ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਜਸਵੀਰ ਹੁਸੈਨ. Show all posts
Showing posts with label ਜਸਵੀਰ ਹੁਸੈਨ. Show all posts

Monday, December 29, 2008

ਜਸਵੀਰ ਹੁਸੈਨ - ਗ਼ਜ਼ਲ

ਗਜ਼ਲ

ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,

ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।

----

ਵਿੱਚ ਜਵਾਨੀ ਅੱਖੀਂ ਘੱਟਾ ਪਾ ਕੇ ਸਭਨਾਂ ਦੇ ,

ਜਿੱਥੇ ਚੋਰੀ ਮਿਲ਼ਦੇ ਸੀ ਉਹ ਥਾਵਾਂ ਲੱਭਦੇ ਨੇ ।

----

ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,

ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।

Wednesday, November 26, 2008

ਜਸਵੀਰ ਹੁਸੈਨ - ਗ਼ਜ਼ਲ

ਗ਼ਜ਼ਲ

ਤੇਰੇ ਆਪਣੇ ਸਦਾ ਅਪਣੇ ਰਹਿਣਗੇ ਇਹ ਭੁਲੇਖਾ ਹੈ ।
ਮੁਸੀਬਤ ਵਿਚ ਵੀ ਤੇਰੇ ਸੰਗ ਚਲਣਗੇ ਇਹ ਭੁਲੇਖਾ ਹੈ ।
------
ਤੂੰ ਸੋਚੇਂ ਮਿਲ ਕੇ ਸਾਰੇ ਸ਼ਿਕਵਿਆਂ ਨੂੰ ਦੂਰ ਕਰਲਾਂਗੇ,
ਕੋਈ ਬੈਰੰਗ ਖ਼ਤ ਵੀ ਉਹ ਲਿਖਣਗੇ ਇਹ ਭੁਲੇਖਾ ਹੈ ।
------
ਮਹੀਨਾ ਸਾਉਣ ਦਾ ਭਾਵੇਂ, ਨੇ ਬੱਦਲ਼ ਬਹੁਤ ਅਸਮਾਨੀਂ,
ਤੇਰੇ ਔੜਾਂ ਦੇ ਮਾਰੇ ਤੇ ਵਰ੍ਹਣਗੇ ਇਹ ਭੁਲੇਖਾ ਹੈ ।
-------
ਕਿਨਾਰੇ ਬੈਠਿਆਂ ਬਸ ਮਾਪਦੇ ਰਹਿੰਦੇ ਜੋ ਗਹਿਰਾਈ,
ਕਿਸੇ ਦਿਨ ਉਹ ਸਮੁੰਦਰ ਨੂੰ ਤਰਣਗੇ ਇਹ ਭੁਲੇਖਾ ਹੈ ।
-------
ਜਿਨ੍ਹਾਂ ਦੇ ਮੋਮ ਵਰਗੇ ਜਿਸਮ ਨੇ ਕੋਮਲ ਤੇ ਹਲਕੇ ਜਏ,
ਤੇਰੀ ਖ਼ਾਤਿਰ ਉਹ ਧੁੱਪਾਂ ਸੰਗ ਲੜਣਗੇ ਇਹ ਭੁਲੇਖਾ ਹੈ ।

Thursday, November 20, 2008

ਜਸਵੀਰ ਹੁਸੈਨ - ਗ਼ਜ਼ਲ

ਗ਼ਜ਼ਲ

ਪਿਆਰ ਦਾ ਉਸ ਅਹਿਸਾਸ ਦਿਵਾਇਆ ਖ਼ਤ ਲਿਖ ਕੇ

ਕੀ ਆਖਾਂ ਕੀ-ਕੀ ਸਮਝਾਇਆ ਖ਼ਤ ਲਿਖ ਕੇ

-----

ਸਾਹਵੇਂ ਹੋ ਕੇ ਬੁੱਲੀਆਂ ਜੋ ਨਾ ਕਹਿ ਸਕੀਆਂ,

ਆਖ਼ਿਰ ਦਿਲ ਦਾ ਹਾਲ ਸੁਣਾਇਆ ਖ਼ਤ ਲਿਖ ਕੇ

------

ਦਿਲ ਦੇ ਠਹਿਰੇ ਸ਼ਾਂਤ ਸਮੁੰਦਰ ਪਾਣੀ ਵਿਚ,

ਲਹਿਰਾਂ ਦਾ ਉਸ ਜਾਲ ਵਿਛਾਇਆ ਖ਼ਤ ਲਿਖ ਕੇ

------

ਸਾਂਝਾਂ ਪਿਆਰ ਦੀਆਂ ਨਾ ਹੱਦਾਂ ਰੋਕ ਸਕਣ,

ਪਰਲੇ ਪਾਰੋਂਓਸ ਸਿਖਾਇਆ ਖ਼ਤ ਲਿਖ ਕੇ

Sunday, November 16, 2008

ਜਸਵੀਰ ਹੁਸੈਨ - ਗ਼ਜ਼ਲ

ਮਾਡਰਨ ਗ਼ਜ਼ਲ

ਵਾਂਗ ਬੁਲਬੁਲੇ ਸੁਪਨੇ ਟੁੱਟ ਕੇ ਪਾਣੀ ਬਣ ਜਦ ਵਹਿੰਦੇ ਨੇ।
ਕੋਸ਼ਿਸ਼ ਕੀਤਿਆਂ ਬੰਨ੍ਹ ਸਬਰਾਂ ਦੇ ਕਿੰਨਾ ਚਿਰ ਫਿਰ ਰਹਿੰਦੇ ਨੇ।
-------
ਟੀ. ਵੀ. ਚੈਨਲ, ਲੈਪਟੌਪ, ਮੋਬਾਈਲ, ਫਿਲਮਾਂ ਤੇ ਫੈਸ਼ਨ,
ਫੁੱਲਾਂ ਦੀ ਹੁਣ ਗੱਲ ਨ੍ਹੀਂ ਕਰਦੇ ਲੋਕ ਜਦੋਂ ਜੁੜ ਬਹਿੰਦੇ ਨੇ।
-------
ਘਰ ਵਰਗਾ ਅਹਿਸਾਸ ਕਿਤੋਂ ਵੀ ਲੱਭਿਆਂ ਹੁਣ ਤਾਂ ਲਭਦਾ ਨਈਂ,
ਬੰਗਲੇ, ਕੋਠੀ, ਵਿੱਚ ਫਲੈਟਾਂ ਅੱਜਕਲ ਲੋਕੀਂ ਰਹਿੰਦੇ ਨੇ।
-------
ਘਰ ਦੀ ਟੈਂਸ਼ਨ, ਬੌਸ ਦੀ ਝਿਕ-ਝਿਕ, ਵਧਦੀ ਜਾਂਦੀ ਮਹਿੰਗਾਈ,
ਦਫਤਰ ਦੇ ਵਿੱਚ ਬੈਠੇ ਲੋਕੀ ਕੀ-ਕੀ ਖ਼ੌਰੇ ਸਹਿੰਦੇ ਨੇ।
-------
ਪਿਆਰ ਦੀ ਹੁਣ ਤਾਂ ਇੰਟਰਨੈੱਟ ’ਤੇ ਸਰਚਿੰਗ ਕੀਤੀ ਜਾਂਦੀ ਏ,
‘ਪਿਆਰ ਅਵੇਲੇਵਲ ਸਭ ਲਈ’ ਵੈਬਸਾਈਟਾਂ ਵਾਲੇ ਕਹਿੰਦੇ ਨੇ।
-------
ਵੱਡੀ ਕੋਠੀ, ਵੱਡੀ ਗੱਡੀ, ਪਰ ਕਿਰਦਾਰ ਬਹੁਤ ਛੋਟੇ,
ਐਸੇ ਲੋਕਾਂ ਦੀ ਬਸਤੀ ਨੂੰ ਪੌਸ਼ ਏਰੀਆ ਕਹਿੰਦੇ ਨੇ।
-------
ਗੇਂਦੇ ਅਤੇ ਗੁਲਾਬ ਦੇ ਮੁਰਝਾਵਣ ਦਾ ਦੁੱਖ ਹੁਣ ਕੌਣ ਜਰੇ,
ਏਸੇ ਲਈ ਤਾਂ ਲੋਕੀਂ ਅੱਜਕਲ੍ਹ ਕਾਗ਼ਜ਼ ਦੇ ਫੁੱਲ ਲੈਂਦੇ ਨੇ।

Friday, November 14, 2008

ਜਸਵੀਰ ਹੁਸੈਨ - ਨਜ਼ਮ

ਮੈਂ ਕਵਿਤਾ ਨਹੀਂ ਲਿਖਦਾ
ਨਜ਼ਮ

ਅੱਜਕੱਲ੍ਹ
ਮੇਰੀ ਕਲਮ ਦੀ ਨੋਕ ’ਤੇ
ਪਿਆਰ ਵਰਗੇ
ਅਹਿਸਾਸ ਨਹੀਂ ਠਹਿਰਦੇ...
ਮੈਂ ਕਵਿਤਾ ਨਹੀਂ ਲਿਖਦਾ
ਹੁਣ
ਮੈਂ ਲਿਖਦਾ ਹਾਂ-
ਬਕਾਇਆ ਪਏ ਬਿਜਲੀ ਦੇ
ਬਿਲਾਂ ਦਾ ਹਿਸਾਬ
ਰਾਸ਼ਣ ਦੀਆਂ ਲਿਸਟਾਂ
ਸ਼ਾਹੂਕਾਰਾਂ ਦਾ ਵਿਆਜ ਅਤੇ
ਮਹਿੰਗੇ ਹੁੰਦੇ ਜਾ ਰਹੇ
ਵਿਆਹਾਂ ਦੇ ਰਿਵਾਜਾਂ ਬਾਰੇ
ਅੱਜਕੱਲ੍ਹ ਪੜ੍ਹਦਾ ਹਾਂ-
ਬਾਪੂ ਦੀ ਬਿਮਾਰੀ
ਜ਼ਿਆਦਾ ਖ਼ਰਚ
ਥੋੜ੍ਹੀ ਕਮਾਈ
ਅਤੇ ਬੱਚਤ ਕਰਨ ਦੇ
ਢੰਗ-ਤਰੀਕੇ
ਸਿਰ ਖਪਾਈ
ਮੈਂ..........
ਅੱਜਕੱਲ੍ਹ
ਕਵਿਤਾ ਨਹੀਂ ਲਿਖਦਾ।

Thursday, November 13, 2008

ਜਸਵੀਰ ਹੁਸੈਨ - ਨਜ਼ਮ

ਸਤਿਕਾਰਤ ਨਵਰਾਹੀ ਜੀ ਨੇ ਇਹ ਨਜ਼ਮ ਇੰਡੀਆ ਤੋਂ 'ਆਰਸੀ' ਦੇ ਪਾਠਕ / ਲੇਖਕ ਦੋਸਤਾਂ ਨਾਲ਼ ਸਾਂਝੀ ਕਰਨ ਲਈ ਭੇਜੀ। ਬਹੁਤ-ਬਹੁਤ ਸ਼ੁਕਰੀਆ।

ਪ੍ਰਦੂਸ਼ਣ
ਨਜ਼ਮ

ਨਾ ਕਰ
ਪਿਆਰ ਦੀ ਗੱਲ
ਨਾ ਕਰ
ਕਿਰਦਾਰ ਦੀ ਗੱਲ
ਪਿਆਰ
ਕਿਰਦਾਰ
ਪਹਿਚਾਨਣ ਵਾਲੀ
ਪਾਰਖੂ ਨਜ਼ਰ
ਪੈ ਚੁੱਕੀ ਏ ਧੁੰਦਲ਼ੀ
ਧੂੜ ਧੂੰਆਂ
ਗ਼ਾਰ-ਗ਼ੁਬਾਰ
ਹੋਰ ਦਾ ਕੁਝ ਹੋਰ ਹੀ
ਦਿਖਾ ਰਹੇ ਨੇ
ਸਿਰਫ਼ ਜਿਸਮ ਹੀ ਨਹੀਂ
ਦਿਲ ਵੀ ਗੰਦਗੀ ਨਾਲ
ਭਰੇ ਪਏ ਨੇ
ਸੱਚ
ਸੱਚੀਂ
ਸੱਚਮੁੱਚ ਹੀ
ਪ੍ਰਦੂਸ਼ਣ ਬਹੁਤ ਜ਼ਿਆਦਾ
ਵਧ ਗਿਆ ਏ...!