ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸ਼ਿਵ ਕੁਮਾਰ ਬਟਾਲਵੀ. Show all posts
Showing posts with label ਸ਼ਿਵ ਕੁਮਾਰ ਬਟਾਲਵੀ. Show all posts

Tuesday, August 17, 2010

ਸ਼ਿਵ ਕੁਮਾਰ ਬਟਾਲਵੀ - ਗੀਤ

ਚੰਬੇ ਦੀ ਖ਼ੁਸ਼ਬੋ
ਗੀਤ

ਸੱਜਣ ਜੀ,

ਮੈਂ ਚੰਬੇ ਦੀ ਖ਼ੁਸ਼ਬੋ

ਇਕ ਦੋ ਚੁੰਮਣ ਹੋਰ ਹੰਢਾ

ਅਸਾਂ ਉੱਡ-ਪੁੱਡ ਜਾਣਾ ਹੋ...

ਸੱਜਣ ਜੀ,

ਮੈਂ ਚੰਬੇ ਦੀ...

-----

ਧੀ ਬੇਗਾਨੀ ਮੈਂ ਪਰਦੇਸਣ

ਟੁਰ ਤੈਂਡੇ ਦਰ ਆਈ

ਸੈਆਂ ਕੋਹਾਂ ਮੇਰੇ ਪੈਰੀਂ ਪੈਂਡਾ

ਭੁੱਖੀ ਤੇ ਤਿਰਹਾਈ

ਟੁਰਦੇ ਟੁਰਦੇ ਸੱਜਣ ਜੀ

ਸਾਨੂੰ ਗਿਆ ਕੁਵੇਲ਼ਾ ਹੋ...

ਸੱਜਣ ਜੀ,

ਮੈਂ ਚੰਬੇ ਦੀ...

-----

ਸੱਜਣ ਜੀ,

ਅਸਾਂ ਮੰਨਿਆ, ਕਿ

ਹਰ ਸਾਹ ਹੁੰਦਾ ਕੋਸਾ

ਪਰ ਹਰ ਸਾਹ ਨਾ ਚੁੰਮਣ ਬਣਦਾ

ਨਾ ਹਰ ਚੁੰਮਣ ਹੌਕਾ

ਨਾ ਹਰ ਤੂਤ ਦਾ ਪੱਤਰ ਬਣਦਾ

ਰੇਸ਼ਮ ਦੀ ਤੰਦ ਹੋ....

ਸੱਜਣ ਜੀ,

ਮੈਂ ਚੰਬੇ ਦੀ...

-----

ਸੱਜਣ ਜੀ,

ਅਸੀਂ ਚੁੰਮਣ ਦੇ ਗਲ਼

ਕਿਤ ਬਿਧ ਬਾਹੀਂ ਪਾਈਏ

ਜੇ ਪਾਈਏ ਤਾਂ ਫ਼ਜਰੋਂ ਪਹਿਲਾਂ

ਦੋਵੇਂ ਹੀ ਮਰ ਜਾਈਏ

ਸਮਝ ਨਾ ਆਵੇ

ਚੁੰਮਣ ਮਹਿੰਗਾ-

ਜਾਂ ਜਿੰਦ ਮਹਿੰਗੀ ਹੋ...

ਸੱਜਣ ਜੀ,

ਮੈਂ ਚੰਬੇ ਦੀ...

ਅਮਰਜੀਤ ਸਿੰਘ ਸੰਧੂ - ਗੀਤ

ਸ਼ਿਵ ਬਟਾਲਵੀ ਨੂੰ

ਗੀਤ

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ ਮਹਿਰਮਾ ਵੇ

ਫੁੱਲੀਆਂ ਕਨੇਰਾਂ ਘਰ ਆ।

ਅਸੀਂ ਪਛਤਾਏ ਤੈਨੂੰ ਕਰਕੇ ਨਰਾਜ਼ ਬੀਬਾ

ਹਾੜਾ ਸਾਡੀ ਬਖ਼ਸ਼ ਖ਼ਤਾ....

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਗ਼ਮ ਤੇਰਾ ਸਾਡੇ ਤੋਂ ਵਰਾਇਆ ਨਹੀਓਂ ਜਾਂਦਾ ਚੰਨਾ

ਆਪ ਆ ਕੇ ਏਸ ਨੂੰ ਵਰਾ।

ਪੀੜ ਤੇਰੀ ਝੱਲੀ, ਝੱਲੀ ਜਾਂਦੀ ਨਹੀਓਂ ਸਾਡੇ ਕੋਲ਼ੋਂ

ਆ ਕੇ ਫੰਬਾ ਚੁੰਮਣਾਂ ਦਾ ਲਾ...

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਪੀੜਾਂ ਦਾ ਪਰਾਗਾ ਤੇਰਾ, ਰੁੜ੍ਹ ਚੁੱਕੈ ਸੋਹਣਿਆ ਵੇ

ਆਹ ਲੈ ਝੋਲ਼ੀ ਆਪਣੀ ਪੁਆ।

ਆਟੇ ਦੀਆਂ ਚਿੜੀਆਂ ਨੇ ਪਾਉਂਦੀਆਂ ਦੁਹਾਈ ਬੀਬਾ

ਸਾਨੂੰ ਚਿੜੀ-ਮਾਰਾਂ ਤੋਂ ਬਚਾ....

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਛੱਜ ਵਿਚ ਪਾ ਕੇ ਛੱਟੀ ਲਾਜਵੰਤੀ ਨਿੰਦਕਾਂ ਨੇ

ਲਾਹ ਕੇ ਲੱਜ, ਵੇਚ ਕੇ ਹਯਾ।

ਡੁੱਸ-ਡੁੱਸ ਰੋਵੇ ਤੇਰੀ ਲੂਣਾ ਫੇਰ ਪੂਰਨਾ ਵੇ

ਅੰਗ ਇਹਦੇ ਅੰਗਾਂ ਨੂੰ ਛੁਹਾ....

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਗ਼ਮ ਤੇਰਾ ਭੰਡਿਆ ਸੀ ਜਿਹਨਾਂ ਤੇਰੇ ਦੋਖੀਆਂ ਨੇ

ਕਹਿਕੇ ਢੌਂਗ ਰਚ ਹੈ ਰਿਹਾ।

ਉਹਨਾਂ ਨੇ ਵੀ ਪਿੱਟ-ਪਿੱਟ ਲਾਲ ਕੀਤੀ ਹਿੱਕ ਚੰਨਾ

ਗ਼ਮ ਤੇਰਾ ਜਾਵੇ ਨਾ ਸਿਹਾ....

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਉਹਨਾਂ ਸ਼ਰਧਾਂਜਲੀਆਂ ਮਰਸੀਏ ਲਿਖ ਲਿਖ

ਚਿੱਠਿਆਂ ਚ ਦਿੱਤੇ ਨੇ ਛਪਾ।

ਨਾਮ ਤੇਰਾ ਲੈ ਕੇ, ਉੱਚੀ ਧਾਹ ਮਾਰ ਸੋਚਦੇ ਨੇ

ਕੱਦ ਸਾਡਾ ਉੱਚਾ ਹੋ ਗਿਆ....

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਵੇਖ ਕੇ ਬੁਲੰਦੀ ਤੇਰੀ, ਲੱਥਦੀ ਸੀ ਪੱਗ, ਕਈਆਂ

ਵੇਖੋ-ਵੇਖੀ ਲੱਗ ਲਈ ਲੁਹਾ।

ਮੈਂ ਅਤੇ ਮੈਂ ਉੱਤੇ ਮੈਂ-ਮੈਂ ਤੂੰ-ਤੂੰ ਕੀਤੀ ਉਹਨਾਂ

ਜਿਨ੍ਹਾਂ ਲੱਗੀ ਕਾਲਜੇ ਨੂੰ ਭਾਅ...

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਨਾਨਕ ਫ਼ਕੀਰ ਵੀ ਆਖਿਆ ਕੁਰਾਹੀਆ ਜਿਹਨਾਂ

ਬੀਬਾ! ਕਾਹਦਾ ਉਹਨਾਂ ਤੇ ਗਿਲਾ?

ਕਲਾ ਦੇ ਪੁਜਾਰੀਆਂ ਨੇ ਜੰਮਦੀ ਕ਼ਲਮ ਤੇਰੀ

ਚੁੰਮ ਲਈ ਸੀ ਅੱਖਾਂ ਨੂੰ ਛੁਹਾ...

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....

-----

ਸਾਂਭ ਆ ਕੇ ਹੰਝੂਆਂ ਚ ਡੁੱਬੀ ਹੋਈ ਲੇਖਣੀ ਨੂੰ

ਲੈਂਦੀ ਭੈੜੀ ਉੱਚੇ ਉੱਚੇ ਸਾਹ।

ਰੁੱਖੇ-ਰੁੱਖੇ ਅੱਖਰਾਂ ਚ ਕਾਨੀਆਂ ਦੀ ਜੀਭ ਸੁੱਕੀ

ਇਕ ਛਿੱਟ ਚਾਨਣੀ ਪਿਲ਼ਾ...

ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....


Friday, May 7, 2010

ਸ਼ਿਵ ਕੁਮਾਰ ਬਟਾਲਵੀ - ਲੂਣਾ ਦਾ ਸਹੇਲੀਆਂ ਨਾਲ਼ ਸੰਵਾਦ - ਬਰਸੀ 'ਤੇ ਵਿਸ਼ੇਸ਼

ਦੋਸਤੋ! ਕੱਲ੍ਹ ਪੰਜਾਬੀ ਦੇ ਸਿਰਮੌਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਦੀ ਬਰਸੀ ਸੀ। ਅੱਜ ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦਿਆਂ, ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਉਹਨਾਂ ਦੀਆਂ ਨਜ਼ਮਾਂ, ਗੀਤ, ਗ਼ਜ਼ਲਾਂ ਤਾਂ ਆਮ ਹੀ ਪੜ੍ਹਨ ਨੂੰ ਮਿਲ਼ ਜਾਂਦੇ ਹਨ, ਪਰ ਮੈਂ ਸੋਚਿਆ ਇਸ ਵਾਰ ਉਹਨਾਂ ਦੀ ਸ਼ਾਹਕਾਰ ਰਚਨਾ ਮਹਾਂ-ਕਾਵਿ ਲੂਣਾ ਚੋਂ ਲੂਣਾ ਦੇ ਉਹ ਦਿਲ-ਚੀਰਵੇਂ ਸੰਵਾਦ ਤੁਹਾਡੇ ਨਾਲ਼ ਸਾਂਝੇ ਕਰਾਂ, ਜਦੋਂ ਭਰ ਜੋਬਨ ਮੁਟਿਆਰ ਲੂਣਾ ਦਾ ਬੁੱਢੇ ਰਾਜੇ ਸਲਵਾਨ ਨਾਲ ਵਿਆਹ ਹੋ ਜਾਂਦਾ ਹੈ। ਲੂਣਾ ਇਸ ਬੇਜੋੜ ਵਿਆਹ ਤੋਂ ਨਾ-ਖ਼ੁਸ਼ ਹੈ। ਆਪਣੇ ਦਿਲ ਦੀ ਭਾਵਨਾਵਾਂ, ਸਹੁਰੇ ਜਾਣ ਤੋਂ ਪਹਿਲਾਂ ਆਪਣੀਆਂ ਸਖੀਆਂ ਨਾਲ਼ ਇਸ ਅੰਦਾਜ਼ ਚ ਸਾਂਝੀਆਂ ਕਰਦੀ ਹੈ ਕਿ ਪੱਥਰ-ਅੱਖ ਵੀ ਭਰ ਆਉਂਦੀ ਹੈ। ਇਹੋ-ਜਿਹੀ ਰਚਨਾ ਮੁੜ ਕਿਸੇ ਨਹੀਂ ਲਿਖ ਸਕਣੀ, ਮੈਂ ਜਿੰਨੀ ਵਾਰ ਵੀ ਲੂਣਾ ਪੜ੍ਹਾਂ, ਲਗਦੈ ਕਿ ਸ਼ਿਵ ਇਕ ਮਰਦ ਹੁੰਦਿਆਂ ਹੋਇਆਂ ਵੀ ਲੂਣਾ ਦੇ ਕਿਰਦਾਰ ਨਾਲ਼ ਜਿਹੜਾ ਇਨਸਾਫ਼ ਕਰ ਗਿਆ ਹੈ, ਕਿਸੇ ਨਹੀਂ ਕਰ ਸਕਣਾ। ਕੋਸ਼ਿਸ਼ ਰਹੇਗੀ ਕਿ ਆਉਣ ਵਾਲ਼ੇ ਸਮੇਂ ਚ ਇਸੇ ਮਹਾਂ-ਕਾਵਿ ਚੋਂ ਹੋਰ ਸੰਵਾਦ ਵੀ ਪੋਸਟ ਕੀਤੇ ਜਾਣ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਲੂਣਾ 1

ਸਹੇਲੀਆਂ ਨਾਲ਼ ਸੰਵਾਦ

ਮੈਂ ਅੱਗ ਤੁਰੀ ਪਰਦੇਸ

ਨੀ ਸਈਉ!

ਅੱਗ ਟੁਰੀ ਪਰਦੇਸ

ਇਕ ਛਾਤੀ ਮੇਰਾ ਹਾੜ੍ਹ ਤਪੰਦਾ

ਦੂਜੀ ਤਪਦਾ ਜੇਠ

ਨੀ ਮੈਂ ਅੱਗ ਤੁਰੀ

ਪਰਦੇਸ

........

ਅੱਗ ਦੀ ਉਮਰੇ

ਹਰ ਅੱਗ ਟੁਰਦੀ

ਜਾ ਬਹਿੰਦੀ ਪਰਦੇਸ

ਹਰ ਅੱਗ ਦੇ, ਬਾਬਲ ਦੇ ਚੁੱਲ੍ਹੇ

ਸਦਾ ਨਾ ਉਸਦਾ ਸੇਕ

ਹਰ ਅੱਗ ਦੇ

ਬਾਬਲ ਦੀ ਜਾਈ

ਟੁਰ ਜਾਏ ਦੂਰ ਹਮੇਸ਼

ਇਹ ਕੀਹ ਅੱਗ ਦੇ ਲੇਖ,

ਨੀ ਸਈਓ!

ਇਹ ਕੀ ਅੱਗ ਦੇ ਲੇਖ?

.........

ਹਰ ਘਰ ਦੀ

ਕੰਜਕ ਦੀ ਆਵੇ

ਜਦ ਵੀ ਅਗਨ-ਵਰੇਸ

ਹਰ ਬਾਬਲ ਦੀ ਨੀਂਦ ਗਵਾਚੇ

ਬਲ਼ਦਾ ਵਿਹੜਾ ਵੇਖ

ਹਰ ਬਾਬਲ

ਵਰ ਢੂੰਡਣ ਜਾਵੇ

ਹਰ ਅਗਨੀ ਦੇ ਮੇਚ

ਹਰ ਅੱਗ ਹੀ, ਛੱਡ ਜਾਵੇ ਸਈਉ

ਹਰ ਬਾਬਲ ਦਾ ਦੇਸ

ਲਾ ਤਲ਼ੀਆਂ ਤੇ

ਬਲ਼ਦੀ ਮਹਿੰਦੀ

ਪਾ ਕੇ ਅੱਗ ਦਾ ਵੇਸ

ਨੀ ਮੈਂ ਅੱਗ ਟੁਰੀ ਪਰਦੇਸ...

..........

ਪਰ ਸਈਉ!

ਮੈਂ ਕੈਸੀ ਅੱਗ ਹਾਂ

ਕੈਸੇ ਮੇਰੇ ਲੇਖ

ਇਕ ਤਾਂ ਮੁੱਖ ਦਾ, ਸੂਰਜ ਬਲ਼ਦਾ

ਦੂਜੇ ਥਲ ਪੈਰਾਂ ਦੇ ਹੇਠ

ਤੀਜੇ ਬੈਠੀ,

ਮੱਚਦੀ ਦੇਹ ਦੇ

ਅਗਨ-ਬਿਰਛ ਦੇ ਹੇਠ

ਫਿਰ ਵੀ ਸਈਉ

ਬੁਝਦਾ ਜਾਂਦਾ

ਇਸ ਅਗਨੀ ਦਾ ਸੇਕ

ਜੋ ਬਾਬਲ, ਵਰ ਢੂੰਡ ਲਿਆਇਆ

ਸੋ ਨਾ ਆਇਆ ਮੇਚ

ਨੀ ਮੈਂ ਅੱਗ ਟੁਰੀ

ਪਰਦੇਸ

=====

ਲੂਣਾ 2

ਸਹੇਲੀਆਂ ਨਾਲ਼ ਸੰਵਾਦ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

ਮੋੜ ਲਵੋ ਇਹ ਫੁੱਲ

ਤਲ਼ੀ ਸੂਲ਼ਾਂ ਧਰ ਦੇਵੋ

ਖੋਹ ਲਉ ਮਹਿਲ-ਚੁਬਾਰੇ

ਤੇ ਝਿੱਕਾ ਘਰ ਦੇਵੋ

ਜਿਸ ਕੰਧੀ ਦੀ ਇੱਟ ਮੈਂ

ਓਥੇ ਹੀ ਜੜ ਦੇਵੋ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

..............

ਬੇ-ਸ਼ੱਕ ਚੰਬਾ, ਚੰਬਾ,

ਪਰ ਕੁਮਲ਼ਾਇਆ ਮੰਦਾ

ਮਹਿਕ-ਨਖੁੱਟੇ ਚੰਬੇ ਤੋਂ

ਵਣ-ਗੇਂਦਾ ਚੰਗਾ

ਬਿਨਾ ਹਾਣ,

ਜਿਸਮਾਂ ਦਾ ਪਾਣੀ

ਬਣੇ ਨਾ ਗੰਗਾ

ਅਧ-ਅੰਗੇ ਤੋਂ ਚੰਗਾ ਨੀ

ਮੈਨੂੰ ਭਿੱਟ-ਅੰਗਾ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

..............

ਅੱਧ-ਅੰਗੇ ਦੀ, ਰਾਣੀ ਤੋਂ,

ਮੈਂ ਭਲੀ ਚਮਾਰੀ

ਬੁਝੇ ਹਵਨ-ਕੁੰਡ ਤੋਂ

ਚੁੱਲ੍ਹੇ ਦੀ ਅੰਗਾਰੀ

ਚੰਨ ਚੌਥ ਦੇ ਕੋਲ਼ੋਂ

ਚੰਗੀ ਰਾਤ-ਅੰਧਾਰੀ

ਹਾਣ ਨੂੰ ਕਹਿੰਦੇ ਹਾਣ

ਅੱਗ ਨੂੰ ਅੱਗ ਪਿਆਰੀ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

ਨੀ ਮੈਂ ਅੱਗ ਨਿਰੀ

ਤੇ ਅੱਗ ਤਲ਼ੀ ਧਰ ਦੇਵੋ

=====

ਲੂਣਾ 3

ਸਹੇਲੀਆਂ ਨਾਲ਼ ਸੰਵਾਦ

ਸਈਏ ਨੀ!

ਸੁਣ ਮੇਰੀਏ ਸਈਏ!

ਅੱਗ ਦੀ ਪੀੜ

ਪਛਾਣੇ ਕਿਹੜਾ?

ਅੱਗ ਦੇ ਦੁੱਖ ਨੂੰ ਜਾਣੇ ਕਿਹੜਾ?

ਸਈਏ ਜਦ ਵੀ

ਅੱਗ ਜੰਮਦੀ ਹੈ

ਅੱਗ ਦੀ ਅੰਬੜੀ ਰੋ ਪੈਂਦੀ ਹੈ

ਹਰ ਅੰਬੜੀ ਦੀ,

ਕੁੱਖ ਵਿਚ ਸਈਏ

ਪੁੱਤਰ ਦੀ ਖੁਸ਼ਬੋ ਰਹਿੰਦੀ ਹੈ

ਅੱਗ ਜੰਮੇ,

ਤਾਂ ਦੁੱਧ ਸੁੱਕ ਜਾਂਦਾ

ਵਿਚ ਕਲੇਜੇ ਖੋਹ ਪੈਂਦੀ ਹੈ

ਬਾਬਲ ਦੀ

ਪੱਗ ਦਾ ਰੰਗ ਖੁਰਦਾ

ਕੰਨੀਂ ਮੰਦੀ ਸੋਅ ਪੈਂਦੀ ਹੈ

ਜਨਮ-ਦਿਹਾੜੇ

ਬੂਹਿਓਂ ਕੱਢਣ

ਦੀ ਬਸ ਚਿੰਤਾ ਹੋ ਜਾਂਦੀ ਹੈ

.................

ਅੱਗ ਦੀ ਪੀੜ ਪਛਾਣੇ ਕਿਹੜਾ

ਅੱਗ ਨੂੰ ਪੀੜ

ਸਦਾ ਰਹਿੰਦੀ ਹੈ

ਕੋਈ ਨਾ ਐਸੀ ਨਾਰ ਧਰਤ ਤੇ

ਜੋ ਕਿ ਪੀੜ-ਵਿਛੁੰਨੀ ਹੋਵੇ

ਸੀਖੇ ਵਾਂਗ ਕਬਾਬਾਂ ਲਾ ਕੇ

ਜੋ ਨਾ ਮਰਦਾਂ

ਭੁੰਨੀ ਹੋਵੇ

ਕਿਸੇ ਦੇਸ ਵਿਚ ਨਾਰ ਨਾ ਐਸੀ

ਜੋ ਨਾ ਹੱਕ਼ ਤੋਂ

ਰੁੰਨੀ ਹੋਵੇ

ਕੋਈ ਨਾ ਨਾਰ,

ਜੋ ਏਸ ਜਹਾਨੇ

ਵਾਂਗ ਕ਼ਬਰ ਨਾ ਸੁੰਨੀ ਹੋਵੇ

ਜੇ ਕਈ ਹੈ,

ਤਾਂ ਮੈਂ ਕਹਿੰਦੀ ਹਾਂ

ਅੱਜ ਉਹ ਮੇਰੇ ਸਾਹਵੇਂ ਆਵੇ

ਸਣੇ ਸੰਧੂਰੀ ਮਾਂਗ ਮੇਰੀ ਦੇ

ਮੇਰੀ ਉਮਰਾ

ਵੀ ਲੈ ਜਾਵੇ...

=====

ਲੂਣਾ 4

ਸਹੇਲੀਆਂ ਨਾਲ਼ ਸੰਵਾਦ

ਸਇਉ! ਨਾਰੀ ਕੀਹ ਰਚਦੀ ਹੈ

ਅਗਨ-ਵਰੇਸ ਜਦੋਂ ਮੱਚਦੀ ਹੈ

ਵਾਂਗ ਫ਼ਲ਼ਾਂ ਦੇ

ਆ ਰਸਦੀ ਹੈ

ਝੂਠੀ ਡਾਰ ਮੁਹੱਬਤ ਵਾਲ਼ੀ

ਉਸ ਦਾ ਪਿੰਡਾ

ਆ ਪੱਛਦੀ ਹੈ

ਚਾਹਿਆਂ; ਅਣਚਾਹਿਆਂ ਧਰਤੀ ਤੇ

ਹੱਡ ਮਾਸ ਦਾ

ਬੁੱਤ ਰਚਦੀ ਹੈ

ਮਜਬੂਰੀ ਤਾਂ ਰਚਨਾ ਨਾਹੀਂ

ਨਾਰੀ ਇਸ ਤੇ

ਖ਼ੁਦ ਹੱਸਦੀ ਹੈ

=====

ਲੂਣਾ 5

ਸਹੇਲੀਆਂ ਨਾਲ਼ ਸੰਵਾਦ

ਨੀ ਸਈਉ, ਨੀ ਕੂੰਜੜੀਉ

ਮੈਨੂੰ ਐਸਾ ਤਾਲਾ ਮਾਰੋ

ਨਾ ਖੁੱਲ੍ਹੇ ਨਾ ਭੱਜੇ ਭਾਵੇਂ

ਲੱਖ ਹਥੌੜਾ ਮਾਰੋ

..........

ਦੰਦ-ਖੰਦ ਦਾ ਭੰਨੋ ਚੂੜਾ

ਕੌਡ ਕਲੀਰੇ ਸਾੜੋ

ਹੁਕਮ ਕਰੋ ਮੇਰੇ ਬਾਬਲੇ

ਜਾ ਰਾਜੇ ਅਰਜ਼ ਗੁਜ਼ਾਰੋ

ਲੈ ਚੱਲੋ ਕੋਟ-ਸਿਆਲ ਨੂੰ

ਇਕ ਅੱਗ ਦੀ ਲਾਸ਼ ਕੁਹਾਰੋ...

*******

ਦੋਸਤੋ! ਸ਼ਿਵ ਕੁਮਾਰ ਬਟਾਲਵੀ ਜੀ ਦਾ ਇਹ ਚਿੱਤਰ ਯੂ.ਐੱਸ.ਏ. ਵਸਦੇ ਚਿੱਤਰਕਾਰ ਉਮਰਾਓ ਗਿੱਲ ਸਾਹਿਬ ਨੇ ਸ਼ਿਵ ਦੀ ਪਤਨੀ ਸ਼੍ਰੀਮਤੀ ਅਰੁਣਾ ਜੀ ਦੇ ਕਹਿਣ 'ਤੇ ਬਹੁਤ ਸਾਲ ਪਹਿਲਾਂ ਬਣਾਇਆ ਸੀ। ਇਹ ਚਿੱਤਰ ਉਹਨਾਂ ਨੇ ਸ਼ਰਧਾਂਜਲੀ ਵਜੋਂ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ, ਗਿੱਲ ਸਾਹਿਬ ਦਾ ਬੇਹੱਦ ਸ਼ੁਕਰੀਆ।



Wednesday, May 6, 2009

ਮਰਹੂਮ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ‘ਤੇ ਵਿਸ਼ੇਸ਼

ਆਰਸੀ ਦਾ ਅੱਜ ਦਾ ਦਿਨ ਮਰਹੂਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਹੈ

ਬੋਲ ਵੇ ਮੁੱਖੋਂ ਬੋਲ

ਗੀਤ

ਕੋਈ ਬੋਲ ਵੇ ਮੁੱਖੋਂ ਬੋਲ

ਸੱਜਣਾ ਸਾਂਵਲਿਆ!

ਸਾਡੇ ਸਾਹ ਵਿਚ ਚੇਤਰ ਘੋਲ਼

ਸੱਜਣਾ ਸਾਂਵਲਿਆ!

.......

ਜੇ ਸਾਡੇ ਸਾਹੀਂ ਚੇਤਰ ਘੋਲ਼ੇਂ

ਮੈਂ ਹਿਰਨੀ ਬਣ ਜਾਵਾਂ।

ਰੂਪ ਤੇਰੇ ਦੇ ਸੰਘਣੇ ਬਾਗੀਂ

ਚੁਗਣ ਸੁਗੰਧੀਆਂ ਆਵਾਂ।

ਤੁੰ ਮੈਨੂੰ ਮਾਰੇਂ ਬਾਣ ਬਿਰਹੋਂ ਦੇ

ਮੈਂ ਤੱਤੜੀ ਗਸ਼ ਖਾਵਾਂ।

ਲੱਖ ਪਿਆਵੇਂ ਮੈਂ ਨਾ ਪੀਵਾਂ

ਬੋਲ ਸੁਗੰਧੀਉਂ ਸੋਹਲ

ਸੱਜਣਾ ਸਾਂਵਲਿਆ!

........

ਜੇ ਸਾਡੇ ਸਾਹੀਂ ਚੇਤਰ ਘੋਲ਼ੇਂ

ਮੈਂ ਚਾਨਣ ਬਣ ਜਾਵਾਂ।

ਅੱਧੀਂ ਰਾਤੀਂ ਵਣ ਚੰਨਣ ਦੇ

ਤੈਂਡੀ ਖ਼ਾਤਿਰ ਗਾਹਵਾਂ।

ਮਹਿਕ ਕੁਆਰੀ ਪੈਰੋਂ ਭਾਰੀ

ਤੈਂਡੀ ਸੇਜ ਵਿਛਾਵਾਂ।

ਸੁੱਤੇ ਪਏ ਦਾ ਚੁੰਮਣ ਲੈ ਕੇ

ਜਾਵਾਂ ਪਰਤ ਅਡੋਲ...

ਸੱਜਣਾ ਸਾਂਵਲਿਆ!

.........

ਜੇ ਸਾਡੇ ਸਾਹੀਂ ਚੇਤਰ ਘੋਲ਼ੇਂ

ਮੈਂ ਬੱਦਲ਼ੀ ਬਣ ਜਾਵਾਂ

ਜਿਹੜੇ ਰਾਹੀਂ ਸਾਹ ਤੇਰਾ ਲੰਘੇ

ਉਸ ਰਾਹ 'ਤੇ ਵਰ੍ਹ ਜਾਵਾਂ।

ਵੇਦਨ ਦੇ ਖੁਹ ਉਮਰੋਂ ਗਹਿਰੇ

ਗਲ਼ ਗਲ਼ ਭਰਦੀ ਜਾਵਾਂ।

ਜਿਹੜੇ ਖੂਹੀਂ ਲੱਜ ਨਾ ਹੁੰਦੀ

ਨਾ ਸੂ ਹੁੰਦੇ ਡੋਲ...

ਸੱਜਣਾ ਸਾਂਵਲਿਆ!

..............

ਜੇ ਸਾਡੇ ਸਾਹੀਂ ਚੇਤਰ ਘੋਲ਼ੇਂ

ਮੈਂ ਤਿਤਲੀ ਬਣ ਜਾਵਾਂ।

ਬੂਰ ਬਿਰਹੋਂ ਦਾ ਅਕਲੋਂ ਮਹਿੰਗਾ

ਦਰ ਦਰ ਵੰਡਣ ਜਾਵਾਂ।

ਰੁੱਖ ਬਿਰਹੋਂ ਦਾ ਨਹੁੰਓਂ ਨਿੱਕਾ

ਅਰਬਾਂ ਕੋਹ ਪਰਛਾਵਾਂ।

ਇਹ ਰੁੱਖ ਜਿਹਾ ਅਵੱਲੜਾ ਉੱਗਦਾ

ਐਨ ਕਲੇਜੇ ਕੋਲ਼....

ਸੱਜਣਾ ਸਾਂਵਲਿਆ!

===========

ਇੱਕ ਸ਼ਾਮ

ਨਜ਼ਮ

ਅੱਜ ਦੀ ਸ਼ਾਮ

ਇਹ ਗੋਲੇ ਕਬੂਤਰ ਰੰਗੀ

ਮੈਨੂੰ ਮੇਰੇ ਵਾਂਗ ਹੀ

ਮਾਯੂਸ ਨਜ਼ਰ ਆਈ ਹੈ

ਦਿਲ ਤੇ ਲੈ, ਘਟੀਆ ਜਿਹੇ

ਹੋਣ ਦਾ ਅਹਿਸਾਸ

ਕਾਹਵਾ-ਖ਼ਾਨੇ ਚ ਮੇਰੇ ਨਾਲ਼

ਚਲੀ ਆਈ ਹੈ

ਅੱਜ ਦੀ ਸ਼ਾਮ...........

...........

ਅੱਜ ਦੀ ਸ਼ਾਮ

ਇਹ ਗੋਲੇ ਕਬੂਤਰ ਰੰਗੀ

ਮੈਨੂੰ ਇੱਕ ਡੈਣ

ਨਜ਼ਰ ਆਈ ਹੈ

ਜੋ ਮੇਰੀ ਸੋਚ ਦੇ-

ਸਿਵਿਆਂ ਚ ਕਈ ਵਾਰ

ਮੈਨੂੰ ਨੰਗੀ-ਅਲਫ਼

ਘੁੰਮਦੀ ਨਜ਼ਰ ਆਈ ਹੈ

ਅੱਜ ਦੀ ਸ਼ਾਮ.........

.............

ਅੱਜ ਦੀ ਸ਼ਾਮ

ਇਹ ਗੋਲੇ ਕਬੂਤਰ ਰੰਗੀ

ਪਾਲਤੂ ਸੱਪ ਕੋਈ

ਮੈਨੂੰ ਨਜ਼ਰ ਆਈ ਹੈ

ਜੋ ਇਸ ਸ਼ਹਿਰ ਸਪੇਰੇ ਦੀ

ਹੁਸੀਂ ਕ਼ੈਦ ਤੋਂ ਛੁੱਟ ਕੇ

ਮਾਰ ਕੇ ਡੰਗ, ਕਲੇਜੇ ਤੇ

ਹੁਣੇ ਆਈ ਹੈ

ਅੱਜ ਦੀ ਸ਼ਾਮ ............

...................

ਅੱਜ ਦੀ ਸ਼ਾਮ

ਇਹ ਗੋਲੇ ਕਬੂਤਰ ਰੰਗੀ

ਮੈਨੂੰ ਲੰਮੂਬੇ ਦੀ

ਨਾਰ ਨਜ਼ਰ ਆਈ ਹੈ

ਜਿਦ੍ਹੀ ਮਾਂਗ ਚੋਂ ਜ਼ਰਦਾਰੀ ਨੇ

ਹਾਏ! ਪੂੰਝ ਕੇ ਸੰਧੂਰ

ਅਫ਼ਰੀਕਾ ਦੀ ਦਹਿਲੀਜ਼ ਤੇ

ਕਰ ਵਿਧਵਾ ਬਿਠਾਈ ਹੈ

ਅੱਜ ਦੀ ਸ਼ਾਮ............

....................

ਅੱਜ ਦੀ ਸ਼ਾਮ

ਇਹ ਗੋਲੇ ਕਬੂਤਰ ਰੰਗੀ

ਐਸੇ ਮਨਹੂਸ

ਤੇ ਬਦਸ਼ਕਲ ਸ਼ਹਿਰ ਚ ਆਈ ਹੈ

ਜਿਹੜੇ ਸ਼ਹਿਤ

ਇਸ ਦੁੱਧ ਮਿਲ਼ੇ ਕਾਹਵੇ ਦੇ ਰੰਗ ਦੀ

ਮਾਸੂਮ ਗੁਨਾਹ ਵਰਗੀ

ਮੁਹੱਬਤ ਮੈਂ ਗਵਾਈ ਹੈ

ਅੱਜ ਦੀ ਸ਼ਾਮ.......