਨ ਸਨ। ਸਮਝਿਆ ਜਾਂਦਾ ਹੈ ਕਿ ਉਹ 1695 1706 ਈ: ਤੱਕ ਗੁਰੂ ਸਾਹਿਬ ਦੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੱਕ ਹਜ਼ੂਰੀ ਕਵੀ ਰਹੇ। 1715 ਈ: ਚ ਉਹਨਾਂ ਦੀ ਮੋਤ ਹੋਈ ਮੰਨੀ ਜਾਂਦੀ ਹੈ।

ਕਿਤਾਬਾਂ: ਪੰਛੀ ਸਾਹਿਬ ਅਨੁਸਾਰ ਗੋਇਆ ਜੀ ਰਚਿਤ ਕਿਤਾਬਾਂ ਦਾ ਵੇਰਵਾ ਇਸ ਪ੍ਰਕਾਰ ਹੈ: ਫ਼ਾਰਸੀ ਚ ਜ਼ਿੰਦਗੀਨਾਮਾ, ਗ਼ਜ਼ਲੀਆਤ, ਤੌਸੀਫ਼-ਓ-ਸਨਾ, ਗੰਜਨਾਮਾ, ਦਸਤੂਰੁਲ-ਇਨਸਾ, ਅਰਜ਼ੁਲ-ਅਲਫ਼ਾਜ਼, ਅਤੇ ਪੰਜਾਬੀ ਚ ਜੋਤ ਬਿਲਾਸ, ਰਹਿਤਨਾਮਾ, ਤਨਖ਼ਾਹਨਾਮਾ ਸ਼ਾਮਲ ਹਨ।

-----

ਦੋਸਤੋ! ਫ਼ਾਰਸੀ ਦੇ ਅਸ਼ਿਆਰ ਦਾ ਪੰਛੀ ਸਾਹਿਬ ਦੀ ਕਿਤਾਬ ਤੋਂ ਹੂ-ਬ-ਹੂ ਉਤਾਰਾ ਕੀਤਾ ਗਿਆ ਹੈ। ਜੇਕਰ ਟਾਈਪਿੰਗ ਵੇਲ਼ੇ ਕੋਈ ਗ਼ਲਤੀ ਰਹਿ ਗਈ ਹੋਵੇ ਤਾਂ ਆਰਸੀ ਦੇ ਸੂਝਵਾਨ ਪਾਠਕ/ਲੇਖਕ ਸਾਹਿਬਾਨ, ਜੋ ਅਰਬੀ, ਫ਼ਾਰਸੀ ਜਾਣਦੇ ਹਨ, ਧਿਆਨ ਜ਼ਰੂਰ ਦਵਾਉਣ ਤਾਂ ਕਿ ਉਸ ਨੂੰ ਦਰੁਸਤ ਕਰ ਸਕੀਏ। ਬਹੁਤ-ਬਹੁਤ ਸ਼ੁਕਰੀਆ। ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਇਕ ਵਾਰ ਫੇਰ ਵਧਾਈਆਂ ਜੀ।

ਅਦਬ ਸਹਿਤ

ਤਨਦੀਪ ਤਮੰਨਾ

****************

ਭਾਈ ਨੰਦ ਲਾਲ ਜੀ ਗੋਇਆ ਮੇਰੀਆਂ ਨਜ਼ਰਾਂ ਵਿਚ’ 'ਚੋਂ ਧੰਨਵਾਦ ਸਹਿਤ

ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ-ਸਲਾਹ

ਫ਼ਾਰਸੀ ਰੰਗ

ਭਾਈ ਨੰਦ ਲਾਲ ਜੀ ਗੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਸਰੀਰਕ ਬਣਤਰ ਅਤੇ ਰੂਹਾਨੀ ਸ਼ਕਤੀ ਦੀ ਵਿਆਖਿਆ ਬਹੁਤ ਹੀ ਸੁੰਦਰ ਢੰਗ ਨਾਲ਼ ਕਰਦੇ ਹਨ। ਸਰੀਰ ਦੇ ਅੰਗਾਂ ਦੀ ਤੁਲਨਾ ਕਮਾਲ ਦੀ ਹੈ। ਬਹੁਤ ਸਾਰੀਆਂ ਥਾਵਾਂ ਤੇ ਉਹ ਸੂਫੀਆਂ ਵਾਂਗ ਗੁਰੂ ਜੀ ਨੂੰ ਮਹਿਬੂਬਾ ਦੇ ਰੂਪ ਵਿਚ ਚਿਤਰਦੇ, ਉਹਨਾਂ ਦੇ ਬੁੱਲ੍ਹਾਂ, ਗੱਲ੍ਹਾਂ, ਜ਼ੁਲਫ਼ਾਂ, ਮਦ ਭਰੀਆਂ ਅੱਖਾਂ ਅਤੇ ਮੁਸਕਾਨ ਦਾ ਜ਼ਿਕਰ ਕਰਦੇ ਨਹੀਂ ਥਕਦੇ:

-----

ਅਜ਼ ਦਿ ਚਸ਼ਮਿ ਮਸਤ ਸ਼ੁਅਲਾ, ਅਲ-ਗ਼ਿਆਸ।

ਅਜ਼ ਲਬੋ ਦਹਨਿ ਸ਼ਕਰਖਾ, ਅਲ-ਗ਼ਿਆਸ।

ਅਰਥਾਤ: ਪ੍ਰੀਤਮ ਦੀਆਂ ਚੰਗਿਆੜੇ ਵਾਂਗ ਗੁਲਾਬੀ ਅਤੇ ਮਸਤ ਅੱਖਾਂ ਬਸ ਤੌਬਾ ਹੀ ਹਨ। ਮਿੱਠ ਬੋਲੜੇ ਅਤੇ ਮੁਸਕਰਾਉਣ ਵਾਲ਼ੇ ਬੁੱਲ੍ਹਾਂ ਤੇ ਚਿਹਰੇ ਦੀ ਸੁੰਦਰਤਾ ਵੀ ਅੰਤਾਂ ਦੀ ਹੈ।

-----

ਅਜ਼ ਤਬੱਸੁਮ ਕਰਦਾਈ ਗੁਲਸ਼ਨ ਜਹਾਂ

ਹਰ ਕਿ ਦੀਦਸ਼ ਕੈ ਬ-ਗ਼ੁਲਚੀਂ ਇਹਤਿਆਜ਼।

ਅਰਥਾਤ: ਤੂੰ ਆਪਣੀ ਮੁਸਕਾਨ ਨਾਲ਼ ਜਹਾਨ ਨੂੰ ਬਾਗ਼ ਬਣਾ ਦਿੱਤਾ ਹੈ। ਜਿਸਨੇ ਉਸਨੂੰ ਵੇਖ ਲਿਆ, ਉਸਨੂੰ ਮਾਲੀ ਨੂੰ ਵੇਖਣ ਦੀ ਲੋੜ ਨਹੀਂ ਰਹੀ।

-----

ਯਕ ਨਿਗਾਹਿ ਲੁਤਫ਼ਿ ਤੂ ਦਿਲ ਮੀ-ਬੁਰਦ

ਬਾਜ਼ ਮੀ-ਦਾਰਮ ਅਜ਼ਾਂ ਈ ਇਹਤਿਆਜ਼।

ਅਰਥਾਤ: ਤੇਰੀ ਮੁਹੱਬਤ ਭਰੀ ਨਿਗ੍ਹਾ, ਮੇਰਾ ਦਿਲ ਲੈ ਜਾਂਦੀ ਹੈ, ਪਰ ਫਿਰ ਵੀ ਮੈਨੂੰ ਉਸੇ ਦੀ ਹੀ ਲੋੜ ਹੈ।

-----

ਬੀਰੂੰ ਬਰਆਇਦ ਆਂ ਮਹਿਮਨ, ਜ਼ਿ ਖ਼ਾਬਿ ਸੁਬਹ।

ਸਦ ਤਾਅਨਾ ਮੇ ਜੁਨਮ, ਬ-ਰੁਖ਼ਿ ਆਫ਼ਤਾਬਿ ਸੁਬਹ।

ਅਰਥਾਤ: ਜਦ ਮੇਰਾ ਚੰਨ ( ਗੁਰੂ ਜੀ) ਸਵੇਰ ਦੀ ਨੀਂਦਰ ਤੋਂ ਉੱਠ ਕੇ ਬਾਹਰ ਆਇਆ ਤਾਂ ਜਿਵੇਂ ਸਵੇਰ ਦੇ ਸੂਰਜ ਦੇ ਮੁਖੜੇ ਨੂੰ ਉਸ ਸੌ ਲਾਹਨਤਾਂ ਪਾਈਆਂ, ਭਾਵ ਗੁਰੂ ਜੀ ਦਾ ਮੁੱਖ ਸੂਰਜ ਤੋਂ ਵੀ ਸੋਹਣਾ ਸੀ।

-----

ਕੈ ਕੁਨਦ ਊ ਸੂਇ ਗ਼ੁਲਿ ਨਰਗਸ ਨਿਗਾਹ

ਹਰ ਕੀ ਦੀਦਾ ਲੱਜ਼ਤਿ ਆਂ ਚਸ਼ਮਿ ਸ਼ੋਖ਼।

ਹਰ ਕੀ ਰਾ ਗੋਯਾ ਗ਼ਬਾਰਿ ਦਿਲ ਨਿਸ਼ਸਤ

ਆਂ ਕਿ ਦੀਦਾ ਯਕ ਨਿਗਾਹ ਆਂ ਚਸ਼ਮਿ ਸ਼ੋਖ਼।

ਅਰਥਾਤ: ਜਿਸਨੇ ਉਸ ਸ਼ੋਖ਼ ਅੱਖ ਦਾ ਇਕ ਵਾਰ ਸੁਆਦ ਵੇਖ ਲਿਆ, ਉਹ ਨਰਗਸ ਦੇ ਫੁੱਲਾਂ ਵੱਲ ਅੱਖ ਚੁੱਕ ਕੇ ਨਹੀਂ ਵੇਖਦਾ। ਜਿਸ ਕਿਸੇ ਨੇ ਉਸ ਸ਼ੋਖ਼ ਅੱਖ ਨੂੰ ਇਕ ਨਜ਼ਰ ਨਾਲ਼ ਵੇਖ ਲਿਆ, ਉਸਦੇ ਦਿਲ ਦਾ ਭਰਮ ਦੂਰ ਹੋ ਗਿਆ।

-----

ਚੁ ਸੁਰਮਾਇ ਦੀਦਾ ਕੁਨੀ ਖ਼ਾਕਿ ਐ ਗੋਇਆ।

ਜਮਾਲਿ ਹੱਕ ਨਿਗਰੀ ਬਾ ਤੂ ਤੂਤੀਆ ਚਿ ਕੁਨਦ।

ਅਰਥਾਤ: ਹੇ ਗੋਇਆ! ਜਦ ਤੂੰ ਗੁਰੂ ਜੀ ਦੀ ਚਰਨ ਧੂੜ ਨੂੰ ਆਪਣੇ ਨੈਣਾਂ ਦਾ ਸੁਰਮਾ ਬਣਾ ਲਵੇਂਗਾ ਤਾਂ ਤੂੰ ਰੱਬ ਦਾ ਜਲਵਾ ਵੇਖ ਸਕੇਂਗਾ। ਤੇਰੇ ਲਈ ਹੋਰ ਕੋਈ ਸੁਰਮਾ ਕਿਸ ਕੰਮ?

-----

ਸਬਾਅ, ਚੂੰ ਹਲਕਾ-ਹਾਏ ਜ਼ੁਲਫ਼ਿ ਊਰਾ, ਸ਼ਾਨਾ ਮੇ ਸਾਜ਼ਦ।

ਅਜਬ ਜ਼ੰਜੀਰ, ਅਜ਼ ਬਹਰਿ ਦਿਲਿ ਦੀਵਾਨਾ, ਮੇ ਸਾਜ਼ਦ।

ਅਰਥਾਤ: ਜਦ ਪ੍ਰਭਾਤ ਦੀ ਪੌਣ, ਉਸ ਪ੍ਰੀਤਮ ਦੀ ਜ਼ੁਲਫ਼ ਦੇ ਕੁੰਡਲਾਂ ਨੂੰ ਕੰਘੀ ਕਰਦੀ ਹੈ ਤਾਂ ਦੀਵਾਨੇ ਦਿਲ ਵਾਸਤੇ ਇਕ ਅਨੋਖੀ ਜ਼ੰਜੀਰ ਬਣ ਜਾਂਦੀ ਹੈ।

-----

ਤਾ ਚੰਦ ਦਿਲਾਸਾ ਕੁਨਮ ਈਂ ਖ਼ਾਤਿਰਿ-ਖ਼ੁਦ ਰਾ,

ਬੇ-ਦੀਦਨਿ ਰੂਇ ਤੂੰ ਦਿਲ ਆਰਾਮ ਨ-ਦਾਰਦ।

ਅਰਥਾਤ: ਮੈਂ ਕਦੋਂ ਤੱਕ ਦਿਲ ਨੂੰ ਦਿਲਾਸਾ ਦੇਵਾਂ, ਤੇਰਾ ਮੁੱਖ ਦੇਖੇ ਤੋਂ ਬਿਨਾਂ ਦਿਲ ਨੂੰ ਚੈਨ ਹੀ ਨਹੀਂ ਆਉਂਦਾ।

-----

ਆਇ ਨਾਇ ਖ਼ੁਦਾਏ-ਨੁਮਾ ਹਸਤ ਰੂਇ ਤੂ

ਦੀਦਾਰਿ ਹੱਕ਼ ਜ਼ਿ-ਆਈ ਨਾਇ ਰੂਇ ਤੂ ਮੀ ਕੁਨੰਦ।

ਅਰਥਾਤ: ਤੇਰਾ ਮੁਖੜਾ ਰੱਬ ਦਾ ਦਰਸ਼ਨ ਕਰਵਾਉਣ ਵਾਲ਼ਾ ਸ਼ੀਸ਼ਾ ਹੈ। ਉਹ ਰੱਬ ਦਾ ਦੀਦਾਰ ਤੇਰੇ ਮੁਖੜੇ ਦੇ ਸ਼ੀਸ਼ੇ ਵਿੱਚੋਂ ਕਰਦੇ ਹਨ।

-----

ਈਂ ਹਿੰਦੂਇ ਖ਼ਾਲਤ ਕਿ ਬਰ-ਰੂਅਤ ਸ਼ੈਦਾ ਅਸਤ

ਬਿ-ਫ਼ਰੋਸ਼ੀ ਅਗਰ ਬ ਨਕਦਿ ਖ਼ੁਦਾਈ ਚਿ ਸ਼ਵਦ।

ਅਰਥਾਤ: ਇਸ ਕਾਲ਼ੇ ਤਿਲ ਨੂੰ , ਜਿਹੜਾ ਤੇਰੇ ਮੁਖੜੇ ਦਾ ਸ਼ੌਦਾਈ ਹੈ, ਜੇਕਰ ਤੂੰ ਕੁੱਲ ਖ਼ੁਦਾਈ ਦੇ ਬਦਲੇ ਵੇਚ ਦੇਵੇਂ ਤਾਂ ਕੀ ਘਾਟਾ ਹੈ?

------

ਐ ਜ਼ਹੇ! ਸੇਬਿ ਜ਼ਨ ਖ਼ਦਾਨਿ ਸ਼ੁਮਾ

ਮੇਵਾ ਚੂੰ ਦਰ ਬੋਸਤਾਂ ਬਾਸ਼ਦ ਲਜ਼ੀਜ਼।

ਅਰਥਾਤ: ਤੁਹਾਡੀ ਸੇਬ ਵਰਗੀ ਠੋਡੀ ਵਾਹ-ਵਾਹ ਹੈ, ਇਸ ਉਸੇ ਤਰ੍ਹਾਂ ਹੈ ਜਿਵੇਂ ਬਾਗ਼ ਵਿਚਲੇ ਫ਼ਲ਼ ਸੁਹਾਵੇ ਅਤੇ ਸੁਆਦਲੇ ਹੁੰਦੇ ਹਨ।

-----

ਸੁੰਬਲਿ ਜ਼ੁਲਫ਼ਿ ਤੋਂ, ਦਿਲ ਰਾ ਬੁਰਦਾ ਅਸਤ

ਆਂ ਲਬਿ ਲਾਅਲਿ ਤੋਂ, ਜਾਂ ਬਾਸ਼ਦ ਲਜ਼ੀਜ਼।

ਅਰਥਾਤ: ਤੇਰੀ ਸੁੰਬਲ ਘਾਹ ਵਰਗੀ ਜ਼ੁਲਫ਼ ਦਿਲ ਨੂੰ ਖੋਹ ਕੇ ਲੈ ਗਈ। ਤੇਰੇ ਲਾਲਾਂ ਵਰਗੇ ਬੁੱਲ੍ਹ ਏਸੇ ਕਰਕੇ ਪਿਆਰੇ ਲਗਦੇ ਹਨ।

-----

ਗਿਰੀਆਂ ਸ਼ੁਦਾ ਇੰਦਲੀਬ, ਅਜ਼ ਨਿਗਾਹਿ ਤੋ।

ਬ-ਸਹਰਾ ਰਫ਼ਤਾ ਆਹੂ, ਅਜ਼ ਨਿਗਾਹਿ ਤੋ।

ਅਰਥਾਤ: ਬੁਲਬੁਲ ਤੇਰੀ ਨਿਗ੍ਹਾ ਦੀ ਦੂਰ ਦ੍ਰਿਸ਼ਟਤਾ ਅਤੇ ਸੁੰਦਰਤਾ ਨੂੰ ਝੱਲ ਨਹੀਂ ਸਕੀ, ਤੇ ਰੋਣ ਲੱਗ ਪਈ। ਹਿਰਨ ਤੇਰੀ ਮਸਤ ਨਿਗ੍ਹਾ ਦੇਖ ਕੇ ਹਾਰ ਮੰਨ ਕੇ ਉਜਾੜ ਵੱਲ ਦੌੜ ਗਿਆ।

-----

ਕੁਮਰੀ ਕੂ ਕੂ ਕੁਨੱਦ, ਵ ਬੁਲਬੁਲ ਨਾਲਹ

ਲਾਲਹ ਦਿਲ ਦਾਗ਼ ਸ਼ੁਦਾ, ਅਜ਼ ਨਿਗਾਹਿ ਤੋ।

ਅਰਥਾਤ: ਘੁੱਗੀ ਤੇਰੀਆਂ ਅੱਖਾਂ ਵੇਖ ਕੇ ਗਾ ਰਹੀ ਹੈ, ਬੁਲਬੁਲ ਕੁਰਲਾ ਰਹੀ ਹੈ ਅਤੇ ਪੋਸਤ ਦੇ ਫੁੱਲ ਦਾ ਦਿਲ ਜ਼ਖ਼ਮੀ ਹੋ ਗਿਆ ਹੈ। ਭਾਵ ਸਾਰੀ ਕੁਦਰਤ ਤੇਰੀ ਅਗੰਮੀ ਸੁੰਦਰਤਾ ਤੋਂ ਪ੍ਰਭਾਵਿਤ ਹੈ।

-----

ਸੋਸ਼ਨ ਚੂ ਜਾਮਾ ਕਰਦ ਮੁਸ਼ਕੀਨ, ਵ ਸੁੰਬਲ

ਅਜ਼ ਜ਼ੁਲਫ਼ਤਿ ਪਰੇਸ਼ਾਂਅ, ਅਜ਼ ਨਿਗਾਹਿ ਤੋ।

ਅਰਥਾਤ: ਤੇਰੀ ਨਿਗ੍ਹਾ ਨੂੰ ਵੇਖ ਕੇ ਚਿੱਟੇ ਰੰਗ ਦੇ ਸੋਸ਼ਨ ਪੰਛੀ ਨੇ ਆਪਣਾ ਰੰਗ ਕਾਲ਼ਾ ਕਰ ਲਿਆ ਹੈ। ਤੇਰੀ ਜ਼ੁਲਫ਼ ਨੂੰ ਵੇਖ ਕੇ ਸੁੰਬਲ ਘਾਹ ਬਹੁਤ ਘਬਰਾ ਗਿਆ ਭਾਵ ਤੇਰੇ ਕੇਸ ਸੁੰਬਲ ਘਾਹ ਨਾਲੋਂ ਕਿਤੇ ਵਧਕੇ ਸੁੰਦਰ ਹਨ।

-----

ਕੈ ਕਨੱਦ ਗੋਇਆ, ਹਵਾਇ ਖ਼੍ਵਾਬ ਖੁਰਦ

ਹਰ ਕਿ: ਖੁਰਦਹ ਜੁਰਾਅ ਮਸਤ, ਅਜ਼ ਨਿਗਾਹਿ ਤੋ।

ਅਰਥਾਤ: ਐ ਗੋਇਆ! ਅਸੀਂ ਉਹਨਾਂ ਤੋਂ ਰਾਜ-ਭਾਗ ਦੀ ਇੱਛਾ ਨਹੀਂ ਰੱਖਦੇ, ਕਿਉਂਜੋ ਅਸੀਂ ਤੇਰੀ ਜ਼ੁਲਫ਼ ਦੀ ਛਾਂ ਨੂੰ ਹੀ ਹੁਮਾ ਦਾ ਪਰ ( ਪਰਛਾਵਾਂ ਖੰਭ ) ਮਸਝ ਲਿਆ ਹੈ। ਭਾਵ ਮੈਂ ਤਾਂ ਸ਼ਾਹੀ ਜਗੀਰਾਂ ਅਤੇ ਧਨ-ਦੌਲਤ ਦੀ ਥਾਂ ਪ੍ਰੀਤਮ ਦਸਮੇਸ਼ ਜੀ ਦੇ ਪਵਿੱਤਰ ਕੇਸਾਂ ਦੀ ਤਾਰ ਦੇ ਪਰਛਾਵੇਂ ਨੂੰ ਹੁਮਾ ਪੰਛੀ ਦੇ ਵਾਲ਼ ਸਮਾਨ ਬਰਕ਼ਤ ਵਾਲ਼ਾ ਮੰਨ ਲਿਆ ਹੈ। ( ਮਨੌਤ ਹੈ ਕਿ ਹੁਮਾ, ਇਕ ਮਿਥਿਹਾਸਕ ਪੰਛੀ, ਜਿਸ ਮਨੁੱਖ ਦੇ ਸਿਰ ਤੋਂ ਕਦੇ ਲੰਘ ਜਾਵੇ, ਉਹ ਵੱਡੇ ਭਾਗਾਂ ਵਾਲ਼ਾ ਹੋ ਜਾਂਦਾ ਹੈ)

-----

ਨੇਸਤ ਗੋਇਆ ਗ਼ੈਰਿ ਤੋ, ਦਰ ਦੋ ਜਹਾਂ

ਬਾ ਤੋ ਦਾਰਮ, ਅਜ਼ ਦਿਲੋਂ ਦੀ, ਇਹਤਿਆਜ਼।

ਅਰਥਾਤ: ਭਾਈ ਨੰਦ ਲਾਲ ਜੀ ਸਤਿਗੁਰੂ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਤੈਥੋਂ ਬਿਨਾਂ, ਮੇਰਾ ਦੋਹਾਂ ਜਹਾਨਾਂ ਚ ਕੋਈ ਹੋਰ ਨਹੀਂ ਹੈ। ਇਸ ਲਈ ਮੈਂ ਦੀਨ ਅਤੇ ਦੁਨੀਆਂ ਵਿਚ ਤੇਰੀ ਹੀ ਲੋੜ ਲੋਚਦਾ ਹਾਂ।

-----

ਮਸਤਾਨਿ ਸ਼ੌਕ ਗੁਲਗ਼ਲਾ ਦਾਰੰਦ ਦਰ ਜਹਾਂ

ਸਦ ਜਾ ਫਿਦਾਇ ਯੱਕ ਸਰਿ ਮੂਇ ਤੂ ਮੀ ਕੁਨੰਦ।

ਅਰਥਾਤ: ਤੇਰੇ ਸ਼ੌਕ ਵਿਚ ਮਸਤ ਆਸ਼ਿਕ਼ ਜਹਾਨ ਵਿਚ ਬੇਅੰਤ ਰੌਲ਼ਾ ਪਾਉਂਦੇ ਹਨ। ਉਹ ਸੈਂਕੜੇ ਜਾਨਾਂ ਤੇਰੇ ਵਾਲ਼ਾਂ ਦੀ ਇਕ ਤਾਰ ਤੋਂ ਕ਼ੁਰਬਾਨ ਕਰ ਦਿੰਦੇ ਹਨ।