ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 31, 2010

ਅਮਰਜੀਤ ਸਿੰਘ ਸੰਧੂ - ਗ਼ਜ਼ਲ

ਦੋਸਤੋ! ਦਕੋਹਾ (ਜਲੰਧਰ), ਪੰਜਾਬ ਵਸਦੇ ਉਸਤਾਦ ਗ਼ਜ਼ਲਗੋ ਸ: ਅਮਰਜੀਤ ਸਿੰਘ ਸੰਧੂ ਸਾਹਿਬ ਨੇ ਆਪਣੀਆਂ ਖ਼ੂਬਸੂਰਤ ਕਿਤਾਬਾਂ, ਗ਼ਜ਼ਲ-ਸੰਗ੍ਰਹਿ ਜਜ਼ਬਾਤ ਦੇ ਪੰਛੀ ਅਤੇ ਕਾਵਿ-ਸੰਗ੍ਰਹਿ ਜੋਬਨ-ਯਾਦਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦੀਆਂ ਗ਼ਜ਼ਲਾਂ ਆਪਾਂ ਪਹਿਲਾਂ ਵੀ ਆਰਸੀ ਚ ਸ਼ਾਮਿਲ ਕਰਦੇ ਰਹੇ ਹਾਂ। ਅੱਜ ਪੇਸ਼ ਨੇ ਉਹਨਾਂ ਦੇ ਗ਼ਜ਼ਲ-ਸੰਗ੍ਰਹਿ ਜਜ਼ਬਾਤ ਦੇ ਪੰਛੀ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ।

ਸੰਧੂ ਸਾਹਿਬ ਦਾ ਕਿਤਾਬਾਂ ਭੇਜਣ ਲਈ ਇਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

-----

ਬਕੌਲ ਉਰਦੂ ਦੇ ਸੁਪ੍ਰਸਿੱਧ ਗ਼ਜ਼ਲਗੋ ਜਨਾਬ ਸਰਦਾਰ ਪੰਛੀ ਜੀ, ...ਜੈਤੋ ਤੋਂ 'ਦੀਪਕ' ਦੀ ਲੋਅ ਲੈ ਕੇ ਜਿੰਨੇ ਵੀ ਚਿਰਾਗ਼ ਬਲ਼ੇ ਅਤੇ ਉਹਨਾਂ ਵਿੱਚੋਂ ਜਿੰਨੇ ਵੀ ਚਿਰਾਗ਼ਾਂ ਨੇ ਹੋਰ ਚਿਰਾਗ਼ ਰੌਸ਼ਨ ਕੀਤੇ, ਉਹਨਾਂ ਵਿੱਚੋਂ ਅਮਰਜੀਤ ਸਿੰਘ ਸੰਧੂ ਸਾਹਿਬ ਦਾ ਨਾਮ ਸਭ ਤੋਂ ਮੂਹਰੇ ਹੈ..।

ਅਦਬ ਸਹਿਤ

ਤਨਦੀਪ ਤਮੰਨਾ

*********

ਗ਼ਜ਼ਲ

ਚੰਨ ਚੜ੍ਹਦਾ ਮੁਸਕਰਾਇਐ, ਡੁੱਬਦੇ ਸੂਰਜ ਨੂੰ ਦੇਖ।

ਮੇਰਾ ਦਿਲ ਕਿਉਂ ਤੜਫੜਾਇਐ? ਡੁੱਬਦੇ ਸੂਰਜ ਨੂੰ ਦੇਖ।

-----

ਵਕ਼ਤ ਆਉਂਦੈ - ਸਾਥ ਮਿਲ਼ਦੈ, ਵਕ਼ਤ ਆਉਂਦੈ ਵਿਛੜਦੈ,

ਸਾਥ ਕਿਸ ਪੂਰਾ ਨਿਭਾਇਐ? ਡੁੱਬਦੇ ਸੂਰਜ ਨੂੰ ਦੇਖ।

-----

ਡੁੱਬਦੇ ਸੂਰਜ ਸਮੇਂ, ਮੁੜਦਾ ਸੀ ਅਪਣੇ ਘਰ ਨੂੰ ਜੋ,

ਕ਼ੈਦ-ਪੰਛੀ ਫੜਫਵਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਰਾਜਿਆਂ ਤੋਂ ਰੰਕ ਬਣਦੇ, ਪਲ ਨਹੀਂ ਲਗਦਾ ਸਜਨ!

ਸੱਚ ਤੋਂ ਕਿਉਂ ਮੂੰਹ ਛੁਪਾਇਐ? ਡੁੱਬਦੇ ਸੂਰਜ ਨੂੰ ਦੇਖ।

-----

ਵਕ਼ਤ, ਥੋਹੜਾ ਵਕ਼ਤ ਦੇ ਕੇ, ਤਪਸ਼ ਖੋਹ ਲੈਂਦੈ ਉਦ੍ਹੀ,

ਜਿਸ ਨੇ ਵੀ ਜੱਗ ਨੂੰ ਤਪਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਅਪਣੀ ਮਾਂ ਦੀ ਬੁੱਕਲ਼ੇ, ਹੁਣ ਮੈਂ ਸਵਾਂਗਾ ਰਾਤ-ਭਰ,

ਕਾਮਾ-ਬੱਚਾ ਚਹਿਚਹਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਡੁੱਬਦੈ ਸੂਰਜ, ਤਾਂ ਰਾਤ ਆਉਂਦੀ ਏ, ਆਉਂਦਾ ਏ ਸਜਨ,

ਫਿਰ ਵੀ ਦਿਲ ਕਿਉਂ ਝੁਣਝੁਣਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਡੁਬ ਰਿਹਾ ਸੀ ਦਿਲ ਮੇਰਾ, ਸੰਧੂ ਦੇ ਤੁਰ ਜਾਵਣ ਤੋਂ ਬਾਅਦ,

ਸ਼ੁਕਰ ਹੈ, ਉਹ ਪਰਤ ਆਇਐ, ਡੁੱਬਦੇ ਸੂਰਜ ਨੂੰ ਦੇਖ।

=====

ਗ਼ਜ਼ਲ

ਯਾਰ ਦੇ ਲਾਰੇ ਤੇ ਵੀ ਵਿਸ਼ਵਾਸ ਹੋ ਜਾਂਦੈ ਕਿ ਨਈਂ?

ਦੁਸ਼ਮਣਾਂ ਦਾ ਸੱਚ ਵੀ ਬਕਵਾਸ ਹੋ ਜਾਂਦੈ ਕਿ ਨਈਂ?

-----

ਜਦ ਕੋਈ ਵਾਅਦਾ ਕਰੇ ਕਿ ਇਸ ਦਫ਼ਾ ਆਊਂ ਜ਼ਰੂਰ,

ਡੁੱਬਦੇ ਦਿਲ ਨੂੰ ਵੀ ਕੁਝ ਧਰਵਾਸ ਹੋ ਜਾਂਦੈ ਕਿ ਨਈਂ?

-----

ਜੇ ਕਿਸੇ ਲਈ ਪਿਆਰ-ਭਿੱਜੇ ਬੋਲ ਆਪਾਂ ਬੋਲੀਏ,

ਉਮਰ-ਭਰ ਲਈ ਆਪਣਾ ਉਹ ਦਾਸ ਹੋ ਜਾਂਦੈ ਕਿ ਨਈਂ?

-----

ਬਾਪ-ਦਾਦਾ ਜੇ ਮਨਿਸਟਰ ਹੋਣ ਤਾਂ, ਚਾਨਣ-ਚਿਰਾਗ਼,

ਮੇਜ਼ ਤੇ ਪਸਤੌਲ ਰਖ ਕੇ ਪਾਸ ਹੋ ਜਾਂਦੈ ਕਿ ਨਈਂ?

-----

ਸਾਊ-ਮਾਪੇ ਸਾਊਪਨ ਬਾਰੇ ਤਾਂ ਪੁੱਛਣ ਰਾਮ ਤੋਂ,

ਸਾਊ ਕੁੱਖ ਚੋਂ ਜੰਮਣਾ ਬਨਵਾਸ ਹੋ ਜਾਂਦੈ ਕਿ ਨਈਂ?

-----

ਅਪਣੀ ਰਚਨਾ ਜਦ ਕਿਸੇ ਪਰਚੇ ਚ ਛਪ ਜਾਵੇ ਹਜ਼ੂਰ!

ਅਪਣੇ ਜੀਂਦੇ ਹੋਣ ਦਾ ਅਹਿਸਾਸ ਹੋ ਜਾਂਦੈ ਕਿ ਨਈਂ?

-----

ਜਿਸ ਦੇ ਘਰ ਵਿਚ ਬਹੁਤੀਆਂ ਵੋਟਾਂ ਨੇ, ਐਸਾ ਆਮ-ਸ਼ਖ਼ਸ,

ਵੋਟਾਂ ਦੇ ਮੌਸਮ ਖ਼ਾਸੋ-ਖ਼ਾਸ ਹੋ ਜਾਂਦੈ ਕਿ ਨਈਂ?

-----

ਯਾਰ ਸੰਧੂ! ਵਜ਼ਨ-ਹੀਣੇ, ਬੇ-ਮੁਨਾਸਬ ਲਫ਼ਜ਼ਾਂ ਨਾਲ਼,

ਵਧੀਆ ਖ਼ਿਆਲਾਂ ਦਾ ਵੀ ਸਤਿਆਨਾਸ ਹੋ ਜਾਂਦੈ ਕਿ ਨਈਂ?

ਡਾ: ਜਗਤਾਰ - ਨਜ਼ਮ

ਵਸੀਅਤ

ਨਜ਼ਮ

ਮੈਂ ਅਪਣਾ ਕ਼ਤਲਨਾਮਾ ਪੜ੍ਹ ਲਿਆ ਹੈ

ਜ਼ਰਾ ਠਹਿਰੋ!

ਕੋਈ ਬਸਤੀ ਚ ਤਾਂ ਬਾਕੀ ਨਹੀਂ ਬਚਿਆ

ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ।

.........

...ਮਿਰੋ ਯਾਰੋ!

ਮਿਰੇ ਪਿੱਛੋਂ

ਤੁਸੀਂ ਕਿਸ਼ਤੀ ਵੀ ਬਣਨਾ ਹੈ

ਤੁਸੀਂ ਚਰਖ਼ਾ ਵੀ ਬਣਨਾ ਹੈ

ਤੁਸੀਂ ਰੰਗੀਲ-ਪੀੜ੍ਹਾ ਵੀ

ਤੇ ਪੰਘੂੜਾ ਵੀ ਬਣਨਾ ਹੈ

ਮਗਰ ਕੁਰਸੀ ਨਹੀਂ ਬਣਨਾ..।

...........

ਮਿਰੇ ਯਾਰੋ!

ਮਿਰੇ ਪਿੱਛੋਂ

ਤੁਸੀਂ ਹਰ ਹਾਲ

ਡਿਗਦੀ ਛੱਤ ਹੀ ਥੰਮ੍ਹੀ ਤਾਂ ਬਣਨਾ ਹੈ

ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ

ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ...।

-----

ਮਿਰੇ ਯਾਰੋ!

ਮਿਰੇ ਪਿੱਛੋਂ

ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ

ਦਰੋਣਾਚਾਰੀਆ ਦੀ ਢਾਲ ਨਾ ਬਣਨਾ।

ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ

ਕਿਸੇ ਰਾਮ ਦੇ ਪਊਏ ਨਹੀਂ ਬਣਨਾ

ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ

ਤਿਲਕ ਵੇਲ਼ੇ-

ਕਿਸੇ ਦੇ ਰਾਜ ਘਰ ਵਿਚ ਪਰ

ਸ਼ਹਾਦਤ ਦੀ ਕਦੇ ਉਂਗਲ਼ੀ ਨਹੀਂ ਬਣਨਾ...।

..........

ਮਿਰੇ ਯਾਰੋ!

ਮਿਰੇ ਪਿੱਛੋਂ

ਤੁਸੀਂ ਛਾਵਾਂ ਦੇ ਰੂਪ ਅੰਦਰ

ਤੁਸੀਂ ਪੌਣਾਂ ਦੇ ਰੂਪ ਅੰਦਰ

ਤੁਸੀਂ ਫੁੱਲਾਂ, ਫ਼ਲਾਂ, ਮਹਿਕਾਂ ਦੇ ਰੂਪ ਅੰਦਰ

ਦੁਆਵਾਂ ਹੀ ਬਣੇ ਰਹਿਣਾ

ਕਦੇ ਤੂਫ਼ਾਨ ਨਾ ਬਣਨਾ...।

.............

ਮਿਰੇ ਯਾਰੋ!

ਮਿਰੇ ਪਿੱਛੋਂ

ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ

ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ

ਜੋ ਹਿਜਰਤ ਕਰ ਗਏ ਨੇ

ਉਹ ਪਰਿੰਦੇ ਪਰਤ ਕੇ ਆਵਣ

ਤੁਸੀਂ ਇਕ ਜਸ਼ਨ ਕਰਨਾ

ਓਸ ਮਿੱਟੀ ਦਾ

ਜੋ ਪੀਲ਼ੇ ਮੌਸਮਾਂ ਵਿਚ ਕ਼ਤਲ ਹੋ ਕੇ ਵੀ

ਜੜ੍ਹਾਂ ਅੰਦਰ ਸਦਾ ਮਹਿਫ਼ੂਜ਼ ਰਹਿੰਦੀ ਹੈ

ਨਾ ਮਰਦੀ ਹੈ

ਨਾ ਮਿਟਦੀ ਹੈ

ਸਿਰਫ਼ ਸ਼ਕਲਾਂ ਬਦਲਦੀ ਹੈ..!

*******

ਯਾਦਾਂ ਦੀ ਐਲਬਮ: ਦੋਸਤੋ! ਡਾ. ਜਗਤਾਰ ਜੀ ਦੀਆਂ ਇਹ ਫੋਟੋਆਂ ਯੂ. ਐੱਸ.ਏ. ਵਸਦੇ ਗ਼ਜ਼ਲਗੋ ਡਾ: ਪ੍ਰੇਮ ਮਾਨ ਨੇ 28 ਫਰਵਰੀ 2010 ਨੂੰ ਹੀ ਉਨ੍ਹਾਂ ਦੇ ਘਰ ਖਿੱਚੀਆਂ ਸਨ ਜਦੋਂ ਉਹ ਕੁਝ ਦਿਨ੍ਹਾਂ ਲਈ ਪੰਜਾਬ ਗਏ ਸੀਇਕ ਫੋਟੋ ਵਿੱਚ ਉਹਨਾਂ ਨਾਲ ਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਵੀ ਬੈਠੇ ਹਨ। ਡਾ: ਮਾਨ ਸਾਹਿਬ ਦਾ ਆਰਸੀ ਪਰਿਵਾਰ ਨਾਲ਼ ਡਾ: ਜਗਤਾਰ ਜੀ ਦੀਆਂ ਇਹ ਨਵੀਆਂ ਫੋਟੋਆਂ ਸਾਝੀਆਂ ਕਰਨ ਲਈ ਬੇਹੱਦ ਸ਼ੁਕਰੀਆ।











Tuesday, March 30, 2010

ਡਾ: ਜਗਤਾਰ - ਗ਼ਜ਼ਲ

ਦੋਸਤੋ! ਅੱਜ ਸੰਸਾਰ-ਪ੍ਰਸਿੱਧ ਗ਼ਜ਼ਲਗੋ ਡਾ:ਜਗਤਾਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਾਕਿਸਤਾਨ ਚ ਜਨਮੇ ਡਾ. ਜਗਤਾਰ ਨੇ 1960ਵਿਆਂ ਵਿਚ ਲਿਖਣਾ ਆਰੰਭ ਕੀਤਾ ਸੀ। ਉਹ ਭਾਰਤ ਦੇ ਨਾਲ਼-ਨਾਲ਼ ਪਾਕਿਸਤਾਨ ਚ ਵੀ ਆਪਣੀਆਂ ਲਿਖਤਾਂ ਕਰਕੇ ਬਹੁਤ ਚਰਚਿਤ ਸਨ।

----

ਪ੍ਰਕਾਸ਼ਿਤ ਕਿਤਾਬਾਂ: ਡਾ.ਜਗਤਾਰ ਦਾ ਕਾਵਿ-ਸਫ਼ਰ ਸੰਨ 1957 ਵਿਚ ਰੁੱਤਾਂ ਰਾਂਗਲੀਆਂਦੇ ਕਾਵਿ-ਸੰਗ੍ਰਹਿ ਨਾਲ ਹੋਇਆ ਇਸ ਤੋਂ ਉਪਰੰਤ ਉਹਨਾਂ ਨੇ ਤਲਖ਼ੀਆਂ-ਰੰਗੀਨੀਆਂ ਦੁੱਧ ਪਥਰੀ ਅਧੂਰਾ ਆਦਮੀ ਲਹੂ ਦੇ ਨਕਸ਼’ 'ਛਾਂਗਿਆ ਰੁੱਖ’ ‘ਸ਼ੀਸ਼ੇ ਦੇ ਜੰਗਲ’ ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ ਚਨੁਕਰੀ ਸ਼ਾਮ ਜੁਗਨੂੰ ਦੀਵਾ ਤੇ ਦਰਿਆ’, ‘ਅੱਖਾਂ ਵਾਲੀਆਂ ਪੈੜਾਂ’ ‘ਪ੍ਰਵੇਸ਼ ਦੁਆਰ ਆਦਿ ਕਿਤਾਬਾਂ ਲਿਖੀਆਂ। ਉਹਨਾਂ ਨੇ ਹੀਰ ਦਮੋਦਰ ਤੇ ਖੋਜ ਦਾ ਕੰਮ ਵੀ ਕੀਤਾ। ਪਾਕਿਸਤਾਨੀ ਲੇਖਕ ਅਬਦੁੱਲਾ ਹਸਨ ਦੀ ਉਰਦੂ ਕਿਤਾਬ ਰਾਤਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਰਾਤ ਕਾ ਰਾਜ਼ਦੇ ਪੰਜਾਬੀ ਵਿਚ ਉਲੱਥੇ ਕੀਤੇਨਾਲ਼ ਹੀ 1947 ਤੋਂ 1972 ਤੱਕ ਦੇ ਪਾਕਿਸਤਾਨੀ ਆਧੁਨਿਕ ਪੰਜਾਬੀ ਕਾਵਿ ਤੇ ਖੋਜ ਦਾ ਕੰਮ ਕੀਤਾਉਹਨਾਂ ਬੜੀ ਮੁਹਾਰਤ ਨਾਲ਼ ਕਿੱਸਿਆਂ ਵਿਚੋਂ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ 200 ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿਚ ਤਰਜੁਮਾ ਕੀਤਾਡਾ: ਜਗਤਾਰ ਨੇ ਹਿਸਟਰੀ ਆਫ਼ ਪੇਂਟਿੰਗ ਇਨ ਇੰਡੀਆਅਤੇ ਕਰਤੁਲ ਹੈਦਰ ਦੀ ਕਿਤਾਬ ਏ ਰੈੱਡ ਕਾਈਟਅਤੇ ਸਨੇਕਸ ਅਰਾਊਂਡ ਅੱਸ ਦੇ ਉਲੱਥੇ ਵੀ ਕੀਤੇ

-----

ਲਿਪੀਅੰਤਰ: ਪਾਕਿਸਤਾਨੀ ਪੰਜਾਬੀ ਕਿਤਾਬਾਂ, ਸਾਂਝ, ਕੁਕਨੂਸ, ਪਿੱਪਲਾਂ ਦੀ ਛਾਂ ਦਾ ਗੁਰਮੁਖੀ ਲਿਪੀਅੰਤਰ ਵੀ ਕੀਤਾ।

-----

ਸੰਪਾਦਨਾ: ਡਾ: ਜਗਤਾਰ ਨੇ ਦੁੱਖ ਦਰਿਆਓਂ ਪਾਰ ਦੇ, ਚਿੱਟਾ ਘਾਹ ਧੁਆਂਖੀਆਂ ਧੁੱਪਾਂ, ਆਖਿਆ ਫ਼ਰੀਦ ਨੇ, ਸੂਫ਼ੀ ਕਾਵਿ ਤੇ ਉਸਦਾ ਪਿਛੋਕੜ, ਚੋਣਵੀਂ ਪਾਕਿਸਤਾਨੀ ਕਵਿਤਾ, ਅੱਖ ਦਾ ਸਮੁੰਦਰ - ਚੋਣਵੀਂ ਪੰਜਾਬੀ ਗ਼ਜ਼ਲ, ਪਰਲੇ ਪਾਰ, ਹਮਸਫ਼ਰ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ।

-----

ਇਨਾਮ-ਸਨਮਾਨ: ਡਾ: ਜਗਤਾਰ ਨੂੰ ਉਹਨਾਂ ਦੀ ਪੰਜਾਬੀ ਗ਼ਜ਼ਲਾਂ ਦੀ ਕਿਤਾਬ ਜੁਗਨੂੰ ਦੀਵਾ ਤੇ ਦਰਿਆਲਈ ਸਾਹਿਤ ਅਕਾਦਮੀ ਦਾ ਸਾਹਿਤ ਪੁਰਸਕਾਰ ਮਿਲਿਆਗੀਤਾਂ ਅਤੇ ਗ਼ਜ਼ਲਾਂ ਕਾਰਨ ਭਾਸ਼ਾ ਵਿਭਾਗ ਵੱਲੋਂ ਐਵਾਰਡ ਪ੍ਰਾਪਤ ਹੋਇਆਪਾਕਿਸਤਾਨ ਦੇ ਸਾਹਿਤਕਾਰਾਂ ਵੱਲੋਂ ਇਸ ਸ਼ਾਇਰ ਨੂੰ ਪੋਇਟ ਆਫ਼ ਟੁਡੇਐਵਾਰਡ ਦਿੱਤਾ ਗਿਆਅਮਰੀਕਾ ਵਿੱਚ 2000 ਸਾਲ ਦਾ ਪੋਇਟ ਆਫ਼ ਮਲੇਨੀਅਮਮੰਨਿਆ ਗਿਆ ਅਤੇਸਦੀ ਦਾ ਕਵੀਦੇ ਤੌਰ ਤੇ ਮਾਨਤਾ ਦਿੱਤੀ ਗਈਇਹਨਾਂ ਪੁਰਸਕਾਰਾਂ ਤੋਂ ਇਲਾਵਾ ਉਸ ਨੂੰਪ੍ਰੋਫ਼ੈਸਰ ਮੋਹਨ ਸਿੰਘਅਤੇ ਬਾਵਾ ਬਲਵੰਤਐਵਾਰਡ ਸਹਿਤ ਅਨੇਕਾਂ ਮਾਣ-ਸਨਮਾਨ ਪ੍ਰਾਪਤ ਹੋਏਉਹ ਫ਼ੈਲੋ ਆਫ਼ ਪੰਜਾਬੀ ਯੂਨੀਵਰਸਿਟੀਵੀ ਰਹੇ। ਹਾਲ ਹੀ ਵਿਚ ਸਾਲ 2008 ਲਈ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸਰਵੋਤਮ ਸਾਹਿਤਕਾਰ ਦਾ ਕਰਤਾਰ ਸਿੰਘ ਧਾਲੀਵਾਲ ਐਵਾਰਡ ਦੇਣ ਵੀ ਐਲਾਨ ਕੀਤਾ ਗਿਆ ਸੀ।

-----

ਡਾ: ਜਗਤਾਰ ਦੇ ਤੁਰ ਜਾਣ ਨਾਲ਼ ਪੰਜਾਬੀ ਸਹਿਤ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ, ਅਸੀਂ ਉਹਨਾਂ ਦੇ ਪਰਿਵਾਰ, ਪਾਠਕਾਂ ਅਤੇ ਸਨੇਹੀਆਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਅੱਜ ਉਹਨਾਂ ਨੂੰ ਯਾਦ ਕਰਦਿਆਂ, ਆਰਸੀ ਚ ਸ਼ਾਮਿਲ ਕਰ ਰਹੇ ਹਾਂ...ਉਹਨਾਂ ਦੀਆਂ ਚੰਦ ਬੇਹੱਦ ਖ਼ੂਬਸੂਰਤ ਰਚਨਾਵਾਂ। ਇਸ ਪੋਸਟ ਵਿਚ ਉਹਨਾਂ ਦੀ ਕਵਿਤਾ ਦੀ ਹਰ ਵੰਨਗੀ, ਜਿਵੇਂ ਗ਼ਜ਼ਲ, ਨਜ਼ਮ ਅਤੇ ਗੀਤ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ-ਬਹੁਤ ਸ਼ੁਕਰੀਆ।

........

...ਮੇਰੀਆਂ ਗ਼ਜ਼ਲਾਂ ਚ ਕਿਉਂ ਆਉਂਦਾ ਏ ਜੁਗਨੂ ਬਾਰ ਬਾਰ,

ਸਮਝ ਜਾਵੇਂਗਾ ਕਿਸੇ ਦਿਨ ਘਰ ਤਾਂ ਆ ਜਗਤਾਰ ਨਾਲ਼।

ਉਹ ਗਰਾਂ, ਸੜਕਾਂ, ਸਫ਼ਰ ਵਿਚ ਲੰਘੀਆਂ ਹੌਕੇ ਤਰ੍ਹਾਂ,

ਜਿਸ ਜਗ੍ਹਾ ਤੁਰਦੀ ਸੀ ਮਹਿਕਲੀ ਹਵਾ ਜਗਤਾਰ ਨਾਲ਼...।

........

ਅਦਬ ਸਹਿਤ

ਤਨਦੀਪ ਤਮੰਨਾ

*******

ਗ਼ਜ਼ਲ

ਕੌਣ ਹੋਣੀ ਪੰਛੀਆਂ ਦੀ ਜਾਲ ਲਿਖ ਕੇ ਤੁਰ ਗਿਆ।

ਕੌਣ ਮਹਿਕਾਂ ਦਾ ਮੁਕੱਦਰ ਭਾਲ ਲਿਖ ਕੇ ਤੁਰ ਗਿਆ।

-----

ਵਾਕ ਬਿਸਮਿਲ, ਅਰਥ ਘਾਇਲ, ਨੈਣ ਬੋਝਲ, ਮਨ ਉਦਾਸ,

ਤੂੰ ਤਾਂ ਕੋਰਾ ਬਣ ਕੇ ਅਪਣਾ ਹਾਲ ਲਿਖ ਕੇ ਤੁਰ ਗਿਆ।

-----

ਜੇ ਨਾ ਰੋਵਾਂ ਬਹਿਣ ਨਾ ਦੇਵੇ, ਜੇ ਰੋਵਾਂ ਵਹਿ ਤੁਰੇ,

ਤੂੰ ਕੀ ਨੈਣਾਂ ਵਿਚ ਨਜ਼ਰ ਦੇ ਨਾਲ ਲਿਖ ਕੇ ਤੁਰ ਗਿਆ।

-----

ਸ਼ਾਮ, ਖੰਡਹਰ, ਖ਼ੁਸ਼ਕ ਦਰਿਆ, ਰੁਲ਼ ਰਹੇ ਪੱਤੇ ਚਰਾਗ਼,

ਕੌਣ ਪ੍ਰਕਿਰਤੀ ਨੂੰ ਮੇਰਾ ਹਾਲ ਲਿਖ ਕੇ ਤੁਰ ਗਿਆ।

-----

ਜਦ ਕਦੇ ਫੁਰਸਤ ਮਿਲ਼ੇ ਤਾਂ ਯਾਦ ਕਰ ਲੈਣਾ ਤੁਸੀਂ,

ਘਰ ਦੇ ਮੱਥੇ ਇਹ ਲਹੂ ਦੇ ਨਾਲ ਲਿਖ ਕੇ ਤੁਰ ਗਿਆ।

=====

ਗ਼ਜ਼ਲ

ਜਦ ਵੀ ਡਿਗੀਆਂ ਛੱਤਾਂ, ਖਸਤਾਂ ਘਰ ਬਾਰਾਂ ਦੀ ਬਾਤ ਤੁਰੀ।

ਰਸਤੇ ਵਿਚ ਦੀਵਾਰਾਂ ਬਣੀਆਂ, ਦੀਵਾਰਾਂ ਦੀ ਬਾਤ ਤੁਰੀ।

-----

ਸ਼ੀਸ਼ਿਆਂ ਅੰਦਰ ਫੁਲ ਖਿੜ ਉੱਠੇ, ਨਚਿਆ ਖ਼ੂਨ ਰਗਾਂ ਅੰਦਰ,

ਮੈਖ਼ਾਨੇ ਵਿਚ ਜਦ ਜ਼ਿੰਦਾ-ਦਿਲ, ਮੈਖ਼ਾਰਾਂ ਦੀ ਬਾਤ ਤੁਰੀ।

-----

ਡੁਬਦੇ ਡੁਬਦੇ ਦਿਲ ਸੰਭਲ਼ੇ ਨੇ, ਬੁਝਦੇ ਬੁਝਦੇ ਦੀਪ ਜਗੇ,

ਜਦ ਵੀ ਤੇਰੀਆਂ ਰੌਸ਼ਨ ਜ਼ੁਲਫ਼ਾਂ, ਰੁਖ਼ਸਾਰਾਂ ਦੀ ਬਾਤ ਤੁਰੀ।

-----

ਵੇਖੀਏ ਕਿਸ ਕਿਸ ਦੇ; ਧੜ ਸਿਰ ਹੈ, ਕਿਹੜੇ ਸੀਸ ਵਿਹੂਣੇ ਨੇ,

ਨਗਰੋ ਨਗਰੀ, ਸ਼ਹਿਰੋ ਸ਼ਹਿਰੀ, ਫਿਰ ਦਾਰਾਂ ਦੀ ਬਾਤ ਤੁਰੀ।

-----

ਜ਼ੰਗਾਲੇ ਹਥਿਆਰਾਂ ਤਾਈਂ, ਚਮਕਾਓ ਤੇ ਤੇਜ਼ ਕਰੋ,

ਮੁੜ ਖੇਤਾਂ ਤੇ ਖਲਿਆਨਾਂ ਵਿਚ, ਹਕ਼ਦਾਰਾਂ ਦੀ ਬਾਤ ਤੁਰੀ।

-----

ਕੌਣ ਆਇਆ ਹੈ ਮਕ਼ਤਲ ਅੰਦਰ, ਕੰਬੇ ਹਥ ਜੱਲਾਦਾਂ ਦੇ,

ਫਿਰ ਘਰ ਘਰ ਵਿਚ ਸਿਰ ਲੱਥਾਂ ਦੀ, ਜੀਦਾਰਾਂ ਦੀ ਬਾਤ ਤੁਰੀ।

=====

ਗ਼ਜ਼ਲ

ਜਿਸ ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ।

ਦਾਗ਼ ਬਣ ਕੇ ਬਹਿ ਗਈ ਮੱਥੇ ਤੇ ਉਸ ਸਰਦਲ ਦੀ ਯਾਦ।

-----

ਰਾਤ ਸੁਪਨੇ ਵਿਚ ਸੀ ਸ਼ਬਨਮ ਰੋ ਰਹੀ ਜੁਗਨੂੰ ਉਦਾਸ,

ਦਿਨ ਚੜ੍ਹੇ ਨਾ ਟੇਕ ਆਵੇ ਆ ਰਹੀ ਜੰਗਲ਼ ਦੀ ਯਾਦ।

-----

ਜ਼ਿੰਦਗੀ ਤੁਰਦੀ ਤੇ ਰੁਕਦੀ ਸੀ ਜਾਂ ਮੇਰੇ ਨਾਲ਼ ਨਾਲ਼,

ਉਮਰ ਦਾ ਹਾਸਿਲ ਬਣੀ ਉਸ ਖ਼ੁਬਸੂਰਤ ਪਲ ਦੀ ਯਾਦ।

-----

ਇਸ ਜਨਮ ਜਾਂ ਉਸ ਜਨਮ ਵਿਚ ਕੋਈ ਸੀ ਰਿਸ਼ਤਾ ਜ਼ਰੂਰ,

ਆ ਰਹੀ ਜੋ ਖੰਡਰਾਂ, ਸੁੱਕੀ ਨਦੀ ਤੇ ਥਲ ਦੀ ਯਾਦ।

-----

ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,

ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ।

-----

ਆ ਗਿਆ ਜਗਤਾਰ ਐਸਾ ਜ਼ਿੰਦਗੀ ਦਾ ਹੁਣ ਮੁਕਾਮ,

ਨਾ ਕਿਤੇ ਜ਼ੁਲਫ਼ਾਂ ਦੀ ਛਾਂ ਹੈ ਨਾ ਕਿਸੇ ਆਂਚਲ ਦੀ ਯਾਦ।

=====

ਵੱਡਾ ਅਜੂਬਾ

ਨਜ਼ਮ

ਇਕ ਕਵੀ ਦਰਬਾਰ ਅੰਦਰ

ਨਜ਼ਮ ਸਾਂ ਮੈਂ ਕਹਿ ਰਿਹਾ,

ਸਾਰਿਆਂ ਦੇਸ਼ਾਂ ਚੋਂ

ਤਿੰਨ ਦੇਸ਼ਾਂ ਦੀਆਂ ਕੰਧਾਂ ਅਜੂਬੇ

ਤੇ ਬੜੇ ਹੀ ਸ਼ਾਹਕਾਰ।

...........

ਬੈਲਜੀਅਮ ਵਿਚ

ਨਾਲ਼ ਚਿਤਰਾਂ ਦੇ ਸਜਾਈਆਂ ਹੋਈਆਂ ਕੰਧਾਂ

ਭਾਰਤ ਅੰਦਰ

ਇਸ਼ਤਿਹਾਰਾਂ ਵਿਚ ਲੁਕਾਈਆਂ ਹੋਈਆਂ ਕੰਧਾਂ

ਮਧਕਾਲੀ ਚੀਨ ਦੀ ਲੰਮੀ ਦੀਵਾਰ।

...........

ਮੈਂ ਅਜੇ ਏਨਾ ਕਿਹਾ ਸੀ

ਕੰਧ ਵਤ ਤਿੜਕੇ ਹੋਏ

ਇਕ ਆਦਮੀ ਉੱਠ ਕੇ ਕਿਹਾ,

...ਝੂਠ ਹੈ, ਸਭ ਝੂਠ ਹੈ

ਸਭ ਤੋਂ ਵੱਡੇ ਨੇ ਅਜੂਬੇ ਸਾਡੇ ਘਰ

ਜਿੱਥੇ ਨਾ ਕੰਧਾਂ ਨਾ ਦਰ...।

=====

ਅੱਖ ਦੀ ਪਛਾਣ

ਨਜ਼ਮ

ਉਹ ਜਦੋਂ ਆਈ ਤਾਂ ਉਸਨੂੰ ਮੈਂ ਕਿਹਾ,

...ਸ਼ਾਮ ਹੈ ਦੀਵੇ ਜਿਹੀ...।

...........

ਉਹ ਬਹੁਤ ਹੱਸੀ ਤੇ ਹੱਸ ਕੇ ਆਖਿਆ,

.... ਸ਼ਾਮ ਨੂੰ ਦੀਵੇ ਜਿਹੀ ਕਹਿਣਾ ਸਰਾਸਰ ਗ਼ਲਤ ਹੈ।

ਵਧ ਤੋਂ ਵਧ ਇਹ ਸ਼ਾਮ ਜਾ ਸਕਦੀ ਕਹੀ

ਬੁਝ ਗਏ ਦੀਵੇ ਦੀ ਕਲਖਾਈ ਹੋਈ

ਚਿਮਨੀ ਜਿਹੀ..।

...........

ਮੈਂ ਕਿਹਾ,

...ਜੇ ਨਹੀਂ ਇਹ ਸ਼ਾਮ ਇਕ ਦੀਵੇ ਜਿਹੀ

ਸ਼ਾਮ ਤੇਰੀ ਅੱਖ ਵਰਗੀ ਹੀ ਸਹੀ...।

...........

ਫੇਰ ਉਹ ਹੱਸੀ,

ਤੁ ਹੱਸ ਕੇ ਆਖਿਆ,

....ਮੇਰੀ ਅੱਖ ਹੈ ਜਗ ਰਹੇ ਦੀਵੇ ਜਿਹੀ?

ਤੂੰ ਵੀ ਕੀ ਸ਼ਾਇਰ ਏਂ ਜਿਸਨੂੰ

ਸ਼ਾਮ ਤੇ ਅੱਖ ਦੀ ਨਹੀਂ ਉੱਕਾ ਪਛਾਣ

ਹੁਣ ਪਤਾ ਲੱਗਾ ਕਿ ਤੂੰ ਕਿੰਨਾ ਨਾਦਾਨ...।

=====

ਡਿਪਲੋਮੇਸੀ

ਨਜ਼ਮ

ਡਾਢਾ ਚੰਗਾ ਲਗਦਾ ਮੈਨੂੰ

ਭਰ ਸਰਦੀ ਵਿਚ

ਲਾਅਨ ਚ ਬਹਿਣਾ।

ਸ਼ਾਖ਼ਾਂ ਉੱਤੋਂ ਜ਼ਰਦ-ਬਸਾਰੀ

ਤੇ ਅਧ-ਪੀਲ਼ੇ ਪੱਤੇ ਡਿਗਦੇ ਤੱਕਣਾ।

ਅਫ਼ਸੁਰਦਾ ਮੁਰਝਾਏ ਘਾਹ ਸੰਗ

ਵਰਖਾ ਰੁੱਤ ਦੀਆਂ ਗੱਲਾਂ ਕਰਨਾ

ਪਰ ਹੌਲ਼ੀ ਜਿਹੀ ਫੁੱਲ ਦੇ

ਕੰਨ ਵਿਚ ਕਹਿਣਾ,

...ਜਿਸ ਮੌਸਮ ਵਿਚ ਤੂੰ ਖਿੜਿਆ ਏਂ

ਅਸਲ ਚ ਮੈਨੂੰ

ਏਹੀ ਚੰਗਾ ਲਗਦੈ...।

=====

ਗੀਤ

ਸਾਡੀ ਜੂਹੀਂ ਮਿਰਗ ਜੋ ਆਏ,

ਸਾਡੀਆਂ ਜੂਹਾਂ ਸੁੱਕੀਆਂ।

ਨਾ ਤਿੜ ਘ੍ਹਾ ਦੀ ਨਾ ਛਿਟ ਪਾਣੀ,

ਮਾਰੂ ਰੋਹੀਆਂ ਉੱਕੀਆਂ।

ਸਾਡੀ ਜੂਹੀਂ ਮਿਰਗ ਜੋ....

-----

ਮਿਰਗਾਂ ਨੂੰ ਕੀ ਸਾਰ-ਖ਼ਬਰ ਕਿ,

ਏਥੇ ਲੰਮੀਆਂ ਔੜਾਂ।

ਔੜਾਂ ਨੇ ਲੈ ਆਦੀਆਂ ਸਾਡੇ,

ਤਨ-ਮਨ ਅੰਦਰ ਸੌੜਾਂ।

ਔੜਾਂ ਸਾਨੂੰ ਗੀਦੀ ਕੀਤਾ,

ਔੜਾਂ ਜੀਭਾਂ ਟੁੱਕੀਆਂ....

ਸਾਡੀ ਜੂਹੀਂ ਮਿਰਗ ਜੋ....

-----

ਪੌਣ ਵਗੇ ਤਾਂ ਧੂੜਾਂ ਉਡਦੀਆਂ

ਰਾਤ ਪਵੇ ਤਾਂ ਠਾਰੀ।

ਸੂਰਜ ਚੜ੍ਹਿਆਂ ਅੱਗਾਂ ਵਰ੍ਹਦੀਆਂ

ਇਹ ਜੂਹ ਕਰਮਾਂ ਹਾਰੀ।

ਜਿਸ ਰੁੱਤ ਸਾਡਾ ਤਨ ਨਾ ਕਿਰਦਾ,

ਉਹ ਰੁੱਤਾਂ ਨਾ ਢੱਕੀਆਂ...

ਸਾਡੀ ਜੂਹੀਂ ਮਿਰਗ ਜੋ....

-----

ਇਕ ਦੂਜੇ ਦੀ ਛਾਂ ਨੂੰ ਸਮਝਣ,

ਭੁੱਖੇ ਹਿਰਨ ਬਰੂਟੇ।

ਰੇਤੇ ਨਾਲ਼ ਜਾਂ ਮੂੰਹ ਭਰ ਜਾਵਣ,

ਪੈ ਜਾਂਦੇ ਨੇ ਝੂਠੇ।

ਮਿਰਗਾਂ ਦੇ ਨੈਣਾਂ ਥੀਂ ਰੋਹੀਆਂ,

ਸ਼ਾਹ ਰਗ ਨੇੜੇ ਢੁੱਕੀਆਂ...

ਸਾਡੀ ਜੂਹੀਂ ਮਿਰਗ ਜੋ....

-----

ਕਿਸਨੇ ਸਾਡੀਆਂ ਜੂਹਾਂ ਵਿਚੋਂ,

ਨਦੀਆਂ ਹੈਨ ਚੁਰਾਈਆਂ।

ਕਿਸ ਜਾਦੂਗਰ ਟੂਣਾ ਕੀਤਾ,

ਜੂਹਾਂ ਬਾਂਝ ਬਣਾਈਆਂ।

ਕਿਸਨੇ ਕੀਲੀਆਂ ਘੋਰ-ਘਟਾਵਾਂ,

ਆਉਂਦੀਆਂ ਆਉਂਦੀਆਂ ਰੁੱਕੀਆਂ....

ਸਾਡੀ ਜੂਹੀਂ ਮਿਰਗ ਜੋ....

-----

ਆਸਾਗਤ ਆਏ ਮਿਰਗਾਂ ਦਾ,

ਕੀਕੂੰ ਮਾਣ ਤਰੋੜਾਂ।

ਕਿਸ ਮੂੰਹ ਨਾਲ਼ ਕਹਾਂ ਜੀ ਆਇਆਂ,

ਕਿਸ ਮੂੰਹ ਮੈਂ ਮੂੰਹ ਮੋੜਾਂ।

ਸ਼ਰਮੋਂ-ਸ਼ਰਮੀਂ ਸਾਡੀਆਂ ਰਸਮਾਂ,

ਨਾ ਰਹੀਆਂ, ਨਾ ਮੁੱਕੀਆਂ....

ਸਾਡੀ ਜੂਹੀਂ ਮਿਰਗ ਜੋ....

********

ਯਾਦਾਂ ਦੀ ਐਲਬਮ: ਦੋਸਤੋ! ਡਾ. ਜਗਤਾਰ ਜੀ ਦੀਆਂ ਇਹ ਦੁਰਲੱਭ ਤਸਵੀਰਾਂ ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਸੋਹਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। 1) ਡਾ. ਜਗਤਾਰ ਸ਼ਿੱਪ ਤੇ ਸਵਾਰ ਹੋਏ ਲਿਬਰਟੀ ਸਟੈਚੂ ਦੇਖਣ ਜਾ ਰਹੇ ਹਨ ਅਤੇ ਪਿੱਛੇ ਨਿਊਯਾਰਕ ਸ਼ਹਿਰ ਦਿਖਾਈ ਦੇ ਰਿਹਾ ਹੈ2) ਡਾ. ਜਗਤਾਰ ਸ਼ਿੱਪ ਤੇ ਸਵਾਰ ਹਨ ਪਿੱਛੇ ਸਟੈਚੂ ਨਜ਼ਰ ਆ ਰਿਹਾ ਹੈ।3) ਨਿਊਯਾਰਕ ਦੇ ਮਿਊਜ਼ੀਅਮ ਆਫ਼ ਮਾਡਰਨ ਆਰਟ ਵਿਚ ਇਕ ਪੇਂਟਿੰਗ ਦੀ ਤਸਵੀਰ ਖਿੱਚਦੇ ਹੋਏ ਡਾ. ਜਗਤਾਰ











Monday, March 29, 2010

ਗੁਰਚਰਨ ਰਾਮਪੁਰੀ - ਨਜ਼ਮ

ਦੋਸਤੋ! ਅੱਜ ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਗੁਰਚਰਨ ਰਾਮਪੁਰੀ ਸਾਹਿਬ ਦੀਆਂ ਉਹਨਾਂ ਦੀ 1972 ਚ ਛਪੀ ਕਾਵਿ-ਪੁਸਤਕ ਅੰਨ੍ਹੀ ਗਲ਼ੀ ਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਆਸ ਹੈ ਪਸੰਦ ਕਰੋਗੇ। ਹਸਪਤਾਲ ਚੋਂ ਵੀ ਉਹਨਾਂ ਨੇ ਫ਼ੋਨ ਕਰਕੇ ਮੇਰੀ ਸਦਾ ਹੌਸਲਾ-ਅਫ਼ਜ਼ਾਈ ਕੀਤੀ ਹੈ ਅਤੇ ਵਡਮੁੱਲੇ ਸੁਝਾਓ ਦਿੱਤੇ ਹਨ। ਅੱਜ ਇਹਨਾਂ ਨਜ਼ਮਾਂ ਨਾਲ਼ ਹੀ ਉਹਨਾਂ ਦੀ ਸਿਹਤਯਾਬੀ ਲਈ ਦੁਆ ਵੀ ਕਰਦੇ ਹਾਂ....ਆਮੀਨ!

ਅਦਬ ਸਹਿਤ

ਤਨਦੀਪ ਤਮੰਨਾ

*******

ਸੋਚ

ਨਜ਼ਮ

ਸੋਚ ਇੱਕ ਕਾਟੋ ਹੈ ਪਾਰੇ ਦੀ ਬਣੀ

ਜੋ ਹੁਣੇ ਧੁੱਪੇ ਜੜ੍ਹਾਂ ਦੇ ਕੋਲ਼ ਬੈਠੀ

ਨੀਝ ਲਾ ਆਲ਼ੇ-ਦੁਆਲ਼ੇ ਦੇਖਦੀ,

ਦੂਸਰੇ ਪਲ ਬਿਰਛ ਦੀ ਟੀਸੀ ਤੇ ਹੈ

ਪਹੁੰਚ ਗਈ ਮਿੱਟੀ ਨੂੰ ਛੱਡ ਮਹਿਬੂਬ ਕੋਲ਼ੇ।

...........

ਸਮਾਂ ਆਪਣੀ ਤੋਰ ਤਿੱਖੀ ਯੁੱਗਾਂ ਤੋਂ ਤੁਰਦਾ ਰਿਹਾ

ਪਰ ਕਦੇ ਨਾ ਮੇਲ਼ ਸਕਿਆ ਪੈਰ ਆਪਣਾ ਸੋਚ ਨਾਲ਼।

ਰੂਪ ਨੂੰ ਚੜ੍ਹਦੀ ਜਵਾਨੀ ਨਵੀਂ ਨਿੱਤੇ

ਫਿਰ ਵੀ ਉਹ ਨਾ ਸੋਚ ਦੀ ਹਾਨਣ ਬਣੀ

ਇਹ ਤਾਂ ਮਾਇਆ ਹੈ ਸਦਾ ਅਸਥਿਰ ਰਹੇ।

...........

ਇਹ ਪੁਜਾਰੀ ਹੈ

ਜੋ ਤੀਰਥ ਦੇ ਸਫ਼ਰ ਵਿਚਕਾਰ ਹੀ

ਕਈ ਉਦਿਆਲਕ ਸਮਾਧੀ ਦੀ ਜ਼ੰਜੀਰ

ਉਮਰ ਭਰ ਘੜਦੇ ਰਹੇ

ਨੈਣ ਖੁੱਲ੍ਹਦੇ ਹੀ ਤ੍ਰਿਸ਼ਨਾ ਚੁੰਗੀਆਂ ਭਰਦੀ ਮਿਲ਼ੀ।

...........

ਢਾਲ਼ ਲਈਆਂ ਲੋਹ-ਸਲਾਖਾਂ ਤਾਂ ਅਟੁੱਟ ਹਰਨਾਕਸ਼ਾਂ

ਸਿਰਜ ਲਏ ਕਾਨੂੰਨ ਲੱਖ ਤਨ ਦੇ ਲਈ

ਪਰ ਕੋਈ ਬੇਝੀਤ ਪਿੰਜਰਾ

ਬਣ ਨਹੀਂ ਸਕਿਆ ਅਜੇ ਮਨ ਦੇ ਲਈ।

=====

ਕਿੱਲਾ

ਨਜ਼ਮ

ਮੈਂ ਅਪਣੇ ਵਾਕਿਫ਼ ਥਾਵਾਂ ਤੇ ਹੀ ਮੁੜ ਮੁੜ ਕੇ ਨਿੱਤ ਜਾਂਦਾ ਹਾਂ

ਮੈਂ ਅਪਣੇ ਵਾਕਿਫ਼ ਲੋਕਾਂ ਨੂੰ ਹੀ ਮਿਲ਼ਦਾ ਹਾਂ

ਮੈਂ ਨਿੱਤਨੇਮੀ ਲੱਖਾਂ ਵਾਰੀ ਇੱਕੋ ਬਾਣੀ

ਪੜ੍ਹ ਬੈਠਾ ਹਾਂ, ਪਰ ਜਿਊਂਇਆਂ ਨਹੀਂ

ਇੱਕ ਵਿਸ਼ਵਾਸ ਸਦਾ ਲਈ ਕਾਫ਼ੀ!

............

ਮੈਂ ਜਦ ਜੰਗਲ਼ ਵੀ ਘੁੰਮਿਆਂ

ਕੋਈ ਡੰਡੀ ਪਾਈ

ਮੈਂ ਲੀਹਾਂ ਦਾ ਸਿਰਜਣਹਾਰਾ ਵੀ ਕ਼ੈਦੀ ਵੀ

ਕਿੱਲੇ ਨਾਲ਼ ਬੰਨ੍ਹਿਆਂ ਮੈਂ ਮਹਿਫ਼ੂਜ਼ ਬੜਾ ਹਾਂ।

=====

ਸੀਖ਼ਾਂ

ਨਜ਼ਮ

ਪੰਛੀ ਨੂੰ ਪਿੰਜਰੇ ਦੀ ਰੱਖਿਆ ਕਾਹਤੋਂ ਬਖ਼ਸ਼ੋ?

.........

ਅਪਣੇ ਵਿਹੜੇ ਦੀ ਨਿੰਮ ਉੱਤੇ

ਇਸ ਨੂੰ ਉੱਡਣ ਚਹਿਕਣ ਦੇਵੋ

ਇਹ ਭਗੌੜਾ ਨਹੀਂ ਹੋਵੇਗਾ

ਮੈਂ ਜ਼ਾਮਨ ਹਾਂ।

...............

ਜੇਕਰ ਇੱਕ ਸੁਰੀਲੀ ਕੋਇਲ

ਅਪਣੇ ਅੰਬ ਦੇ ਉੱਤੋਂ ਉੱਡ ਕੇ

ਗੁਆਂਢੀ ਚਮਨ ਚ ਗਾ ਆਏਗੀ

ਕੁਝ ਰੂਹਾਂ ਚਹਿਕਾ ਆਏਗੀ।

ਓਸ ਚਮਨ ਦੀ ਕੋਈ ਬੁਲਬੁਲ

ਜੇ ਏਧਰ ਫੇਰਾ ਪਾਏਗੀ

ਦੋਵੇਂ ਵਿਹੜੇ ਗੀਤਾਂ ਨਾਲ਼ ਜਿਊਂ ਉੱਠਣਗੇ।

............

ਘੁੰਮਰ ਪਾਉਂਦੀ ਘੁੱਗੀ ਦੇ ਪੱਥਰ ਨਾ ਮਾਰੋ

ਸ਼ਿਬਲੀ ਦਾ ਤਾਂ ਫੁੱਲ ਵੀ ਚੁਭਦਾ।